ਪ੍ਰਚਾਰ ਦੇ ਕੰਮ ਨੂੰ ਪਹਿਲ ਦਿਓ!
1. ਸਾਡੇ ਸਮੇਂ ਵਿਚ ਪੌਲੁਸ ਦੀ ਕਿਹੜੀ ਸਲਾਹ ਅਹਿਮੀਅਤ ਰੱਖਦੀ ਹੈ?
1 “ਵਚਨ ਦਾ ਪ੍ਰਚਾਰ ਕਰ; ਇਸ ਤੇ ਹਰ ਸਮੇਂ ਜ਼ੋਰ ਦੇ।” (2 ਤਿਮੋ. 4:2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪੌਲੁਸ ਦੀ ਇਹ ਸਲਾਹ ਸਾਡੇ ਸਮੇਂ ਵਿਚ ਇੰਨੀ ਅਹਿਮੀਅਤ ਕਿਉਂ ਰੱਖਦੀ ਹੈ? ਇਨ੍ਹਾਂ ਸ਼ਬਦਾਂ ਦਾ ਸਾਡੇ ਅਤੇ ਦੂਸਰਿਆਂ ਉੱਤੇ ਕੀ ਅਸਰ ਪੈ ਸਕਦਾ ਹੈ?
2. ਅਸੀਂ ਉਨ੍ਹਾਂ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਿਉਂ ਕਰਦੇ ਹਾਂ ਜਿਨ੍ਹਾਂ ਨੇ ਅਜੇ ਖ਼ੁਸ਼ ਖ਼ਬਰੀ ਨਹੀਂ ਸੁਣੀ?
2 ਜ਼ਿੰਦਗੀ ਦਾ ਸਵਾਲ ਹੈ: ਧਰਤੀ ਭਰ ਵਿਚ ਹਾਲੇ ਲੱਖਾਂ ਹੀ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦੀ ਲੋੜ ਹੈ ਜਿਸ ਜ਼ਰੀਏ ਉਨ੍ਹਾਂ ਨੂੰ ਮੁਕਤੀ ਮਿਲ ਸਕਦੀ ਹੈ। (ਰੋਮੀ. 10:13-15; 1 ਤਿਮੋ. 4:16) ਉਨ੍ਹਾਂ ਇਲਾਕਿਆਂ ਵਿਚ ਵੀ ਨੇਕ-ਦਿਲ ਲੋਕ ਮਿਲ ਰਹੇ ਹਨ ਜਿੱਥੇ ਅਸੀਂ ਵਾਰ-ਵਾਰ ਪ੍ਰਚਾਰ ਕਰਨ ਜਾਂਦੇ ਹਾਂ। ਜੇ ਅਸੀਂ ਕਿਸੇ ਵੱਖਰੇ ਦਿਨ ਜਾਂ ਵੱਖਰੇ ਸਮੇਂ ਤੇ ਪ੍ਰਚਾਰ ਕਰਨ ਜਾਈਏ, ਤਾਂ ਹੋ ਸਕਦਾ ਹੈ ਕਿ ਅਸੀਂ ਕਿਸੇ ਹੋਰ ਨੂੰ ਮਿਲੀਏ। ਜੇ ਅਸੀਂ ਲੋਕਾਂ ਨੂੰ ਲੱਭਣ ਦਾ ਜਤਨ ਕਰਾਂਗੇ, ਤਾਂ ਸਾਡੀ ਜ਼ਮੀਰ ਸਾਫ਼ ਰਹੇਗੀ ਤੇ ਅਸੀਂ ਲਹੂ ਤੋਂ ਬੇਦੋਸ਼ ਹੋਵਾਂਗੇ।—ਰਸੂ. 20:26.
3. ਪ੍ਰਚਾਰ ਕਰਦਿਆਂ ਅਸੀਂ ਆਪਣਾ ਸਮਾਂ ਕਿੱਦਾਂ ਚੰਗੀ ਤਰ੍ਹਾਂ ਵਰਤ ਸਕਦੇ ਹਾਂ?
