ਆਓ, ਪਰਮੇਸ਼ੁਰ ਬਾਰੇ ਹੋਰ ਸਿੱਖੋ ਤੇ ਖ਼ੁਸ਼ੀਆਂ ਮਾਣੋ
1. ਯਹੋਵਾਹ ਆਪਣੇ ਸੇਵਕਾਂ ਨੂੰ ਗਿਆਨ ਕਿਵੇਂ ਦਿੰਦਾ ਹੈ?
1 ਯਹੋਵਾਹ ਸਮੇਂ ਸਿਰ ਆਪਣੇ ਲੋਕਾਂ ਨੂੰ ਆਪਣਾ ਗਿਆਨ ਦਿੰਦਾ ਹੈ। ਦੁਨੀਆਂ ਦੇ ਲੋਕ ਪਰਮੇਸ਼ੁਰ ਦੇ ਗਿਆਨ ਲਈ ਭੁੱਖੇ ਮਰ ਰਹੇ ਹਨ, ਪਰ ਅਸੀਂ ਇਸ ਦਾ ਭਰਪੂਰ ਆਨੰਦ ਮਾਣ ਰਹੇ ਹਾਂ। (ਯਸਾ. 65:13) ਇਕ ਜ਼ਰੀਆ ਜਿਸ ਰਾਹੀਂ ਯਹੋਵਾਹ ਆਪਣੇ ਬਚਨ ਤੋਂ ਸਾਨੂੰ ਗਿਆਨ ਦਿੰਦਾ ਹੈ, ਉਹ ਹੈ ਸਾਡਾ ਸਾਲਾਨਾ ਜ਼ਿਲ੍ਹਾ ਸੰਮੇਲਨ। ਕੀ ਤੁਸੀਂ “ਪਰਮੇਸ਼ੁਰ ਦੀ ਸ਼ਕਤੀ ਦਾ ਸਹਾਰਾ ਲਓ” ਜ਼ਿਲ੍ਹਾ ਸੰਮੇਲਨ ਦੇ ਤਿੰਨੇ ਦਿਨਾਂ ਲਈ ਹਾਜ਼ਰ ਹੋਣ ਦੀ ਤਿਆਰੀ ਕਰ ਰਹੇ ਹੋ? ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਨੂੰ ਸੰਮੇਲਨ ਵਿਚ ਪਰਮੇਸ਼ੁਰ ਦੇ ਬਚਨ ਤੋਂ ਭਰਪੂਰ ਗਿਆਨ ਦਿੱਤਾ ਜਾਵੇਗਾ।
2. ਹੁਣ ਤੋਂ ਹੀ ਤਿਆਰੀ ਕਰਨ ਵਿਚ ਕੀ-ਕੀ ਸ਼ਾਮਲ ਹੈ?
2 ਹੁਣ ਤੋਂ ਤਿਆਰੀ ਕਰੋ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।” (ਕਹਾ. 21:5, CL) ਇਸ ਲਈ ਹੁਣ ਤੋਂ ਹੀ ਸੰਮੇਲਨ ਵਿਚ ਹਾਜ਼ਰ ਹੋਣ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰੋ। ਜੇ ਤਾਂ ਤੁਹਾਨੂੰ ਕੰਮ ਤੋਂ ਛੁੱਟੀ ਲੈਣ ਦੀ ਲੋੜ ਹੈ, ਤਾਂ ਆਪਣੇ ਮਾਲਕ ਨਾਲ ਜਲਦ ਤੋਂ ਜਲਦ ਗੱਲ ਕਰੋ। ਜੇ ਤੁਹਾਨੂੰ ਸੰਮੇਲਨ ਦੇ ਨੇੜੇ-ਤੇੜੇ ਰਹਿਣ ਲਈ ਜਗ੍ਹਾ ਦੀ ਲੋੜ ਹੈ, ਤਾਂ ਇਸ ਦਾ ਇੰਤਜ਼ਾਮ ਕਰੋ। ਕੀ ਤੁਸੀਂ ਦੁਪਹਿਰ ਦੇ ਖਾਣੇ ਬਾਰੇ ਸੋਚ ਲਿਆ ਹੈ ਤਾਂਕਿ ਤੁਸੀਂ ਸੰਮੇਲਨ ਵਾਲੀ ਜਗ੍ਹਾ ਤੇ ਹੀ ਭੈਣਾਂ-ਭਰਾਵਾਂ ਨਾਲ ਮਿਲ ਕੇ ਖਾਣਾ ਖਾ ਸਕੋ? ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਜਲਦੀ ਆਉਣ ਦਾ ਪ੍ਰਬੰਧ ਕਰੋ ਤਾਂਕਿ ਤੁਸੀਂ ਆਪਣੇ ਲਈ ਸੀਟ ਲੱਭ ਸਕੋ ਅਤੇ ਸ਼ੁਰੂਆਤੀ ਗੀਤ ਤੇ ਪ੍ਰਾਰਥਨਾ ਵੇਲੇ ਹਾਜ਼ਰ ਹੋ ਸਕੋ।
3. ਸੰਮੇਲਨ ਦੌਰਾਨ ਸਾਡਾ ਪਹਿਰਾਵਾ ਕਿਹੋ ਜਿਹਾ ਹੋਣਾ ਚਾਹੀਦਾ ਹੈ?
3 ਸੰਮੇਲਨ ਦੌਰਾਨ ਅਸੀਂ ਆਪਣੇ ਪਹਿਰਾਵੇ ਰਾਹੀਂ ਵੀ ਲੋਕਾਂ ਨੂੰ ਵਧੀਆ ਗਵਾਹੀ ਦੇ ਸਕਦੇ ਹਾਂ। ਸਾਡਾ ਪਹਿਰਾਵਾ ਅਤੇ ਹਾਰ-ਸ਼ਿੰਗਾਰ ਅਦਬ ਵਾਲਾ ਹੋਣਾ ਚਾਹੀਦਾ ਹੈ। (1 ਤਿਮੋ. 2:9, 10) ਦੁਨੀਆਂ ਦੇ ਬੇਢੰਗੇ ਲਿਬਾਸਾਂ ਤੋਂ ਉਲਟ, ਸਾਡਾ ਪਹਿਰਾਵਾ ਢੰਗ ਦਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸੰਮੇਲਨ ਬੈਜ ਕਾਰਡ ਲਾਉਣ ਨਾਲ ਵੀ ਅਸੀਂ ਦੂਸਰਿਆਂ ਨੂੰ ਚੰਗੀ ਗਵਾਹੀ ਦਿੰਦੇ ਹਾਂ।
4. ਅਸੀਂ ਆਪਣੇ ਪੂਰੇ ਪਰਿਵਾਰ ਨਾਲ ਮਿਲ ਕੇ ਪ੍ਰੋਗ੍ਰਾਮ ਦਾ ਆਨੰਦ ਕਿਵੇਂ ਮਾਣ ਸਕਦੇ ਹਾਂ?
4 ਧਿਆਨ ਲਾ ਕੇ ਸੁਣੋ: ਪਰਮੇਸ਼ੁਰ ਨੇ ਸਾਨੂੰ ਇਕ ਦਾਅਵਤ ਤੇ ਸੱਦਿਆ ਹੈ। ਦਾਅਵਤ ਦੇ ਅੱਧ ਵਿੱਚੋਂ ਉੱਠ ਕੇ ਜਾਣਾ ਚੰਗਾ ਨਹੀਂ ਹੋਵੇਗਾ ਸਗੋਂ ਇਸ ਦਾ ਪੂਰਾ-ਪੂਰਾ ਆਨੰਦ ਮਾਣਨਾ ਚਾਹੀਦਾ ਹੈ। (ਕਹਾ. 22:17, 18) ਭਾਸ਼ਣਕਾਰ ਜਦ ਭਾਸ਼ਣ ਦੌਰਾਨ ਬਾਈਬਲ ਵਿੱਚੋਂ ਪੜ੍ਹੇ, ਤਾਂ ਸਾਨੂੰ ਵੀ ਬਾਈਬਲ ਵਿੱਚੋਂ ਆਇਤਾਂ ਉਸ ਦੇ ਨਾਲ ਪੜ੍ਹਨੀਆਂ ਚਾਹੀਦੀਆਂ ਹਨ। ਅਸੀਂ ਨੋਟ ਵੀ ਲੈ ਸਕਦੇ ਹਾਂ ਕਿਉਂਕਿ ਇੱਦਾਂ ਕਰਨ ਨਾਲ ਸਾਡਾ ਧਿਆਨ ਇੱਧਰ-ਉੱਧਰ ਨਹੀਂ ਭਟਕੇਗਾ। ਫਿਰ ਸ਼ਾਮ ਨੂੰ ਅਸੀਂ ਆਪਣੀ ਨੋਟਬੁੱਕ ਵਿੱਚੋਂ ਪ੍ਰੋਗ੍ਰਾਮ ਬਾਰੇ ਦੂਸਰਿਆਂ ਨਾਲ ਚਰਚਾ ਕਰ ਸਕਦੇ ਹਾਂ। ਪਿਛਲੇ ਕੁਝ ਸੰਮੇਲਨਾਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਕੁਝ ਬੱਚੇ ਪ੍ਰੋਗ੍ਰਾਮ ਦੌਰਾਨ ਇਕੱਠੇ ਬੈਠ ਕੇ ਗੱਲਾਂ ਕਰਦੇ ਹਨ ਜਾਂ ਹਾਲ ਦੇ ਬਾਹਰ ਘੁੰਮਦੇ-ਫਿਰਦੇ ਹਨ ਜਾਂ ਮੋਬਾਇਲ ਤੇ ਇਕ-ਦੂਜੇ ਨੂੰ ਮੈਸਿਜ ਘੱਲਦੇ ਹਨ। ਜੇ ਤੁਹਾਡੇ ਬੱਚੇ ਹਨ, ਤਾਂ ਇਸ ਦੀ ਬਜਾਇ ਕਿ ਉਹ ਹੋਰ ਨੌਜਵਾਨਾਂ ਨਾਲ ਬੈਠਣ, ਉਨ੍ਹਾਂ ਨੂੰ ਆਪਣੇ ਨਾਲ ਬਿਠਾਓ। ਇੱਦਾਂ ਤੁਸੀਂ ਸਾਰੇ ਰਲ਼ ਕੇ ਪ੍ਰੋਗ੍ਰਾਮ ਦਾ ਆਨੰਦ ਮਾਣ ਸਕੋਗੇ।
5. ਅਸੀਂ ਸੰਮੇਲਨ ਦਾ ਹੋਰ ਵੀ ਮਜ਼ਾ ਕਿਵੇਂ ਲੈ ਸਕਦੇ ਹਾਂ?
