ਸੋਹਣੇ ਕੱਪੜੇ ਪਾਉਣ ਨਾਲ ਪਰਮੇਸ਼ੁਰ ਦਾ ਆਦਰ ਹੁੰਦਾ ਹੈ
1. ਅਸੀਂ ਇਸ ਸਾਲ ਹੋਣ ਵਾਲੇ ਜ਼ਿਲ੍ਹਾ ਸੰਮੇਲਨ ਦੇ ਪ੍ਰਬੰਧਾਂ ਦੀ ਕਦਰ ਕਿਸ ਤਰ੍ਹਾਂ ਕਰ ਸਕਦੇ ਹਾਂ?
1 ਬਹੁਤ ਜਲਦੀ ਸਾਨੂੰ 2003 “ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨ ਵਿਚ ਯਹੋਵਾਹ ਦੇ ਮਹਿਮਾਨ ਬਣਨ ਦਾ ਮੌਕਾ ਮਿਲੇਗਾ। ਅਸੀਂ ਯਹੋਵਾਹ ਦੇ ਕਿੰਨੇ ਧੰਨਵਾਦੀ ਹਾਂ ਕਿ ਉਸ ਨੇ ਇਸ ਵੱਡੀ ਅਧਿਆਤਮਿਕ ਦਾਅਵਤ ਵਿਚ ਸਾਨੂੰ ਆਉਣ ਦਾ ਸੱਦਾ ਦਿੱਤਾ ਹੈ! ਅਸੀਂ ਆਪਣੇ ਕੱਪੜਿਆਂ ਤੇ ਹਾਰ-ਸ਼ਿੰਗਾਰ ਰਾਹੀਂ ਯਹੋਵਾਹ ਦਾ ਆਦਰ ਕਰ ਸਕਦੇ ਹਾਂ ਅਤੇ ਇਨ੍ਹਾਂ ਅਧਿਆਤਮਿਕ ਪ੍ਰਬੰਧਾਂ ਦੀ ਕਦਰ ਕਰ ਸਕਦੇ ਹਾਂ।—ਜ਼ਬੂ. 116:12, 17.
2. ਸਾਫ਼ ਤੇ ਸੋਹਣੀ ਦਿੱਖ ਬਣਾ ਕੇ ਰੱਖਣੀ ਕਿਉਂ ਜ਼ਰੂਰੀ ਹੈ?
2 ਸਾਫ਼ ਤੇ ਸੋਹਣੀ ਦਿੱਖ: ਸਾਨੂੰ ਆਪਣੇ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਬਣਨਾ-ਠਣਨਾ ਚਾਹੀਦਾ ਹੈ ਕਿਉਂਕਿ ਸਾਡਾ ਪਰਮੇਸ਼ੁਰ ਸ਼ੁੱਧ ਹੈ ਤੇ ਹਰ ਕੰਮ ਢੰਗ ਸਿਰ ਕਰਦਾ ਹੈ। (1 ਕੁਰਿੰ. 14:33; 2 ਕੁਰਿੰ. 7:1) ਸਾਡਾ ਸਰੀਰ, ਵਾਲ ਅਤੇ ਨਹੁੰ ਸਾਫ਼ ਹੋਣੇ ਚਾਹੀਦੇ ਹਨ। ਅੱਜ-ਕੱਲ੍ਹ ਬਹੁਤ ਸਾਰੇ ਲੋਕ, ਇੱਥੋਂ ਤਕ ਕਿ ਫਿਲਮੀ ਸਿਤਾਰੇ ਜਾਂ ਮਸ਼ਹੂਰ ਖਿਡਾਰੀ ਵੀ ਸ਼ੇਵ ਨਹੀਂ ਕਰਦੇ ਜਾਂ ਵਾਲ ਨਹੀਂ ਵਾਹੁੰਦੇ। ਪਰ ਮਸੀਹੀਆਂ ਨੂੰ ਉਨ੍ਹਾਂ ਦੀ ਰੀਸ ਨਹੀਂ ਕਰਨੀ ਚਾਹੀਦੀ। ਜੇ ਅਸੀਂ ਅਜਿਹੇ ਫੈਸ਼ਨਾਂ ਪਿੱਛੇ ਜਾਂਦੇ ਹਾਂ, ਤਾਂ ਲੋਕਾਂ ਲਈ ਉਨ੍ਹਾਂ ਵਿਅਕਤੀਆਂ ਵਿਚ ਫ਼ਰਕ ਦੇਖਣਾ ਮੁਸ਼ਕਲ ਹੋਵੇਗਾ ਜੋ ਸੱਚੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ ਅਤੇ ਜਿਹੜੇ ਨਹੀਂ ਕਰਦੇ।—ਮਲਾ. 3:18.
