ਜ਼ਿਲ੍ਹਾ ਸੰਮੇਲਨ—ਖ਼ੁਸ਼ੀ ਨਾਲ ਭਗਤੀ ਕਰਨ ਦਾ ਸਮਾਂ
1 ਯੂਸੁਫ਼, ਮਰਿਯਮ, ਉਨ੍ਹਾਂ ਦੇ ਬੱਚੇ ਅਤੇ ਕਈ ਹੋਰ ਲੋਕ ਹਰ ਸਾਲ ਯਰੂਸ਼ਲਮ ਵਿਚ ਤਿਉਹਾਰ ਮਨਾਉਣ ਜਾਂਦੇ ਸਨ। ਇਨ੍ਹਾਂ ਮੌਕਿਆਂ ʼਤੇ ਉਹ ਆਪਣੇ ਰੋਜ਼ਾਨਾ ਧੰਦਿਆਂ ਨੂੰ ਪਿੱਛੇ ਛੱਡ ਕੇ ਭਗਤੀ ਸੰਬੰਧਿਤ ਜ਼ਰੂਰੀ ਕੰਮਾਂ ਨੂੰ ਪਹਿਲ ਦਿੰਦੇ ਸਨ। ਤਿਉਹਾਰ ਯਹੋਵਾਹ ਦੀ ਭਲਾਈ ਅਤੇ ਉਸ ਦੀ ਬਿਵਸਥਾ ਬਾਰੇ ਗੱਲ-ਬਾਤਾਂ ਕਰਨ ਅਤੇ ਉਨ੍ਹਾਂ ਉੱਤੇ ਸੋਚ-ਵਿਚਾਰ ਕਰਨ ਦੇ ਮੌਕੇ ਹੁੰਦੇ ਸਨ। ਸਾਡੇ ਜ਼ਿਲ੍ਹਾ ਸੰਮੇਲਨ ਸਾਨੂੰ ਵੀ ਇਸੇ ਤਰ੍ਹਾਂ ਖ਼ੁਸ਼ੀ ਨਾਲ ਯਹੋਵਾਹ ਦੀ ਭਗਤੀ ਕਰਨ ਦੇ ਮੌਕੇ ਪੇਸ਼ ਕਰਨਗੇ।
2 ਤਿਆਰੀ ਕਰਨ ਦੀ ਲੋੜ: ਨਾਸਰਤ ਸ਼ਹਿਰ ਤੋਂ ਆਉਣ-ਜਾਣ ਲਈ ਯਿਸੂ ਦੇ ਪਰਿਵਾਰ ਨੂੰ ਤਕਰੀਬਨ 200 ਕਿਲੋਮੀਟਰ ਸਫ਼ਰ ਕਰਨਾ ਪੈਂਦਾ ਸੀ। ਭਾਵੇਂ ਕਿ ਸਾਨੂੰ ਇਹ ਨਹੀਂ ਪਤਾ ਕਿ ਯਿਸੂ ਦੇ ਕਿੰਨੇ ਭੈਣ-ਭਰਾ ਸਨ, ਪਰ ਅਸੀਂ ਅੰਦਾਜ਼ਾ ਲਗਾ ਸਕਦੇ ਕਿ ਯੂਸੁਫ਼ ਅਤੇ ਮਰਿਯਮ ਨੂੰ ਕਾਫ਼ੀ ਤਿਆਰੀ ਕਰਨੀ ਪੈਂਦੀ ਸੀ। ਕੀ ਤੁਸੀਂ ਸੰਮੇਲਨ ਦੇ ਤਿੰਨੇ ਦਿਨ ਹਾਜ਼ਰ ਹੋਣ ਲਈ ਲੋੜੀਂਦੀ ਤਿਆਰੀ ਕਰ ਲਈ ਹੈ? ਤੁਹਾਨੂੰ ਸ਼ਾਇਦ ਕੰਮ ਤੋਂ ਛੁੱਟੀ ਲੈਣੀ ਪਵੇ ਜਾਂ ਸ਼ਾਇਦ ਆਪਣੇ ਮਾਲਕ ਨਾਲ ਜਾਂ ਆਪਣੇ ਬੱਚਿਆਂ ਦੇ ਟੀਚਰਾਂ ਨੂੰ ਸੰਮੇਲਨ ਬਾਰੇ ਦੱਸਣ ਦੀ ਲੋੜ ਹੋਵੇ। ਜੇ ਹੋਟਲ ਵਿਚ ਰਹਿਣ ਦੀ ਲੋੜ ਹੋਵੇ, ਤਾਂ ਕੀ ਤੁਸੀਂ ਆਪਣੀ ਬੁਕਿੰਗ ਕਰ ਲਈ ਹੈ? ਕੀ ਤੁਸੀਂ ਕਲੀਸਿਯਾ ਵਿਚ ਕਿਸੇ ਲੋੜਵੰਦ ਭੈਣ-ਭਰਾ ਦੀ ਮਦਦ ਕਰ ਸਕਦੇ ਹੋ ਤਾਂਕਿ ਉਹ ਵੀ ਠੀਕ-ਠਾਕ ਸੰਮੇਲਨ ʼਤੇ ਪਹੁੰਚ ਸਕਣ?—1 ਯੂਹੰ. 3:17, 18.