5 ਸੰਗਤ ਦਾ ਆਨੰਦ ਮਾਣੋ: ਖਾਣੇ ਦਾ ਉਦੋਂ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ ਹੈ ਜਦ ਦੋਸਤ-ਮਿੱਤਰਾਂ ਨਾਲ ਰਲ਼ ਕੇ ਖਾਣਾ ਖਾਇਆ ਜਾਂਦਾ ਹੈ। (ਕਹਾ. 15:17) ਸੰਮੇਲਨ ਵਿਚ ਭੈਣਾਂ-ਭਰਾਵਾਂ ਨਾਲ ਸੰਗਤ ਕਰ ਕੇ ਅਸੀਂ ਸੰਮੇਲਨ ਦਾ ਹੋਰ ਵੀ ਮਜ਼ਾ ਲੈ ਸਕਦੇ ਹਾਂ। ਤਾਂ ਫਿਰ ਕਿਉਂ ਨਾ ਜਦੋਂ ਖਾਣ ਦਾ ਵੇਲਾ ਹੋਵੇ, ਉਦੋਂ ਤੁਸੀਂ ਭੈਣ-ਭਰਾਵਾਂ ਨਾਲ ਗੱਲਬਾਤ ਕਰੋ। (ਜ਼ਬੂ. 133:1) ਸੰਗੀਤ ਸ਼ੁਰੂ ਹੋਣ ਤੋਂ ਪਹਿਲਾਂ ਚੇਅਰਮੈਨ ਸਾਰਿਆਂ ਨੂੰ ਬੈਠਣ ਲਈ ਕਹੇਗਾ। ਸਾਨੂੰ ਉਸੇ ਵੇਲੇ ਆਪਣੀ ਗੱਲਬਾਤ ਖ਼ਤਮ ਕਰ ਕੇ ਆਪਣੀਆਂ ਸੀਟਾਂ ਤੇ ਬੈਠ ਜਾਣਾ ਚਾਹੀਦਾ ਹੈ।
6. ਸੰਮੇਲਨ ਵਾਲੇ ਸ਼ਹਿਰ ਦੇ ਲੋਕਾਂ ਨੂੰ ਅਸੀਂ ਗਵਾਹੀ ਕਿਵੇਂ ਦੇ ਸਕਦੇ ਹਾਂ, ਇਸ ਸੰਬੰਧੀ ਆਪਣਾ ਕੋਈ ਤਜਰਬਾ ਦੱਸੋ।
6 ਗਵਾਹੀ ਦੇਣ ਨੂੰ ਤਿਆਰ ਰਹੋ: ਸੰਮੇਲਨ ਰਾਹੀਂ ਸਾਨੂੰ ਲੋਕਾਂ ਨੂੰ ਗਵਾਹੀ ਦੇਣ ਦਾ ਮੌਕਾ ਵੀ ਮਿਲਦਾ ਹੈ। ਕਈ ਵਾਰ ਭੈਣ-ਭਰਾ ਸੰਮੇਲਨ ਤੋਂ ਬਾਅਦ ਖਾਣਾ ਖਾਣ ਲਈ ਕਿਸੇ ਰੈਸਤੋਰਾਂ ਨੂੰ ਜਾਂਦੇ ਹਨ। ਉਨ੍ਹਾਂ ਦੇ ਬੈਜ ਕਾਰਡ ਦੇਖ ਕੇ ਵੇਟਰ ਤੇ ਕਈ ਹੋਰ ਲੋਕ ਉਨ੍ਹਾਂ ਨੂੰ ਸੰਮੇਲਨ ਬਾਰੇ ਗੱਲਾਂ ਪੁੱਛਦੇ ਹਨ। ਇੱਦਾਂ ਗੱਲਬਾਤ ਰਾਹੀਂ ਭੈਣ-ਭਰਾਵਾਂ ਨੂੰ ਚੰਗੀ ਗਵਾਹੀ ਦੇਣ ਦਾ ਮੌਕਾ ਮਿਲਦਾ ਹੈ। ਗੱਲਬਾਤ ਦੌਰਾਨ ਕਈ ਭੈਣ-ਭਰਾਵਾਂ ਨੇ ਲੋਕਾਂ ਨੂੰ ਸੰਮੇਲਨ ਵਿਚ ਆਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਵਿੱਚੋਂ ਕਈ ਆਏ ਵੀ।
7. ਸੰਮੇਲਨ ਦੀ ਥਾਂ ਤੇ ਸ਼ਿਸ਼ਟਾਚਾਰ ਦਿਖਾਉਣ ਵਿਚ ਬਾਈਬਲ ਦਾ ਕਿਹੜਾ ਸਿਧਾਂਤ ਸਾਡੀ ਮਦਦ ਕਰੇਗਾ?
