ਤੁਸੀਂ ਕਿਹੜੀ ਗੱਲ ਨੂੰ ਪਹਿਲ ਦਿੰਦੇ ਹੋ?
1 ਕਈ ਧਾਰਮਿਕ ਸੰਸਥਾਵਾਂ ਦਾਨ-ਪੁੰਨ ਦੇ ਕੰਮ ਕਰਨ ਉੱਤੇ ਬਹੁਤ ਜ਼ੋਰ ਦਿੰਦੀਆਂ ਹਨ, ਜਿਵੇਂ ਸਕੂਲ ਜਾਂ ਹਸਪਤਾਲ ਬਣਾਉਣੇ। ਭਾਵੇਂ ਯਹੋਵਾਹ ਦੇ ਗਵਾਹ “ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ” ਨਹੀਂ ਭੁੱਲਦੇ, ਪਰ ਉਹ ਅਧਿਆਤਮਿਕ ਤੌਰ ਤੇ ਲੋਕਾਂ ਦੀ ਮਦਦ ਕਰਨ ਨੂੰ ਪਹਿਲ ਦਿੰਦੇ ਹਨ।—ਇਬ. 13:16.
2 ਪਹਿਲੀ ਸਦੀ ਦਾ ਨਮੂਨਾ: ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਆਪਣੀ ਸੇਵਕਾਈ ਦੌਰਾਨ ਕਈ ਚੰਗੇ ਕੰਮ ਕੀਤੇ, ਪਰ ਸੱਚਾਈ ਦੀ ਗਵਾਹੀ ਦੇਣੀ ਹੀ ਉਸ ਦਾ ਮੁੱਖ ਕੰਮ ਸੀ। (ਲੂਕਾ 4:43; ਯੂਹੰ. 18:37; ਰਸੂ. 10:38) ਉਸ ਨੇ ਆਪਣੇ ਚੇਲਿਆਂ ਨੂੰ ਇਹ ਹੁਕਮ ਦਿੱਤਾ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ . . . ਉਨ੍ਹਾਂ ਨੂੰ ਸਿਖਾਓ।” (ਮੱਤੀ 28:19, 20) ਉਸ ਨੇ ਇਸ ਗੱਲ ਵੱਲ ਵੀ ਸੰਕੇਤ ਕੀਤਾ ਸੀ ਕਿ ਜਿਹੜੇ ਲੋਕ ਉਸ ਵਿਚ ਨਿਹਚਾ ਕਰਨਗੇ, ਉਹ ਉਸ ਦੁਆਰਾ ਸ਼ੁਰੂ ਕੀਤੇ ਗਏ ਕੰਮ ਨੂੰ ਹੋਰ ਵੱਡੇ ਪੈਮਾਨੇ ਉੱਤੇ ਕਰਨਗੇ। (ਯੂਹੰ. 14:12) ਯਿਸੂ ਨੇ ਪ੍ਰਚਾਰ ਦੇ ਕੰਮ ਨੂੰ ਇਸ ਲਈ ਪਹਿਲ ਦਿੱਤੀ ਕਿਉਂਕਿ ਇਸ ਰਾਹੀਂ ਲੋਕਾਂ ਨੂੰ ਮੁਕਤੀ ਦੇ ਰਾਹ ਬਾਰੇ ਪਤਾ ਲੱਗਦਾ ਹੈ।—ਯੂਹੰ. 17:3.
3 ਪੌਲੁਸ ਰਸੂਲ ਨੇ ਕਿਹਾ ਸੀ ਕਿ ਪ੍ਰਚਾਰ ਕਰਨਾ ਉਸ ਲਈ “ਅਵੱਸ” ਸੀ ਯਾਨੀ ਇਹ ਇਕ ਅਜਿਹੀ ਜ਼ਰੂਰੀ ਮੰਗ ਸੀ ਜਿਸ ਨੂੰ ਉਹ ਅਣਗੌਲਿਆਂ ਨਹੀਂ ਕਰ ਸਕਦਾ ਸੀ। (1 ਕੁਰਿੰ. 9:16, 17) ਉਹ ਪ੍ਰਚਾਰ ਦਾ ਕੰਮ ਕਰਨ ਲਈ ਕੋਈ ਵੀ ਕੁਰਬਾਨੀ ਦੇਣ ਅਤੇ ਕਿਸੇ ਵੀ ਅਜ਼ਮਾਇਸ਼ ਜਾਂ ਮੁਸ਼ਕਲ ਨੂੰ ਸਹਿਣ ਲਈ ਤਿਆਰ ਸੀ। (ਰਸੂ. 20:22-24) ਪਤਰਸ ਰਸੂਲ ਅਤੇ ਉਸ ਦੇ ਸਾਥੀਆਂ ਦਾ ਵੀ ਇਹੋ ਰਵੱਈਆ ਸੀ। ਜੇਲ੍ਹ ਵਿਚ ਕੈਦ ਕੀਤੇ ਜਾਣ ਅਤੇ ਮਾਰੇ-ਕੁੱਟੇ ਜਾਣ ਦੇ ਬਾਵਜੂਦ ਵੀ ਉਹ “ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!”—ਰਸੂ. 5:40-42.