3 ਵਧੀਆ ਸੰਗਤ: ਇਸਰਾਏਲ ਵਿਚ ਤਿਉਹਾਰ ਇਕ-ਦੂਜੇ ਦਾ ਹੌਸਲਾ ਵਧਾਉਣ ਦੇ ਕਿੰਨੇ ਵਧੀਆ ਮੌਕੇ ਸਨ! ਯਿਸੂ ਦਾ ਪਰਿਵਾਰ ਪੁਰਾਣੇ ਦੋਸਤਾਂ-ਮਿੱਤਰਾਂ ਨੂੰ ਦੁਬਾਰਾ ਮਿਲਣ ਲਈ ਉਤਾਵਲਾ ਸੀ। ਇਸ ਦੇ ਨਾਲ-ਨਾਲ ਉਹ ਯਰੂਸ਼ਲਮ ਵਿਚ ਆਉਂਦੇ-ਜਾਂਦੇ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਦੀ ਸੰਗਤ ਵਿਚ ਨਵੇਂ ਦੋਸਤ ਵੀ ਬਣਾ ਸਕਦੇ ਸਨ।
4 ਮਾਤਬਰ ਅਤੇ ਬੁੱਧਵਾਨ ਨੌਕਰ ਸੰਮੇਲਨ ਵਿਚ ਪੇਸ਼ ਕੀਤੀ ਜਾਂਦੀ ਸਾਰੀ ਜਾਣਕਾਰੀ ਕਿਤਾਬਾਂ-ਰਸਾਲਿਆਂ ਵਿਚ ਛਾਪ ਸਕਦਾ ਹ। ਪਰ ਇਹ ਭਰਾ ਇਸ ਤਰ੍ਹਾਂ ਨਹੀਂ ਕਰਦੇ ਕਿਉਂਕਿ ਉਹ ਚਾਹੁੰਦੇ ਹਨ ਕਿ ਅਸੀਂ ਇਕੱਠੇ ਹੋ ਕੇ ਇਕ-ਦੂਜੇ ਦਾ ਹੌਸਲਾ ਵਧਾਈਏ। (ਇਬ. 10:24, 25) ਹਰ ਰੋਜ਼ ਦਾ ਪ੍ਰੋਗ੍ਰਾਮ ਸੰਗੀਤ ਨਾਲ ਸ਼ੁਰੂ ਹੁੰਦਾ ਹੈ ਜੋ ਸਾਨੂੰ ਆਪੋ-ਆਪਣੀਆਂ ਸੀਟਾਂ ʼਤੇ ਬੈਠ ਜਾਣ ਦਾ ਇਸ਼ਾਰਾ ਹੁੰਦਾ ਹੈ। ਇਸ ਲਈ ਰੋਜ਼ ਵੇਲੇ ਸਿਰ ਪਹੁੰਚਣ ਦੀ ਯੋਜਨਾ ਬਣਾਓ ਤਾਂਕਿ ਤੁਸੀਂ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਭੈਣਾਂ-ਭਰਾਵਾਂ ਦੀ ਸੰਗਤ ਦਾ ਆਨੰਦ ਮਾਣ ਸਕੋ। ਦੁਪਹਿਰ ਦੇ ਖਾਣੇ ਲਈ ਬਾਹਰ ਜਾਣ ਦੀ ਬਜਾਇ ਤੁਸੀਂ ਆਪਣੇ ਨਾਲ ਹਲਕਾ-ਫੁਲਕਾ ਖਾਣਾ ਲਿਆਓ ਤਾਂਕਿ ਤੁਸੀਂ ਹਾਲ ਦੇ ਵਿਚ ਰਹਿ ਕੇ ਭੈਣਾਂ-ਭਰਾਵਾਂ ਨਾਲ ਸੰਗਤ ਕਰ ਸਕੋ। ਏਕਤਾ ਨਾਲ ਬੱਝਿਆ ਸਾਡਾ ਭਾਈਚਾਰਾ ਯਹੋਵਾਹ ਵੱਲੋਂ ਇਕ ਦਾਤ ਹੈ ਅਤੇ ਸਾਨੂੰ ਇਸ ਨੂੰ ਅਨਮੋਲ ਸਮਝਣਾ ਚਾਹੀਦਾ ਹੈ।—ਮੀਕਾ. 2:12.
5 ਸਿੱਖਣ ਦਾ ਵੇਲਾ: ਬਚਪਨ ਤੋਂ ਯਿਸੂ ਤਿਉਹਾਰਾਂ ʼਤੇ ਆਪਣੇ ਸਵਰਗੀ ਪਿਤਾ ਬਾਰੇ ਹੋਰ ਜਾਣਨ ਦੇ ਮੌਕੇ ਭਾਲਦਾ ਸੀ। (ਲੂਕਾ 2:41-49) ਸਾਡੇ ਸਾਰਿਆਂ ਦੀ ਕਿਵੇਂ ਮਦਦ ਹੋਵੇਗੀ ਤਾਂਕਿ ਅਸੀਂ ਪ੍ਰੋਗ੍ਰਾਮ ਵਿਚ ਪੇਸ਼ ਕੀਤੇ ਸਾਰੇ ਭਾਸ਼ਣਾਂ ਦਾ ਲਾਭ ਉਠਾ ਸਕੀਏ? ਪ੍ਰੋਗ੍ਰਾਮ ਦੌਰਾਨ ਆਪੋ-ਆਪਣੀ ਸੀਟ ʼਤੇ ਬੈਠੇ ਰਹੋ ਅਤੇ ਬੇਲੋੜ ਗੱਲਾਂ ਨਾ ਕਰੋ। ਆਪਣੇ ਮੋਬਾਇਲ ਜਾਂ ਹੋਰ ਇਸ ਤਰ੍ਹਾਂ ਦੀ ਕਿਸੇ ਚੀਜ਼ ਕਾਰਨ ਆਪਣਾ ਜਾਂ ਦੂਸਰਿਆਂ ਦਾ ਧਿਆਨ ਭੰਗ ਨਾ ਕਰੋ। ਸਪੀਕਰ ਉੱਤੇ ਆਪਣੀਆਂ ਨਜ਼ਰਾਂ ਟਿਕਾਈ ਰੱਖੋ ਅਤੇ ਸੰਖੇਪ ਵਿਚ ਨੋਟ ਲਿਖੋ। ਪਰਿਵਾਰ ਵਜੋਂ ਇਕੱਠੇ ਬੈਠੋ ਤਾਂਕਿ ਤੁਸੀਂ ਨਿਸ਼ਚਿਤ ਕਰ ਸਕੋ ਕਿ ਬੱਚੇ ਧਿਆਨ ਨਾਲ ਸੁਣ ਰਹੇ ਹਨ। ਸ਼ਾਮ ਨੂੰ ਸਿੱਖੀਆਂ ਗੱਲਾਂ ਬਾਰੇ ਇਕ-ਦੂਜੇ ਨਾਲ ਗੱਲਾਂ-ਬਾਤਾਂ ਕਰੋ।
