ਕੀ ਤੁਸੀਂ ਪਰਮੇਸ਼ੁਰ ਵੱਲੋਂ ਦਿੱਤੀ ਦਾਅਵਤ ਲਈ ਤਿਆਰ ਹੋ?
1. ਦਾਅਵਤ ਲਈ ਕਿਹੜੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਹਨ?
1 ਦਾਅਵਤ ਵਾਸਤੇ ਕਾਫ਼ੀ ਤਿਆਰੀਆਂ ਕਰਨੀਆਂ ਪੈਂਦੀਆਂ ਹਨ। ਖਾਣ-ਪੀਣ ਦੀਆਂ ਚੀਜ਼ਾਂ ਖ਼ਰੀਦਣੀਆਂ ਪੈਂਦੀਆਂ ਹਨ, ਫਿਰ ਉਨ੍ਹਾਂ ਨੂੰ ਬਣਾ ਕੇ ਪਰੋਸਿਆ ਜਾਂਦਾ ਹੈ। ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਖਾਣੇ ਨੂੰ ਪਰੋਸਿਆ ਕਿਵੇਂ ਜਾਵੇਗਾ। ਇਸ ਤੋਂ ਇਲਾਵਾ, ਦਾਅਵਤ ਵਾਸਤੇ ਜਗ੍ਹਾ ਵੀ ਤਿਆਰ ਕੀਤੀ ਜਾਂਦੀ ਹੈ। ਮਹਿਮਾਨਾਂ ਨੂੰ ਵੀ ਤਿਆਰੀਆਂ ਕਰਨੀਆਂ ਪੈਂਦੀਆਂ ਹਨ, ਖ਼ਾਸ ਕਰਕੇ ਜੇ ਉਹ ਦੂਰੋਂ ਆ ਰਹੇ ਹਨ। ਖੇਚਲ ਤਾਂ ਭਾਵੇਂ ਸਾਰਿਆਂ ਨੂੰ ਕਰਨੀ ਪੈਂਦੀ ਹੈ, ਪਰ ਆਪਣੇ ਪਰਿਵਾਰ ਤੇ ਦੋਸਤ-ਮਿੱਤਰਾਂ ਨਾਲ ਬੈਠ ਕੇ ਸੁਆਦੀ ਖਾਣਾ ਖਾ ਕੇ ਮਜ਼ਾ ਆ ਜਾਂਦਾ ਹੈ! ਦੁਨੀਆਂ ਭਰ ਵਿਚ ਜਲਦੀ ਹੀ ਯਹੋਵਾਹ ਦੇ ਗਵਾਹ ਛੋਟੇ-ਵੱਡੇ ਸਮੂਹਾਂ ਵਿਚ ਇਕੱਠੇ ਹੋ ਕੇ “ਜਾਗਦੇ ਰਹੋ!” ਨਾਂ ਦੇ ਜ਼ਿਲ੍ਹਾ ਸੰਮੇਲਨ ਵਿਚ ਪਰਮੇਸ਼ੁਰ ਦੀ ਦਾਅਵਤ ਦਾ ਮਜ਼ਾ ਲੈਣਗੇ। ਪ੍ਰੋਗ੍ਰਾਮ ਤਿਆਰ ਕਰਨ ਵਿਚ ਪਹਿਲਾਂ ਹੀ ਕਾਫ਼ੀ ਮਿਹਨਤ ਕੀਤੀ ਜਾ ਚੁੱਕੀ ਹੈ। ਸੋ ਇਸ ਦਾਅਵਤ ਵਿਚ ਆਉਣ ਲਈ ਸਾਨੂੰ ਸਾਰਿਆਂ ਨੂੰ ਬੁਲਾਇਆ ਗਿਆ ਹੈ। ਉੱਥੇ ਹਾਜ਼ਰ ਹੋ ਕੇ ਪੂਰਾ ਫ਼ਾਇਦਾ ਉਠਾਉਣ ਲਈ ਸਾਨੂੰ ਵੀ ਤਿਆਰੀਆਂ ਕਰਨ ਦੀ ਲੋੜ ਹੈ।—ਕਹਾ. 21:5.
