ਰਾਜ ਦਾ ਪ੍ਰਚਾਰ ਜ਼ਿੰਦਗੀਆਂ ਬਚਾਉਂਦਾ ਹੈ!
1 ਇਹ ਕੰਮ ਇਸ ਵੇਲੇ ਦੁਨੀਆਂ ਦਾ ਸਭ ਤੋਂ ਮਹੱਤਵਪੂਰਣ ਕੰਮ ਹੈ। ਯਹੋਵਾਹ ਪਰਮੇਸ਼ੁਰ, ਯਿਸੂ ਮਸੀਹ ਅਤੇ ਹਜ਼ਾਰਾਂ ਹੀ ਦੂਤਾਂ ਦਾ ਧਿਆਨ ਇਸ ਕੰਮ ਉੱਤੇ ਲੱਗਾ ਹੋਇਆ ਹੈ। ਇਹ ਕੰਮ ਕੀ ਹੈ ਤੇ ਇਹ ਕਿਉਂ ਇੰਨਾ ਜ਼ਰੂਰੀ ਹੈ? ਇਹ ਰਾਜ ਦਾ ਪ੍ਰਚਾਰ ਹੈ ਤੇ ਇਹ ਜ਼ਿੰਦਗੀਆਂ ਬਚਾਉਂਦਾ ਹੈ!—ਰੋਮੀ. 1:16; 10:13, 14.
2 ਕੁਝ ਲੋਕ ਸੋਚਦੇ ਹਨ ਕਿ ਜੇ ਅਸੀਂ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਜ਼ਿਆਦਾ ਚੰਗੇ ਤਰੀਕੇ ਨਾਲ ਦੂਜਿਆਂ ਦੀ ਮਦਦ ਕਰ ਸਕਦੇ ਹਾਂ। ਬਹੁਤ ਸਾਰੇ ਲੋਕ ਯੁੱਧ, ਬੀਮਾਰੀਆਂ ਤੇ ਆਰਥਿਕ ਸਮੱਸਿਆਵਾਂ ਨੂੰ ਦੂਰ ਕਰਨ ਦੇ ਜਤਨਾਂ ਵਿਚ ਰੁੱਝੇ ਹੋਏ ਹਨ। ਪਰ ਕਿਹੜੀ ਗੱਲ ਲੋਕਾਂ ਦੀ ਜ਼ਿਆਦਾ ਮਦਦ ਕਰ ਸਕਦੀ ਹੈ?
3 ਇਕ ਮਹਾਨ ਕੰਮ: ਸਿਰਫ਼ ਰਾਜ ਦਾ ਸੰਦੇਸ਼ ਹੀ ਜ਼ਿੰਦਗੀ ਦੇ ਮਕਸਦ ਬਾਰੇ, ਇਨਸਾਨਾਂ ਦੇ ਦੁੱਖਾਂ ਦੇ ਕਾਰਨ ਬਾਰੇ ਅਤੇ ਭਵਿੱਖ ਲਈ ਇੱਕੋ-ਇਕ ਭਰੋਸੇਮੰਦ ਉਮੀਦ ਬਾਰੇ ਦੱਸਦਾ ਹੈ। ਖ਼ੁਸ਼ ਖ਼ਬਰੀ ਦੇ ਪ੍ਰਚਾਰ ਕਾਰਨ ਹੀ ਲੋਕ ਪਰਮੇਸ਼ੁਰ ਦੇ ਮਿੱਤਰ ਬਣ ਸਕਦੇ ਹਨ ਅਤੇ “ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ” ਨੂੰ ਪ੍ਰਾਪਤ ਕਰ ਸਕਦੇ ਹਨ। (ਫ਼ਿਲਿ. 4:7) ਇਹ ਰਾਜ ਦਾ ਸੰਦੇਸ਼ ਹੀ ਹੈ ਜੋ ਲੋਕਾਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਬਾਰੇ ਫ਼ਾਇਦੇਮੰਦ ਸਲਾਹ ਦਿੰਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਉਹ ਭਵਿੱਖ ਵਿਚ ਇਸ ਬੁਰੀ ਦੁਨੀਆਂ ਦੇ ਨਾਸ਼ ਵਿੱਚੋਂ ਕਿਵੇਂ ਬਚ ਸਕਦੇ ਹਨ। (1 ਯੂਹੰ. 2:17) ਕੀ ਇਹ ਸਭ ਠੋਸ ਕਾਰਨ ਨਹੀਂ ਹਨ ਕਿ ਕਿਉਂ ਸਾਨੂੰ ਮਿਹਨਤ ਨਾਲ ਰਾਜ ਦਾ ਪ੍ਰਚਾਰ ਕਰਨਾ ਚਾਹੀਦਾ ਹੈ?