6 ਪਹਿਰਾਵਾ ਅਤੇ ਹਾਰ-ਸ਼ਿੰਗਾਰ: ਵਿਦੇਸ਼ੀ ਵਪਾਰੀ ਯਿਸੂ ਦੇ ਪਰਿਵਾਰ ਨੂੰ ਅਤੇ ਯਰੂਸ਼ਲਮ ਤੋਂ ਆਉਂਦੇ-ਜਾਂਦੇ ਦੂਸਰੇ ਯਹੂਦੀਆਂ ਨੂੰ ਝੱਟ ਪਛਾਣ ਸਕਦੇ ਸਨ ਕਿਉਂਕਿ ਉਨ੍ਹਾਂ ਦੇ ਕੱਪੜਿਆਂ ਉੱਤੇ ਝਾਲਰਾਂ ਅਤੇ ਝਾਲਰਾਂ ਉੱਤੇ ਨੀਲਾ ਫੀਤਾ ਲੱਗਾ ਹੁੰਦਾ ਸੀ। (ਗਿਣਤੀ 15:37-41) ਭਾਵੇਂ ਕਿ ਅੱਜ-ਕੱਲ੍ਹ ਅਸੀਂ ਕਿਸੇ ਖ਼ਾਸ ਤਰ੍ਹਾਂ ਦੇ ਕੱਪੜੇ ਨਹੀਂ ਪਹਿਨਦੇ, ਪਰ ਅਸੀਂ ਚੱਜ ਦੇ ਅਤੇ ਸਾਫ਼-ਸੁਥਰੇ ਕੱਪੜੇ ਪਹਿਨਣ ਲਈ ਜ਼ਰੂਰ ਜਾਣੇ ਜਾਂਦੇ ਹਾਂ। ਸਾਨੂੰ ਖ਼ਾਸ ਕਰਕੇ ਸਫ਼ਰ ਕਰਦਿਆਂ ਅਤੇ ਸੰਮੇਲਨ ਵਾਲੇ ਸ਼ਹਿਰ ਵਿਚ ਘੁੰਮਦੇ-ਫਿਰਦਿਆਂ ਆਪਣੇ ਪਹਿਰਾਵੇ ਵੱਲ ਧਿਆਨ ਦੇਣ ਦੀ ਲੋੜ ਹੈ। ਜੇ ਅਸੀਂ ਸੰਮੇਲਨ ਤੋਂ ਬਾਅਦ ਆਪਣੇ ਕੱਪੜੇ ਬਦਲਦੇ ਹਾਂ, ਤਾਂ ਸਾਨੂੰ ਉਦੋਂ ਵੀ ਧਿਆਨ ਰੱਖਣ ਦੀ ਲੋੜ ਕਿ ਯਹੋਵਾਹ ਦਾ ਨਾਂ ਬਦਨਾਮ ਨਾ ਹੋਵੇ ਅਤੇ ਸਾਨੂੰ ਆਪਣੇ ਬੈਜ ਕਾਰਡ ਵੀ ਲਾਈ ਰੱਖਣੇ ਚਾਹੀਦੇ। ਇਸ ਤਰ੍ਹਾਂ ਕਰਨ ਨਾਲ ਅਸੀਂ ਦੂਸਰਿਆਂ ਤੋਂ ਵੱਖਰੇ ਨਜ਼ਰ ਆਵਾਂਗੇ ਅਤੇ ਦੇਖਣ ਵਾਲਿਆਂ ਉੱਤੇ ਚੰਗਾ ਪ੍ਰਭਾਵ ਪਵੇਗਾ।
7 ਵਲੰਟੀਅਰਾਂ ਦੀ ਲੋੜ ਹੈ: ਸੰਮੇਲਨ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਕਈ ਭੈਣਾਂ-ਭਰਾਵਾਂ ਦੀ ਲੋੜ ਹੈ। ਕੀ ਤੁਸੀਂ ਕਿਸੇ ਕੰਮ ਵਿਚ ਹੱਥ ਵਟਾ ਸਕਦੇ ਹੋ? (ਜ਼ਬੂ. 110:3) ਸੰਮੇਲਨ ʼਤੇ ਕੀਤਾ ਸਾਰਾ ਕੰਮ ਸਾਡੀ ਭਗਤੀ ਦਾ ਹਿੱਸਾ ਹੈ ਅਤੇ ਇਸ ਤੋਂ ਦੂਸਰਿਆਂ ਨੂੰ ਚੰਗੀ ਗਵਾਹੀ ਵੀ ਮਿਲਦੀ ਹੈ। ਇਕ ਜਗ੍ਹਾ ਦਾ ਮੈਨੇਜਰ ਸਫ਼ਾਈ ਕਰਨ ਵਾਲੇ ਭੈਣਾਂ-ਭਰਾਵਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਲਿਖਿਆ: “ਤੁਸੀਂ ਸਾਡੇ ਹਾਲ ਵਿਚ ਦੂਸਰੇ ਲੋਕਾਂ ਦੇ ਪ੍ਰੋਗ੍ਰਾਮਾਂ ਨਾਲੋਂ ਕਿਤੇ ਹੀ ਵਧੀਆ ਪ੍ਰੋਗ੍ਰਾਮ ਕੀਤਾ। ਇਸ ਦਾ ਮੈਂ ਦਿਲੋਂ ਧੰਨਵਾਦ ਕਹਿਣਾ ਚਾਹੁੰਦੇ ਹਾਂ! ਮੈਂ ਯਹੋਵਾਹ ਦੇ ਗਵਾਹਾਂ ਦੀ ਨੇਕਨਾਮੀ ਬਾਰੇ ਪਹਿਲਾਂ ਸੁਣ ਚੁੱਕਾ ਸੀ। ਸਾਰਿਆਂ ਨੂੰ ਪਤਾ ਕਿ ਜਦੋਂ ਵੀ ਤੁਸੀਂ ਕੋਈ ਸਹੂਲਤਾਂ ਕਿਰਾਏ ʼਤੇ ਲੈਂਦੇ ਹੋ, ਤਾਂ ਤੁਸੀਂ ਕੋਨਾ-ਕੋਨਾ ਸਫ਼ਾਈ ਕਰ ਕੇ ਥਾਂ ਨੂੰ ਪਹਿਲਾਂ ਨਾਲੋ ਜ਼ਿਆਦਾ ਸਾਫ਼ ਛੱਡ ਕੇ ਜਾਂਦੇ ਹੋ। ਤੁਸੀਂ ਅਤੇ ਤੁਹਾਡੀ ਸੰਸਥਾ ਨੇ ਇਸ ਸਹੂਲਤ ਨੂੰ ਇਸ ਇਲਾਕੇ ਦੇ ਲੋਕਾਂ ਲਈ ਬਿਹਤਰ ਬਣਾਇਆ ਹੈ, ਪਰ ਇੰਨਾ ਹੀ ਨਹੀਂ, ਸਾਨੂੰ ਤੁਹਾਡੇ ਵਰਗੇ ਲੋਕ ਸਭ ਤੋਂ ਪਿਆਰੇ ਲੱਗੇ।”
8 ਗਵਾਹੀ ਦੇਣ ਦੇ ਮੌਕੇ: ਸ਼ਹਿਰ ਵਿਚ ਕਈ ਲੋਕ ਸਾਨੂੰ ਸਾਫ਼-ਸੁਥਰੇ ਕੱਪੜੇ ਪਹਿਨੇ ਤੇ ਬੈਜ ਕਾਰਡ ਲਾਏ ਦੇਖ ਕੇ ਇੱਜ਼ਤਦਾਰ ਮੰਨਣਗੇ ਤੇ ਸ਼ਾਇਦ ਸੋਚਣ ਕਿ ‘ਇਹ ਲੋਕ ਕੌਣ ਹਨ?’ ਇਸ ਕਰਕੇ ਸ਼ਾਇਦ ਸਾਨੂੰ ਪ੍ਰਚਾਰ ਕਰਨ ਦਾ ਮੌਕਾ ਵੀ ਮਿਲੇ। ਪ੍ਰੋਗ੍ਰਾਮ ਤੋਂ ਬਾਅਦ ਇਕ ਚਾਰ-ਸਾਲਾਂ ਭਰਾ ਨਵੀਂ-ਨਵੀਂ ਰਿਲੀਸ ਹੋਈ ਕਿਤਾਬ ਰੈਸਟੋਰੈਂਟ ਵਿਚ ਆਪਣੇ ਨਾਲ ਲੈ ਗਿਆ ਜਿੱਥੇ ਉਸ ਨੇ ਇਕ ਵੇਟਰੈਸ ਨੂੰ ਇਹ ਦਿਖਾਈ। ਮੁੰਡੇ ਦੇ ਮਾਪਿਆਂ ਨੇ ਉਸ ਵੇਟਰੈਸ ਨੂੰ ਸੰਮੇਲਨ ਵਿਚ ਆਉਣ ਦਾ ਸੱਦਾ ਦਿੱਤਾ।
9 ਚੰਗੇ ਕੰਮ: ਜ਼ਿਲ੍ਹਾ ਸੰਮੇਲਨਾਂ ਦੇ ਵੇਲੇ ਸਾਡੇ “ਸ਼ੁਭ ਕਰਮ” ਕਈਆਂ ਸਾਮ੍ਹਣੇ “ਪਰਤੱਖ” ਹੁੰਦੇ ਹਨ। (1 ਤਿਮੋ. 5:25) ਉੱਤਰੀ ਭਾਰਤ ਦੇ ਇਕ ਸ਼ਹਿਰ ਵਿਚ ਕਈ ਸਾਲਾਂ ਤੋਂ ਸਾਡੇ ਸੰਮੇਲਨ ਹੋਏ ਹਨ। ਉੱਥੇ ਦੇ ਇਕ ਹੋਟਲ ਮੈਨੇਜਰ ਨੇ ਕਿਹਾ: “ਅਸੀਂ ਤੁਹਾਡੇ ਸਾਰਿਆਂ ਦੇ ਚਾਲ-ਚਲਣ ਤੋਂ ਬੜੇ ਖ਼ੁਸ਼ ਹਾਂ। ਨਾ ਕੋਈ ਥੁੱਕਦਾ, ਨਾ ਕੋਈ ਅਵਾਰਾ ਫਿਰਦਾ, ਨਾ ਕੋਈ ਗੰਦ ਪਾਉਂਦਾ ਜੋ ਅਸੀਂ ਬਾਕੀ ਲੋਕਾਂ ਵਿਚ ਆਮ ਦੇਖਦੇ ਹਾਂ।” ਦੂਸਰੇ ਗਰੁੱਪਾਂ ਅਤੇ ਫੰਕਸ਼ਨਾਂ ਦੁਆਰਾ ਖੜ੍ਹੀਆਂ ਮੁਸ਼ਕਲਾਂ ਬਾਰੇ ਗੱਲ ਕਰਨ ਤੋਂ ਬਾਅਦ, ਇਕ ਹੋਰ ਸ਼ਹਿਰ ਵਿਚ ਹੋਟਲ ਵਿਚ ਰਹਿਣ ਵਾਲੇ ਭੈਣਾਂ-ਭਰਾਵਾਂ ਬਾਰੇ ਇਕ ਮੈਨੇਜਰ ਨੇ ਉਨ੍ਹਾਂ ਦੇ ਸਹਿਯੋਗ ਅਤੇ ਧੀਰਜ ਦੀਆਂ ਸਿਫ਼ਤਾਂ ਕੀਤੀਆਂ। ਉਸ ਨੇ ਕਿਹਾ, “ਕਾਸ਼ ਸਾਡੇ ਸਾਰੇ ਮਹਿਮਾਨ ਯਹੋਵਾਹ ਦੇ ਗਵਾਹਾਂ ਵਰਗੇ ਹੁੰਦੇ!” ਸਾਡੇ ਭੈਣਾਂ-ਭਰਾਵਾਂ ਦਾ ਚਾਲ-ਚਲਣ ਦੇਖ ਕੇ ਨਾ ਸਿਰਫ਼ ਲੋਕ ਖ਼ੁਸ਼ ਹੁੰਦੇ ਹਨ, ਸਗੋਂ ਸਾਡੇ ਪਰਮੇਸ਼ੁਰ ਯਹੋਵਾਹ ਦਾ ਦਿਲ ਵੀ ਖ਼ੁਸ਼ ਹੁੰਦਾ ਹੈ!