7 ਮਸੀਹੀ ਸ਼ਿਸ਼ਟਾਚਾਰ ਪਰਮੇਸ਼ੁਰ ਦੇ ਭਗਤਾਂ ਦੀ ਨਿਸ਼ਾਨੀ ਹੈ: ਦੇਖਿਆ ਗਿਆ ਹੈ ਕਿ ਕੁਝ ਭੈਣ-ਭਰਾ ਅਟੈਂਡੰਟਾਂ ਨੂੰ ਸਹਿਯੋਗ ਨਹੀਂ ਦਿੰਦੇ, ਸਗੋਂ ਉਲਟਾ ਜਵਾਬ ਦਿੰਦੇ ਹਨ ਜੋ ਕਿ ਮਸੀਹੀਆਂ ਨੂੰ ਸ਼ੋਭਾ ਨਹੀਂ ਦਿੰਦਾ। ਆਪਣੇ ਬਾਰੇ ਹੀ ਸੋਚਣ ਵਾਲੇ ਦੂਸਰਿਆਂ ਦਾ ਭਲਾ ਕਰਨ ਬਾਰੇ ਨਹੀਂ ਸੋਚਦੇ ਤੇ ਨਾ ਹੀ ਇਸ ਰਵੱਈਏ ਦੇ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ। ਇਸ ਲਈ ਆਓ ਆਪਾਂ ਪਿਆਰ ਤੇ ਧੀਰਜ ਨਾਲ ਪੇਸ਼ ਆਈਏ ਤੇ ਸਹਿਯੋਗ ਦੇਈਏ। ਇਸ ਤੋਂ ਪਤਾ ਲੱਗੇਗਾ ਕਿ ਅਸੀਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਯਾਨੀ ਸ਼ਕਤੀ ਨਾਲ ਚੱਲਦੇ ਹਾਂ। (ਗਲਾ. 5:22, 23, 25) ਇਸ ਤੋਂ ਇਲਾਵਾ, ਜ਼ਰੂਰਤ ਤੋਂ ਜ਼ਿਆਦਾ ਸੀਟਾਂ ਰੱਖਣ ਦੀ ਸਮੱਸਿਆ ਅਜੇ ਵੀ ਹੈ। 8:00 ਵਜੇ ਹਾਲ ਦੇ ਦਰਵਾਜ਼ੇ ਖੁੱਲ੍ਹਦਿਆਂ ਹੀ ਕੁਝ ਭੈਣ-ਭਰਾਵਾਂ ਨੂੰ “ਵਧੀਆ” ਸੀਟਾਂ ਲਈ ਭੱਜਦੇ ਤੇ ਧੱਕਾ-ਮੁੱਕੀ ਕਰਦੇ ਦੇਖਿਆ ਗਿਆ ਹੈ। ਇਸ ਭਗ-ਦੜ੍ਹ ਵਿਚ ਕੁਝ ਭੈਣਾਂ-ਭਰਾਵਾਂ ਨੂੰ ਸੱਟਾਂ-ਚੋਟਾਂ ਲੱਗੀਆਂ ਹਨ। ਕੁਝ ਭੈਣ-ਭਰਾਵਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਸੰਮੇਲਨ ਵਾਸਤੇ ਸਵੇਰੇ ਜਲਦੀ ਪਹੁੰਚੇ, ਫਿਰ ਵੀ ਸਾਰੀਆਂ ਸੀਟਾਂ ਬੁੱਕ ਸਨ। ਕਈ ਵਾਰ ਇੱਦਾਂ ਹੁੰਦਾ ਹੈ ਕਿ ਪਰਿਵਾਰ ਦਾ ਇਕ ਮੈਂਬਰ ਜਲਦੀ ਆ ਕੇ ਹਾਲ ਖੁੱਲ੍ਹਦਿਆਂ ਹੀ ਆਪਣੇ ਪਰਿਵਾਰ ਤੇ ਦੋਸਤਾਂ ਲਈ ਸੀਟਾਂ ਦੀਆਂ ਕਈ ਲਾਈਨਾਂ ਬੁੱਕ ਕਰ ਲੈਂਦਾ ਹੈ। ਪਿਆਰ ਕਰਨ ਵਾਲਾ ਹਮੇਸ਼ਾ ਦੂਸਰਿਆਂ ਦਾ ਭਲਾ ਚਾਹੁੰਦਾ ਹੈ। ਯਿਸੂ ਮਸੀਹ ਨੇ ਵੀ ਕਿਹਾ ਸੀ ਕਿ ਨਿਰਸੁਆਰਥ ਪਿਆਰ ਉਸ ਦੇ ਚੇਲਿਆਂ ਦੀ ਪਛਾਣ ਹੋਵੇਗੀ। (ਯੂਹੰ. 13:35) ਕੀ ਬਹੁਤ ਸਾਰੀਆਂ ਸੀਟਾਂ ਬੁੱਕ ਕਰ ਕੇ ਅਸੀਂ ਇਸ ਪਿਆਰ ਦਾ ਸਬੂਤ ਦਿੰਦੇ ਹਾਂ? ਮਸੀਹੀ ਪਿਆਰ ਕਾਰਨ ਸਾਨੂੰ ਯਿਸੂ ਦੀ ਇਹ ਗੱਲ ਮੰਨਣੀ ਚਾਹੀਦੀ ਹੈ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।”—ਮੱਤੀ 7:12.