2. ਸਾਰੀ ਦਾਅਵਤ ਵਿਚ ਹਾਜ਼ਰ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
2 ਪੂਰਾ ਫ਼ਾਇਦਾ ਉਠਾਓ: ਕੀ ਤੁਸੀਂ ਸਾਰੀ ਦਾਅਵਤ ਯਾਨੀ ਸੰਮੇਲਨ ਵਿਚ ਹਾਜ਼ਰ ਰਹਿਣ ਦੀਆਂ ਤਿਆਰੀਆਂ ਕਰ ਲਈਆਂ ਹਨ? ਜੇ ਮਾਲਕ ਤੋਂ ਛੁੱਟੀ ਲੈਣ ਦੀ ਲੋੜ ਹੈ, ਤਾਂ ਉਸ ਨੂੰ ਦੱਸੋ ਕਿ ਤੁਸੀਂ ਸੰਮੇਲਨ ਦੇ ਪਹਿਲੇ ਦਿਨ ਤੋਂ ਹੀ ਸਾਰੇ ਸੈਸ਼ਨਾਂ ਵਿਚ ਹਾਜ਼ਰ ਹੋਵੋਗੇ। ਕੀ ਤੁਸੀਂ ਬੰਦੋਬਸਤ ਕਰ ਲਿਆ ਹੈ ਕਿ ਤੁਸੀਂ ਸੰਮੇਲਨ ʼਤੇ ਕਿਵੇਂ ਜਾਓਗੇ ਤੇ ਕਿੱਥੇ ਰਹੋਗੇ? ਬਜ਼ੁਰਗਾਂ ਨੂੰ ਦੇਖਣਾ ਚਾਹੀਦਾ ਹੈ ਕਿ ਕਲੀਸਿਯਾ ਵਿਚ ਕਿਹੜੇ ਬਿਰਧ, ਬੀਮਾਰ ਅਤੇ ਲੋੜਵੰਦ ਭੈਣਾਂ-ਭਰਾਵਾਂ ਨੂੰ ਮਦਦ ਦੀ ਲੋੜ ਹੈ।—ਯਿਰ. 23:4; ਗਲਾ. 6:10.
3. ਸਾਨੂੰ ਬਿਨ-ਬੁਲਾਏ ਅੰਤਰ-ਰਾਸ਼ਟਰੀ ਸੰਮੇਲਨ ਵਿਚ ਕਿਉਂ ਨਹੀਂ ਜਾਣਾ ਚਾਹੀਦਾ?
3 ਕੁਝ ਦੇਸ਼ਾਂ ਵਿਚ ਅੰਤਰ-ਰਾਸ਼ਟਰੀ ਸੰਮੇਲਨ ਕੀਤੇ ਜਾਣਗੇ। ਇਹ ਗੱਲ ਧਿਆਨ ਵਿਚ ਰੱਖੋ ਕਿ ਇਨ੍ਹਾਂ ਸੰਮੇਲਨਾਂ ਤੇ ਕੁਝ ਕਲੀਸਿਯਾਵਾਂ ਅਤੇ ਵਿਦੇਸ਼ੀ ਭੈਣਾਂ-ਭਰਾਵਾਂ ਨੂੰ ਹੀ ਬੁਲਾਇਆ ਗਿਆ ਹੈ। ਇਹ ਇੰਤਜ਼ਾਮ ਕਰਦਿਆਂ ਬ੍ਰਾਂਚ ਆਫ਼ਿਸ ਨੇ ਸੀਟਾਂ ਦੀ ਗਿਣਤੀ ਤੇ ਹੋਟਲਾਂ ਵਿਚ ਉਪਲਬਧ ਕਮਰਿਆਂ ਨੂੰ ਧਿਆਨ ਵਿਚ ਰੱਖ ਕੇ ਹਿਸਾਬ ਲਾਇਆ ਹੈ ਕਿ ਸੰਮੇਲਨ ਵਿਚ ਕਿੰਨੇ ਕੁ ਜਣੇ ਆ ਸਕਦੇ ਹਨ। ਜੇ ਪਬਲੀਸ਼ਰ ਬਿਨ-ਬੁਲਾਏ ਅੰਤਰ-ਰਾਸ਼ਟਰੀ ਸੰਮੇਲਨ ਵਿਚ ਜਾਣਗੇ, ਤਾਂ ਉੱਥੇ ਬਹੁਤ ਜ਼ਿਆਦਾ ਭੀੜ ਹੋ ਜਾਵੇਗੀ।
4. ਕਿਹੜੀਆਂ ਗੱਲਾਂ ਦੀ ਮਦਦ ਨਾਲ ਅਸੀਂ ਹਰ ਰੋਜ਼ ਪ੍ਰੋਗ੍ਰਾਮ ਸੁਣਨ ਲਈ ਤਿਆਰ ਹੋਵਾਂਗੇ?