10 ਪੁਰਾਣੇ ਜ਼ਮਾਨੇ ਦੇ ਤਿਉਹਾਰ ਖ਼ੁਸ਼ੀ ਭਰੇ ਮੌਕੇ ਸਨ ਅਤੇ ਰੱਬ ਨੂੰ ਪਿਆਰ ਕਰਨ ਵਾਲੇ ਯਹੂਦੀ ਬੜੀ ਰੀਝ ਨਾਲ ਇਨ੍ਹਾਂ ਦੀ ਉਡੀਕ ਕਰਦੇ ਸਨ। (ਬਿਵ. 16:15) ਯਿਸੂ ਦਾ ਪਰਿਵਾਰ ਇਨ੍ਹਾਂ ਵਿਚ ਹਾਜ਼ਰ ਹੋਣ ਲਈ ਅਤੇ ਉਨ੍ਹਾਂ ਤੋਂ ਪੂਰੀ ਤਰ੍ਹਾਂ ਫ਼ਾਇਦਾ ਉਠਾਉਣ ਲਈ ਕੁਰਬਾਨੀਆਂ ਕਰਨ ਲਈ ਤਿਆਰ ਸੀ। ਅਸੀਂ ਵੀ ਆਪਣੇ ਸੰਮੇਲਨਾਂ ਦੀ ਇਸੇ ਤਰ੍ਹਾਂ ਕਦਰ ਕਰਦੇ ਹਾਂ ਅਤੇ ਇਨ੍ਹਾਂ ਨੂੰ ਆਪਣੇ ਪਿਆਰੇ ਪਿਤਾ ਵੱਲੋਂ ਦਾਤ ਮੰਨਦੇ ਹਾਂ। (ਯਾਕੂ. 1:17) ਆਓ ਆਪਾਂ ਖ਼ੁਸ਼ੀ ਨਾਲ ਯਹੋਵਾਹ ਦੀ ਭਗਤੀ ਕਰਨ ਦੇ ਇਸ ਸਾਲਾਨਾ ਮੌਕੇ ਲਈ ਹੁਣ ਤਿਆਰੀ ਸ਼ੁਰੂ ਕਰੀਏ!
[ਸਵਾਲ]
1. ਇਸਰਾਏਲ ਦੇ ਤਿਉਹਾਰ ਸਾਡੇ ਅੱਜ-ਕੱਲ੍ਹ ਦੇ ਜ਼ਿਲ੍ਹਾ ਸੰਮੇਲਨਾਂ ਵਾਂਗ ਕਿਵੇਂ ਸਨ?
2. ਸਾਨੂੰ ਆਪਣੇ ਸੰਮੇਲਨ ਲਈ ਤਿਆਰੀ ਕਰਨ ਲਈ ਕੀ ਕਰਨਾ ਚਾਹੀਦਾ ਹੈ?
3. ਇਸਰਾਏਲ ਵਿਚ ਹੁੰਦੇ ਤਿਉਹਾਰਾਂ ʼਤੇ ਵਧੀਆ ਸੰਗਤ ਕਰਨ ਦੇ ਮੌਕੇ ਕਿਵੇਂ ਪੇਸ਼ ਸਨ?
4. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਆਪਣੇ ਭਾਈਚਾਰੇ ਨੂੰ ਅਨਮੋਲ ਸਮਝਦੇ ਹਾਂ?
5. ਅਸੀਂ ਪ੍ਰੋਗ੍ਰਾਮ ਤੋਂ ਪੂਰਾ ਲਾਭ ਕਿਵੇਂ ਉਠਾ ਸਕਦੇ ਹਾਂ?
6. ਸਾਨੂੰ ਆਪਣੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ?
7. ਸਾਨੂੰ ਸੰਮੇਲਨ ʼਤੇ ਵਲੰਟੀਅਰ ਕਰਨ ਬਾਰੇ ਕਿਉਂ ਸੋਚਣਾ ਚਾਹੀਦਾ ਹੈ?
8. ਸੰਮੇਲਨ ਦੀ ਜਗ੍ਹਾ ਵਿਚ ਪ੍ਰਚਾਰ ਕਰਨ ਦੇ ਕਿਹੜੇ ਮੌਕੇ ਪੇਸ਼ ਹੋ ਸਕਦੇ ਹਨ?
9. ਹੋਟਲ ਦੇ ਮੈਨੇਜਰਾਂ ਨੇ ਸਾਡੇ ਭੈਣਾਂ-ਭਰਾਵਾਂ ਦੇ ਚਾਲ-ਚਲਣ ਬਾਰੇ ਕੀ ਕੁਝ ਕਿਹਾ ਹੈ?
10. ਅਸੀਂ ਯਿਸੂ ਦੇ ਪਰਿਵਾਰ ਵਾਂਗ ਯਹੋਵਾਹ ਦੇ ਪ੍ਰਬੰਧਾਂ ਲਈ ਕਿਵੇਂ ਕਦਰ ਦਿਖਾ ਸਕਦੇ ਹਾਂ?