8. ਸਾਨੂੰ ਸੰਮੇਲਨ ਵਿਚ ਕਿਉਂ ਹਾਜ਼ਰ ਰਹਿਣਾ ਚਾਹੀਦਾ ਹੈ?
8 ਜਿੱਥੇ ਸੰਮੇਲਨ ਹੁੰਦਾ ਹੈ, ਉਸ ਜਗ੍ਹਾ ਨੂੰ ਤਿਆਰ ਕਰਨ ਲਈ ਤੇ ਪੂਰੇ ਪ੍ਰੋਗ੍ਰਾਮ ਦੀ ਤਿਆਰੀ ਕਰਨ ਲਈ ਹਜ਼ਾਰਾਂ ਘੰਟੇ ਲੱਗ ਜਾਂਦੇ ਹਨ। ਪਰਮੇਸ਼ੁਰ ਦੇ ਗਿਆਨ ਨਾਲ ਭਰਪੂਰ ਇਸ ਦਾਅਵਤ ਦੀ ਤਿਆਰੀ ਕਰਨ ਵਿਚ ਬਹੁਤ ਮਿਹਨਤ ਤੇ ਘੰਟੇ ਲੱਗੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਬੇਹੱਦ ਪਿਆਰ ਕਰਦਾ ਹੈ ਅਤੇ ਉਨ੍ਹਾਂ ਤੇ ਸਮੇਂ ਸਿਰ ਆਪਣਾ ਗਿਆਨ ਰੌਸ਼ਨ ਕਰਦਾ ਹੈ। ਆਓ ਆਪਾਂ ਸਾਰੇ ਇਸ ਦਾਅਵਤ ਦਾ ਪੂਰਾ ਲਾਭ ਉਠਾਈਏ। ਦੁਨੀਆਂ ਦੇ ਉਲਟ, ਪਰਮੇਸ਼ੁਰ ਦਾ ਗਿਆਨ ਲੈ ਕੇ ਅਸੀਂ ‘ਖ਼ੁਸ਼ ਦਿਲੀ ਨਾਲ ਜੈਕਾਰੇ ਗਜਾਵਾਂਗੇ।’—ਯਸਾ. 65:14.
[ਸਫ਼ਾ 4 ਉੱਤੇ ਡੱਬੀ]
ਜ਼ਿਲ੍ਹਾ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ
◼ ਪ੍ਰੋਗ੍ਰਾਮ ਦਾ ਸਮਾਂ: ਤਿੰਨੇ ਦਿਨ ਪ੍ਰੋਗ੍ਰਾਮ ਸਵੇਰੇ 9:20 ਤੇ ਸ਼ੁਰੂ ਹੋਵੇਗਾ। ਹਾਲ ਦੇ ਦਰਵਾਜ਼ੇ 8:00 ਵਜੇ ਖੋਲ੍ਹੇ ਜਾਣਗੇ। ਸੈਸ਼ਨ ਸ਼ੁਰੂ ਹੋਣ ਤੇ ਜਦੋਂ ਸੰਗੀਤ ਚਲਾਇਆ ਜਾਵੇਗਾ, ਉਸ ਵੇਲੇ ਸਾਨੂੰ ਸਾਰਿਆਂ ਨੂੰ ਆਪਣੀਆਂ ਸੀਟਾਂ ਤੇ ਬੈਠ ਜਾਣਾ ਚਾਹੀਦਾ ਹੈ ਤਾਂਕਿ ਪ੍ਰੋਗ੍ਰਾਮ ਆਦਰਯੋਗ ਤਰੀਕੇ ਨਾਲ ਸ਼ੁਰੂ ਹੋ ਸਕੇ। ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਪ੍ਰੋਗ੍ਰਾਮ ਸ਼ਾਮੀਂ 4:55 ਤੇ ਅਤੇ ਐਤਵਾਰ ਨੂੰ ਸ਼ਾਮ 4:00 ਵਜੇ ਖ਼ਤਮ ਹੋਵੇਗਾ।
◼ ਪਾਰਕਿੰਗ: ਕਈ ਸੰਮੇਲਨ ਥਾਵਾਂ ਤੇ ਪਾਰਕਿੰਗ ਦੀ ਜਗ੍ਹਾ ਹੈ ਜਿੱਥੇ ਮੁਫ਼ਤ ਵਿਚ ਗੱਡੀਆਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ। ਪਹਿਲਾਂ ਆਉਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਭੈਣ-ਭਰਾਵਾਂ ਦੇ ਬੈਜ ਕਾਰਡਾਂ ਤੋਂ ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਗੱਡੀ ਖੜ੍ਹੀ ਕਰਨ ਦੀ ਥਾਂ ਦਿੱਤੀ ਜਾਵੇਗੀ।