4 ਹਰ ਰੋਜ਼ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਸੰਮੇਲਨ ਵਿਚ ਆਓ ਤਾਂਕਿ ਤੁਸੀਂ ਸੀਟ ਲੱਭ ਸਕੋ। ਸੈਸ਼ਨ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਆਪਣੇ ਪ੍ਰੋਗ੍ਰਾਮ ʼਤੇ ਨਜ਼ਰ ਮਾਰੋ। ਇਸ ਤਰ੍ਹਾਂ ਤੁਸੀਂ ਪੇਸ਼ ਕੀਤੀ ਜਾਣ ਵਾਲੀ ਜਾਣਕਾਰੀ ਲਈ ਆਪਣੇ ਮਨ ਨੂੰ ਤਿਆਰ ਕਰੋਗੇ। (ਅਜ਼. 7:10) ਜਦੋਂ ਸੈਸ਼ਨ ਦਾ ਚੇਅਰਮੈਨ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਕਹਿੰਦਾ ਹੈ ਕਿ ਹੁਣ ਸੰਗੀਤ ਸੁਣਾਇਆ ਜਾਵੇਗਾ, ਤਾਂ ਤੁਸੀਂ ਆਰਾਮ ਨਾਲ ਬੈਠ ਕੇ ਇਸ ਦਾ ਮਜ਼ਾ ਲੈ ਸਕਦੇ ਹੋ ਅਤੇ ਗੀਤ ਗਾਉਣ ਤੇ ਪ੍ਰਾਰਥਨਾ ਲਈ ਤਿਆਰ ਹੋ ਸਕਦੇ ਹੋ।
5. ਸਾਡੇ ਪਰਿਵਾਰ ਨੂੰ ਪ੍ਰੋਗ੍ਰਾਮ ਤੋਂ ਜ਼ਿਆਦਾ ਲਾਭ ਕਿੱਦਾਂ ਹੋ ਸਕਦਾ ਹੈ?
5 ਸੰਮੇਲਨ ਦੌਰਾਨ ਜੇ ਸਾਰਾ ਪਰਿਵਾਰ ਇਕੱਠਾ ਬੈਠੇ, ਤਾਂ ਮਾਪੇ ਦੇਖ ਸਕਣਗੇ ਕਿ ਉਨ੍ਹਾਂ ਦੇ ਬੱਚੇ ਧਿਆਨ ਨਾਲ ਪ੍ਰੋਗ੍ਰਾਮ ਸੁਣ ਰਹੇ ਹਨ। (ਬਿਵ. 31:12) ਸਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਭਾਸ਼ਣਕਾਰ ਦੇ ਨਾਲ-ਨਾਲ ਆਪਣੀਆਂ ਬਾਈਬਲਾਂ ਵਿੱਚੋਂ ਆਇਤਾਂ ਪੜ੍ਹਨ। ਛੋਟੇ-ਛੋਟੇ ਨੋਟਸ ਲਿਖਣ ਨਾਲ ਤੁਹਾਡਾ ਧਿਆਨ ਨਹੀਂ ਭਟਕੇਗਾ। ਬਾਅਦ ਵਿਚ ਤੁਸੀਂ ਆਪਣੇ ਨੋਟਸ ਪੜ੍ਹ ਕੇ ਭਾਸ਼ਣਾਂ ਦੀਆਂ ਮੁੱਖ ਗੱਲਾਂ ਯਾਦ ਕਰ ਸਕਦੇ ਹੋ। ਸੈਸ਼ਨਾਂ ਦੌਰਾਨ ਬੇਲੋੜੀਆਂ ਗੱਲਾਂ ਨਾ ਕਰੋ ਜਾਂ ਬਿਨਾਂ ਮਤਲਬ ਬਾਹਰ ਨਾ ਜਾਓ। ਪ੍ਰੋਗ੍ਰਾਮ ਦੌਰਾਨ ਆਪਣੇ ਸੈੱਲ ਫ਼ੋਨ ਨੂੰ ਬੰਦ ਰੱਖੋ ਤਾਂਕਿ ਤੁਹਾਡਾ ਤੇ ਹੋਰਨਾਂ ਦਾ ਧਿਆਨ ਭੰਗ ਨਾ ਹੋਵੇ। ਪ੍ਰੋਗ੍ਰਾਮ ਤੋਂ ਬਾਅਦ ਕਿਉਂ ਨਾ ਦੂਸਰਿਆਂ ਨੂੰ ਦੱਸੋ ਕਿ ਤੁਹਾਨੂੰ ਪ੍ਰੋਗ੍ਰਾਮ ਦੀ ਕਿਹੜੀ ਗੱਲ ਚੰਗੀ ਲੱਗੀ?
