ਮਹਾਂਸਭਾ ਵਿਚ ਯਹੋਵਾਹ ਦੀ ਉਸਤਤ ਕਰੋ
1, 2. ਜ਼ਿਲ੍ਹਾ ਸੰਮੇਲਨ ਵਿਚ ਸਾਨੂੰ ਕੀ ਕਰਨ ਦਾ ਮੌਕਾ ਮਿਲਦਾ ਹੈ ਅਤੇ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਇਹ ਕਰ ਸਕਦੇ ਹਾਂ?
1 ਹਰ ਸਾਲ ਜ਼ਿਲ੍ਹਾ ਸੰਮੇਲਨ ਵਿਚ ਸਾਨੂੰ ਯਹੋਵਾਹ ਦੀ ਮਹਿਮਾ ਕਰਨ ਦਾ ਸ਼ਾਨਦਾਰ ਮੌਕਾ ਮਿਲਦਾ ਹੈ। ਸਾਡਾ ਦਿਲ ਵੀ ਦਾਊਦ ਵਾਂਗ ਕਹਿੰਦਾ ਹੈ: “ਮੈਂ ਮਹਾ ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ।” (ਜ਼ਬੂ. 35:18) ਅਸੀਂ ਇਸ ਸਾਲ “ਪਰਮੇਸ਼ੁਰ ਦਾ ਕਹਿਣਾ ਮੰਨੋ” ਜ਼ਿਲ੍ਹਾ ਸੰਮੇਲਨ ਵਿਚ ਸਾਰੇ ਮਿਲ ਕੇ ਕੀ ਕਰ ਸਕਦੇ ਹਾਂ ਤਾਂਕਿ ਯਹੋਵਾਹ ਦੀ ਮਹਿਮਾ ਹੋਵੇ?
2 ਸਾਡੇ ਚੰਗੇ ਆਚਰਣ ਕਰਕੇ ਯਹੋਵਾਹ ਦੀ ਮਹਿਮਾ ਹੋ ਸਕਦੀ ਹੈ। ਇਕ ਸੰਮੇਲਨ ਭਵਨ ਦੀ ਮੈਨੇਜਮੈਂਟ ਨੇ ਕਿਹਾ: “ਜਦੋਂ ਦੂਸਰੇ ਧਾਰਮਿਕ ਸਮੂਹ ਸਾਡਾ ਹਾਲ ਕਿਰਾਏ ਤੇ ਲੈਣ ਲਈ ਆਉਂਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਉਹ ਆ ਕੇ ਦੇਖਣ ਕਿ ਯਹੋਵਾਹ ਦੇ ਗਵਾਹ ਕਿੰਨੇ ਕਾਇਦੇ ਨਾਲ ਸੰਮੇਲਨ ਕਰਦੇ ਹਨ।” ਸਾਡਾ ਪਹਿਰਾਵਾ, ਸਹਿਯੋਗ ਅਤੇ ਆਚਰਣ ਦੇਖ ਕੇ ਲੋਕ ਸਾਡੇ ਪਰਮੇਸ਼ੁਰ ਦੀ ਇੰਨੀ ਪ੍ਰਸ਼ੰਸਾ ਕਰਦੇ ਹਨ।—1 ਪਤ. 2:12.
3, 4. ਸੰਮੇਲਨ ਵਿਚ ਅਤੇ ਆਪਣੇ ਵਿਹਲੇ ਸਮੇਂ ਵਿਚ ਵੀ ਢੰਗ ਦੇ ਕੱਪੜੇ ਪਾਉਣ ਵਿਚ ਸੰਜਮ ਕਿਵੇਂ ਸਾਡੀ ਮਦਦ ਕਰੇਗਾ?
