ਸਾਡਾ ਮੁੱਖ ਕੰਮ
1. ਯਿਸੂ ਨੇ ਕਿਵੇਂ ਦਿਖਾਇਆ ਕਿ ਪ੍ਰਚਾਰ ਦਾ ਕੰਮ ਉਸ ਲਈ ਮਹੱਤਤਾ ਰੱਖਦੀ ਸੀ?
1 ਯਿਸੂ ਨੇ ਹਮੇਸ਼ਾ ਪ੍ਰਚਾਰ ਦੇ ਕੰਮ ਨੂੰ ਸਭ ਤੋਂ ਪਹਿਲੀ ਥਾਂ ਦਿੱਤੀ। ਉਸ ਨੇ ਫਲਸਤੀਨ ਵਿਚ ਸੈਂਕੜੇ ਹੀ ਮੀਲਾਂ ਪੈਦਲ ਚੱਲ ਕੇ ਸਾਰਿਆਂ ਨੂੰ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੀ ਜ਼ਿੰਦਗੀ ਸਾਦੀ ਰੱਖੀ ਤਾਂਕਿ ਉਹ ਆਪਣੀ ਸੇਵਕਾਈ ਵਿਚ ਪੂਰਾ ਸਮਾਂ ਅਤੇ ਧਿਆਨ ਲਗਾ ਸਕੇ। (ਮੱਤੀ 8:20) ਜਦੋਂ ਲੋਕਾਂ ਨੇ ਉਸ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਬੀਮਾਰ ਬੰਦਿਆਂ ਨੂੰ ਠੀਕ ਕਰਨ ਲਈ ਠਹਿਰੇ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੈਨੂੰ ਚਾਹੀਦਾ ਹੈ ਜੋ ਹੋਰਨਾਂ ਨਗਰਾਂ ਵਿੱਚ ਵੀ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।”—ਲੂਕਾ 4:43.
2. ਯਿਸੂ ਲਈ ਪ੍ਰਚਾਰ ਦਾ ਕੰਮ ਕਰਨਾ ਕਿਉਂ ਇੰਨਾ ਜ਼ਰੂਰੀ ਸੀ?
2 ਪ੍ਰਚਾਰ ਦਾ ਕੰਮ ਕਰਨਾ ਯਿਸੂ ਲਈ ਇੰਨਾ ਜ਼ਰੂਰੀ ਕਿਉਂ ਸੀ? ਉਹ ਦਿਲੋਂ ਚਾਹੁੰਦਾ ਸੀ ਕਿ ਯਹੋਵਾਹ ਦਾ ਨਾਂ ਪਵਿੱਤਰ ਠਹਿਰਾਇਆ ਜਾਵੇ। (ਮੱਤੀ 6:9) ਉਹ ਆਪਣੇ ਸਵਰਗੀ ਪਿਤਾ ਨਾਲ ਬੇਹੱਦ ਪਿਆਰ ਕਰਦਾ ਸੀ ਇਸ ਲਈ ਉਹ ਉਸ ਦੀ ਮਰਜ਼ੀ ਪੂਰੀ ਕਰਨ ਅਤੇ ਉਸ ਦੇ ਸਾਰੇ ਹੁਕਮ ਮੰਨਣਾ ਚਾਹੁੰਦਾ ਸੀ। (ਯੂਹੰਨਾ 14:31) ਇਸ ਤੋਂ ਇਲਾਵਾ ਉਸ ਨੂੰ ਲੋਕਾਂ ਦਾ ਫ਼ਿਕਰ ਸੀ ਅਤੇ ਉਹ ਸੱਚ-ਮੁੱਚ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ।—ਮੱਤੀ 9:36, 37.
3. ਅਸੀਂ ਕੀ ਕਰ ਕੇ ਦਿਖਾ ਸਕਦੇ ਹਾਂ ਕਿ ਅਸੀਂ ਪ੍ਰਚਾਰ ਦੇ ਕੰਮ ਨੂੰ ਪਹਿਲੀ ਥਾਂ ਦਿੰਦੇ ਹਾਂ?