6. ਸੰਮੇਲਨ ਤੇ ਸਾਨੂੰ ਕਿਹੜਾ ਵਧੀਆ ਮੌਕਾ ਮਿਲਦਾ ਹੈ ਤੇ ਅਸੀਂ ਇਸ ਦਾ ਕਿੱਦਾਂ ਪੂਰਾ ਆਨੰਦ ਮਾਣ ਸਕਦੇ ਹਾਂ?
6 ਜ਼ਿਲ੍ਹਾ ਸੰਮੇਲਨ ਵਿਚ ਅਸੀਂ ਭੈਣਾਂ-ਭਰਾਵਾਂ ਦੀ ਸੰਗਤ ਦਾ ਆਨੰਦ ਮਾਣ ਸਕਦੇ ਹਾਂ ਜੋ ਸਾਨੂੰ ਦੁਨੀਆਂ ਵਿਚ ਕਿਤੇ ਹੋਰ ਨਹੀਂ ਮਿਲੇਗੀ। (ਜ਼ਬੂ. 133:1-3; ਮਰ. 10:29, 30) ਕਿਉਂ ਨਾ ਇੰਟਰਵਲ ਦੌਰਾਨ ਆਪਣੇ ਨੇੜੇ ਬੈਠੇ ਭੈਣਾਂ-ਭਰਾਵਾਂ ਨੂੰ ਆਪਣੀ ਜਾਣ-ਪਛਾਣ ਕਰਾਓ ਤੇ ਉਨ੍ਹਾਂ ਨਾਲ ਗੱਲਾਂ ਕਰੋ? ਇਹ ਲਾਹਾ ਲੈਣ ਲਈ ਚੰਗਾ ਹੋਵੇਗਾ ਕਿ ਅਸੀਂ ਕਿਸੇ ਰੈਸਟੋਰੈਂਟ ਜਾਣ ਦੀ ਬਜਾਇ ਆਪਣੇ ਨਾਲ ਹਲਕਾ-ਫੁਲਕਾ ਭੋਜਨ ਲੈ ਕੇ ਆਈਏ। ਇਕ-ਦੂਸਰੇ ਦੀ ਹੌਸਲਾ-ਅਫ਼ਜ਼ਾਈ ਕਰਨ ਦਾ ਇਹ ਵਧੀਆ ਮੌਕਾ ਹੱਥੋਂ ਨਾ ਗੁਆਓ।—ਰੋਮੀ. 1:11, 12.
7. ਸਾਨੂੰ ਸੰਮੇਲਨ ਤੋਂ ਪਹਿਲਾਂ ਆਪਣੇ ਕੱਪੜਿਆਂ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ?