4 ਮੰਨ ਲਓ ਕਿ ਇਕ ਡੈਮ ਜਲਦੀ ਹੀ ਟੁੱਟਣ ਵਾਲਾ ਹੈ ਤੇ ਪਿੰਡ ਦੇ ਸੁੱਤੇ ਪਏ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿਚ ਹੈ, ਤਾਂ ਉਨ੍ਹਾਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੋਵੇਗਾ? ਕੀ ਅਸੀਂ ਇਸ ਕਮਜ਼ੋਰ ਡੈਮ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰਾਂਗੇ? ਖ਼ਤਰੇ ਵਿਚ ਪਏ ਉਸ ਪਿੰਡ ਨੂੰ ਸੋਹਣਾ ਬਣਾਵਾਂਗੇ? ਨਹੀਂ! ਅਸੀਂ ਪਿੰਡ ਵਾਲਿਆਂ ਨੂੰ ਜਗਾਵਾਂਗੇ, ਉਨ੍ਹਾਂ ਨੂੰ ਆਉਣ ਵਾਲੀ ਤਬਾਹੀ ਤੋਂ ਖ਼ਬਰਦਾਰ ਕਰਾਂਗੇ ਅਤੇ ਬਚਣ ਵਿਚ ਉਨ੍ਹਾਂ ਦੀ ਮਦਦ ਕਰਾਂਗੇ! ਅੱਜ ਜਿਹੜੇ ਲੋਕ ਅਧਿਆਤਮਿਕ ਤੌਰ ਤੇ ਸੁੱਤੇ ਪਏ ਹਨ, ਉਹ ਗੰਭੀਰ ਖ਼ਤਰੇ ਵਿਚ ਹਨ। (ਲੂਕਾ 21:34-36) ਇਹ ਰੀਤੀ-ਵਿਵਸਥਾ ਜਲਦੀ ਹੀ ਨਾਸ਼ ਹੋਣ ਵਾਲੀ ਹੈ, ਇਸ ਲਈ ਆਓ ਆਪਾਂ ਸਾਰਿਆਂ ਨੂੰ ਪ੍ਰਚਾਰ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰੀਏ!—2 ਤਿਮੋ. 4:2; 2 ਪਤ. 3:11, 12.
5 ਇਸ ਕੰਮ ਵਿਚ ਲੱਗੇ ਰਹੋ: ਆਓ ਆਪਾਂ ਹਰ ਸੰਭਵ ਤਰੀਕੇ ਨਾਲ ਜ਼ਿਆਦਾ ਤੋਂ ਜ਼ਿਆਦਾ ਨੇਕਦਿਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ, ਸੜਕਾਂ ਤੇ, ਟੈਲੀਫ਼ੋਨ ਰਾਹੀਂ ਜਾਂ ਗ਼ੈਰ-ਰਸਮੀ ਤੌਰ ਤੇ ਖ਼ੁਸ਼ ਖ਼ਬਰੀ ਸੁਣਾਉਣ ਦੀ ਕੋਸ਼ਿਸ਼ ਕਰੀਏ। ਯਹੋਵਾਹ ਨੇ ਸਾਨੂੰ ਇਹ ਮਹੱਤਵਪੂਰਣ ਕੰਮ ਕਰਨ ਨੂੰ ਦਿੱਤਾ ਹੈ। ਜੇ ਅਸੀਂ ਇਸ ਨੂੰ ਜੋਸ਼ ਨਾਲ ਕਰਾਂਗੇ, ਤਾਂ ਅਸੀਂ ‘ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵਾਂਗੇ।’—1 ਤਿਮੋ. 4:16.