3 ਸਾਡਾ ਪਹਿਰਾਵਾ: ਜਦੋਂ ਅਸੀਂ ਲਾਜ ਅਤੇ ਸੰਜਮ ਨੂੰ ਦਰਸਾਉਣ ਵਾਲੇ ਕੱਪੜੇ ਪਾਉਂਦੇ ਤੇ ਹਾਰ-ਸ਼ਿੰਗਾਰ ਕਰਦੇ ਹਾਂ, ਤਾਂ ਇਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ। (1 ਤਿਮੋ. 2:9) ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 132 ਤੇ ਲਿਖਿਆ ਹੈ: “ਇਕ ਸੰਜਮੀ ਇਨਸਾਨ ਬਿਨਾਂ ਵਜ੍ਹਾ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਵੇਗਾ, ਨਾ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰੇਗਾ।” ਅੱਜ-ਕੱਲ੍ਹ ਕਈ ਦੇਸ਼ਾਂ ਵਿਚ ਲੋਕ ਆਮ ਹੀ ਕਾਮੁਕਤਾ ਨੂੰ ਭੜਕਾਉਣ ਵਾਲੇ ਕੱਪੜੇ ਪਾਉਂਦੇ ਹਨ। ਪਰ ਯਹੋਵਾਹ ਇਹ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੈ ਕਿ ਅਸੀਂ ਉਸ ਦੇ ਸੇਵਕ ਹੋਣ ਦੇ ਨਾਤੇ ਢੰਗ ਦੇ ਕੱਪੜੇ ਪਾਉਂਦੇ ਹਾਂ। (ਰਸੂ. 15:14) ਸੰਮੇਲਨ ਭਾਵੇਂ ਖੇਡ ਦੇ ਮੈਦਾਨ ਵਿਚ ਹੋਵੇ ਜਾਂ ਮਨੋਰੰਜਨ ਦੇ ਕਿਸੇ ਕੇਂਦਰ ਵਿਚ ਕੀਤਾ ਜਾਵੇ, ਪਰ ਤਿੰਨ ਦਿਨਾਂ ਦੇ ਜ਼ਿਲ੍ਹਾ ਸੰਮੇਲਨ ਦੌਰਾਨ ਇਹ ਸਾਡੀ “ਮਹਾ ਸਭਾ” ਬਣ ਜਾਂਦਾ ਹੈ। ਇਸ ਲਈ ਯਹੋਵਾਹ ਦੀ ਹਜ਼ੂਰੀ ਵਿਚ ਇਕੱਠੇ ਹੁੰਦੇ ਸਮੇਂ ਸਾਨੂੰ ਢੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ ਜਿਸ ਨਾਲ ਦੁਨੀਆਂ-ਜਹਾਨ ਦੇ ਪਾਤਸ਼ਾਹ ਯਹੋਵਾਹ ਦੀ ਮਹਿਮਾ ਹੋਵੇ।—1 ਇਤ. 29:11.
4 ਸਾਨੂੰ ਸੈਸ਼ਨ ਤੋਂ ਬਾਅਦ ਆਪਣੇ ਵਿਹਲੇ ਸਮੇਂ ਵਿਚ ਵੀ ਆਪਣੇ ਪਹਿਰਾਵੇ ਦਾ ਧਿਆਨ ਰੱਖਣਾ ਚਾਹੀਦਾ ਹੈ। ਭਾਵੇਂ ਕਿ ਘੁੰਮਣ-ਫਿਰਨ ਜਾਂ ਰੈਸਤੋਰਾਂ ਵਿਚ ਖਾਣਾ ਖਾਣ ਵੇਲੇ ਸਾਡਾ ਆਰਾਮਦੇਹ ਕੱਪੜੇ ਪਾਉਣ ਦਾ ਜੀਅ ਕਰੇ, ਪਰ ਫਿਰ ਵੀ ਸਾਡਾ ਪਹਿਰਾਵਾ ਤੇ ਹਾਰ-ਸ਼ਿੰਗਾਰ ਇਹੋ ਜਿਹਾ ਹੋਣਾ ਚਾਹੀਦਾ ਹੈ ਜੋ “ਪਰਮੇਸ਼ੁਰ ਦੀ ਭਗਤੀ” ਕਰਨ ਵਾਲਿਆਂ ਨੂੰ ਫਬਦਾ ਹੋਵੇ। (1 ਤਿਮੋ. 