“ਉਹ ਦੀ ਪੈੜ ਉੱਤੇ ਤੁਰੋ”
1. ਅਸੀਂ ਚੰਗੇ ਪ੍ਰਚਾਰਕ ਕਿਵੇਂ ਬਣ ਸਕਦੇ ਹਾਂ?
1 ਯਿਸੂ ਨੇ ਧਾਰਮਿਕ ਗੁਰੂਆਂ ਦੇ ਸਕੂਲਾਂ ਵਿਚ ਪੜ੍ਹਾਈ ਨਹੀਂ ਕੀਤੀ ਸੀ, ਫਿਰ ਵੀ ਉਹ ਦੁਨੀਆਂ ਦਾ ਸਭ ਤੋਂ ਮਹਾਨ ਸਿੱਖਿਅਕ ਸੀ। ਖ਼ੁਸ਼ੀ ਦੀ ਗੱਲ ਹੈ ਕਿ ਯਿਸੂ ਦੀ ਸੇਵਕਾਈ ਦਾ ਵੇਰਵਾ ਬਾਈਬਲ ਵਿਚ ਦਿੱਤਾ ਗਿਆ ਹੈ ਜਿਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਚੰਗੇ ਪ੍ਰਚਾਰਕ ਬਣਨ ਲਈ ਸਾਨੂੰ ‘ਉਹ ਦੀ ਪੈੜ ਉੱਤੇ ਤੁਰਨ’ ਦੀ ਲੋੜ ਹੈ।—1 ਪਤ. 2:21.
2. ਯਿਸੂ ਵਾਂਗ ਅਸੀਂ ਵੀ ਲੋਕਾਂ ਨਾਲ ਪਿਆਰ ਕਰਨਾ ਕਿਵੇਂ ਸਿੱਖ ਸਕਦੇ ਹਾਂ?
2 ਲੋਕਾਂ ਲਈ ਪਿਆਰ: ਯਿਸੂ ਲੋਕਾਂ ਨਾਲ ਪਿਆਰ ਕਰਦਾ ਸੀ, ਇਸ ਲਈ ਉਹ ਪ੍ਰਚਾਰ ਕਰਨ ਵਿਚ ਰੁੱਝਿਆ ਰਹਿੰਦਾ ਸੀ। (ਮਰ. 6:30-34) ਅੱਜ ਸਾਡੇ ਇਲਾਕੇ ਵਿਚ ਬਹੁਤ ਸਾਰੇ ਲੋਕ ਵੱਖ-ਵੱਖ ਕਾਰਨਾਂ ਕਰਕੇ ‘ਪੀੜ’ ਸਹਿ ਰਹੇ ਹਨ। ਪਰਮੇਸ਼ੁਰ ਦੇ ਰਾਜ ਦੀ ਸੱਚਾਈ ਹੀ ਉਨ੍ਹਾਂ ਦੀ ਪੀੜ ਘੱਟ ਕਰ ਸਕਦੀ ਹੈ। (ਰੋਮੀ. 8:22) ਲੋਕਾਂ ਦੀ ਮਾੜੀ ਹਾਲਤ ਅਤੇ ਉਨ੍ਹਾਂ ਪ੍ਰਤੀ ਯਹੋਵਾਹ ਦੇ ਪਿਆਰ ਨੂੰ ਦੇਖਦਿਆਂ ਸਾਨੂੰ ਵੀ ਪ੍ਰਚਾਰ ਵਿਚ ਰੁੱਝੇ ਰਹਿਣਾ ਚਾਹੀਦਾ ਹੈ। (2 ਪਤ. 3:9) ਜੇ ਅਸੀਂ ਲੋਕਾਂ ਵਿਚ ਰੁਚੀ ਲੈਂਦੇ ਹਾਂ, ਤਾਂ ਲੋਕ ਸਾਡੀ ਗੱਲ ਜ਼ਿਆਦਾ ਧਿਆਨ ਨਾਲ ਸੁਣਨਗੇ।
3. ਯਿਸੂ ਨੇ ਕਿਨ੍ਹਾਂ ਮੌਕਿਆਂ ਤੇ ਲੋਕਾਂ ਨੂੰ ਪ੍ਰਚਾਰ ਕੀਤਾ ਸੀ?
