ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਵੱਲ ਧਿਆਨ ਦਿਓ
1 ਅਸੀਂ ਤਿੰਨਾਂ ਦਿਨਾਂ ਦੇ ਵਧੀਆ ਜ਼ਿਲ੍ਹਾ ਸੰਮੇਲਨ “ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਤੇ ਇਕੱਠੇ ਹੋਏ ਸੀ। ਅਸੀਂ ਰੋਜ਼ਮੱਰਾ ਜ਼ਿੰਦਗੀ ਦੀਆਂ ਚਿੰਤਾਵਾਂ ਤੋਂ ਆਪਣਾ ਧਿਆਨ ਹਟਾ ਕੇ ਯਹੋਵਾਹ ਦੇ ਸ਼ਾਨਦਾਰ ਕੰਮਾਂ ਤੇ ਲਾਇਆ। ਇਹ ਪ੍ਰੋਗ੍ਰਾਮ ਪਰਮੇਸ਼ੁਰ ਤੇ ਉਸ ਦੇ ਬਚਨ ਵਿਚ ਸਾਡੀ ਨਿਹਚਾ ਵਧਾਉਣ, ਉਸ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਨ ਅਤੇ ਸੇਵਕਾਈ ਵਿਚ ਸਾਡੇ ਜੋਸ਼ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਸੀ। ਇਸ ਵਿਚ ਜੋ ਗੱਲਾਂ ਅਸੀਂ ਸਿੱਖੀਆਂ ਉਨ੍ਹਾਂ ਤੋਂ ਅਸੀਂ ਕਿਵੇਂ ਫ਼ਾਇਦਾ ਉਠਾ ਰਹੇ ਹਾਂ?—ਯੂਹੰ. 13:17.
2 ਪਰਿਵਾਰ ਪਰਮੇਸ਼ੁਰ ਦੇ ਬਚਨ ਦਾ ਪਾਲਣ ਕਰਦੇ ਹਨ: ਭਾਸ਼ਣ-ਲੜੀ “ਪਰਮੇਸ਼ੁਰ ਦੇ ਬਚਨ ਦਾ ਕਹਿਣਾ ਮੰਨੋ” ਨੇ ਸਾਨੂੰ ਆਪਣੇ ਪਰਿਵਾਰ ਦੀ ਅਧਿਆਤਮਿਕ ਹਾਲਤ ਜਾਂਚਣ ਵਿਚ ਮਦਦ ਦਿੱਤੀ। ਬੱਚਿਆਂ ਨੂੰ ਸਿੱਖਣ ਦਾ ਬੜਾ ਸ਼ੌਕ ਹੁੰਦਾ ਹੈ। ਇਸ ਲਈ, ਸੱਚਾਈ ਤੇ ਚੱਲਣ ਵਾਲੇ ਮਾਪਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹ ਆਪਣੇ ਘਰਾਣੇ ਦੀ ਅਧਿਆਤਮਿਕ ਨੀਂਹ ਨੂੰ ਮਜ਼ਬੂਤ ਬਣਾਉਣ ਲਈ ਪਰਿਵਾਰਕ ਬਾਈਬਲ ਅਧਿਐਨ ਕਰਨ। ਇਸ ਨਾਲ ਉਨ੍ਹਾਂ ਨੂੰ ਯਹੋਵਾਹ ਨਾਲ ਇਕ ਖ਼ੁਸ਼ ਤੇ ਪੱਕਾ ਰਿਸ਼ਤਾ ਬਣਾਉਣ ਵਿਚ ਮਦਦ ਮਿਲੇਗੀ। ਮਾਪਿਓ, ਆਪਣੇ ਬੱਚਿਆਂ ਨੂੰ ਸਿਖਾਓ ਕਿ ਪਰਮੇਸ਼ੁਰ ਦੀਆਂ ਵੀ ਭਾਵਨਾਵਾਂ ਹਨ ਤੇ ਉਸ ਦੀਆਂ ਇਨ੍ਹਾਂ ਭਾਵਨਾਵਾਂ ਦਾ ਉਨ੍ਹਾਂ ਨੇ ਕਿਵੇਂ ਧਿਆਨ ਰੱਖਣਾ ਹੈ। ਯਹੋਵਾਹ ਤੇ ਉਸ ਦੇ ਉਪਕਾਰਾਂ ਲਈ ਆਪਣਾ ਪਿਆਰ ਜ਼ਾਹਰ ਕਰੋ। (ਜ਼ਬੂ. 103:2) ਅਧਿਆਤਮਿਕ ਟੀਚੇ ਰੱਖੋ ਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਮਿਲ ਕੇ ਕੰਮ ਕਰੋ ਤੇ ਯਹੋਵਾਹ ਦੀ ਸੇਵਾ ਵਿਚ ਦਿਲੋਂ-ਜਾਨ ਨਾਲ ਜੁੱਟ ਜਾਓ।