2:10) ਦੁਨੀਆਂ ਦੇ ਫ਼ੈਸ਼ਨ ਹਮੇਸ਼ਾ ਮਸੀਹੀਆਂ ਲਈ ਢੁਕਵੇਂ ਨਹੀਂ ਹੁੰਦੇ। (1 ਯੂਹੰ. 2:16, 17) ਜੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਵੱਖ-ਵੱਖ ਹਾਲਾਤਾਂ ਵਿਚ ਕਿਸ ਤਰ੍ਹਾਂ ਦੇ ਕੱਪੜੇ ਵਧੀਆ ਤੇ ਸਹੀ ਹੋਣਗੇ, ਤਾਂ ਅਸੀਂ ਆਪਣੇ ਮਸੀਹੀ ਪ੍ਰਕਾਸ਼ਨਾਂ ਵਿਚ ਭੈਣਾਂ-ਭਰਾਵਾਂ ਦੀਆਂ ਤਸਵੀਰਾਂ ਦੇਖ ਸਕਦੇ ਹਾਂ। ਸੰਮੇਲਨ ਵਾਲੇ ਸ਼ਹਿਰ ਵਿਚ ਹਰ ਵੇਲੇ ਆਪਣਾ ਬੈਜ ਕਾਰਡ ਲਾਉਣ ਨਾਲ ਸਾਨੂੰ ਯਾਦ ਰਹੇਗਾ ਕਿ ਅਸੀਂ ਯਹੋਵਾਹ ਦੇ ਮਸੀਹੀ ਗਵਾਹ ਹਾਂ।—2 ਕੁਰਿੰ. 6:3, 4.
5, 6. ਅਸੀਂ ਯਹੋਵਾਹ ਦੁਆਰਾ ਪਰੋਸੇ ਭੋਜਨ ਦਾ ਕਿਵੇਂ ਆਦਰ ਕਰ ਸਕਦੇ ਹਾਂ?
5 ਯਹੋਵਾਹ ਵੱਲੋਂ ਦਿੱਤੇ ਭੋਜਨ ਦਾ ਆਦਰ ਕਰੋ: ਦੁਨੀਆਂ ਦੇ ਪਾਤਸ਼ਾਹ ਨੇ ਸਾਡੇ ਲਈ ਦਾਅਵਤ ਰੱਖੀ ਹੈ। (ਯਸਾ. 25:6; 1 ਕੁਰਿੰ. 10:21) ਜੇ ਅਸੀਂ ਯਹੋਵਾਹ ਦੇ ਮੇਜ਼ ਤੇ ਪਰੋਸੇ ਭੋਜਨ ਦਾ ਆਦਰ ਕਰਦੇ ਹਾਂ, ਤਾਂ ਅਸੀਂ ਤਿੰਨੇ ਦਿਨ ਸੰਮੇਲਨ ਵਿਚ ਹਾਜ਼ਰ ਹੋਵਾਂਗੇ। ਕੀ ਤੁਸੀਂ ਆਉਣ-ਜਾਣ, ਕੰਮ ਤੋਂ ਛੁੱਟੀ ਲੈਣ ਅਤੇ ਰਹਿਣ ਦਾ ਪ੍ਰਬੰਧ ਕਰ ਲਿਆ ਹੈ? ਕੀ ਤੁਸੀਂ ਸੰਮੇਲਨ ਵਾਲੇ ਸ਼ਹਿਰ ਵਿਚ ਜਲਦੀ ਪਹੁੰਚਣ ਦਾ ਇੰਤਜ਼ਾਮ ਕੀਤਾ ਹੈ ਤਾਂਕਿ ਤੁਹਾਡੇ ਕੋਲ ਸੰਮੇਲਨ ਹਾਲ ਵਿਚ ਸੀਟਾਂ ਲੱਭਣ ਅਤੇ ਭੈਣ-ਭਰਾਵਾਂ ਨਾਲ ਮਿਲਣ-ਜੁਲਣ ਲਈ ਸਮਾਂ ਹੋਵੇ? ਹਾਲ ਵਿਚ ਸਮੇਂ ਸਿਰ ਪਹੁੰਚੋ ਤਾਂਕਿ ਤੁਸੀਂ ਦੂਸਰਿਆਂ ਨਾਲ ਮਿਲ ਕੇ ਯਹੋਵਾਹ ਦੀ ਉਸਤਤ ਲਈ ਸ਼ੁਰੂਆਤੀ ਗੀਤ ਗਾ ਸਕੋ ਤੇ ਪ੍ਰਾਰਥਨਾ ਵਿਚ ਸ਼ਾਮਲ ਹੋ ਸਕੋ।—ਜ਼ਬੂ. 147:1.