[ਸਫ਼ਾ 5, 6 ਉੱਤੇ ਡੱਬੀ]
ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ
◼ ਪ੍ਰੋਗ੍ਰਾਮ ਦਾ ਸਮਾਂ: ਤਿੰਨੇ ਦਿਨ ਪ੍ਰੋਗ੍ਰਾਮ ਸਵੇਰੇ 9:20 ਤੇ ਸ਼ੁਰੂ ਹੋਵੇਗਾ। ਦਰਵਾਜ਼ੇ ਸਵੇਰੇ 8:00 ਵਜੇ ਖੋਲ੍ਹੇ ਜਾਣਗੇ। ਸੈਸ਼ਨ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਜਦੋਂ ਸੰਗੀਤ ਲਗਾਇਆ ਜਾਂਦਾ ਹੈ, ਤਾਂ ਸਾਨੂੰ ਸਾਰਿਆਂ ਨੂੰ ਆਪਣੀਆਂ ਸੀਟਾਂ ʼਤੇ ਬੈਠ ਜਾਣਾ ਚਾਹੀਦਾ ਹੈ ਤਾਂਕਿ ਪ੍ਰੋਗ੍ਰਾਮ ਆਦਰਯੋਗ ਤਰੀਕੇ ਨਾਲ ਸ਼ੁਰੂ ਹੋਵੇ। ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਪ੍ਰੋਗ੍ਰਾਮ ਸ਼ਾਮ ਨੂੰ 4:55 ਤੇ ਅਤੇ ਐਤਵਾਰ ਨੂੰ 3:40 ਤੇ ਖ਼ਤਮ ਹੋਵੇਗਾ।
◼ ਪਾਰਕਿੰਗ: ਜਿਨ੍ਹਾਂ ਸੰਮੇਲਨ ਥਾਵਾਂ ʼਤੇ ਪਾਰਕਿੰਗ ਕਰਨ ਦਾ ਸਾਨੂੰ ਅਧਿਕਾਰ ਮਿਲਿਆ ਹੈ, ਉੱਥੇ ਮੁਫ਼ਤ ਵਿਚ ਗੱਡੀਆਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ। ਪਹਿਲਾਂ ਆਉਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਪਾਰਕਿੰਗ ਵਾਸਤੇ ਜਗ੍ਹਾ ਘੱਟ ਹੋਣ ਕਰਕੇ ਚੰਗਾ ਹੋਵੇਗਾ ਕਿ ਤੁਸੀਂ ਆਪੋ-ਆਪਣੀ ਗੱਡੀ ਵਿਚ ਆਉਣ ਦੀ ਬਜਾਇ ਇਕੱਠੇ ਹੋ ਕੇ ਗੱਡੀਆਂ ਵਿਚ ਆਓ।
◼ ਸੀਟਾਂ: ਆਪਣੇ ਘਰਦਿਆਂ ਲਈ, ਆਪਣੇ ਨਾਲ ਸਫ਼ਰ ਕਰਨ ਵਾਲਿਆਂ ਲਈ, ਜਾਂ ਆਪਣੀ ਬਾਈਬਲ ਸਟੱਡੀਆਂ ਲਈ ਹੀ ਸੀਟਾਂ ਰੱਖੋ।—1 ਕੁਰਿੰ. 13:5.
◼ ਦੁਪਹਿਰ ਦਾ ਖਾਣਾ: ਕਿਰਪਾ ਕਰ ਕੇ ਬਾਹਰ ਜਾ ਕੇ ਖਾਣ ਦੀ ਬਜਾਇ ਹਲਕਾ-ਫੁਲਕਾ ਖਾਣਾ ਨਾਲ ਲੈ ਕੇ ਆਓ। ਸੰਮੇਲਨ ਵਾਲੀ ਥਾਂ ਤੇ ਵੱਡੇ-ਵੱਡੇ ਡੱਬੇ ਅਤੇ ਕੱਚ ਦੀਆਂ ਚੀਜ਼ਾਂ ਲਿਆਉਣ ਦੀ ਇਜਾਜ਼ਤ ਨਹੀਂ ਹੈ। ਸੰਮੇਲਨ ਦੇ ਪ੍ਰਬੰਧਕ ਖਾਣ-ਪੀਣ ਦਾ ਕੋਈ ਇੰਤਜ਼ਾਮ ਨਹੀਂ ਕਰਨਗੇ।
◼ ਦਾਨ: ਅਸੀਂ ਕਿੰਗਡਮ ਹਾਲ ਜਾਂ ਸੰਮੇਲਨ ਵਿਚ ਆਪਣੀ ਖ਼ੁਸ਼ੀ ਨਾਲ ਦਾਨ ਦੇ ਕੇ ਸੰਮੇਲਨ ਦੇ ਇੰਤਜ਼ਾਮਾਂ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰ ਸਕਦੇ ਹਾਂ। ਜੇ ਸੰਮੇਲਨ ਵਿਚ ਤੁਸੀਂ ਚੈੱਕ ਰਾਹੀਂ ਦਾਨ ਦੇਣਾ ਚਾਹੁੰਦੇ ਹੋ, ਤਾਂ “The Watch Tower Bible and Tract Society of India” ਦੇ ਨਾਂ ਤੇ ਚੈੱਕ ਬਣਾਓ।
◼ ਦੁਰਘਟਨਾ ਤੇ ਐਮਰਜੈਂਸੀ: ਜੇ ਹਾਲ ਵਿਚ ਕੋਈ ਦੁਰਘਟਨਾ ਵਾਪਰ ਜਾਂਦੀ ਹੈ, ਤਾਂ ਕਿਸੇ ਅਟੈਂਡੰਟ ਨੂੰ ਬੁਲਾਓ ਜੋ ਤੁਰੰਤ ਫ਼ਸਟ ਏਡ ਵਿਭਾਗ ਨੂੰ ਸੂਚਿਤ ਕਰੇਗਾ। ਹਾਲ ਵਿਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਕਾਬਲ ਭੈਣ-ਭਰਾ ਵਿਅਕਤੀ ਦੀ ਹਾਲਤ ਨੂੰ ਦੇਖ ਕੇ ਲੋੜੀਂਦੀ ਮਦਦ ਦੇਣਗੇ।
