ਸੋਹਣੇ ਬਣ ਕੇ ਜਾਓ
1. ਸੰਮੇਲਨ ਦੀ ਤਿਆਰੀ ਕਰਦੇ ਹੋਏ ਸਾਨੂੰ ਆਪਣੇ ਪਹਿਰਾਵੇ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ?
1 “ਯਹੋਵਾਹ ਦੇ ਗਵਾਹ ਬਹੁਤ ਹੀ ਚੰਗੇ ਲੋਕ ਹਨ! ਉਹ ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ ਅਤੇ ਸੋਹਣੇ ਕੱਪੜੇ ਪਾਉਂਦੇ ਹਨ। ਉਹ ਦੂਸਰਿਆਂ ਦਾ ਬਹੁਤ ਆਦਰ ਵੀ ਕਰਦੇ ਹਨ।” ਪਿਛਲੇ ਸਾਲ ਜ਼ਿਲ੍ਹਾ ਸੰਮੇਲਨ ਵਿਚ ਆਏ ਭੈਣ-ਭਰਾਵਾਂ ਬਾਰੇ ਇਕ ਹੋਟਲ ਦੇ ਕਰਮਚਾਰੀ ਨੇ ਇਸ ਤਰ੍ਹਾਂ ਕਿਹਾ। ਇਕ ਹੋਰ ਸੰਮੇਲਨ ਵਿਚ, ਇਕ ਹੋਟਲ ਵਿਚ ਕੰਮ ਕਰਨ ਵਾਲੇ ਵਿਅਕਤੀ ਨੇ ਕਿਹਾ: “ਇਹ ਬਿਲਕੁਲ ਸਾਫ਼ ਨਜ਼ਰ ਆਉਂਦਾ ਹੈ ਕਿ ਤੁਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸੋਚ-ਸਮਝ ਕੇ ਕੱਪੜੇ ਚੁਣਦੇ ਹੋ।” ਜੀ ਹਾਂ, ਲੋਕ ਸੰਮੇਲਨ ਵਿਚ ਆਏ ਭੈਣ-ਭਰਾਵਾਂ ਨੂੰ ਦੇਖਦੇ ਹਨ। ਇਸ ਲਈ ਸਾਨੂੰ ਵੀ “ਖੁਸ਼ ਖਬਰੀ ਦੇ ਜੋਗ” ਕੱਪੜੇ ਪਾਉਣੇ ਚਾਹੀਦੇ ਹਨ। ਸਾਡੇ ਸੋਹਣੇ ਪਹਿਰਾਵੇ ਨੂੰ ਦੇਖ ਕੇ ਲੋਕ ਸਾਡੀ ਸ਼ਲਾਘਾ ਕਰਦੇ ਹਨ ਅਤੇ ਦੇਖਦੇ ਹਨ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ। (ਫ਼ਿਲਿ. 1:27) ਜ਼ਿਲ੍ਹਾ ਸੰਮੇਲਨ ਦੀ ਤਿਆਰੀ ਕਰਦੇ ਹੋਏ ਸਾਨੂੰ ਆਪਣੇ ਪਹਿਰਾਵੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
2. ਅਜਿਹੇ ਕੱਪੜੇ ਚੁਣਨੇ ਕਿਉਂ ਮੁਸ਼ਕਲ ਹੋ ਸਕਦੇ ਹਨ ਜਿਨ੍ਹਾਂ ਤੋਂ ਪਵਿੱਤਰਤਾ ਝਲਕੇ?
2 ਚੇਲੇ ਯਾਕੂਬ ਨੇ ਲਿਖਿਆ: “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ।” (ਯਾਕੂ. 3:17) ਪਹਿਰਾਵੇ ਰਾਹੀਂ ਆਪਣੀ ਪਵਿੱਤਰਤਾ ਦਿਖਾਉਣੀ ਮੁਸ਼ਕਲ ਹੋ ਸਕਦੀ ਹੈ। ਸ਼ਤਾਨ ਦੀ ਅਨੈਤਿਕ ਦੁਨੀਆਂ ਲੋਕਾਂ ਨੂੰ ਅਸ਼ਲੀਲ, ਕਾਮੁਕ ਅਤੇ ਅਜੀਬ ਢੰਗ ਦੇ ਕੱਪੜੇ ਪਾਉਣ ਦੀ ਹੱਲਾਸ਼ੇਰੀ ਦਿੰਦੀ ਹੈ ਜੋ ਕਿ ਮਸੀਹੀਆਂ ਦੇ ਪਾਉਣ ਯੋਗ ਨਹੀਂ ਹਨ। (1 ਯੂਹੰ. 2:15-17) ਇਸ ਲਈ ਕੱਪੜਿਆਂ ਵਗੈਰਾ ਬਾਰੇ ਫ਼ੈਸਲਾ ਕਰਦੇ ਸਮੇਂ ਸਾਨੂੰ ਬਾਈਬਲ ਦੀ ਇਸ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ‘ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ ਨਾਲ ਉਮਰ ਬਤੀਤ ਕਰੀਏ।’ (ਤੀਤੁ. 2:12) ਅਸੀਂ ਆਪਣੇ ਪਹਿਰਾਵੇ ਕਰਕੇ ਦੂਸਰਿਆਂ ਦੇ ਮਨਾਂ ਦੀ ਸ਼ਾਂਤੀ ਭੰਗ ਨਹੀਂ ਕਰਨੀ ਚਾਹੁੰਦੇ, ਚਾਹੇ ਉਹ ਸਾਡੇ ਭੈਣ-ਭਰਾ ਹੋਣ ਜਾਂ ਫਿਰ ਹੋਟਲ ਤੇ ਰੈਸਤੋਰਾਂ ਵਿਚ ਕੰਮ ਕਰਨ ਵਾਲੇ ਜਾਂ ਦੂਸਰੇ ਲੋਕ।—1 ਕੁਰਿੰ. 10:32, 33.