6 ਯਹੋਵਾਹ ਦੁਆਰਾ ਪਰੋਸੇ ਅਧਿਆਤਮਿਕ ਭੋਜਨ ਦਾ ਆਦਰ ਕਰਦੇ ਹੋਏ ਅਸੀਂ ਪ੍ਰੋਗ੍ਰਾਮ ਨੂੰ ਪੂਰੇ ਧਿਆਨ ਨਾਲ ਸੁਣਾਂਗੇ ਅਤੇ ਪ੍ਰੋਗ੍ਰਾਮ ਦੌਰਾਨ ਦੂਸਰਿਆਂ ਨਾਲ ਗੱਲਾਂ ਕਰਨ, ਖਾਣ-ਪੀਣ ਜਾਂ ਬਾਹਰ ਘੁੰਮਣ-ਫਿਰਨ ਤੋਂ ਪਰਹੇਜ਼ ਕਰਾਂਗੇ। ਯਹੋਵਾਹ ਆਪਣੇ ਮਾਤਬਰ ਤੇ ਬੁੱਧਵਾਨ ਨੌਕਰ ਵਰਗ ਦੁਆਰਾ ਸਾਨੂੰ ਅਧਿਆਤਮਿਕ ਭੋਜਨ ਦੇ ਰਿਹਾ ਹੈ ਜਿਸ ਦੀ ਸਾਨੂੰ ਇਸ ਵੇਲੇ ਸਖ਼ਤ ਲੋੜ ਹੈ। (ਮੱਤੀ 24:45) ਇਸ ਭੋਜਨ ਦੇ ਬਗ਼ੈਰ ਅਸੀਂ ਛੇਤੀ ਹੀ ਕਮਜ਼ੋਰ ਹੋ ਜਾਵਾਂਗੇ। ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਬੈਠਣਾ ਚਾਹੀਦਾ ਹੈ ਤੇ ਪ੍ਰੋਗ੍ਰਾਮ ਤੋਂ ਪੂਰਾ ਲਾਭ ਲੈਣ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।—ਬਿਵ. 31:12.
7. ਦੁਪਹਿਰ ਦੇ ਭੋਜਨ ਬਾਰੇ ਸਾਨੂੰ ਕਿਹੜੀ ਸਲਾਹ ਦਿੱਤੀ ਜਾਂਦੀ ਹੈ ਅਤੇ ਕਿਉਂ?