3 ਪਰਮੇਸ਼ੁਰ ਦਾ ਬਚਨ ਸਾਡੇ ਰਾਹ ਨੂੰ ਚਾਨਣ ਦਿੰਦਾ ਹੈ: ਅਸੀਂ ਉਦੋਂ ਕਿੰਨੇ ਖ਼ੁਸ਼ ਹੋਏ ਸੀ ਜਦੋਂ ਸਾਨੂੰ ਨਵੀਂ ਕਿਤਾਬ ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ-1 ਮਿਲੀ ਸੀ। ਇਹ ਪਹਿਲੀ ਕਿਤਾਬ ਤੁਸੀਂ ਕਿੱਥੋਂ ਤਕ ਪੜ੍ਹ ਲਈ ਹੈ? ਯਸਾਯਾਹ ਦੀ ਕਿਤਾਬ ਕੁਧਰਮੀ ਕੌਮਾਂ ਨੂੰ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੇ ਨਾਲ-ਨਾਲ ਪਰਮੇਸ਼ੁਰ ਦੇ ਲੋਕਾਂ ਲਈ ਰਾਜ ਦੀਆਂ ਸ਼ਾਨਦਾਰ ਬਰਕਤਾਂ ਬਾਰੇ ਭਵਿੱਖਬਾਣੀਆਂ ਕਰਦੀ ਹੈ। (ਯਸਾ. 34:2; 35:10) ਇਸ ਕਿਤਾਬ ਨੂੰ ਪੜ੍ਹ ਕੇ ਸਾਡੀ ਨਿਹਚਾ ਤੇ ਸਾਡਾ ਭਰੋਸਾ ਯਹੋਵਾਹ ਵਿਚ ਤੇ ਉਸ ਦੇ ਕੰਮ ਕਰਨ ਦੇ ਤਰੀਕਿਆਂ ਵਿਚ ਵਧਦਾ ਹੈ।—ਯਸਾ. 12:2-5.
4 ਯਸਾਯਾਹ ਦੀ ਭਵਿੱਖਬਾਣੀ-1 ਪੜ੍ਹਨ ਵੇਲੇ ਤੁਸੀਂ ਸ਼ੁਰੂ ਵਿਚ ਦੇਖ ਸਕਦੇ ਹੋ ਕਿ ਯਸਾਯਾਹ ਨੇ ਆਪਣੇ ਚਾਰੇ ਪਾਸੇ ਫੈਲੀ ਹੋਈ ਬੁਰਾਈ ਦੇ ਬਾਵਜੂਦ ਕਿਵੇਂ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖੀ। ਜਦੋਂ ਉਸ ਨੂੰ ਪਰਮੇਸ਼ੁਰ ਦਾ ਸੰਦੇਸ਼ਵਾਹਕ ਬਣਨ ਦਾ ਸੱਦਾ ਮਿਲਿਆ, ਤਾਂ ਯਸਾਯਾਹ ਨੇ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾ. 6:8) ਉਸ ਨੇ ਜੋ ਇੱਛੁਕ ਰਵੱਈਆ ਦਿਖਾਇਆ ਉਸ ਤੇ ਮਨਨ ਕਰਨ ਨਾਲ ਤੁਹਾਨੂੰ “ਸਭ ਕੌਮਾਂ ਉੱਤੇ ਸਾਖੀ” ਦੇਣ ਦੇ ਕੰਮ ਵਿਚ ਜੋਸ਼ ਨਾਲ ਲੱਗੇ ਰਹਿਣ ਦੀ ਹਿੰਮਤ ਮਿਲੇਗੀ।—ਮੱਤੀ 24:14.
5 ਯਹੋਵਾਹ ਦੇ ਕੰਮਾਂ ਵੱਲ ਧਿਆਨ ਦੇਣ ਨਾਲ ਉਸ ਦੀ ਮਹਾਨਤਾ ਦੀ ਵਡਿਆਈ ਹੋਵੇਗੀ। ਇਸ ਲਈ, ਖ਼ੁਸ਼ ਹੋਵੋ ਕਿ ਤੁਹਾਨੂੰ ਪਰਮੇਸ਼ੁਰ ਦੇ ਬਚਨ ਤੇ ਚੱਲਣ ਦਾ ਵਿਸ਼ੇਸ਼-ਸਨਮਾਨ ਮਿਲਿਆ ਹੈ!