3 ਹਰ ਮੌਕੇ ਤੇ ਗੱਲ ਕਰੋ: ਯਿਸੂ ਨੇ ਹਰ ਮੌਕੇ ਤੇ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਕੋਸ਼ਿਸ਼ ਕੀਤੀ। (ਮੱਤੀ 4:23; 9:9; ਯੂਹੰ. 4:7-10) ਅਸੀਂ ਵੀ ਰੋਜ਼ਾਨਾ ਖ਼ੁਸ਼ ਖ਼ਬਰੀ ਸੁਣਾਉਣ ਲਈ ਤਿਆਰ ਰਹਾਂਗੇ। ਕੁਝ ਪਬਲੀਸ਼ਰ ਆਪਣੇ ਨਾਲ ਬਾਈਬਲ ਤੇ ਸਾਹਿੱਤ ਰੱਖਦੇ ਹਨ ਤਾਂਕਿ ਉਹ ਕੰਮ ਦੀ ਥਾਂ ʼਤੇ, ਸਕੂਲ ਵਿਚ, ਸਫ਼ਰ ਜਾਂ ਸ਼ਾਪਿੰਗ ਕਰਦਿਆਂ ਪ੍ਰਚਾਰ ਕਰ ਸਕਣ।
4. ਅਸੀਂ ਪ੍ਰਚਾਰ ਕਰਦਿਆਂ ਖ਼ਾਸ ਤੌਰ ਤੇ ਰਾਜ ਵੱਲ ਧਿਆਨ ਕਿਵੇਂ ਖਿੱਚ ਸਕਦੇ ਹਾਂ?
4 ਪਰਮੇਸ਼ੁਰ ਦੇ ਰਾਜ ਉੱਤੇ ਜ਼ੋਰ ਦਿਓ: ਯਿਸੂ ਨੇ ਖ਼ਾਸ ਤੌਰ ਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ। (ਲੂਕਾ 4:43) ਕਿਸੇ ਨਾਲ ਗੱਲ ਕਰਦਿਆਂ ਭਾਵੇਂ ਅਸੀਂ ਸਿੱਧੇ ਤੌਰ ਤੇ ਰਾਜ ਦਾ ਜ਼ਿਕਰ ਨਾ ਵੀ ਕਰੀਏ, ਪਰ ਅਸੀਂ ਉਸ ਦੀ ਇਹ ਦੇਖਣ ਵਿਚ ਮਦਦ ਕਰਾਂਗੇ ਕਿ ਪਰਮੇਸ਼ੁਰ ਦਾ ਰਾਜ ਹੀ ਦੁਨੀਆਂ ਲਈ ਇੱਕੋ-ਇਕ ਉਮੀਦ ਹੈ। ਅੰਤ ਦੇ ਦਿਨਾਂ ਦੇ ਭੈੜੇ ਲੱਛਣਾਂ ਬਾਰੇ ਗੱਲ ਕਰਦੇ ਹੋਏ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ‘ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਾਂ।’—ਰੋਮੀ. 10:15.
5. ਅਸਰਦਾਰ ਢੰਗ ਨਾਲ ਪ੍ਰਚਾਰ ਕਰਨ ਵਿਚ ਬਾਈਬਲ ਕਿਵੇਂ ਮਦਦ ਕਰਦੀ ਹੈ?
5 ਪਰਮੇਸ਼ੁਰ ਦਾ ਬਚਨ ਵਰਤੋ: ਯਿਸੂ ਨੇ ਪ੍ਰਚਾਰ ਕਰਦੇ ਹੋਏ ਹਮੇਸ਼ਾ ਪਰਮੇਸ਼ੁਰ ਦੇ ਬਚਨ ਨੂੰ ਵਰਤਿਆ। ਉਸ ਨੇ ਆਪਣੀਆਂ ਗੱਲਾਂ ਨਹੀਂ ਸਿਖਾਈਆਂ। (ਯੂਹੰ. 7:16, 18) ਉਹ ਪਰਮੇਸ਼ੁਰ ਦਾ ਬਚਨ ਪੜ੍ਹਦਾ ਸੀ ਤੇ ਇਸ ਉੱਤੇ ਅਮਲ ਕਰਦਾ ਸੀ। ਸ਼ਤਾਨ ਦੁਆਰਾ ਪਰਤਾਏ ਜਾਣ ਤੇ ਉਸ ਨੇ ਪਰਮੇਸ਼ੁਰ ਦੇ ਬਚਨ ਨੂੰ ਵਰਤਿਆ। (ਮੱਤੀ 4:1-4) ਦੂਸਰਿਆਂ ਨੂੰ ਵਧੀਆ ਢੰਗ ਨਾਲ ਸਿਖਾਉਣ ਲਈ ਸਾਨੂੰ ਵੀ ਹਰ ਰੋਜ਼ ਬਾਈਬਲ ਪੜ੍ਹਨ ਅਤੇ ਅਮਲ ਕਰਨ ਦੀ ਲੋੜ ਹੈ। (ਰੋਮੀ. 2:21) ਪ੍ਰਚਾਰ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਸਾਨੂੰ ਬਾਈਬਲ ਦੇ ਹਵਾਲੇ ਵਰਤਣੇ ਚਾਹੀਦੇ ਹਨ ਤੇ ਜਦੋਂ ਵੀ ਸੰਭਵ ਹੋਵੇ, ਹਵਾਲੇ ਪੜ੍ਹਨੇ ਚਾਹੀਦੇ ਹਨ। ਅਸੀਂ ਦੂਸਰਿਆਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਆਪਣੀਆਂ ਗੱਲਾਂ ਨਹੀਂ ਸਿਖਾਉਂਦੇ, ਸਗੋਂ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੰਦੇ ਹਾਂ।
6. ਲੋਕਾਂ ਦੇ ਦਿਲਾਂ ਨੂੰ ਛੋਹਣ ਵਾਸਤੇ ਯਿਸੂ ਨੇ ਕੀ ਕੀਤਾ ਸੀ?