7 ਪਹਿਰਾਵਾ: ਧਿਆਨ ਦਿਓ ਕਿ ਯਹੋਵਾਹ ਨੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਕੱਪੜਿਆਂ ਦੀਆਂ ਕਿਨਾਰੀਆਂ ਉੱਤੇ ਝਾਲਰਾਂ ਅਤੇ ਝਾਲਰਾਂ ਉੱਤੇ ਨੀਲਾ ਫੀਤਾ ਲਾਉਣ ਦਾ ਹੁਕਮ ਦਿੱਤਾ ਸੀ। (ਗਿਣ. 15:37-41) ਇਹ ਉਨ੍ਹਾਂ ਨੂੰ ਯਾਦ ਕਰਾਉਂਦਾ ਸੀ ਕਿ ਉਹ ਯਹੋਵਾਹ ਦੀ ਭਗਤੀ ਕਰਨ ਲਈ ਚੁਣੇ ਗਏ ਸਨ। ਅੱਜ ਸਾਡਾ ਸੋਹਣਾ ਤੇ ਸਾਦਾ ਪਹਿਰਾਵਾ ਦੇਖ ਕੇ ਲੋਕ ਦੇਖ ਸਕਣਗੇ ਕਿ ਅਸੀਂ ਦੁਨੀਆਂ ਤੋਂ ਵੱਖਰੇ ਹਾਂ। ਜਦੋਂ ਅਸੀਂ ਪ੍ਰੋਗ੍ਰਾਮ ਤੋਂ ਬਾਅਦ ਰੈਸਟੋਰੈਂਟ ਵਿਚ ਖਾਣਾ ਖਾਣ ਵੀ ਜਾਂਦੇ ਹਾਂ, ਤਾਂ ਸਾਡੇ ਪਹਿਰਾਵੇ ਤੋਂ ਲੋਕਾਂ ਨੂੰ ਚੰਗੀ ਗਵਾਹੀ ਮਿਲਦੀ ਹੈ। ਇਸ ਲਈ ਸੰਮੇਲਨ ਜਾਣ ਤੋਂ ਪਹਿਲਾਂ ਹੀ ਦੇਖੋ ਕਿ ਤੁਸੀਂ ਕਿਹੋ ਜਿਹੇ ਕੱਪੜੇ ਪਾਓਗੇ।
8. ਸੀਟਾਂ ਰੱਖਣ ਸੰਬੰਧੀ ਸਾਨੂੰ ਬਾਈਬਲ ਦੇ ਕਿਹੜੇ ਸਿਧਾਂਤ ਚੇਤੇ ਰੱਖਣੇ ਚਾਹੀਦੇ ਹਨ?
8 ਪਿਆਰ ਦਾ ਸਬੂਤ ਦਿਓ: ਦੇਖਿਆ ਗਿਆ ਹੈ ਕਿ ਕੁਝ ਭੈਣ-ਭਰਾਵਾਂ ਦੀ ਇਹ ਆਦਤ ਬਣ ਗਈ ਹੈ ਕਿ ਉਹ ਹਾਲ ਵਿਚ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਬਹੁਤ ਸਾਰੀਆਂ ਸੀਟਾਂ ਰੱਖਦੇ ਹਨ। ਕੁਝ ਭੈਣਾਂ-ਭਰਾਵਾਂ ਨੇ ਤਾਂ ਅਟੈਂਡੰਟ ਭਰਾਵਾਂ ਦਾ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਇੱਥੋਂ ਤਕ ਕਿ ਉਨ੍ਹਾਂ ਨਾਲ ਗ਼ੈਰ-ਮਸੀਹੀ ਲੋਕਾਂ ਦੀ ਤਰ੍ਹਾਂ ਬੋਲਣ ਲੱਗੇ। ਜਿਹੜੇ ਲੋਕ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ, ਉਨ੍ਹਾਂ ਨੂੰ ਭਲਾ ਕਰਨ ਵਾਲੇ ਲੋਕ ਨਹੀਂ ਕਿਹਾ ਜਾ ਸਕਦਾ ਤੇ ਨਾ ਹੀ ਇਸ ਨਾਲ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ। ਇਸ ਲਈ ਆਓ ਆਪਾਂ ਪਿਆਰ ਤੇ ਧੀਰਜ ਨਾਲ ਪੇਸ਼ ਆਈਏ ਤੇ ਅਟੈਂਡੰਟਾਂ ਦਾ ਸਾਥ ਦੇਈਏ। (ਗਲਾ. 