ਕੀ ਤੁਸੀਂ ਉੱਥੇ ਸੇਵਾ ਕਰ ਸਕਦੇ ਹੋ ਜਿੱਥੇ ਜ਼ਿਆਦਾ ਲੋੜ ਹੈ?
1 ਕੀ ਤੁਸੀਂ ਕਦੇ ਉਸ ਜਗ੍ਹਾ ਜਾਣ ਬਾਰੇ ਸੋਚਿਆ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਜੇ ਤੁਹਾਨੂੰ ‘ਇਸ ਪਾਰ ਉਤਰ ਕੇ ਸਹਾਇਤਾ ਕਰਨ’ ਦਾ ਸੱਦਾ ਦਿੱਤਾ ਜਾਵੇ, ਤਾਂ ਕੀ ਤੁਸੀਂ ਪੌਲੁਸ ਰਸੂਲ ਵਾਂਗ ਇਸ ਸੱਦੇ ਨੂੰ ਸਵੀਕਾਰ ਕਰੋਗੇ? (ਰਸੂ. 16:9, 10) ਬਹੁਤ ਸਾਰੀਆਂ ਕਲੀਸਿਯਾਵਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਪਰਿਵਾਰਾਂ ਦੀ ਲੋੜ ਹੈ, ਕਿਸੇ ਖੇਤਰ ਦੇ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਪਾਇਨੀਅਰਾਂ ਦੀ ਲੋੜ ਹੈ ਜਾਂ ਕਲੀਸਿਯਾ ਵਿਚ ਅਗਵਾਈ ਲੈਣ ਲਈ ਯੋਗ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਦੀ ਲੋੜ ਹੈ। ਉਸ ਖੇਤਰ ਵਿਚ ਸ਼ਾਇਦ ਛੋਟੇ-ਛੋਟੇ ਕਸਬੇ ਤੇ ਦੂਰ-ਦੂਰ ਤਕ ਫੈਲੇ ਪੇਂਡੂ ਇਲਾਕੇ ਹੋ ਸਕਦੇ ਹਨ। ਸਭ ਤੋਂ ਨੇੜੇ ਪੈਂਦਾ ਕਿੰਗਡਮ ਹਾਲ ਕਈ ਕਿਲੋਮੀਟਰ ਦੂਰ ਹੋ ਸਕਦਾ ਹੈ। ਸ਼ਾਇਦ ਨੌਕਰੀ ਮਿਲਣ ਦੀ ਸੰਭਾਵਨਾ ਵੀ ਘੱਟ ਹੋਵੇ। ਮੌਸਮ ਹਮੇਸ਼ਾ ਚੰਗਾ ਨਾ ਰਹਿੰਦਾ ਹੋਵੇ। ਕੀ ਤੁਸੀਂ ਅਜਿਹੇ ਹਾਲਾਤਾਂ ਵਿਚ ਉੱਥੇ ਜਾਣ ਦੀ ਚੁਣੌਤੀ ਨੂੰ ਸਵੀਕਾਰ ਕਰਨਾ ਚਾਹੋਗੇ? ਇਨ੍ਹਾਂ ਹਾਲਾਤਾਂ ਵਿਚ ਕਾਮਯਾਬ ਹੋਣਾ ਕਿੱਦਾਂ ਮੁਮਕਿਨ ਹੈ?