6 ਦਿਲਾਂ ਨੂੰ ਛੁਹੋ: ਜਦੋਂ ਫ਼ਰੀਸੀਆਂ ਨੇ ਸਿਪਾਹੀਆਂ ਨੂੰ ਯਿਸੂ ਨੂੰ ਫੜ ਕੇ ਨਾ ਲਿਆਉਣ ਦਾ ਕਾਰਨ ਪੁੱਛਿਆ, ਤਾਂ ਸਿਪਾਹੀਆਂ ਨੇ ਕਿਹਾ: “ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ!” (ਯੂਹੰ. 7:46) ਯਿਸੂ ਸਿਰਫ਼ ਲੋਕਾਂ ਨੂੰ ਗਿਆਨ ਹੀ ਨਹੀਂ ਦਿੰਦਾ ਸੀ, ਸਗੋਂ ਉਹ ਇਸ ਤਰ੍ਹਾਂ ਸਿਖਾਉਂਦਾ ਸੀ ਕਿ ਉਸ ਦੀਆਂ ਸਿੱਖਿਆਵਾਂ ਲੋਕਾਂ ਦੇ ਦਿਲਾਂ ਨੂੰ ਛੋਹ ਜਾਂਦੀਆਂ ਸਨ। (ਲੂਕਾ 24:32) ਉਹ ਵਧੀਆ-ਵਧੀਆ ਉਦਾਹਰਣਾਂ ਵਰਤ ਕੇ ਆਪਣੀਆਂ ਸਿੱਖਿਆਵਾਂ ਵਿਚ ਜਾਨ ਪਾ ਦਿੰਦਾ ਸੀ। (ਮੱਤੀ 13:34) ਯਿਸੂ ਨੇ ਲੋਕਾਂ ਨੂੰ ਹੱਦੋਂ ਵੱਧ ਗੱਲਾਂ ਨਹੀਂ ਦੱਸੀਆਂ। (ਯੂਹੰ. 16:12) ਉਸ ਨੇ ਲੋਕਾਂ ਦਾ ਧਿਆਨ ਯਹੋਵਾਹ ਵੱਲ ਖਿੱਚਿਆ, ਨਾ ਕਿ ਆਪਣੇ ਵੱਲ। ਯਿਸੂ ਵਾਂਗ ਅਸੀਂ ਵੀ “ਆਪਣੀ ਸਿੱਖਿਆ ਦੀ ਰਾਖੀ” ਕਰ ਕੇ ਯਾਨੀ ਇਸ ਵੱਲ ਪੂਰਾ ਧਿਆਨ ਦੇ ਕੇ ਵਧੀਆ ਸਿੱਖਿਅਕ ਬਣ ਸਕਦੇ ਹਾਂ।—1 ਤਿਮੋ. 4:16.
7. ਯਿਸੂ ਪ੍ਰਚਾਰ ਦੇ ਕੰਮ ਵਿਚ ਕਿਉਂ ਲੱਗਾ ਰਿਹਾ?