◼ ਸੀਟਾਂ: ਕੇਵਲ ਆਪਣੇ ਘਰਦਿਆਂ ਲਈ ਜਾਂ ਤੁਹਾਡੇ ਨਾਲ ਇੱਕੋ ਕਾਰ ਵਿਚ ਆਉਣ ਵਾਲਿਆਂ ਲਈ ਹੀ ਸੀਟਾਂ ਰੱਖੋ।
◼ ਦੁਪਹਿਰ ਦਾ ਖਾਣਾ: ਬਾਹਰ ਜਾ ਕੇ ਖਾਣ ਦੀ ਬਜਾਇ, ਕਿਰਪਾ ਕਰ ਕੇ ਖਾਣਾ ਨਾਲ ਲੈ ਕੇ ਆਓ। ਤੁਸੀਂ ਖਾਣੇ ਦੇ ਡੱਬੇ ਲਿਆ ਸਕਦੇ ਹੋ ਜੋ ਸੀਟ ਥੱਲੇ ਫਿੱਟ ਹੋ ਸਕਣ। ਹਾਲ ਵਿਚ ਖਾਣੇ ਦੇ ਵੱਡੇ-ਵੱਡੇ ਡੱਬੇ, ਕੱਚ ਦੀਆਂ ਬੋਤਲਾਂ ਅਤੇ ਸ਼ਰਾਬ ਲਿਆਉਣ ਦੀ ਇਜਾਜ਼ਤ ਨਹੀਂ ਹੈ।
◼ ਦਾਨ: ਜ਼ਿਲ੍ਹਾ ਸੰਮੇਲਨ ਦੇ ਇੰਤਜ਼ਾਮਾਂ ʼਤੇ ਕਾਫ਼ੀ ਖ਼ਰਚਾ ਆਉਂਦਾ ਹੈ। ਕਿੰਗਡਮ ਹਾਲ ਜਾਂ ਸੰਮੇਲਨ ਵਿਚ ਆਪਣੀ ਖ਼ੁਸ਼ੀ ਨਾਲ ਦਾਨ ਦੇ ਕੇ ਅਸੀਂ ਸੰਮੇਲਨਾਂ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰ ਸਕਦੇ ਹਾਂ। ਜੇ ਸੰਮੇਲਨ ਵਿਚ ਤੁਸੀਂ ਚੈੱਕ ਰਾਹੀਂ ਦਾਨ ਦੇਣਾ ਚਾਹੁੰਦੇ ਹੋ, ਤਾਂ “Watch Tower” ਦੇ ਨਾਂ ਤੇ ਚੈੱਕ ਬਣਾਓ।
◼ ਦੁਰਘਟਨਾ ਤੇ ਐਮਰਜੈਂਸੀ: ਜੇ ਹਾਲ ਵਿਚ ਕੋਈ ਦੁਰਘਟਨਾ ਵਾਪਰ ਜਾਂਦੀ ਹੈ, ਤਾਂ ਕਿਸੇ ਅਟੈਂਡੰਟ ਨੂੰ ਬੁਲਾਓ ਜੋ ਤੁਰੰਤ ਫਸਟ ਏਡ ਵਿਭਾਗ ਨੂੰ ਸੂਚਿਤ ਕਰੇਗਾ। ਹਾਲ ਵਿਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਕਾਬਲ ਭੈਣ-ਭਰਾ ਮੌਜੂਦ ਹੋਣਗੇ। ਲੋੜ ਪੈਣ ਤੇ ਫਸਟ-ਏਡ ਦੇਣ ਵਾਲਾ ਵਿਅਕਤੀ 102 ਨੰਬਰ ਤੇ ਫ਼ੋਨ ਕਰੇਗਾ।