2 ਨਿਹਚਾ ਤੇ ਭਰੋਸੇ ਦੀ ਲੋੜ: ਪਰਮੇਸ਼ੁਰ ਦੀ ਹਿਦਾਇਤ ਮਿਲਣ ਤੇ ਅਬਰਾਮ ਨੇ ਆਪਣਾ ਊਰ ਸ਼ਹਿਰ ਛੱਡ ਦਿੱਤਾ ਤੇ ਆਪਣੀ ਪਤਨੀ, ਭਤੀਜੇ ਅਤੇ ਬਜ਼ੁਰਗ ਪਿਤਾ ਤਾਰਹ ਨੂੰ ਲੈ ਕੇ ਤਕਰੀਬਨ 1,000 ਕਿਲੋਮੀਟਰ ਦੂਰ ਹਾਰਾਨ ਨੂੰ ਚਲਿਆ ਗਿਆ। (ਉਤ. 11:31, 32; ਨਹ. 9:7) ਤਾਰਹ ਦੇ ਮਰਨ ਤੋਂ ਬਾਅਦ, 75 ਸਾਲਾਂ ਦੇ ਅਬਰਾਮ ਨੂੰ ਯਹੋਵਾਹ ਨੇ ਹੁਕਮ ਦਿੱਤਾ ਕਿ ਉਹ ਹਾਰਾਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਉਸ ਦੇਸ਼ ਜਾਵੇ ਜਿਹੜਾ ਪਰਮੇਸ਼ੁਰ ਉਸ ਨੂੰ ਦਿਖਾਵੇਗਾ। ਅਬਰਾਮ, ਸਾਰਈ ਅਤੇ ਲੂਤ ‘ਜਾਣ ਲਈ ਨਿੱਕਲ ਤੁਰੇ।’ (ਉਤ. 12:1, 4, 5) ਬੇਸ਼ੱਕ ਜਿਸ ਜਗ੍ਹਾ ਅਬਰਾਮ ਗਿਆ ਸੀ, ਉੱਥੇ ਸੇਵਾ ਕਰਨ ਲਈ ਜ਼ਿਆਦਾ ਸੇਵਕਾਂ ਦੀ ਲੋੜ ਨਹੀਂ ਸੀ। ਪਰ ਉਸ ਨੂੰ ਉੱਥੇ ਜਾਣ ਲਈ ਕੁਝ ਕਰਨ ਦੀ ਲੋੜ ਸੀ। ਕੀ?
3 ਆਪਣਾ ਦੇਸ਼ ਤੇ ਘਰ-ਬਾਰ ਛੱਡ ਕੇ ਜਾਣ ਲਈ ਅਬਰਾਮ ਨੂੰ ਪਰਮੇਸ਼ੁਰ ਵਿਚ ਨਿਹਚਾ ਕਰਨ ਤੇ ਭਰੋਸਾ ਰੱਖਣ ਦੀ ਲੋੜ ਸੀ। ਉਸ ਨੂੰ ਆਪਣੀ ਸੋਚਣੀ ਤੇ ਰਹਿਣ-ਸਹਿਣ ਦੇ ਤੌਰ-ਤਰੀਕਿਆਂ ਨੂੰ ਬਦਲਣਾ ਪੈਣਾ ਸੀ। ਉਸ ਨੂੰ ਆਪਣੇ ਰਿਸ਼ਤੇਦਾਰਾਂ ਦੇ ਸਹਾਰੇ ਤੋਂ ਵਾਂਝਾ ਹੋਣਾ ਪੈਣਾ ਸੀ। ਪਰ ਉਸ ਨੇ ਯਹੋਵਾਹ ਵਿਚ ਭਰੋਸਾ ਰੱਖਿਆ ਕਿ ਉਹੀ ਉਸ ਦੀ ਤੇ ਉਸ ਦੇ ਘਰਾਣੇ ਦੀ ਦੇਖ-ਭਾਲ ਕਰੇਗਾ। ਇਸੇ ਤਰ੍ਹਾਂ ਅੱਜ ਵੀ ਕਈ ਭੈਣ-ਭਰਾਵਾਂ ਨੇ ਯਹੋਵਾਹ ਵਿਚ ਆਪਣਾ ਭਰੋਸਾ ਦਿਖਾਇਆ ਹੈ।
4 ਥੋੜ੍ਹੇ ਸਮੇਂ ਲਈ ਸੇਵਾ: ਕੀ ਤੁਸੀਂ ਕਦੇ ਉਸ ਖੇਤਰ ਵਿਚ ਕੰਮ ਕਰਨ ਨਾਲ ਮਿਲਣ ਵਾਲੀਆਂ ਬਰਕਤਾਂ ਦਾ ਆਨੰਦ ਮਾਣਿਆ ਹੈ ਜਿਸ ਵਿਚ ਪਹਿਲਾਂ ਕਦੇ ਪ੍ਰਚਾਰ ਨਹੀਂ ਕੀਤਾ ਗਿਆ ਸੀ? ਜਿਨ੍ਹਾਂ ਨੂੰ ਬਰਕਤਾਂ ਮਿਲੀਆਂ ਹਨ, ਉਨ੍ਹਾਂ ਨੂੰ ਦੂਰ-ਦੂਰ ਤਕ ਸਫ਼ਰ ਕਰਨਾ ਪਿਆ। ਕੀ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ?