◼ ਜੁੱਤੀਆਂ: ਚੰਗੀ ਤਰ੍ਹਾਂ ਫਿੱਟ ਹੋਣ ਵਾਲੀਆਂ ਸਾਦੀਆਂ ਜੁੱਤੀਆਂ ਪਹਿਨੋ ਜਿਨ੍ਹਾਂ ਨਾਲ ਤੁਸੀਂ ਸੌਖਿਆਂ ਹੀ ਪੌੜੀਆਂ ਚੜ੍ਹ ਸਕਦੇ ਹੋ ਅਤੇ ਸੀਖਾਂ ਵਾਲੇ ਜਾਲਿਆਂ ਉੱਤੇ ਤੁਰਦਿਆਂ ਤੁਹਾਡੀ ਅੱਡੀ ਨਾ ਫਸ ਜਾਵੇ।
◼ ਘੱਟ ਸੁਣਨ ਵਾਲਿਆਂ ਲਈ ਇੰਤਜ਼ਾਮ: ਇਨ੍ਹਾਂ ਸੰਮੇਲਨਾਂ ਤੇ ਪ੍ਰੋਗ੍ਰਾਮ ਸੈਨਤ ਭਾਸ਼ਾ ਵਿਚ ਪੇਸ਼ ਕੀਤਾ ਜਾਵੇਗਾ: ਬੰਗਲੌਰ (ਅੰਗ੍ਰੇਜ਼ੀ), ਕੋਇੰਬੇਟੂਰ (ਤਾਮਿਲ), ਕੋਚੀ-2 (ਮਲਿਆਲਮ) ਅਤੇ ਪੂਨਾ-ਚਿੰਚਵੜ (ਅੰਗ੍ਰੇਜ਼ੀ)।
◼ ਰਿਕਾਰਡਿੰਗ: ਹਾਲ ਦੇ ਇਲੈਕਟ੍ਰਿਕ ਜਾਂ ਸਾਉਂਡ ਸਿਸਟਮ ਨਾਲ ਕਿਸੇ ਵੀ ਪ੍ਰਕਾਰ ਦਾ ਰਿਕਾਰਡਰ ਨਾ ਜੋੜੋ। ਇਸ ਨੂੰ ਇਸ ਤਰੀਕੇ ਨਾਲ ਵਰਤੋ ਕਿ ਦੂਸਰਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
◼ ਬੱਚਿਆਂ ਦੀਆਂ ਗੱਡੀਆਂ (ਪਰੈਮ) ਤੇ ਆਰਾਮ ਕੁਰਸੀਆਂ: ਬੱਚਿਆਂ ਦੀਆਂ ਗੱਡੀਆਂ ਤੇ ਆਰਾਮ ਕੁਰਸੀਆਂ ਸੰਮੇਲਨ ਵਿਚ ਨਾ ਲੈ ਕੇ ਆਓ। ਪਰ ਬੱਚਿਆਂ ਦੀ ਸੇਫ਼ਟੀ-ਸੀਟ, ਜੋ ਹਾਲ ਵਿਚ ਮਾਪਿਆਂ ਦੀ ਸੀਟ ਨਾਲ ਬੰਨ੍ਹੀ ਜਾ ਸਕੇ, ਲਿਆਉਣ ਵਿਚ ਕੋਈ ਹਰਜ਼ ਨਹੀਂ।
◼ ਸੈਂਟ: ਕੁਝ ਸੰਮੇਲਨ ਬੰਦ ਹਾਲਾਂ ਵਿਚ ਹੁੰਦੇ ਹਨ ਜਿੱਥੇ ਏ. ਸੀ. ਲੱਗੇ ਹੁੰਦੇ ਹਨ। ਇਸ ਲਈ ਚੰਗਾ ਹੋਵੇਗਾ ਜੇ ਅਸੀਂ ਸਟ੍ਰਾਂਗ ਸੈਂਟ ਦੀ ਘੱਟ ਵਰਤੋਂ ਕਰੀਏ ਕਿਉਂਕਿ ਇਸ ਨਾਲ ਉਨ੍ਹਾਂ ਭੈਣਾਂ-ਭਰਾਵਾਂ ਨੂੰ ਦਿੱਕਤ ਹੋਵੇਗੀ ਜੋ ਸਾਹ ਦੀਆਂ ਬੀਮਾਰੀਆਂ ਤੋਂ ਪੀੜਿਤ ਹਨ।—1 ਕੁਰਿੰ. 10:24.
◼ “ਇਨ੍ਹਾਂ ਨੂੰ ਮਿਲੋ” ਫਾਰਮ: ਜਦੋਂ ਅਸੀਂ ਸੰਮੇਲਨ ਵਾਲੇ ਸ਼ਹਿਰ ਵਿਚ ਕਿਸੇ ਨੂੰ ਗਵਾਹੀ ਦਿੰਦੇ ਹਾਂ ਅਤੇ ਉਹ ਵਿਅਕਤੀ ਹੋਰ ਜਾਣਨਾ ਚਾਹੁੰਦਾ ਹੈ, ਤਾਂ ਸਾਨੂੰ “ਇਨ੍ਹਾਂ ਨੂੰ ਮਿਲੋ” (Please Follow Up [S-43]) ਫਾਰਮ ਭਰਨਾ ਚਾਹੀਦਾ ਹੈ। ਪਬਲੀਸ਼ਰਾਂ ਨੂੰ ਸੰਮੇਲਨ ਵਿਚ ਆਪਣੇ ਨਾਲ ਇਕ-ਦੋ ਫਾਰਮ ਲਿਆਉਣੇ ਚਾਹੀਦੇ ਹਨ। ਇਹ ਫਾਰਮ ਭਰ ਕੇ ਬੁੱਕ ਰੂਮ ਵਿਭਾਗ ਨੂੰ ਦਿੱਤੇ ਜਾ ਸਕਦੇ ਹਨ ਜਾਂ ਸੰਮੇਲਨ ਤੋਂ ਵਾਪਸ ਆ ਕੇ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਦਿਓ।—ਨਵੰਬਰ 2009 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦਾ ਸਫ਼ਾ 3 ਦੇਖੋ।
◼ ਰੈਸਟੋਰੈਂਟ: ਰੈਸਟੋਰੈਂਟਾਂ ਅਤੇ ਹੋਟਲਾਂ ਵਿਚ ਆਪਣਾ ਚਾਲ-ਚਲਣ ਚੰਗਾ ਰੱਖ ਕੇ ਯਹੋਵਾਹ ਦਾ ਨਾਂ ਵਡਿਆਓ। ਕਈ ਥਾਵਾਂ ਤੇ ਗਾਹਕਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਸਰਵਿਸ ਦੇ ਹਿਸਾਬ ਨਾਲ ਵੇਟਰਾਂ ਨੂੰ ਟਿੱਪ ਦੇਣ।