◼ ਬੋਲ਼ਿਆਂ ਲਈ ਇੰਤਜ਼ਾਮ: ਕੋਇੰਬੇਟੂਰ ਅਤੇ ਕੋਚੀ ਵਿਖੇ ਹੋਣ ਵਾਲੇ ਸੰਮੇਲਨਾਂ ਵਿਚ ਸੈਨਤ ਭਾਸ਼ਾ ਦੇ ਸੈਸ਼ਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਇਹੋ ਇੰਤਜ਼ਾਮ ਬੰਗਲੌਰ ਵਿਚ ਅੰਗ੍ਰੇਜ਼ੀ ਸੰਮੇਲਨ ਲਈ ਵੀ ਕੀਤਾ ਜਾਵੇਗਾ।
◼ ਬੱਚਾ-ਗੱਡੀ (ਪਰੈਮ): ਬੱਚਿਆਂ ਨੂੰ ਸੈਰ ਕਰਾਉਣ ਵਾਲੀਆਂ ਹੱਥਗੱਡੀਆਂ ਸੰਮੇਲਨ ਹਾਲ ਵਿਚ ਨਹੀਂ ਲਿਆਈਆਂ ਜਾਣੀਆਂ ਚਾਹੀਦੀਆਂ। ਪਰੰਤੂ ਬੱਚਿਆਂ ਦੀ ਸੇਫ਼ਟੀ-ਸੀਟ, ਜੋ ਹਾਲ ਦੀ ਸੀਟ ਨਾਲ ਬੰਨ੍ਹੀ ਜਾ ਸਕੇ, ਲਿਆਉਣ ਵਿਚ ਕੋਈ ਹਰਜ਼ ਨਹੀਂ।
◼ ਪਰਫਿਊਮ: ਕੁਝ ਸੰਮੇਲਨ ਬੰਦ ਹਾਲਾਂ ਵਿਚ ਹੁੰਦੇ ਹਨ ਜਿੱਥੇ ਏ. ਸੀ. ਲੱਗੇ ਹੁੰਦੇ ਹਨ। ਇਸ ਲਈ ਚੰਗਾ ਹੋਵੇਗਾ ਜੇ ਅਸੀਂ ਸਟ੍ਰਾਂਗ ਸੈਂਟ ਦੀ ਘੱਟ ਵਰਤੋਂ ਕਰੀਏ ਕਿਉਂਕਿ ਇਸ ਨਾਲ ਉਨ੍ਹਾਂ ਭੈਣਾਂ-ਭਰਾਵਾਂ ਨੂੰ ਦਿੱਕਤ ਹੋਵੇਗੀ ਜੋ ਸਾਹ ਦੀਆਂ ਬੀਮਾਰੀਆਂ ਤੋਂ ਪੀੜਿਤ ਹਨ।—1 ਕੁਰਿੰ. 10:24.
◼ ਫਾਲੋ ਅੱਪ ਫਾਰਮ: ਜਦੋਂ ਅਸੀਂ ਸੰਮੇਲਨ ਵਾਲੇ ਸ਼ਹਿਰ ਵਿਚ ਕਿਸੇ ਨੂੰ ਗਵਾਹੀ ਦਿੰਦੇ ਹਾਂ ਅਤੇ ਉਹ ਵਿਅਕਤੀ ਹੋਰ ਜਾਣਨ ਵਿਚ ਦਿਲਚਸਪੀ ਰੱਖਦਾ ਹੈ, ਤਾਂ ਸਾਨੂੰ ਪਲੀਜ਼ ਫਾਲੋ ਅੱਪ (S-43) ਫਾਰਮ ਭਰਨਾ ਚਾਹੀਦਾ ਹੈ। ਪਬਲੀਸ਼ਰਾਂ ਨੂੰ ਸੰਮੇਲਨ ਵਿਚ ਆਪਣੇ ਨਾਲ ਇਕ-ਦੋ ਫਾਰਮ ਲਿਆਉਣੇ ਚਾਹੀਦੇ ਹਨ। ਫਾਰਮ ਭਰ ਕੇ ਬੁੱਕ ਰੂਮ ਵਿਭਾਗ ਨੂੰ ਦਿੱਤੇ ਜਾ ਸਕਦੇ ਹਨ ਜਾਂ ਸੰਮੇਲਨ ਤੋਂ ਵਾਪਸ ਜਾ ਕੇ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਦਿੱਤੇ ਜਾ ਸਕਦੇ ਹਨ।—ਫਰਵਰੀ 2005, ਸਾਡੀ ਰਾਜ ਸੇਵਕਾਈ, ਸਫ਼ਾ 6 ਦੇਖੋ।
◼ ਰੈਸਤੋਰਾਂ: ਅਸੀਂ ਰੈਸਤੋਰਾਂ ਵਿਚ ਵੀ ਆਪਣੇ ਕੰਮਾਂ ਰਾਹੀਂ ਯਹੋਵਾਹ ਦੇ ਨਾਂ ਨੂੰ ਉੱਚਾ ਕਰ ਸਕਦੇ ਹਾਂ। ਕਈ ਥਾਵਾਂ ਤੇ ਗਾਹਕਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਸਰਵਿਸ ਦੇ ਹਿਸਾਬ ਨਾਲ ਵੇਟਰਾਂ ਨੂੰ 10 ਪ੍ਰਤਿਸ਼ਤ ਟਿੱਪ ਦੇਣ।
