ਮਸੀਹੀ ਸੇਵਕਾਈ—ਸਾਡਾ ਮੁੱਖ ਕੰਮ
1 ਸਾਨੂੰ ਸਾਰਿਆਂ ਨੂੰ ਕਈ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਹਨ। ਪਰਮੇਸ਼ੁਰ ਨੇ ਸਾਨੂੰ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। (1 ਤਿਮੋ. 5:8) ਪਰ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਕਰਕੇ ਸਾਨੂੰ ਰਾਜ ਦੇ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਦੀ ਅਹਿਮੀਅਤ ਨੂੰ ਨਹੀਂ ਘਟਾਉਣਾ ਚਾਹੀਦਾ।—ਮੱਤੀ 24:14; 28:19, 20.
2 ਯਿਸੂ ਨੇ ‘ਪਹਿਲਾਂ ਰਾਜ ਨੂੰ ਭਾਲਣ’ ਵਿਚ ਸਾਡੇ ਲਈ ਇਕ ਨਮੂਨਾ ਕਾਇਮ ਕੀਤਾ ਹੈ। (ਮੱਤੀ 6:33; 1 ਪਤ. 2:21) ਹਾਲਾਂਕਿ ਉਸ ਕੋਲ ਬਹੁਤੀਆਂ ਭੌਤਿਕ ਚੀਜ਼ਾਂ ਨਹੀਂ ਸਨ, ਫਿਰ ਵੀ ਉਹ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਵਿਚ ਰੁੱਝਾ ਰਹਿੰਦਾ ਸੀ। (ਲੂਕਾ 4:43; 9:58; ਯੂਹੰ. 4:34) ਉਹ ਹਰ ਮੌਕੇ ਤੇ ਗਵਾਹੀ ਦੇਣ ਦਾ ਜਤਨ ਕਰਦਾ ਸੀ। (ਲੂਕਾ 23:43; 1 ਤਿਮੋ. 6:13) ਉਸ ਨੇ ਆਪਣੇ ਚੇਲਿਆਂ ਨੂੰ ਵੀ ਇਸੇ ਤਰ੍ਹਾਂ ਵਾਢੀ ਦੇ ਕੰਮ ਵਿਚ ਗਹਿਰੀ ਦਿਲਚਸਪੀ ਲੈਣ ਲਈ ਉਤਸ਼ਾਹਿਤ ਕੀਤਾ ਸੀ।—ਮੱਤੀ 9:37, 38.
3 ਅੱਜ ਯਿਸੂ ਦੀ ਰੀਸ ਕਰਨੀ: ਅਸੀਂ ਸਾਦੀ ਜ਼ਿੰਦਗੀ ਜੀਉਣ ਦੁਆਰਾ ਯਿਸੂ ਦੀ ਮਿਸਾਲ ਦੀ ਰੀਸ ਕਰ ਸਕਦੇ ਹਾਂ, ਤਾਂਕਿ ਅਸੀਂ ਹਮੇਸ਼ਾ ਮਸੀਹੀ ਸੇਵਕਾਈ ਨੂੰ ਪਹਿਲ ਦੇ ਸਕੀਏ। ਜੇ ਸਾਡਾ ਗੁਜ਼ਾਰਾ ਹੋ ਰਿਹਾ ਹੈ, ਤਾਂ ਆਓ ਆਪਾਂ ਧਨ-ਦੌਲਤ ਦਾ ਪਿੱਛਾ ਨਾ ਕਰਨ ਬਾਰੇ ਬਾਈਬਲ ਦੀ ਸਲਾਹ ਵੱਲ ਧਿਆਨ ਦੇਈਏ। (ਮੱਤੀ 6:19, 20; 1 ਤਿਮੋ. 6:8) ਇਹ ਕਿੰਨੀ ਚੰਗੀ ਗੱਲ ਹੈ ਕਿ ਅਸੀਂ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਬਿਤਾਉਣ ਬਾਰੇ ਸੋਚੀਏ! ਜੇ ਸਾਨੂੰ ਮੁਸ਼ਕਲਾਂ ਆਉਂਦੀਆਂ ਹਨ, ਤਾਂ ਆਓ ਆਪਾਂ ਯਿਸੂ ਵਾਂਗ ਆਪਣੀ ਪੂਰੀ ਵਾਹ ਲਾਈਏ। ਇਸ ਦੇ ਨਾਲ ਹੀ ਜ਼ਿੰਦਗੀ ਦੀਆਂ ਚਿੰਤਾਵਾਂ ਕਾਰਨ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਦੇ ਆਪਣੇ ਮੁੱਖ ਕੰਮ ਦੀ ਅਹਿਮੀਅਤ ਨਾ ਘੱਟਣ ਦੇਈਏ।—ਲੂਕਾ 8:14; 9:59-62.
4 ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਭੈਣ-ਭਰਾ ਵੀ ਪ੍ਰਚਾਰ ਦੇ ਕੰਮ ਨੂੰ ਪਹਿਲ ਦਿੰਦੇ ਹਨ। ਇਕ ਭਰਾ ਦਾ ਵੱਡਾ ਪਰਿਵਾਰ ਹੈ। ਉਹ ਨੌਕਰੀ ਕਰਦਾ ਹੈ ਅਤੇ ਕਲੀਸਿਯਾ ਵਿਚ ਬਜ਼ੁਰਗ ਦੇ ਤੌਰ ਤੇ ਵੀ ਸੇਵਾ ਕਰਦਾ ਹੈ। ਉਹ ਕਹਿੰਦਾ ਹੈ: “ਮੈਂ ਸੇਵਕਾਈ ਨੂੰ ਆਪਣਾ ਕੈਰੀਅਰ ਸਮਝਦਾ ਹਾਂ।” ਇਕ ਪਾਇਨੀਅਰ ਭੈਣ ਕਹਿੰਦੀ ਹੈ: “ਪਾਇਨੀਅਰੀ ਮੇਰੇ ਲਈ ਕਾਮਯਾਬ ਦੁਨਿਆਵੀ ਕੈਰੀਅਰ ਨਾਲੋਂ ਕਿਤੇ ਜ਼ਿਆਦਾ ਅਹਿਮੀਅਤ ਰੱਖਦੀ ਹੈ।”
5 ਸਾਡੇ ਹਾਲਾਤ ਜੋ ਮਰਜ਼ੀ ਹੋਣ, ਫਿਰ ਵੀ ਆਓ ਆਪਾਂ ਯਿਸੂ ਦੀ ਮਿਸਾਲ ਉੱਤੇ ਚੱਲੀਏ। ਕਿਵੇਂ? ਮਸੀਹੀ ਸੇਵਕਾਈ ਨੂੰ ਆਪਣਾ ਮੁੱਖ ਕੰਮ ਸਮਝ ਕੇ।