5:22, 23, 25) ਕੀ ਅਸੀਂ ਸੀਟਾਂ ਰੱਖਣ ਸੰਬੰਧੀ ਗੱਲਾਂ ਨੂੰ ਯਾਦ ਰੱਖਾਂਗੇ? ਸਾਨੂੰ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਜੋ “ਆਪ ਸੁਆਰਥੀ ਨਹੀਂ।” (1 ਕੁਰਿੰ. 13:5) ਯਿਸੂ ਨੇ ਕਿਹਾ ਸੀ ਕਿ ਨਿਰਸੁਆਰਥ ਪਿਆਰ ਤੋਂ ਹੀ ਉਸ ਦੇ ਚੇਲੇ ਪਛਾਣੇ ਜਾਣਗੇ। (ਯੂਹੰ. 13:35) ਤਾਂ ਫਿਰ ਕੀ ਬਹੁਤ ਸਾਰੀਆਂ ਸੀਟਾਂ ਰੱਖ ਕੇ ਅਸੀਂ ਮਸੀਹ ਵਰਗਾ ਪਿਆਰ ਦਿਖਾ ਰਹੇ ਹੋਵਾਂਗੇ? ਮਸੀਹੀ ਪਿਆਰ ਤੋਂ ਪ੍ਰੇਰਿਤ ਹੋ ਕੇ ਸਾਨੂੰ ਮਸੀਹ ਦੀ ਇਹ ਗੱਲ ਮੰਨਣੀ ਚਾਹੀਦੀ ਹੈ: “ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।”—ਮੱਤੀ 7:12.
9. ਅਸੀਂ ਸੰਮੇਲਨ ਵਾਲੇ ਸ਼ਹਿਰ ਵਿਚ ਲੋਕਾਂ ਨੂੰ ਕਿੱਦਾਂ ਗਵਾਹੀ ਦੇ ਸਕਦੇ ਹਾਂ?
9 ਗਵਾਹੀ ਦਿਓ: ਅਸੀਂ ਪਹਿਲਾਂ ਹੀ ਕੁਝ ਸੋਚ ਕੇ ਰੱਖ ਸਕਦੇ ਹਾਂ ਕਿ ਅਸੀਂ ਸੰਮੇਲਨ ਵਾਲੇ ਸ਼ਹਿਰ ਵਿਚ ਲੋਕਾਂ ਨੂੰ ਕਿਵੇਂ ਗਵਾਹੀ ਦੇਵਾਂਗੇ। ਪ੍ਰੋਗ੍ਰਾਮ ਤੋਂ ਬਾਅਦ ਇਕ ਭਰਾ ਆਪਣੀ ਪਤਨੀ ਨਾਲ ਰੈਸਟੋਰੈਂਟ ਵਿਚ ਖਾਣਾ ਖਾਣ ਗਿਆ ਤੇ ਆਪਣੇ ਸੰਮੇਲਨ ਬੈਜ ਵੱਲ ਇਸ਼ਾਰਾ ਕਰਦਿਆਂ ਉਸ ਨੇ ਇਕ ਵੇਟਰ ਨੂੰ ਪੁੱਛਿਆ: “ਕੀ ਤੁਸੀਂ ਕਈ ਲੋਕਾਂ ਦੇ ਇਹ ਬੈਜ ਲੱਗਿਆ ਹੋਇਆ ਦੇਖਿਆ?” ਵੇਟਰ ਨੇ ਕਿਹਾ ਕਿ ਉਸ ਨੇ ਦੇਖਿਆ ਤਾਂ ਹੈ, ਪਰ ਉਸ ਨੂੰ ਪਤਾ ਨਹੀਂ ਲੱਗਾ ਕਿ ਕਿਉਂ। ਇਸ ਤੋਂ ਉਨ੍ਹਾਂ ਦੀ ਗੱਲਬਾਤ ਸ਼ੁਰੂ ਹੋ ਗਈ ਤੇ ਭਰਾ ਨੇ ਵੇਟਰ ਨੂੰ ਸੰਮੇਲਨ ਤੇ ਆਉਣ ਦਾ ਸੱਦਾ ਦਿੱਤਾ।
10. ਅਸੀਂ ਆਪਣੇ ਮੇਜ਼ਬਾਨ ਯਹੋਵਾਹ ਲਈ ਕਿੱਦਾਂ ਕਦਰ ਦਿਖਾ ਸਕਦੇ ਹਾਂ?