3 ਯਿਸੂ ਦੀ ਰੀਸ ਕਰੋ: ਯਿਸੂ ਦੀ ਤਰ੍ਹਾਂ ਸਾਡੇ ਲਈ ਪ੍ਰਚਾਰ ਦੇ ਕੰਮ ਨੂੰ ਪਹਿਲੀ ਥਾਂ ਦੇਣਾ ਇਸ ਲਈ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਸੰਸਾਰ ਸਾਨੂੰ ਕਈ ਰੁਝੇਵੇਂ ਪੇਸ਼ ਕਰਦਾ ਹੈ ਤੇ ਸਾਡਾ ਸਾਰਾ ਸਮਾਂ ਉਨ੍ਹਾਂ ਵਿਚ ਜ਼ਾਇਆ ਹੋ ਸਕਦਾ ਹੈ। (ਮੱਤੀ 24:37-39; ਲੂਕਾ 21:34) ਇਸ ਕਰਕੇ ਸਾਨੂੰ ਜ਼ਰੂਰੀ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਸਾਨੂੰ ਪ੍ਰਚਾਰ ਦੇ ਕੰਮ ਲਈ ਤਿਆਰੀ ਕਰਨ ਅਤੇ ਇਸ ਵਿਚ ਬਾਕਾਇਦਾ ਹਿੱਸਾ ਲੈਣ ਲਈ ਸਮਾਂ ਕੱਢਣਾ ਚਾਹੀਦਾ ਹੈ। (ਫ਼ਿਲਿ. 1:10) ਅਸੀਂ ਸਾਦੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਦੁਨੀਆਂ ਨੂੰ ਲੋੜੋਂ ਵਧ ਵਰਤਣ ਤੋਂ ਪਰਹੇਜ਼ ਕਰਦੇ ਹਾਂ।—1 ਕੁਰਿੰ. 7:31.
4. ਅੱਜ ਪ੍ਰਚਾਰ ਦੇ ਕੰਮ ਨੂੰ ਪਹਿਲ ਦੇਣੀ ਕਿਉਂ ਜ਼ਰੂਰੀ ਹੈ?
4 ਜੇ ਸਮਾਂ ਥੋੜ੍ਹਾ ਹੋਵੇ, ਤਾਂ ਬੁੱਧਵਾਨ ਬੰਦਾ ਜ਼ਰੂਰੀ ਕੰਮ ਪਹਿਲਾਂ ਕਰਦਾ ਹੈ। ਮਿਸਾਲ ਲਈ, ਜੇ ਉਸ ਨੂੰ ਪਤਾ ਹੋਵੇ ਕਿ ਇਕ ਖ਼ਤਰਨਾਕ ਤੂਫ਼ਾਨ ਆ ਰਿਹਾ ਹੈ, ਤਾਂ ਉਹ ਆਪਣੇ ਪਰਿਵਾਰ ਦੀ ਸਾਂਭ-ਸੰਭਾਲ ਕਰਨ ਅਤੇ ਆਪਣੇ ਗੁਆਂਢੀਆਂ ਨੂੰ ਚੇਤਾਵਨੀ ਦੇਣ ਵਿਚ ਕੋਈ ਕਸਰ ਨਹੀਂ ਛੱਡੇਗਾ। ਬਾਕੀ ਦੇ ਕੰਮ ਬਾਅਦ ਵਿਚ ਹੋ ਸਕਦੇ ਹਨ। ਆਰਮਾਗੇਡਨ ਦਾ ਤੂਫ਼ਾਨ ਸ਼ੁਰੂ ਹੋਣ ਵਿਚ ਥੋੜ੍ਹਾ ਸਮਾਂ ਰਹਿੰਦਾ ਹੈ। (ਸਫ਼. 1:14-16; 1 ਕੁਰਿੰ. 7:29) ਆਪਣੇ ਆਪ ਅਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਵੱਲ ਅਤੇ ਆਪਣੀ ਸਿੱਖਿਆ ਵੱਲ ਧਿਆਨ ਦੇਈਏ, ਚਾਹੇ ਕਲੀਸਿਯਾ ਵਿਚ ਜਾਂ ਬਾਹਰ। (1 ਤਿਮੋ. 4:16) ਵਾਕਈ, ਸਾਡੀ ਮੁਕਤੀ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਪ੍ਰਚਾਰ ਦੇ ਕੰਮ ਨੂੰ ਪਹਿਲ ਦੇਈਏ!