◼ ਹੋਟਲ: (1) ਕਿਰਪਾ ਕਰ ਕੇ ਲੋੜ ਨਾਲੋਂ ਵੱਧ ਕਮਰੇ ਬੁੱਕ ਨਾ ਕਰੋ। ਇਕ ਕਮਰੇ ਵਿਚ ਜਿੰਨੇ ਵਿਅਕਤੀਆਂ ਨੂੰ ਰਹਿਣ ਦੀ ਇਜਾਜ਼ਤ ਹੈ, ਉਸ ਤੋਂ ਜ਼ਿਆਦਾ ਵਿਅਕਤੀ ਨਾ ਰਹਿਣ। (2) ਜੇ ਜਾਇਜ਼ ਕਾਰਨਾਂ ਕਰਕੇ ਕਮਰਾ ਕੈਂਸਲ ਕਰਨਾ ਪਵੇ, ਤਾਂ ਹੋਟਲ ਵਾਲਿਆਂ ਨੂੰ ਤੁਰੰਤ ਦੱਸ ਦਿਓ। (3) ਉਦੋਂ ਹੀ ਸਾਮਾਨ ਢੋਣ ਵਾਲੀ ਟ੍ਰਾਲੀ ਲਓ ਜਦੋਂ ਤੁਸੀਂ ਸਾਮਾਨ ਲੈ ਜਾਣ ਲਈ ਤਿਆਰ ਹੁੰਦੇ ਹੋ ਅਤੇ ਇਸਤੇਮਾਲ ਕਰਨ ਤੋਂ ਬਾਅਦ ਤੁਰੰਤ ਵਾਪਸ ਕਰ ਦਿਓ ਤਾਂਕਿ ਦੂਸਰੇ ਇਸਤੇਮਾਲ ਕਰ ਸਕਣ। (4) ਜੇ ਹੋਟਲ ਦੇ ਕਮਰੇ ਵਿਚ ਖਾਣਾ ਪਕਾਉਣ ਦੀ ਇਜਾਜ਼ਤ ਨਹੀਂ ਹੈ, ਤਾਂ ਖਾਣਾ ਨਾ ਪਕਾਓ। (5) ਕਮਰਾ ਸਾਫ਼ ਕਰਨ ਵਾਲੇ ਕਰਮਚਾਰੀ ਨੂੰ ਰੋਜ਼ ਟਿੱਪ ਦਿਓ। (6) ਹੋਟਲ ਵਿਚ ਰਹਿੰਦਿਆਂ ਜੇ ਹੋਟਲ ਵਾਲੇ ਮੁਫ਼ਤ ਵਿਚ ਸਵੇਰ ਦਾ ਨਾਸ਼ਤਾ, ਚਾਹ-ਕੌਫ਼ੀ ਜਾਂ ਬਰਫ਼ ਦਿੰਦੇ ਹਨ, ਤਾਂ ਇਨ੍ਹਾਂ ਚੀਜ਼ਾਂ ਦਾ ਨਾਜਾਇਜ਼ ਫ਼ਾਇਦਾ ਨਾ ਉਠਾਓ। (7) ਹੋਟਲ ਦੇ ਕਰਮਚਾਰੀਆਂ ਨਾਲ ਪੇਸ਼ ਆਉਂਦੇ ਸਮੇਂ ਹਰ ਵੇਲੇ ਪਰਮੇਸ਼ੁਰੀ ਗੁਣ ਦਿਖਾਓ। ਉੱਥੇ ਹੋਰ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਉਹ ਦੇਖ-ਭਾਲ ਕਰਦੇ ਹਨ। ਉਹ ਕਦਰ ਕਰਨਗੇ ਜੇ ਅਸੀਂ ਪਿਆਰ, ਧੀਰਜ ਤੇ ਸਮਝਦਾਰੀ ਨਾਲ ਪੇਸ਼ ਆਵਾਂਗੇ। (8) ਹੋਟਲਾਂ ਦੀ ਲਿਸਟ ਉੱਤੇ ਦੱਸਿਆ ਕਿਰਾਇਆ ਇਕ ਦਿਨ ਦਾ ਪੂਰਾ ਕਿਰਾਇਆ ਹੈ। ਇਸ ਵਿਚ ਟੈਕਸ ਸ਼ਾਮਲ ਨਹੀਂ ਹੈ। ਜੇ ਤੁਹਾਡੇ ਤੋਂ ਉਨ੍ਹਾਂ ਚੀਜ਼ਾਂ ਦੇ ਪੈਸੇ ਮੰਗੇ ਜਾਣ ਜੋ ਤੁਸੀਂ ਮੰਗਿਆ ਜਾਂ ਵਰਤਿਆ ਨਹੀਂ, ਤਾਂ ਪੈਸੇ ਨਾ ਦਿਓ ਅਤੇ ਜਲਦੀ ਤੋਂ ਜਲਦੀ ਰੂਮਿੰਗ ਡਿਪਾਰਟਮੈਂਟ ਨੂੰ ਸੂਚਨਾ ਦਿਓ। (9) ਜੇ ਤੁਹਾਨੂੰ ਆਪਣੇ ਹੋਟਲ ਦੇ ਕਮਰੇ ਨੂੰ ਲੈ ਕੇ ਕੋਈ ਸਮੱਸਿਆ ਆਉਂਦੀ ਹੈ, ਤਾਂ ਸੰਮੇਲਨ ਦੌਰਾਨ ਰੂਮਿੰਗ ਡਿਪਾਰਟਮੈਂਟ ਨੂੰ ਇਸ ਬਾਰੇ ਜ਼ਰੂਰ ਦੱਸੋ।
◼ ਵਲੰਟੀਅਰ ਸੇਵਾ: ਸੰਮੇਲਨ ਵਿਚ ਜਾ ਕੇ ਆਪਣੀ ਖ਼ੁਸ਼ੀ ਹੋਰ ਵੀ ਵੱਧ ਸਕਦੀ ਹੈ ਜੇ ਅਸੀਂ ਲੋੜੀਂਦੇ ਕੰਮਾਂ-ਕਾਰਾਂ ਵਿਚ ਹੱਥ ਵਟਾਵਾਂਗੇ। (ਰਸੂ. 20:35) ਜੇ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਤਾਂ ਵਲੰਟੀਅਰ ਸੇਵਾ ਵਿਭਾਗ ਵਿਚ ਜਾ ਕੇ ਇਸ ਬਾਰੇ ਪੁੱਛੋ। 16 ਸਾਲ ਦੀ ਉਮਰ ਤੋਂ ਛੋਟੇ ਬੱਚੇ ਆਪਣੇ ਮਾਤਾ-ਪਿਤਾ ਜਾਂ ਉਨ੍ਹਾਂ ਦੀ ਇਜਾਜ਼ਤ ਨਾਲ ਕਿਸੇ ਦੂਜੇ ਜ਼ਿੰਮੇਵਾਰ ਵਿਅਕਤੀ ਨਾਲ ਕੰਮ ਕਰ ਸਕਦੇ ਹਨ।