3. ਅਸੀਂ ਇਸ ਗੱਲ ਦਾ ਕਿੱਦਾਂ ਧਿਆਨ ਰੱਖ ਸਕਦੇ ਹਾਂ ਕਿ ਸਾਡੀ ਦਿੱਖ 1 ਤਿਮੋਥਿਉਸ 2:9, 10 ਵਿਚ ਦਿੱਤੀ ਸਲਾਹ ਅਨੁਸਾਰ ਹੋਵੇ?
3 ਪਹਿਰਾਵਾ ਜੋ ਮਸੀਹੀ ਸੇਵਕਾਂ ਨੂੰ ਫੱਬਦਾ ਹੈ: ਜਦੋਂ ਪੌਲੁਸ ਰਸੂਲ ਨੇ ਮਸੀਹੀ ਨਿਗਾਹਬਾਨ ਤਿਮੋਥਿਉਸ ਨੂੰ ਲਿਖਿਆ ਸੀ, ਉਦੋਂ ਉਸ ਨੇ ਤੀਵੀਆਂ ਨੂੰ ਉਤਸ਼ਾਹ ਦਿੱਤਾ ਸੀ ਕਿ ਉਹ ‘ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਤੇ ਸ਼ੁਭ ਕਰਮਾਂ ਦੇ ਵਸੀਲੇ ਨਾਲ ਸੁਆਰਨ ਕਿਉਂ ਜੋ ਇਹ ਉਨ੍ਹਾਂ ਇਸਤ੍ਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੀਆਂ ਹਨ।’ (1 ਤਿਮੋ. 2:9, 10) ਸਾਨੂੰ ਆਪਣੇ ਕੱਪੜਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂਕਿ ਇਹ ਸਾਡੇ ਪਾਏ ਸੋਹਣੇ ਲੱਗਣ। ਕੱਪੜੇ ਸਾਫ਼ ਤੇ ਢੰਗ ਦੇ ਹੋਣੇ ਚਾਹੀਦੇ ਹਨ, ਨਾ ਕਿ ਭੜਕੀਲੇ ਜਾਂ ਕਾਮ-ਉਕਸਾਊ।—1 ਪਤ. 3:3.
4, 5. ਮਸੀਹੀ ਭੈਣਾਂ-ਭਰਾਵਾਂ ਨੂੰ ਕਿਹੜੀਆਂ ਸਲਾਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ?
4 ਪੌਲੁਸ ਮਸੀਹੀਆਂ ਨੂੰ ਇਸ ਗੱਲੋਂ ਵੀ ਖ਼ਬਰਦਾਰ ਕਰਦਾ ਹੈ ਕਿ ਉਹ ‘ਵਾਲ ਗੁੰਦਣ ਅਤੇ ਸੋਨੇ ਯਾ ਮੋਤੀਆਂ ਯਾ ਭਾਰੇ ਮੁੱਲ ਦੇ ਬਸਤ੍ਰ’ ਪਹਿਨਣ ਦੇ ਮਾਮਲੇ ਵਿਚ ਸੰਜਮ ਰੱਖਣ। (1 ਤਿਮੋ. 2:9) ਮਸੀਹੀ ਭੈਣਾਂ ਲਈ ਇਹ ਬਹੁਤ ਚੰਗੀ ਗੱਲ ਹੈ ਕਿ ਉਹ ਗਹਿਣਿਆਂ, ਮੇਕਅੱਪ ਤੇ ਹੋਰ ਦੂਸਰੇ ਹਾਰ-ਸ਼ਿੰਗਾਰ ਦੀ ਵਰਤੋਂ ਹੱਦ ਵਿਚ ਰਹਿ ਕੇ ਕਰਨ।—ਕਹਾ. 11:2.