5 ਇਕ ਭਰਾ ਜੋ ਕੈਲੇਫ਼ੋਰਨੀਆ ਤੋਂ ਊਟਾਹ ਗਿਆ ਸੀ, ਨੇ ਲਿਖਿਆ: “ਜਦੋਂ ਪਹਿਲੀ ਵਾਰ ਮੈਨੂੰ ਗਰੁੱਪ ਨੂੰ ਲੈ ਕੇ ਇਕ ਅਜਿਹੇ ਖੇਤਰ ਵਿਚ ਪ੍ਰਚਾਰ ਕਰਨ ਲਈ ਕਿਹਾ ਗਿਆ ਜਿੱਥੇ ਕਦੇ-ਕਦਾਈਂ ਹੀ ਪ੍ਰਚਾਰ ਕੀਤਾ ਜਾਂਦਾ ਸੀ, ਤਾਂ ਮੈਂ ਬੜਾ ਹਿਚਕਿਚਾਇਆ। ਪਰ ਮੈਂ ਇਹ ਜ਼ਿੰਮੇਵਾਰੀ ਲੈਣ ਦਾ ਫ਼ੈਸਲਾ ਕਰ ਲਿਆ। ਮੈਨੂੰ ਇਸ ਗੱਲ ਦਾ ਕਦੇ ਅਫ਼ਸੋਸ ਨਹੀਂ ਹੋਇਆ, ਸਗੋਂ ਇਸ ਨਾਲ ਮੇਰੀ ਜ਼ਿੰਦਗੀ ਹੀ ਬਦਲ ਗਈ। ਊਟਾਹ ਵਿਚ ਪ੍ਰਚਾਰ ਕਰਨ ਦੇ ਵਿਸ਼ੇਸ਼-ਸਨਮਾਨ ਲਈ ਮੈਂ ਯਹੋਵਾਹ ਦਾ ਹਰ ਰੋਜ਼ ਧੰਨਵਾਦ ਕਰਦਾ ਹਾਂ।” ਟੈਨਿਸੀ ਗਏ ਫਲੋਰਿਡਾ ਦੇ ਇਕ ਭਰਾ ਨੇ ਕਿਹਾ ਕਿ ਸੱਚਾਈ ਵਿਚ ਉਸ ਦੇ ਵੀਹਾਂ ਸਾਲਾਂ ਵਿਚ ਇਹ ਉਸ ਦਾ ਸਭ ਤੋਂ ਯਾਦਗਾਰੀ ਤਜਰਬਾ ਸੀ! ਪੱਛਮੀ ਵਰਜੀਨੀਆ ਗਏ ਕਨੈਟੀਕਟ ਦੇ ਇਕ ਕਿਸ਼ੋਰ ਨੇ ਕਿਹਾ: “ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਤਜਰਬਾ ਸੀ!” ਜ਼ਿਆਦਾਤਰ ਪ੍ਰਕਾਸ਼ਕ ਮੰਨਦੇ ਹਨ ਕਿ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉੱਥੇ ਥੋੜ੍ਹੇ ਸਮੇਂ ਲਈ ਵੀ ਸੇਵਾ ਕਰਨ ਨਾਲ ਉਨ੍ਹਾਂ ਦੀ ਸੇਵਕਾਈ ਲਈ ਕਦਰਦਾਨੀ ਵਧੀ ਹੈ। ਜਿਨ੍ਹਾਂ ਨੇ ਇੱਦਾਂ ਕੀਤਾ ਹੈ, ਉਨ੍ਹਾਂ ਨਾਲ ਗੱਲ ਕਰੋ। ਤੁਸੀਂ ਦੇਖੋਗੇ ਕਿ ਉਹ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਏ ਹਨ ਤੇ ਜੇ ਉਨ੍ਹਾਂ ਨੂੰ ਇਕ ਵਾਰ ਫਿਰ ਮੌਕਾ ਮਿਲੇ, ਤਾਂ ਉਹ ਦੁਬਾਰਾ ਇੱਦਾਂ ਕਰਨਾ ਚਾਹੁਣਗੇ।
6 ਜ਼ਿਆਦਾ ਲੋੜ ਵਾਲੇ ਖੇਤਰ ਵਿਚ ਥੋੜ੍ਹੇ ਸਮੇਂ ਲਈ ਸੇਵਾ ਕਰਨ ਨਾਲ ਇਕ ਹੋਰ ਮਕਸਦ ਵੀ ਪੂਰਾ ਹੋ ਸਕਦਾ ਹੈ। ਜੋ ਇਸ ਤਰ੍ਹਾਂ ਕਰਦੇ ਹਨ ਉਹ ਫ਼ਾਇਦੇਮੰਦ ਜਾਣਕਾਰੀ ਹਾਸਲ ਕਰ ਕੇ ਅੰਦਾਜ਼ਾ ਲਗਾ ਸਕਦੇ ਹਨ ਕਿ ਦੇਸ਼ ਦੇ ਕਿਸੇ ਹੋਰ ਹਿੱਸੇ ਵਿਚ ਜਾ ਕੇ ਵੱਸਣ ਦਾ ਕਿੰਨਾ ਕੁ “ਖ਼ਰਚ” ਆ ਸਕਦਾ ਹੈ।—ਲੂਕਾ 14:28.