◼ ਹੋਟਲ: (1) ਕਿਰਪਾ ਕਰ ਕੇ ਲੋੜ ਨਾਲੋਂ ਵੱਧ ਕਮਰੇ ਬੁੱਕ ਨਾ ਕਰੋ। ਇਕ ਕਮਰੇ ਵਿਚ ਜਿੰਨੇ ਵਿਅਕਤੀਆਂ ਨੂੰ ਰਹਿਣ ਦੀ ਇਜਾਜ਼ਤ ਹੈ, ਉਸ ਤੋਂ ਜ਼ਿਆਦਾ ਵਿਅਕਤੀ ਨਾ ਰਹਿਣ। (2) ਜੇ ਜਾਇਜ਼ ਕਾਰਨਾਂ ਕਰਕੇ ਕਮਰਾ ਕੈਂਸਲ ਕਰਨਾ ਪਵੇ, ਤਾਂ ਹੋਟਲ ਵਾਲਿਆਂ ਨੂੰ ਤੁਰੰਤ ਦੱਸ ਦਿਓ। (3) ਉਦੋਂ ਹੀ ਸਾਮਾਨ ਢੋਣ ਵਾਲੀ ਟ੍ਰਾਲੀ ਲਓ ਜਦੋਂ ਤੁਸੀਂ ਸਾਮਾਨ ਲੈ ਜਾਣ ਲਈ ਤਿਆਰ ਹੁੰਦੇ ਹੋ ਅਤੇ ਇਸਤੇਮਾਲ ਕਰਨ ਤੋਂ ਬਾਅਦ ਤੁਰੰਤ ਵਾਪਸ ਕਰ ਦਿਓ ਤਾਂਕਿ ਦੂਸਰੇ ਇਸਤੇਮਾਲ ਕਰ ਸਕਣ। (4) ਜੇ ਹੋਟਲ ਦੇ ਕਮਰੇ ਵਿਚ ਖਾਣਾ ਪਕਾਉਣ ਦੀ ਇਜਾਜ਼ਤ ਨਹੀਂ ਹੈ, ਤਾਂ ਖਾਣਾ ਨਾ ਪਕਾਓ। (5) ਕਮਰਾ ਸਾਫ਼ ਕਰਨ ਵਾਲੇ ਕਰਮਚਾਰੀ ਨੂੰ ਰੋਜ਼ ਟਿੱਪ ਦਿਓ। (6) ਹੋਟਲ ਵਿਚ ਰਹਿੰਦਿਆਂ ਜੇ ਹੋਟਲ ਵਾਲੇ ਮੁਫ਼ਤ ਵਿਚ ਸਵੇਰ ਦਾ ਨਾਸ਼ਤਾ, ਚਾਹ-ਕੌਫ਼ੀ ਜਾਂ ਬਰਫ਼ ਦਿੰਦੇ ਹਨ, ਤਾਂ ਇਨ੍ਹਾਂ ਚੀਜ਼ਾਂ ਦਾ ਨਾਜਾਇਜ਼ ਫ਼ਾਇਦਾ ਨਾ ਉਠਾਓ। (7) ਹੋਟਲ ਦੇ ਕਰਮਚਾਰੀਆਂ ਨਾਲ ਸਲੀਕੇ ਨਾਲ ਪੇਸ਼ ਆਓ। (8) ਹੋਟਲਾਂ ਵਗੈਰਾ ਦੀ ਲਿਸਟ ਉੱਤੇ ਦੱਸਿਆ ਕਿਰਾਇਆ ਇਕ ਦਿਨ ਦਾ ਪੂਰਾ ਕਿਰਾਇਆ ਹੈ। ਇਸ ਵਿਚ ਟੈਕਸ ਸ਼ਾਮਲ ਨਹੀਂ ਹੈ। ਜੇ ਤੁਹਾਡੇ ਤੋਂ ਉਨ੍ਹਾਂ ਚੀਜ਼ਾਂ ਦੇ ਪੈਸੇ ਮੰਗੇ ਜਾਂਦੇ ਹਨ ਜੋ ਤੁਸੀਂ ਮੰਗੀਆਂ ਨਹੀਂ ਸਨ ਜਾਂ ਵਰਤੀਆਂ ਨਹੀਂ ਸਨ, ਤਾਂ ਪੈਸੇ ਨਾ ਦਿਓ ਅਤੇ ਜਲਦੀ ਤੋਂ ਜਲਦੀ ਰੂਮਿੰਗ ਡਿਪਾਰਟਮੈਂਟ ਨੂੰ ਸੂਚਨਾ ਦਿਓ। (9) ਜੇ ਤੁਹਾਨੂੰ ਆਪਣੇ ਹੋਟਲ ਦੇ ਕਮਰੇ ਨੂੰ ਲੈ ਕੇ ਕੋਈ ਸਮੱਸਿਆ ਆਉਂਦੀ ਹੈ, ਤਾਂ ਸੰਮੇਲਨ ਦੌਰਾਨ ਰੂਮਿੰਗ ਡਿਪਾਰਟਮੈਂਟ ਨੂੰ ਇਸ ਬਾਰੇ ਜ਼ਰੂਰ ਦੱਸੋ।