5 ਮਸੀਹੀ ਭੈਣਾਂ ਨੂੰ ਦਿੱਤੀ ਪੌਲੁਸ ਦੀ ਸਲਾਹ ਦਾ ਸਿਧਾਂਤ ਮਸੀਹੀ ਭਰਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਭਰਾਵਾਂ ਨੂੰ ਅਜਿਹੇ ਸਾਰੇ ਫੈਸ਼ਨ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਤੋਂ ਸੰਸਾਰ ਦੀ ਸੋਚ ਝਲਕਦੀ ਹੈ। (1 ਯੂਹੰ. 2:16) ਉਦਾਹਰਣ ਲਈ ਕੁਝ ਦੇਸ਼ਾਂ ਵਿਚ ਬੈਗੀ ਤੇ ਸਾਈਜ ਨਾਲੋਂ ਵੱਡੇ ਕੱਪੜੇ ਪਾਉਣ ਦਾ ਫੈਸ਼ਨ ਹੈ, ਪਰ ਇਹ ਫੈਸ਼ਨ ਪਰਮੇਸ਼ੁਰ ਦੇ ਸੇਵਕਾਂ ਨੂੰ ਨਹੀਂ ਫੱਬਦਾ।
6. ਸੰਮੇਲਨ ਲਈ ਆਉਂਦੇ ਅਤੇ ਸੰਮੇਲਨ ਤੋਂ ਬਾਅਦ ਘਰ ਜਾਂਦੇ ਸਮੇਂ ਜਾਂ ਹਰ ਦਿਨ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਸਾਨੂੰ ਆਪਣੇ ਪਹਿਰਾਵੇ ਤੇ ਹਾਰ-ਸ਼ਿੰਗਾਰ ਸੰਬੰਧੀ ਉੱਚੇ ਮਿਆਰ ਕਿਉਂ ਰੱਖਣੇ ਚਾਹੀਦੇ ਹਨ?
6 ਸੈਸ਼ਨ ਖ਼ਤਮ ਹੋਣ ਤੋਂ ਬਾਅਦ: ਜ਼ਿਆਦਾਤਰ ਭੈਣ-ਭਰਾ ਸੋਹਣੇ ਕੱਪੜੇ ਪਾ ਕੇ ਤੇ ਬਣ-ਠਣ ਕੇ ਸੰਮੇਲਨ ਵਿਚ ਆਉਂਦੇ ਹਨ। ਪਰ ਇਸ ਤਰ੍ਹਾਂ ਦੀਆਂ ਖ਼ਬਰਾਂ ਮਿਲੀਆਂ ਹਨ ਕਿ ਭੈਣ-ਭਰਾ ਸੰਮੇਲਨ ਵਾਲੇ ਸ਼ਹਿਰ ਆਉਂਦੇ-ਜਾਂਦੇ ਸਮੇਂ ਜਾਂ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਘੁੰਮਣ-ਫਿਰਨ ਸਮੇਂ ਆਪਣੇ ਕੱਪੜਿਆਂ ਸੰਬੰਧੀ ਲਾਪਰਵਾਹੀ ਵਰਤਦੇ ਹਨ। ਅਸਲ ਵਿਚ ਸਾਡੀ ਦਿੱਖ ਦਾ—ਚਾਹੇ ਪ੍ਰੋਗ੍ਰਾਮ ਦੌਰਾਨ ਜਾਂ ਦੂਸਰੇ ਸਮਿਆਂ ਤੇ—ਇਸ ਗੱਲ ਤੇ ਅਸਰ ਪੈਂਦਾ ਹੈ ਕਿ ਦੂਸਰੇ ਪਰਮੇਸ਼ੁਰ ਦੇ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹਨ। ਅਸੀਂ ਸੰਮੇਲਨ ਦੇ ਬੈਜ ਕਾਰਡ ਲਾਉਂਦੇ ਹਾਂ, ਇਸ ਲਈ ਸਾਨੂੰ ਹਰ ਵੇਲੇ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਜੋ ਮਸੀਹੀਆਂ ਨੂੰ ਫੱਬਦੇ ਹਨ। ਸਾਡੀ ਸੋਹਣੀ ਦਿੱਖ ਕਰਕੇ ਲੋਕ ਅਕਸਰ ਸਾਡੀ ਤਾਰੀਫ਼ ਕਰਦੇ ਹਨ ਅਤੇ ਇਸ ਨਾਲ ਸਾਨੂੰ ਗਵਾਹੀ ਦੇਣ ਦਾ ਮੌਕਾ ਮਿਲਦਾ ਹੈ।—1 ਕੁਰਿੰ. 10:31-33.
7. ਦੂਸਰਿਆਂ ਉੱਤੇ ਸਾਡੇ ਸੋਹਣੇ ਕੱਪੜਿਆਂ ਤੇ ਹਾਰ-ਸ਼ਿੰਗਾਰ ਦਾ ਕੀ ਅਸਰ ਪੈ ਸਕਦਾ ਹੈ?
7 ਜਿਵੇਂ ਇਕ ਮੁਸਕਰਾਹਟ ਸਾਡੇ ਚਿਹਰੇ ਨੂੰ ਚਾਰ ਚੰਨ ਲਾਉਂਦੀ ਹੈ, ਉਸੇ ਤਰ੍ਹਾਂ ਸੋਹਣੇ ਪਹਿਰਾਵੇ ਤੇ ਹਾਰ-ਸ਼ਿੰਗਾਰ ਨਾਲ ਸਾਡੇ ਸੰਦੇਸ਼ ਤੇ ਸੰਗਠਨ ਦਾ ਮਾਣ ਵਧਦਾ ਹੈ। ਕੁਝ ਲੋਕ ਜੋ ਇਸ ਸਾਲ “ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨ ਵਿਚ ਸਾਨੂੰ ਦੇਖਣਗੇ, ਉਹ ਸ਼ਾਇਦ ਇਹ ਜਾਣਨ ਲਈ ਪ੍ਰੇਰਿਤ ਹੋਣ ਕਿ ਅਸੀਂ ਵੱਖਰੇ ਨਜ਼ਰ ਕਿਉਂ ਆਉਂਦੇ ਹਾਂ। ਉਹ ਸ਼ਾਇਦ ਆਖ਼ਰ ਵਿਚ ਕਹਿਣ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ [ਅਤੇ ਦੇਖਿਆ] ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!” (ਜ਼ਕ. 8:23) ਆਓ ਆਪਾਂ ਸਾਰੇ ਆਪਣੇ ਕੱਪੜਿਆਂ ਤੇ ਹਾਰ-ਸ਼ਿੰਗਾਰ ਰਾਹੀਂ ਯਹੋਵਾਹ ਦਾ ਆਦਰ ਕਰੀਏ।
[ਸਫ਼ੇ 5 ਉੱਤੇ ਡੱਬੀ]
ਸੋਹਣੇ ਬਣ ਕੇ ਰਹੋ
▪ ਸਫ਼ਰ ਕਰਦੇ ਸਮੇਂ
▪ ਸੰਮੇਲਨ ਵਿਚ
▪ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਘੁੰਮਣ-ਫਿਰਨ ਸਮੇਂ