7 ਯਹੋਵਾਹ ਨੇ ਠਾਣਿਆ ਹੈ ਕਿ ਅੰਤ ਆਉਣ ਤੋਂ ਪਹਿਲਾਂ-ਪਹਿਲਾਂ ਉਹ “ਸਾਰੀ ਦੁਨੀਆ ਵਿੱਚ” ਖ਼ੁਸ਼ ਖ਼ਬਰੀ ਦਾ ਐਲਾਨ ਕਰਵਾਏਗਾ। (ਮੱਤੀ 24:14) ਇਸ ਗੱਲ ਨੂੰ ਜਾਣਦੇ ਹੋਏ, ਜੇ ਤੁਹਾਡੇ ਲਈ ਮੁਮਕਿਨ ਹੈ, ਤਾਂ ਕੀ ਤੁਸੀਂ ਜ਼ਿਆਦਾ ਲੋੜ ਵਾਲੇ ਖੇਤਰ ਵਿਚ ਜਾ ਕੇ ਵੱਸਣਾ ਚਾਹੋਗੇ? ਬਹੁਤ ਸਾਰੇ ਖੇਤਰਾਂ ਵਿਚ ਪ੍ਰਕਾਸ਼ਕਾਂ ਦੀ ਲੋੜ ਹੈ।
8 ਜ਼ਿਆਦਾ ਲੋੜ ਵਾਲੇ ਖੇਤਰ ਵਿਚ ਜਾ ਕੇ ਵੱਸਣਾ: ਕੀ ਤੁਸੀਂ ਰਿਟਾਇਰ ਹੋ ਚੁੱਕੇ ਹੋ? ਕੀ ਤੁਹਾਡੀ ਕੋਈ ਪੱਕੀ ਆਮਦਨੀ ਹੈ? ਜੇ ਨਹੀਂ, ਤਾਂ ਕੀ ਤੁਸੀਂ ਆਪਣੇ ਲਈ ਰੁਜ਼ਗਾਰ ਦਾ ਬੰਦੋਬਸਤ ਕਰ ਸਕਦੇ ਹੋ? ਕੀ ਤੁਸੀਂ ਕਿਸੇ ਵੀ ਥਾਂ ਤੇ ਆਪਣਾ ਗੁਜ਼ਾਰਾ ਤੋਰਨ ਲਈ ਟੈਲੀਫ਼ੋਨ ਜਾਂ ਕੰਪਿਊਟਰ ਰਾਹੀਂ ਕੰਮ ਕਰ ਸਕਦੇ ਹੋ? ਜੇ ਤੁਸੀਂ ਕਿਸੇ ਹੋਰ ਖੇਤਰ ਵਿਚ ਜਾ ਕੇ ਨਹੀਂ ਵੱਸ ਸਕਦੇ, ਤਾਂ ਕੀ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੀ ਕਿਸੇ ਦੂਜੀ ਜਗ੍ਹਾ ਜਾ ਕੇ ਸੇਵਾ ਕਰਨ ਵਿਚ ਮਦਦ ਕਰ ਸਕਦੇ ਹੋ?