7 ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਾਹਰ ਹੋਟਲਾਂ ਵਿਚ ਜਾਣ ਦੀ ਬਜਾਇ ਉਹ ਦੁਪਹਿਰ ਦਾ ਖਾਣਾ ਆਪਣੇ ਨਾਲ ਲੈ ਕੇ ਆਉਣ। ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਪਿਛਲੇ ਸਾਲ ਸੰਮੇਲਨ ਵਿਚ ਜ਼ਿਆਦਾਤਰ ਭੈਣ-ਭਰਾਵਾਂ ਨੇ ਇਸ ਗੱਲ ਨੂੰ ਮੰਨਿਆ। ਜੇ ਇਸ ਸਾਲ ਦੇ ਸੰਮੇਲਨਾਂ ਵਿਚ ਵੀ ਸਾਰੇ ਇੱਦਾਂ ਕਰਨ, ਤਾਂ ਕਿੰਨੀ ਵਧੀਆ ਗੱਲ ਹੋਵੇਗੀ! (ਇਬ. 13:17) ਬਾਹਰ ਨਾ ਜਾਣ ਨਾਲ ਅਸੀਂ ਆਪਣੇ ਭੈਣ-ਭਰਾਵਾਂ ਨੂੰ ਮਿਲ ਸਕਦੇ ਹਾਂ। ਇਸ ਨਾਲ ਏਕਤਾ ਤੇ ਸ਼ਾਂਤੀ ਦਾ ਮਾਹੌਲ ਪੈਦਾ ਹੁੰਦਾ ਹੈ ਜਿਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ।—ਜ਼ਬੂ. 133:1.
8, 9. ਸੰਮੇਲਨ ਵਿਚ ਯਹੋਵਾਹ ਦੀ ਉਸਤਤ ਕਰਨ ਦਾ ਸਾਡੇ ਕੋਲ ਹੋਰ ਕਿਹੜਾ ਮੌਕਾ ਹੈ?
8 ਹਰ ਮੌਕੇ ਤੇ ਗਵਾਹੀ ਦਿਓ: ਸੰਮੇਲਨ ਵਾਲੇ ਸ਼ਹਿਰ ਨੂੰ ਆਉਣ-ਜਾਣ ਵੇਲੇ ਸਾਨੂੰ ਯਹੋਵਾਹ ਦੀ ਉਸਤਤ ਕਰਨ ਦੇ ਕਈ ਮੌਕੇ ਮਿਲਦੇ ਹਨ। (ਇਬ. 13:15) ਰੈਸਤੋਰਾਂ ਵਿਚ ਖਾਂਦੇ ਸਮੇਂ ਜਾਂ ਹੋਟਲ ਕਰਮਚਾਰੀਆਂ ਨਾਲ ਗੱਲ ਕਰਦੇ ਸਮੇਂ ਅਸੀਂ ਉਨ੍ਹਾਂ ਨਾਲ ਯਹੋਵਾਹ ਬਾਰੇ ਗੱਲ ਕਰਨ ਦੇ ਤਰੀਕੇ ਲੱਭ ਸਕਦੇ ਹਾਂ। ਸਾਡੇ ਦਿਲ ਤੇ ਦਿਮਾਗ਼ ਸੰਮੇਲਨ ਵਿਚ ਸਿੱਖੀਆਂ ਗੱਲਾਂ ਦੇ ਖ਼ਜ਼ਾਨੇ ਨਾਲ ਭਰੇ ਹੋਣਗੇ। ਆਓ ਆਪਾਂ ਇਹ ਅਨਮੋਲ ਰਤਨ ਦੂਸਰਿਆਂ ਨੂੰ ਵੀ ਦੇਈਏ।—1 ਪਤ. 3:15.
