ਮਸੀਹ ਵਾਂਗ ਸੇਵਕਾਈ ਕਰੋ
1 ਪ੍ਰਚਾਰ ਕਰਨ ਦੇ ਸੰਬੰਧ ਵਿਚ ਯਿਸੂ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਕਈ ਮੌਕਿਆਂ ਤੇ ਵੱਖ-ਵੱਖ ਤਰੀਕਿਆਂ ਨਾਲ ਦਿਖਾਇਆ ਕਿ ਉਹ ਪਰਮੇਸ਼ੁਰ ਅਤੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ। ਉਸ ਨੇ ਹਲੀਮ ਲੋਕਾਂ ਨੂੰ ਸੱਚਾਈ ਸਿਖਾਈ ਅਤੇ ਦੱਬੇ-ਕੁਚਲੇ ਲੋਕਾਂ ਦੀ ਮਦਦ ਕੀਤੀ।—ਮੱਤੀ 9:35.
2 ਯਿਸੂ ਦੀ ਮਿਸਾਲ ਅਤੇ ਸਿੱਖਿਆ: ਯਿਸੂ ਨੇ ਕਦੇ ਵੀ ਪ੍ਰਚਾਰ ਦਾ ਕੰਮ ਛੱਡ ਕੇ ਆਪਣਾ ਧਿਆਨ ਸਿਆਸੀ ਮਾਮਲਿਆਂ, ਸਮਾਜ ਸੁਧਾਰ ਜਾਂ ਹੋਰ ਪਰਉਪਕਾਰੀ ਕੰਮਾਂ ਵੱਲ ਨਹੀਂ ਲਗਾਇਆ। (ਲੂਕਾ 8:1) ਉਸ ਨੇ ਆਪਣਾ ਪੂਰਾ ਧਿਆਨ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਉੱਤੇ ਲਗਾਇਆ ਕਿਉਂਕਿ ਉਹ ਜਾਣਦਾ ਸੀ ਕਿ ਇਹੋ ਮਨੁੱਖਜਾਤੀ ਦੇ ਦੁੱਖਾਂ ਦਾ ਪੱਕਾ ਹੱਲ ਸੀ। ਯਿਸੂ ਜਾਣਦਾ ਸੀ ਕਿ ਰਾਜ ਦਾ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਸੀ ਅਤੇ ਇਹ ਕੰਮ ਕਰਨ ਲਈ ਉਸ ਕੋਲ ਸਮਾਂ ਬਹੁਤ ਘੱਟ ਸੀ। ਸੋ ਜਦੋਂ ਕਫ਼ਰਨਾਹੂਮ ਦੇ ਲੋਕਾਂ ਨੇ ਚਾਹਿਆ ਕਿ ਯਿਸੂ ਉਨ੍ਹਾਂ ਦੇ ਸ਼ਹਿਰ ਵਿਚ ਹੀ ਰਹੇ, ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਓ, ਕਿਸੇ ਹੋਰ ਪਾਸੇ . . . ਚਲੀਏ ਜੋ ਮੈਂ ਉੱਥੇ ਭੀ ਪਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਨਿੱਕਲਿਆ ਹਾਂ।”—ਮਰ. 1:38.
3 ਆਪਣੇ ਚੇਲਿਆਂ ਨੂੰ ਲੋੜੀਂਦੀ ਸਿਖਲਾਈ ਦੇਣ ਤੋਂ ਬਾਅਦ ਯਿਸੂ ਨੇ ਉਨ੍ਹਾਂ ਨੂੰ ਪੱਕੀ ਹਿਦਾਇਤ ਦਿੱਤੀ: “ਪਰਚਾਰ ਕਰ ਕੇ ਆਖੋ ਭਈ ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 10:7) ਉਸ ਨੇ ਚੇਲਿਆਂ ਦੇ ਮਨ ਵਿਚ ਇਹ ਗੱਲ ਬਿਠਾਈ ਕਿ ਉਹ ਹਮੇਸ਼ਾ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ। (ਮੱਤੀ 6:33) ਸਵਰਗ ਵਾਪਸ ਜਾਣ ਤੋਂ ਪਹਿਲਾਂ ਉਸ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਕੀ ਸੀ। ਉਸ ਨੇ ਕਿਹਾ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।”—ਮੱਤੀ 28:19.
4 ਰਾਜ ਦੀ ਮਹੱਤਤਾ: ਯਿਸੂ ਦੇ ਪ੍ਰਚਾਰ ਦਾ ਮੁੱਖ ਵਿਸ਼ਾ ਪਰਮੇਸ਼ੁਰ ਦਾ ਰਾਜ ਸੀ ਅਤੇ ਉਸ ਨੇ ਚੇਲਿਆਂ ਨੂੰ ਵੀ ਇਸ ਰਾਜ ਦਾ ਪ੍ਰਚਾਰ ਕਰਨ ਲਈ ਕਿਹਾ। ਇਨਸਾਨ ਵਿਚ ਮਨੁੱਖਜਾਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰਥਾ ਨਹੀਂ ਹੈ। (ਯਿਰ. 10:23) ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਪਰਮੇਸ਼ੁਰ ਦੇ ਨਾਂ ਨੂੰ ਉੱਚਾ ਕਰੇਗਾ ਅਤੇ ਇਨਸਾਨਾਂ ਨੂੰ ਦੁੱਖਾਂ ਤੋਂ ਸਦਾ ਲਈ ਮੁਕਤੀ ਦਿਵਾਏਗਾ। (ਮੱਤੀ 6:9, 10) ਜਦੋਂ ਅਸੀਂ ਉਨ੍ਹਾਂ ਲੋਕਾਂ ਨੂੰ ਸੱਚਾਈ ਸਿਖਾਉਂਦੇ ਹਾਂ ਜੋ ਦੁਨੀਆਂ ਵਿਚ ਹੋ ਰਹੇ ‘ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਆਹਾਂ ਭਰਦੇ, ਅਤੇ ਰੋਂਦੇ ਹਨ,’ ਤਾਂ ਉਨ੍ਹਾਂ ਨੂੰ ਜੀਣ ਦਾ ਕਾਰਨ ਮਿਲ ਜਾਂਦਾ ਹੈ। ਉਨ੍ਹਾਂ ਦੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਂਦੀ ਹੈ ਜਦ ਉਹ ਸੋਹਣੇ ਭਵਿੱਖ ਦੀ ਪੱਕੀ ਆਸ਼ਾ ਬਾਰੇ ਸਿੱਖਦੇ ਹਨ।—ਹਿਜ਼. 9:4.
5 ਯਿਸੂ ਅੱਜ ਵੀ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰ ਕੰਮ ਵਿਚ ਹਿੱਸਾ ਲੈ ਰਿਹਾ ਹੈ ਅਤੇ ਉਹ ਸਾਨੂੰ ਭਰੋਸਾ ਦਿੰਦਾ ਹੈ ਕਿ ਉਹ ਕਦਮ-ਕਦਮ ਤੇ ਸਾਡਾ ਸਾਥ ਦੇਵੇਗਾ। (ਮੱਤੀ 28:20) ਆਪਣੀ ਸੇਵਕਾਈ ਵਿਚ ਅਸੀਂ ਯਿਸੂ ਦੀ ਕਿਸ ਹੱਦ ਤਕ ਰੀਸ ਕਰ ਰਹੇ ਹਾਂ? (1 ਪਤ. 2:21) ਦੁਨੀਆਂ ਦਾ ਅੰਤ ਬਹੁਤ ਹੀ ਨੇੜੇ ਹੈ, ਸੋ ਆਓ ਆਪਾਂ ਸੇਵਕਾਈ ਕਰਦਿਆਂ ਯਿਸੂ ਦੀ ਮਿਸਾਲ ਤੇ ਚੱਲਣ ਦੀ ਪੁਰਜ਼ੋਰ ਕੋਸ਼ਿਸ਼ ਕਰੀਏ!