3. ਆਪਣੇ ਕੱਪੜਿਆਂ ਬਾਰੇ ਫ਼ੈਸਲਾ ਕਰਨ ਵਿਚ ਕਿਹੜੇ ਸਵਾਲ ਸਾਡੀ ਮਦਦ ਕਰਨਗੇ?
3 ਢੰਗ ਦਾ ਅਤੇ ਸੋਹਣਾ ਪਹਿਰਾਵਾ: ਸੰਮੇਲਨ ਦੀ ਤਿਆਰੀ ਕਰਦੇ ਸਮੇਂ ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਕੱਪੜੇ ਢੰਗ ਦੇ ਹਨ ਜਾਂ ਫਿਰ ਇਨ੍ਹਾਂ ਕਰਕੇ ਲੋਕਾਂ ਦੀਆਂ ਨਜ਼ਰਾਂ ਮੇਰੇ ਉੱਤੇ ਰਹਿਣਗੀਆਂ? ਕੀ ਇਨ੍ਹਾਂ ਕਰਕੇ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਤਾਂ ਨਹੀਂ ਲੱਗੇਗੀ? ਕੀ ਮੇਰੇ ਬਲਾਊਜ਼ਾਂ ਦੇ ਗਲੇ ਵੱਡੇ ਤਾਂ ਨਹੀਂ ਜਾਂ ਮੇਰੇ ਬਲਾਊਜ਼ ਬਹੁਤ ਛੋਟੇ ਤਾਂ ਨਹੀਂ? ਕੀ ਮੇਰੇ ਕੱਪੜੇ ਸਰੀਰ ਦੀ ਨੁਮਾਇਸ਼ ਕਰਦੇ ਹਨ ਜਾਂ ਬਹੁਤ ਤੰਗ ਹਨ? ਕੀ ਮੇਰੇ ਕੱਪੜੇ ਸਾਫ਼ ਹਨ ਅਤੇ ਇਨ੍ਹਾਂ ਵਿੱਚੋਂ ਬੋ ਤਾਂ ਨਹੀਂ ਆਉਂਦੀ? ਆਪਣੇ ਹੋਟਲ ਦੇ ਡਾਇਨਿੰਗ ਹਾਲ ਵਿਚ ਨਾਸ਼ਤਾ ਕਰਨ ਵੇਲੇ ਜਾਂ ਪ੍ਰੋਗ੍ਰਾਮ ਤੋਂ ਬਾਅਦ ਵਾਪਸ ਹੋਟਲ ਆਉਣ ਤੇ ਕੀ ਮੈਂ ਢੰਗ ਦੇ ਕੱਪੜੇ ਪਾਵਾਂਗਾ ਜਾਂ ਫਿਰ ਮੈਂ ਵਲ਼ ਪਏ ਕੱਪੜੇ ਜਾਂ ਬੇਢੰਗੇ ਫ਼ੈਸ਼ਨ ਦੇ ਕੱਪੜੇ ਪਾਵਾਂਗਾ ਜੋ ਕਿ ਯਹੋਵਾਹ ਦੇ ਸੇਵਕਾਂ ਲਈ ਮੁਨਾਸਬ ਨਹੀਂ ਹਨ? ਵਿਹਲੇ ਸਮੇਂ ਵਿਚ ਜੋ ਕੱਪੜੇ ਮੈਂ ਪਾਵਾਂਗਾ, ਕੀ ਉਨ੍ਹਾਂ ਕਰਕੇ ਮੈਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਤੋਂ ਸ਼ਰਮ ਤਾਂ ਨਹੀਂ ਆਵੇਗੀ?’—ਰੋਮੀ. 15:2, 3; 1 ਤਿਮੋ. 2:9.