4 ਅਸੀਂ ਆਪਣੇ ਬਾਰੇ ਕੀ ਕਹਿ ਸਕਦੇ ਹਾਂ? ਕੀ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਨੂੰ ਪਹਿਲ ਦੇ ਰਹੇ ਹਾਂ? ਕੀ ਯਿਸੂ ਵਾਂਗ ਅਸੀਂ ਵੀ ਲੋਕਾਂ ਦੀ ਦਿਲੋਂ ਚਿੰਤਾ ਕਰਦੇ ਹਾਂ ਜੋ ‘ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ, ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਹਨ’? (ਮੱਤੀ 9:36) ਬਾਈਬਲ ਦੀ ਭਵਿੱਖਬਾਣੀ ਅਤੇ ਦੁਨੀਆਂ ਵਿਚ ਹਾਲ ਹੀ ਵਿਚ ਹੋਈਆਂ ਘਟਨਾਵਾਂ ਇਸ ਗੱਲ ਦਾ ਪੱਕਾ ਸਬੂਤ ਹਨ ਕਿ ਇਸ ਬੁਰੀ ਦੁਨੀਆਂ ਦਾ ਅੰਤ ਨੇੜੇ ਹੈ! ਜੇ ਅਸੀਂ ਆਪਣੇ ਪ੍ਰਚਾਰ ਦੇ ਕੰਮ ਦੀ ਅਹਿਮੀਅਤ ਨੂੰ ਹਮੇਸ਼ਾ ਯਾਦ ਰੱਖਾਂਗੇ, ਤਾਂ ਸਾਡਾ ਦਿਲ ਸਾਨੂੰ ਪੂਰੇ ਜੋਸ਼ ਨਾਲ ਪ੍ਰਚਾਰ ਕਰਨ ਲਈ ਪ੍ਰੇਰਿਤ ਕਰੇਗਾ।
5 ਆਪਣੇ ਹਾਲਾਤਾਂ ਨੂੰ ਫਿਰ ਤੋਂ ਦੇਖੋ: ਜ਼ਿੰਦਗੀ ਦੇ ਹਾਲਾਤ ਅਕਸਰ ਬਦਲਦੇ ਰਹਿੰਦੇ ਹਨ, ਇਸ ਲਈ ਸਾਨੂੰ ਸਮੇਂ-ਸਮੇਂ ਤੇ ਆਪਣੇ ਹਾਲਾਤਾਂ ਉੱਤੇ ਮੁੜ ਨਜ਼ਰ ਮਾਰਨੀ ਚਾਹੀਦੀ ਹੈ। ਹੋ ਸਕਦਾ ਕਿ ਅਸੀਂ ਆਪਣੇ ਹਾਲਾਤਾਂ ਵਿਚ ਥੋੜ੍ਹਾ-ਬਹੁਤ ਫੇਰ-ਬਦਲ ਕਰ ਕੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਗਾ ਸਕੀਏ। ਇਕ ਭੈਣ ਨੇ 1950 ਤੋਂ 1970 ਦੌਰਾਨ ਇਕ ਨਿਯਮਿਤ ਪਾਇਨੀਅਰ ਦੀ ਹੈਸੀਅਤ ਨਾਲ ਸੇਵਾ ਕੀਤੀ, ਪਰ ਸਿਹਤ ਖ਼ਰਾਬ ਹੋਣ ਕਰਕੇ ਉਸ ਨੂੰ ਪਾਇਨੀਅਰੀ ਛੱਡਣੀ ਪਈ। ਬਾਅਦ ਵਿਚ ਉਸ ਦੀ ਤਬੀਅਤ ਕਾਫ਼ੀ ਹੱਦ ਤਕ ਸੰਭਲ ਗਈ। ਹਾਲ ਹੀ ਵਿਚ ਉਸ ਨੇ ਆਪਣੇ ਹਾਲਾਤਾਂ ਉੱਤੇ ਮੁੜ ਨਜ਼ਰ ਮਾਰਦੇ ਹੋਏ ਦੇਖਿਆ ਕਿ ਉਹ ਦੁਬਾਰਾ ਪਾਇਨੀਅਰੀ ਕਰ ਸਕਦੀ ਸੀ। ਉਹ ਬਹੁਤ ਹੀ ਖ਼ੁਸ਼ ਹੋਈ ਜਦੋਂ 90 ਸਾਲ ਦੀ ਉਮਰ ਵਿਚ ਉਸ ਨੂੰ ਪਾਇਨੀਅਰ ਸੇਵਾ ਸਕੂਲ ਵਿਚ ਜਾਣ ਦਾ ਮੌਕਾ ਮਿਲਿਆ! ਤੁਹਾਡੇ ਬਾਰੇ ਕੀ? ਕੀ ਤੁਸੀਂ ਜਲਦੀ ਹੀ ਰਿਟਾਇਰ ਹੋਣ ਵਾਲੇ ਹੋ ਜਾਂ ਤੁਹਾਡੀ ਪੜ੍ਹਾਈ ਖ਼ਤਮ ਹੋਣ ਵਾਲੀ ਹੈ? ਕੀ ਇਸ ਮਗਰੋਂ ਤੁਸੀਂ ਪਾਇਨੀਅਰੀ ਕਰ ਸਕੋਗੇ?
6 ਜਦੋਂ ਯਿਸੂ ਨੇ ਦੇਖਿਆ ਕਿ ਮਾਰਥਾ “ਬਹੁਤੀਆਂ ਵਸਤਾਂ ਦੀ ਚਿੰਤਾ” ਕਰ ਰਹੀ ਸੀ, ਤਾਂ ਉਸ ਨੇ ਬੜੇ ਪਿਆਰ ਨਾਲ ਉਸ ਨੂੰ ਸਲਾਹ ਦਿੱਤੀ ਕਿ ਉਹ ਘੱਟ ਚੀਜ਼ਾਂ ਨਾਲ ਗੁਜ਼ਾਰਾ ਕਰ ਕੇ ਜ਼ਿਆਦਾ ਲਾਭ ਹਾਸਲ ਕਰੇਗੀ। (ਲੂਕਾ 10:40-42) ਕੀ ਤੁਸੀਂ ਸਾਦੀ ਜ਼ਿੰਦਗੀ ਬਤੀਤ ਕਰ ਸਕਦੇ ਹੋ? ਕੀ ਇਹ ਸੱਚ-ਮੁੱਚ ਜ਼ਰੂਰੀ ਹੈ ਕਿ ਪਤੀ-ਪਤਨੀ ਦੋਵੇਂ ਨੌਕਰੀ ਕਰਨ? ਕੀ ਪਰਿਵਾਰ ਆਪਣੇ ਜੀਵਨ-ਢੰਗ ਵਿਚ ਥੋੜ੍ਹਾ-ਬਹੁਤ ਫੇਰ-ਬਦਲ ਕਰ ਕੇ ਘਰ ਦੇ ਇੱਕੋ ਮੈਂਬਰ ਦੀ ਆਮਦਨੀ ਨਾਲ ਗੁਜ਼ਾਰਾ ਕਰ ਸਕਦਾ ਹੈ? ਕਈ ਭੈਣ-ਭਰਾਵਾਂ ਨੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈਣ ਲਈ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕਰ ਕੇ ਕਈ ਅਧਿਆਤਮਿਕ ਬਰਕਤਾਂ ਹਾਸਲ ਕੀਤੀਆਂ ਹਨ।
7 ਆਓ ਆਪਾਂ ਸਾਰੇ ਹੀ ਯਿਸੂ ਅਤੇ ਉਸ ਦੇ ਰਸੂਲਾਂ ਦੁਆਰਾ ਰੱਖੇ ਗਏ ਨਮੂਨੇ ਉੱਤੇ ਚੱਲੀਏ! ਜੇ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਜ਼ਰੂਰੀ ਕੰਮ ਵਿਚ ਪੂਰਾ-ਪੂਰਾ ਹਿੱਸਾ ਲੈਣ ਲਈ ਮਿਹਨਤ ਕਰਾਂਗੇ, ਤਾਂ ਯਹੋਵਾਹ ਸਾਨੂੰ ਜ਼ਰੂਰ ਸਾਡੀ ਮਿਹਨਤ ਦਾ ਫਲ ਦੇਵੇਗਾ।—ਲੂਕਾ 9:57-62.