9 ਅਸੀਂ ਉਤਸ਼ਾਹ ਨਾਲ ਇਸ ਸੰਮੇਲਨ ਦੀ ਉਡੀਕ ਕਰਦੇ ਹਾਂ ਜਦੋਂ ਸਾਨੂੰ “ਸੰਗਤਾਂ ਵਿੱਚ” ਯਹੋਵਾਹ ਨੂੰ ਧੰਨ ਆਖਣ ਦਾ ਮੌਕਾ ਮਿਲੇਗਾ। (ਜ਼ਬੂ. 26:12) ਆਓ ਆਪਾਂ “ਪਰਮੇਸ਼ੁਰ ਦਾ ਕਹਿਣਾ ਮੰਨੋ” ਜ਼ਿਲ੍ਹਾ ਸੰਮੇਲਨ ਵਿਚ ਇਕ ਆਵਾਜ਼ ਨਾਲ ਯਹੋਵਾਹ ਦੀ ਉਸਤਤ ਕਰੀਏ।
[ਸਫ਼ੇ 5 ਉੱਤੇ ਡੱਬੀ]
ਸੰਮੇਲਨ ਵਿਚ ਯਾਦ ਰੱਖਣ ਵਾਲੀਆਂ ਗੱਲਾਂ
◼ ਪ੍ਰੋਗ੍ਰਾਮ ਦਾ ਸਮਾਂ: ਤਿੰਨੇ ਦਿਨ ਪ੍ਰੋਗ੍ਰਾਮ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਹਾਲ ਦੇ ਦਰਵਾਜ਼ੇ ਸਵੇਰੇ 8:00 ਵਜੇ ਖੁੱਲ੍ਹਣਗੇ। ਸੈਸ਼ਨ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਸੰਗੀਤ ਚਲਾਇਆ ਜਾਵੇਗਾ ਅਤੇ ਇਸ ਦੌਰਾਨ ਚੇਅਰਮੈਨ ਸਟੇਜ ਤੇ ਬੈਠਾ ਰਹੇਗਾ। ਉਸ ਵੇਲੇ ਸਾਨੂੰ ਸਾਰਿਆਂ ਨੂੰ ਆਪਣੀਆਂ ਸੀਟਾਂ ਤੇ ਬੈਠ ਜਾਣਾ ਚਾਹੀਦਾ ਹੈ ਤਾਂਕਿ ਪ੍ਰੋਗ੍ਰਾਮ ਆਦਰਯੋਗ ਤਰੀਕੇ ਨਾਲ ਸ਼ੁਰੂ ਹੋ ਸਕੇ। ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਪ੍ਰੋਗ੍ਰਾਮ ਸ਼ਾਮੀਂ 5:05 ਤੇ ਅਤੇ ਐਤਵਾਰ ਨੂੰ ਸ਼ਾਮ 4:10 ਤੇ ਖ਼ਤਮ ਹੋਵੇਗਾ।
◼ ਪਾਰਕਿੰਗ: ਜਿਨ੍ਹਾਂ ਸੰਮੇਲਨ ਥਾਵਾਂ ਤੇ ਪਾਰਕਿੰਗ ਦੀ ਜਗ੍ਹਾ ਹੈ, ਉੱਥੇ ਮੁਫ਼ਤ ਵਿਚ ਗੱਡੀਆਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ। ਪਹਿਲਾਂ ਆਉਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਭੈਣ-ਭਰਾਵਾਂ ਦੇ ਬੈਜ ਕਾਰਡਾਂ ਤੋਂ ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਗੱਡੀ ਖੜ੍ਹੀ ਕਰਨ ਦੀ ਥਾਂ ਦਿੱਤੀ ਜਾਵੇਗੀ। ਪਾਰਕਿੰਗ ਦੀ ਥਾਂ ਘੱਟ ਹੋਣ ਕਰਕੇ ਚੰਗਾ ਹੋਵੇਗਾ ਜੇ ਕੁਝ ਭੈਣ-ਭਰਾ ਮਿਲ ਕੇ ਇਕ ਕਾਰ ਵਿਚ ਆਉਣ, ਇਸ ਦੀ ਬਜਾਇ ਕਿ ਹਰ ਜਣਾ ਆਪਣੀ ਕਾਰ ਲੈ ਕੇ ਆਵੇ।