3 ਸਖ਼ਤ ਵਿਰੋਧਤਾ ਦਾ ਸਾਮ੍ਹਣਾ ਕਰਨ ਦੀ ਬਾਵਜੂਦ, ਪਹਿਲੀ ਸਦੀ ਦੇ ਮਸੀਹੀਆਂ ਨੇ “ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ” ਸੀ। (ਰਸੂ. 5:28) ਅੱਜ-ਕੱਲ੍ਹ ਸਾਨੂੰ ਲੋਕਾਂ ਦੇ ਧਾਰਮਿਕ ਖ਼ਿਆਲਾਂ ਨੂੰ ਮੰਨ ਵਿਚ ਰੱਖਣਾ ਪੈਂਦਾ ਹੈ ਅਤੇ ਕਦੀ-ਕਦੀ ਬਜ਼ੁਰਗ ਸਾਨੂੰ ਹਿਦਾਇਤਾਂ ਦਿੰਦੇ ਹਨ ਕਿ ਸਾਨੂੰ ਕਿੱਥੇ ਪ੍ਰਚਾਰ ਕਰਨਾ ਚਾਹੀਦਾ ਹੈ, ਪਰ ਕੀ ਅਸੀਂ ਵੀ ਚੰਗੀ ਤਰ੍ਹਾਂ ਗਵਾਹੀ ਦੇਣ ਲਈ ਉਤਾਵਲੇ ਹਾਂ? (ਰਸੂ. 10:42) ਕੀ ਅਸੀਂ ਪ੍ਰਚਾਰ ਕਰਦੇ ਸਮੇਂ ਆਪਣਾ ਸਮਾਂ ਚੰਗੀ ਤਰ੍ਹਾਂ ਵਰਤਦੇ ਹਾਂ? ਜਦੋਂ ਦੂਸਰੇ ਭੈਣ-ਭਰਾ ਰਿਟਰਨ ਵਿਜ਼ਿਟ ਕਰਨ ਗਏ ਹੁੰਦੇ ਹਨ, ਤਾਂ ਕੀ ਅਸੀਂ ਉਨ੍ਹਾਂ ਦੀ ਉਡੀਕ ਕਰਦਿਆਂ ਲੰਘ ਰਹੇ ਲੋਕਾਂ ਨੂੰ ਗਵਾਹੀ ਦੇਣ ਦੀ ਕੋਸ਼ਿਸ਼ ਕਰਦੇ ਹਾਂ?
4. ਪ੍ਰਚਾਰ ਦੇ ਕੰਮ ʼਤੇ ਜ਼ੋਰ ਦੇਣ ਨਾਲ ਸਾਨੂੰ ਸਚੇਤ ਰਹਿਣ ਵਿਚ ਕਿੱਦਾਂ ਮਦਦ ਮਿਲਦੀ ਹੈ?
4 ਅਸੀਂ ਜ਼ਿਆਦਾ ਸਚੇਤ ਰਹਿੰਦੇ ਹਾਂ: ਇਸ ਸੰਸਾਰ ਦਾ ਅੰਤ ਨੇੜੇ ਹੈ ਇਸ ਲਈ ਸਾਨੂੰ ਸਚੇਤ ਰਹਿਣ ਦੀ ਲੋੜ ਹੈ। (1 ਥੱਸ. 5:1-6) ਜਦੋਂ ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਬਾਕਾਇਦਾ ਲੋਕਾਂ ਨਾਲ ਗੱਲਾਂ ਕਰਦੇ ਹਾਂ, ਤਾਂ ਇਸ ਸੰਸਾਰ ਦੀਆਂ ਚਿੰਤਾਵਾਂ ਸਾਡੇ ਮਨ ʼਤੇ ਬੋਝ ਨਹੀਂ ਪਾਉਂਦੀਆਂ। (ਲੂਕਾ 21:34-36) ਇਸ ਦੇ ਨਾਲ-ਨਾਲ ਜਦੋਂ ਅਸੀਂ ਯਹੋਵਾਹ ਦੇ ਦਿਨ ਨੂੰ “ਲੋਚਦੇ” ਹਾਂ ਯਾਨੀ ਇਸ ਨੂੰ ਚੰਗੀ ਤਰ੍ਹਾਂ ਧਿਆਨ ਵਿਚ ਰੱਖਦੇ ਹਾਂ, ਤਾਂ ਅਸੀਂ ਪ੍ਰਚਾਰ ਦੇ ਕੰਮ ਵਿਚ ਹੋਰ ਹਿੱਸਾ ਲੈਣ ਲਈ ਪ੍ਰੇਰੇ ਜਾਂਦੇ ਹਾਂ ਜਿਸ ਕਾਰਨ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ।—2 ਪਤ. 3:11, 12.
5. ਜ਼ਿੰਦਗੀ ਬਾਰੇ ਸਾਡਾ ਨਜ਼ਰੀਆ ਸਾਨੂੰ ਪ੍ਰਚਾਰ ਦੇ ਕੰਮ ਵਿਚ ਕਿੱਦਾਂ ਪ੍ਰੇਰਦਾ ਹੈ?
5 ਜਦੋਂ ਅਸੀਂ ਪ੍ਰਚਾਰ ਦੇ ਕੰਮ ʼਤੇ ਜ਼ੋਰ ਦਿੰਦੇ ਹਾਂ, ਤਾਂ ਅਸੀਂ ਜ਼ਿੰਦਗੀ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਉਂਦੇ ਹਾਂ: “ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤ. 3:9; ਹਿਜ਼. 33:11) ਆਓ ਆਪਾਂ ਆਪਣੇ ਇਲਾਕੇ ਵਿਚ ਹਰ ਕਿਸੇ ਨੂੰ ਗਵਾਹੀ ਦੇਣ ਦੀ ਕੋਸ਼ਿਸ਼ ਕਰੀਏ, ਅਤੇ ਇਸ ਤਰ੍ਹਾਂ ਯਹੋਵਾਹ ਦੀ ਉਸਤਤ ਵੀ ਕਰੀਏ!—ਜ਼ਬੂ. 109:30.