7 ਸੰਦੇਸ਼ ਪ੍ਰਤੀ ਲੋਕਾਂ ਦੀ ਬੇਦਿਲੀ ਅਤੇ ਵਿਰੋਧ ਦੇ ਬਾਵਜੂਦ ਪ੍ਰਚਾਰ ਕਰਦੇ ਰਹੋ: ਭਾਵੇਂ ਯਿਸੂ ਨੇ ਬਹੁਤ ਸਾਰੇ ਚਮਤਕਾਰ ਕੀਤੇ ਸਨ, ਪਰ ਸਾਰੇ ਲੋਕਾਂ ਨੇ ਉਸ ਦੀ ਗੱਲ ਨਹੀਂ ਸੁਣੀ। (ਲੂਕਾ 10:13) ਯਿਸੂ ਦੇ ਭੈਣਾਂ-ਭਰਾਵਾਂ ਨੇ ਵੀ ਸੋਚਿਆ ਸੀ ਕਿ ਉਹ “ਆਪਣੇ ਆਪ ਤੋਂ ਬਾਹਰ ਹੋ ਗਿਆ” ਸੀ ਯਾਨੀ ਪਾਗਲ ਹੋ ਗਿਆ ਸੀ। (ਮਰ. 3:21) ਫਿਰ ਵੀ ਯਿਸੂ ਆਪਣੇ ਕੰਮ ਵਿਚ ਲੱਗਾ ਰਿਹਾ। ਉਸ ਨੇ ਆਪਣਾ ਨਜ਼ਰੀਆ ਸਹੀ ਰੱਖਿਆ ਕਿਉਂਕਿ ਉਸ ਨੂੰ ਪੂਰਾ ਯਕੀਨ ਸੀ ਕਿ ਉਹ ਸੱਚਾਈ ਦਾ ਪ੍ਰਚਾਰ ਕਰ ਰਿਹਾ ਸੀ ਜਿਸ ਨਾਲ ਲੋਕਾਂ ਨੂੰ ਗ਼ਲਤ ਸਿੱਖਿਆਵਾਂ ਤੋਂ ਆਜ਼ਾਦੀ ਮਿਲ ਸਕਦੀ ਸੀ। (ਯੂਹੰ. 8:32) ਯਹੋਵਾਹ ਦੀ ਮਦਦ ਨਾਲ ਅਸੀਂ ਵੀ ਇਸ ਕੰਮ ਵਿਚ ਹਾਰ ਨਹੀਂ ਮੰਨਾਂਗੇ।—2 ਕੁਰਿੰ. 4:1.
8, 9. ਯਿਸੂ ਵਾਂਗ ਅਸੀਂ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਖ਼ਾਤਰ ਕਿਹੜੇ ਤਿਆਗ ਕਰ ਸਕਦੇ ਹਾਂ?
8 ਪੂਰਾ ਹਿੱਸਾ ਲੈਣ ਲਈ ਜ਼ਰੂਰੀ ਤਿਆਗ ਕਰੋ: ਯਿਸੂ ਨੇ ਪ੍ਰਚਾਰ ਕਰਨ ਲਈ ਆਰਾਮ ਦੀ ਜ਼ਿੰਦਗੀ ਤਿਆਗੀ। (ਮੱਤੀ 8:20) ਉਹ ਕਈ ਵਾਰ ਅੱਧੀ-ਅੱਧੀ ਰਾਤ ਤਕ ਪ੍ਰਚਾਰ ਕਰਦਾ ਸੀ। (ਮਰ. 6:35, 36) ਯਿਸੂ ਜਾਣਦਾ ਸੀ ਕਿ ਉਸ ਕੋਲ ਇਹ ਕੰਮ ਕਰਨ ਲਈ ਸਮਾਂ ਥੋੜ੍ਹਾ ਸੀ। ਕਿਉਂਕਿ “ਸਮਾ ਘਟਾਇਆ ਗਿਆ ਹੈ,” ਇਸ ਲਈ ਯਿਸੂ ਦੀ ਨਕਲ ਕਰਦਿਆਂ ਸਾਨੂੰ ਵੀ ਆਪਣੇ ਸਮੇਂ, ਤਾਕਤ ਅਤੇ ਪੈਸੇ ਵਗੈਰਾ ਦਾ ਤਿਆਗ ਕਰਨ ਦੀ ਲੋੜ ਹੈ।—1 ਕੁਰਿੰ. 7:29-31.
9 ਪਹਿਲੀ ਸਦੀ ਦੇ ਮਸੀਹੀ ਵਧੀਆ ਪ੍ਰਚਾਰਕ ਸਨ ਕਿਉਂਕਿ ਉਨ੍ਹਾਂ ਨੇ ਯਿਸੂ ਤੋਂ ਸਿੱਖਿਆ ਲਈ ਸੀ। (ਰਸੂ. 4:13) ਦੁਨੀਆਂ ਦੇ ਸਭ ਤੋਂ ਮਹਾਨ ਸਿੱਖਿਅਕ ਯਿਸੂ ਦੀ ਨਕਲ ਕਰ ਕੇ ਅਸੀਂ ਵੀ ਪ੍ਰਚਾਰ ਦਾ ਕੰਮ ਪੂਰਾ ਕਰ ਸਕਦੇ ਹਾਂ।—2 ਤਿਮੋ. 4:5.