◼ ਸੀਟਾਂ: ਕੇਵਲ ਆਪਣੇ ਘਰਦਿਆਂ ਲਈ ਜਾਂ ਆਪਣੇ ਬਾਈਬਲ ਵਿਦਿਆਰਥੀਆਂ ਲਈ ਹੀ ਸੀਟਾਂ ਰੱਖੋ।
◼ ਦਾਨ: ਜ਼ਿਲ੍ਹਾ ਸੰਮੇਲਨ ਤੇ ਕਾਫ਼ੀ ਖ਼ਰਚਾ ਆਉਂਦਾ ਹੈ। ਕਿੰਗਡਮ ਹਾਲ ਜਾਂ ਸੰਮੇਲਨ ਵਿਚ ਆਪਣੀ ਖ਼ੁਸ਼ੀ ਨਾਲ ਦਾਨ ਦੇ ਕੇ ਅਸੀਂ ਇਸ ਸੰਮੇਲਨ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰ ਸਕਦੇ ਹਾਂ। ਜੇ ਸੰਮੇਲਨ ਵਿਚ ਤੁਸੀਂ ਚੈੱਕ ਰਾਹੀਂ ਦਾਨ ਦੇਣਾ ਚਾਹੁੰਦੇ ਹੋ, ਤਾਂ Watch Tower ਦੇ ਨਾਂ ਤੇ ਚੈੱਕ ਬਣਾਓ।
◼ ਦੁਪਹਿਰ ਦਾ ਖਾਣਾ: ਬਾਹਰ ਜਾ ਕੇ ਖਾਣ ਦੀ ਬਜਾਇ, ਕਿਰਪਾ ਕਰ ਕੇ ਖਾਣਾ ਨਾਲ ਲੈ ਕੇ ਆਓ। ਤੁਸੀਂ ਛੋਟੀਆਂ ਟੋਕਰੀਆਂ ਤੇ ਖਾਣੇ ਦੇ ਡੱਬੇ ਲਿਆ ਸਕਦੇ ਹੋ ਜੋ ਸੀਟ ਥੱਲੇ ਫਿੱਟ ਹੋ ਸਕਣ। ਤੁਹਾਨੂੰ ਵੱਡੀਆਂ ਟੋਕਰੀਆਂ ਕਲੋਕਰੂਮ ਵਿਚ ਰੱਖਵਾਉਣੀਆਂ ਪੈਣਗੀਆਂ।
◼ ਰਿਕਾਰਡਿੰਗ: ਹਾਲ ਦੇ ਇਲੈਕਟ੍ਰਿਕ ਜਾਂ ਸਾਊਂਡ ਸਿਸਟਮ ਨਾਲ ਕਿਸੇ ਵੀ ਪ੍ਰਕਾਰ ਦਾ ਰਿਕਾਰਡਰ ਨਾ ਲਾਓ। ਧਿਆਨ ਰੱਖੋ ਕਿ ਪ੍ਰੋਗ੍ਰਾਮ ਰਿਕਾਰਡ ਕਰਨ ਵੇਲੇ ਦੂਸਰਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
◼ ਫ਼ੋਟੋਆਂ ਖਿੱਚਣੀਆਂ: ਸੈਸ਼ਨ ਦੌਰਾਨ ਫੋਟੋਆਂ ਖਿੱਚਦੇ ਸਮੇਂ ਫਲੈਸ਼ ਇਸਤੇਮਾਲ ਨਾ ਕਰੋ।
◼ ਪੇਜਰ ਤੇ ਮੋਬਾਇਲ ਫ਼ੋਨ: ਪੇਜਰ ਤੇ ਮੋਬਾਇਲ ਫ਼ੋਨ ਇਸ ਤਰੀਕੇ ਨਾਲ ਸੈੱਟ ਕਰੋ ਕਿ ਇਨ੍ਹਾਂ ਨਾਲ ਦੂਸਰਿਆਂ ਦਾ ਧਿਆਨ ਭੰਗ ਨਾ ਹੋਵੇ।