9 ਪ੍ਰਾਰਥਨਾਪੂਰਵਕ ਸੋਚ-ਵਿਚਾਰ ਕਰਨ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜ਼ਿਆਦਾ ਲੋੜ ਵਾਲੀ ਜਗ੍ਹਾ ਜਾਣ ਦੀ ਚੁਣੌਤੀ ਨੂੰ ਸਵੀਕਾਰ ਕਰਨ ਲਈ ਤਿਆਰ ਹੋ, ਤਾਂ ਆਪਣੇ ਪਰਿਵਾਰ ਅਤੇ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਨਾਲ ਗੱਲ ਕਰੋ। ਫਿਰ ਚਿੱਠੀ ਲਿਖ ਕੇ ਬਜ਼ੁਰਗਾਂ ਨੂੰ ਦਿਓ ਤਾਂਕਿ ਉਹ ਸ਼ਾਖ਼ਾ ਦਫ਼ਤਰ ਨੂੰ ਭੇਜਣ ਤੋਂ ਪਹਿਲਾਂ ਇਸ ਵਿਚ ਆਪਣੇ ਸੁਝਾਅ ਦੇ ਸਕਣ।
10 ਤੁਹਾਨੂੰ ਆਪਣੀ ਚਿੱਠੀ ਵਿਚ ਕੀ ਲਿਖਣਾ ਚਾਹੀਦਾ ਹੈ? ਆਪਣੀ ਉਮਰ, ਬਪਤਿਸਮੇ ਦੀ ਤਾਰੀਖ਼, ਕਲੀਸਿਯਾ ਵਿਚ ਜ਼ਿੰਮੇਵਾਰੀਆਂ, ਸ਼ਾਦੀ-ਸ਼ੁਦਾ ਹੋ ਜਾਂ ਨਹੀਂ ਅਤੇ ਤੁਹਾਡੇ ਬੱਚੇ ਛੋਟੇ ਹਨ ਕਿ ਨਹੀਂ। ਆਪਣੀਆਂ ਨਿੱਜੀ ਲੋੜਾਂ ਮੁਤਾਬਕ ਉਨ੍ਹਾਂ ਸੂਬਿਆਂ ਦੇ ਨਾਂ ਦੱਸੋ ਜਿੱਥੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ। ਮਿਸਾਲ ਵਜੋਂ, ਕੀ ਤੁਸੀਂ ਗਰਮ ਤੇ ਸਿੱਲ੍ਹੇ ਮੌਸਮ ਵਾਲੇ ਖੇਤਰ ਵਿਚ ਰਹਿ ਸਕਦੇ ਹੋ? ਕੀ ਤੁਸੀਂ ਕੜਾਕੇਦਾਰ ਠੰਢ ਸਹਿ ਸਕਦੇ ਹੋ? ਕੀ ਤੁਸੀਂ ਪਹਾੜੀ ਇਲਾਕਿਆਂ ਵਿਚ ਰਹਿ ਸਕਦੇ ਹੋ? ਕੀ ਤੁਸੀਂ ਆਪਣੇ ਦੇਸ਼ ਦੀਆਂ ਭਾਸ਼ਾਵਾਂ ਵਿੱਚੋਂ ਕੋਈ ਹੋਰ ਭਾਸ਼ਾ ਜਾਣਦੇ ਹੋ?
11 ਕੀ ਤੁਹਾਡੇ ਅੰਦਰ ਨਵੀਂ ਜ਼ਿੰਮੇਵਾਰੀ ਲੈਣ ਦੀ ਇੱਛਾ ਤੇ ਜੋਸ਼ ਹੈ? ਕੀ ਤੁਹਾਡੇ ਹਾਲਾਤ ਜ਼ਿਆਦਾ ਲੋੜ ਵਾਲੇ ਖੇਤਰਾਂ ਵਿਚ ਸੇਵਾ ਕਰਨ ਦੀ ਇਜਾਜ਼ਤ ਦਿੰਦੇ ਹਨ? ਜੇ ਇੱਦਾਂ ਹੈ, ਤਾਂ ਫਿਰ ਦੇਖਿਓ ਯਹੋਵਾਹ ਉਸ ਵਿਚ ਭਰੋਸਾ ਰੱਖਣ ਵਾਲਿਆਂ ਅਤੇ ਆਤਮ-ਬਲੀਦਾਨ ਦੀ ਭਾਵਨਾ ਦਿਖਾਉਣ ਵਾਲਿਆਂ ਉੱਤੇ ਕਿੱਦਾਂ ਲਗਾਤਾਰ ਬਰਕਤਾਂ ਵਰ੍ਹਾਉਂਦਾ ਹੈ!—ਜ਼ਬੂ. 34:8; ਮਲਾ. 3:10.