4. ਪਹਿਰਾਵੇ ਦੇ ਮਾਮਲੇ ਵਿਚ ਦੂਸਰੇ ਸਾਡੀ ਮਦਦ ਕਿਵੇਂ ਕਰ ਸਕਦੇ ਹਨ?
4 ਅਸੀਂ ਪਰਿਪੱਕ ਮਸੀਹੀਆਂ ਦੀ ਰਾਇ ਪੁੱਛ ਸਕਦੇ ਹਾਂ। ਪਤਨੀਆਂ ਨੂੰ ਆਪਣੇ ਪਤੀਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕੱਪੜੇ ਦੂਸਰਿਆਂ ਨੂੰ ਕਿਸ ਤਰ੍ਹਾਂ ਦੇ ਲੱਗਣਗੇ। ਪਰਮੇਸ਼ੁਰ ਦੇ ਸੇਵਕ ਆਪਣੇ ਨੌਜਵਾਨ ਬੱਚਿਆਂ ਦੀ ਵੀ ਕੱਪੜਿਆਂ ਦੇ ਮਾਮਲੇ ਵਿਚ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ, ਸਿਆਣੀਆਂ ਭੈਣਾਂ ਕੱਪੜਿਆਂ ਦੇ ਮਾਮਲੇ ਵਿਚ ‘ਮੁਟਿਆਰਾਂ ਨੂੰ ਸੁਰਤ ਵਾਲੀਆਂ, ਸਤਵੰਤੀਆਂ’ ਬਣਨ ਦੀ ਸਲਾਹ ਦੇ ਸਕਦੀਆਂ ਹਨ ਤਾਂਕਿ “ਪਰਮੇਸ਼ੁਰ ਦੇ ਬਚਨ ਦੀ ਬਦਨਾਮੀ ਨਾ ਹੋਵੇ।” (ਤੀਤੁ. 2:3-5) ਸਾਡੇ ਸਾਹਿੱਤ ਵਿਚ ਕਈ ਮਸੀਹੀਆਂ ਦੀਆਂ ਫੋਟੋਆਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਪਹਿਰਾਵਾ ਢੰਗ ਦਾ ਅਤੇ ਸੋਹਣਾ ਹੁੰਦਾ ਹੈ।
5. ਅਸੀਂ ਸੰਮੇਲਨ ਦੌਰਾਨ ਯਹੋਵਾਹ ਦੀ ਮਹਿਮਾ ਕਿਸ ਤਰ੍ਹਾਂ ਕਰ ਸਕਦੇ ਹਾਂ?
5 ਯਹੋਵਾਹ ਦੀ ਮਹਿਮਾ ਕਰੋ: ਜ਼ਿਲ੍ਹਾ ਸੰਮੇਲਨਾਂ ਵਿਚ ਸਿਰਫ਼ ਹਿੱਸਾ ਲੈਣ ਵਾਲਿਆਂ ਨੂੰ ਹੀ ਨਹੀਂ, ਸਗੋਂ ਸਾਰਿਆਂ ਨੂੰ ਯਹੋਵਾਹ ਦੀ ਮਹਿਮਾ ਕਰਨ ਦਾ ਮੌਕਾ ਮਿਲਦਾ ਹੈ। ਸਾਡੇ ਮਸੀਹੀ ਚਾਲ-ਚਲਣ ਅਤੇ ਬੋਲੀ ਨਾਲ ਯਹੋਵਾਹ ਦੀ ਮਹਿਮਾ ਹੋਵੇਗੀ। ਪਰ ਲੋਕ ਸਭ ਤੋਂ ਪਹਿਲਾਂ ਜੋ ਦੇਖਦੇ ਹਨ, ਉਹ ਹੈ ਸਾਡਾ ਪਹਿਰਾਵਾ। ਆਓ ਆਪਾਂ ਸਾਰੇ ਆਪਣੇ ਸੋਹਣੇ ਅਤੇ ਢੰਗ ਦੇ ਪਹਿਰਾਵੇ ਰਾਹੀਂ ਯਹੋਵਾਹ ਦੀ ਮਹਿਮਾ ਕਰੀਏ।—ਜ਼ਬੂ. 148:12, 13.
[ਸਫ਼ੇ 6 ਉੱਤੇ ਡੱਬੀ]
ਸੋਹਣਾ ਪਹਿਰਾਵਾ ਚੁਣਨ ਲਈ ਮਦਦ
◼ ਪਰਮੇਸ਼ੁਰ ਦਾ ਬਚਨ
◼ ਆਪਣੀ ਜਾਂਚ
◼ ਦੂਸਰਿਆਂ ਦੀ ਰਾਇ
◼ ਮਸੀਹੀ ਸਾਹਿੱਤ