◼ ਐਕਸੀਡੈਂਟ ਤੇ ਐਮਰਜੈਂਸੀ: ਜੇ ਹਾਲ ਵਿਚ ਕੋਈ ਐਕਸੀਡੈਂਟ ਹੋ ਜਾਂਦਾ ਹੈ, ਤਾਂ ਕਿਸੇ ਅਟੈਂਡੰਟ ਨੂੰ ਬੁਲਾਓ ਜੋ ਤੁਰੰਤ ਫਸਟ ਏਡ ਵਿਭਾਗ ਨੂੰ ਸੂਚਿਤ ਕਰੇਗਾ। ਹਾਲ ਵਿਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਕਾਬਲ ਭੈਣ-ਭਰਾ ਮੌਜੂਦ ਹੋਣਗੇ।
◼ ਰੈਸਤੋਰਾਂ: ਕਈ ਰੈਸਤੋਰਾਂ ਵਿਚ ਗਾਹਕਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੀ ਖ਼ੁਸ਼ੀ ਨਾਲ ਵੇਟਰਾਂ ਨੂੰ ਟਿੱਪ ਦੇਣ।
◼ ਹੋਟਲ: (1) ਜਿੰਨੇ ਕਮਰੇ ਤੁਹਾਨੂੰ ਚਾਹੀਦੇ ਹਨ, ਉਸ ਤੋਂ ਜ਼ਿਆਦਾ ਬੁੱਕ ਨਾ ਕਰੋ ਅਤੇ ਜਿੰਨੇ ਵਿਅਕਤੀਆਂ ਨੂੰ ਇਕ ਕਮਰੇ ਵਿਚ ਰਹਿਣ ਦੀ ਇਜਾਜ਼ਤ ਹੈ, ਉਸ ਤੋਂ ਜ਼ਿਆਦਾ ਵਿਅਕਤੀ ਨਾ ਰਹਿਣ। (2) ਜੇ ਜਾਇਜ਼ ਕਾਰਨਾਂ ਕਰਕੇ ਕਮਰਾ ਕੈਂਸਲ ਕਰਨਾ ਪਵੇ, ਤਾਂ ਹੋਟਲ ਵਾਲਿਆਂ ਨੂੰ ਤੁਰੰਤ ਦੱਸ ਦਿਓ। (3) ਉਦੋਂ ਹੀ ਸਾਮਾਨ ਢੋਣ ਵਾਲੀ ਟ੍ਰਾਲੀ ਲਓ ਜਦੋਂ ਤੁਸੀਂ ਸਾਮਾਨ ਲੈ ਜਾਣ ਲਈ ਤਿਆਰ ਹੁੰਦੇ ਹੋ। (4) ਜਿਸ ਹੋਟਲ ਵਿਚ ਕਮਰੇ ਵਿਚ ਖਾਣਾ ਪਕਾਉਣ ਦੀ ਇਜਾਜ਼ਤ ਨਹੀਂ ਹੈ, ਉੱਥੇ ਖਾਣਾ ਨਾ ਪਕਾਓ। (5) ਕਮਰਾ ਸਾਫ਼ ਕਰਨ ਵਾਲੇ ਕਰਮਚਾਰੀ ਨੂੰ ਰੋਜ਼ ਟਿੱਪ ਦਿਓ। (6) ਹੋਟਲ ਵਿਚ ਰਹਿੰਦਿਆਂ ਜੇ ਹੋਟਲ ਵਾਲੇ ਤੁਹਾਨੂੰ ਮੁਫ਼ਤ ਵਿਚ ਸਵੇਰ ਦਾ ਨਾਸ਼ਤਾ, ਚਾਹ-ਕੌਫ਼ੀ ਜਾਂ ਬਰਫ਼ ਦਿੰਦੇ ਹਨ, ਤਾਂ ਇਨ੍ਹਾਂ ਚੀਜ਼ਾਂ ਦਾ ਨਾਜਾਇਜ਼ ਫ਼ਾਇਦਾ ਨਾ ਉਠਾਓ। (7) ਹੋਟਲ ਦੇ ਕਰਮਚਾਰੀਆਂ ਨਾਲ ਪੇਸ਼ ਆਉਂਦੇ ਸਮੇਂ ਆਤਮਾ ਦੇ ਫਲ ਦਿਖਾਓ, ਖ਼ਾਸ ਕਰਕੇ ਉਦੋਂ ਜਦੋਂ ਰਸੈਪਸ਼ਨ ਤੇ ਆਉਣ-ਜਾਣ ਵਾਲਿਆਂ ਦੀ ਭੀੜ ਲੱਗੀ ਹੁੰਦੀ ਹੈ।