10 ਭਾਵੇਂ ਕਿ ਸਾਰੇ ਭਾਸ਼ਣ, ਇੰਟਰਵਿਊਆਂ ਤੇ ਪ੍ਰਦਰਸ਼ਨ ਭਰਾ ਪੇਸ਼ ਕਰਨਗੇ, ਪਰ ਸਾਡਾ ਪਿਆਰਾ ਪਿਤਾ ਯਹੋਵਾਹ ਹੀ ਇਸ ਸਾਲਾਨਾ ਦਾਅਵਤ ਦਾ ਪ੍ਰਬੰਧ ਕਰਦਾ ਹੈ। (ਯਸਾ. 65:13, 14) ਅਸੀਂ ਦਾਅਵਤ ʼਤੇ ਹਰ ਰੋਜ਼ ਹਾਜ਼ਰ ਹੋ ਕੇ ਤੇ ਪਰੋਸੇ ਗਏ ਭੋਜਨ ਯਾਨੀ ਪਰਮੇਸ਼ੁਰ ਦਾ ਗਿਆਨ ਲੈ ਕੇ ਆਪਣੇ ਮੇਜ਼ਬਾਨ ਲਈ ਕਦਰ ਦਿਖਾਉਂਦੇ ਹਾਂ। ਕੀ ਤੁਸੀਂ ਸਾਰੀ ਤਿਆਰੀ ਕਰ ਲਈ ਹੈ?
[ਸਫ਼ਾ 4 ਉੱਤੇ ਡੱਬੀ]
ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ
◼ ਪ੍ਰੋਗ੍ਰਾਮ ਦਾ ਸਮਾਂ: ਤਿੰਨੇ ਦਿਨ ਪ੍ਰੋਗ੍ਰਾਮ ਸਵੇਰੇ 9:20 ਤੇ ਸ਼ੁਰੂ ਹੋਵੇਗਾ। ਦਰਵਾਜ਼ੇ ਸਵੇਰੇ 8:00 ਵਜੇ ਖੋਲ੍ਹੇ ਜਾਣਗੇ। ਸੈਸ਼ਨ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਜਦੋਂ ਸੰਗੀਤ ਲਗਾਇਆ ਜਾਂਦਾ ਹੈ, ਤਾਂ ਸਾਨੂੰ ਸਾਰਿਆਂ ਨੂੰ ਆਪਣੀਆਂ ਸੀਟਾਂ ਤੇ ਬੈਠ ਜਾਣਾ ਚਾਹੀਦਾ ਹੈ ਤਾਂਕਿ ਪ੍ਰੋਗ੍ਰਾਮ ਆਦਰਯੋਗ ਤਰੀਕੇ ਨਾਲ ਸ਼ੁਰੂ ਹੋਵੇ। ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਪ੍ਰੋਗ੍ਰਾਮ ਸ਼ਾਮ ਨੂੰ 4:55 ਤੇ ਅਤੇ ਐਤਵਾਰ ਨੂੰ 4:00 ਵਜੇ ਖ਼ਤਮ ਹੋਵੇਗਾ।
◼ ਪਾਰਕਿੰਗ: ਜਿਨ੍ਹਾਂ ਸੰਮੇਲਨ ਥਾਵਾਂ ʼਤੇ ਪਾਰਕਿੰਗ ਕਰਨ ਦਾ ਸਾਨੂੰ ਅਧਿਕਾਰ ਮਿਲਿਆ ਹੈ, ਉੱਥੇ ਮੁਫ਼ਤ ਵਿਚ ਗੱਡੀਆਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ। ਪਹਿਲਾਂ ਆਉਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਪਾਰਕਿੰਗ ਵਾਸਤੇ ਜਗ੍ਹਾ ਘੱਟ ਹੋਣ ਕਰਕੇ ਚੰਗਾ ਹੋਵੇਗਾ ਕਿ ਤੁਸੀਂ ਆਪੋ-ਆਪਣੀ ਗੱਡੀ ਵਿਚ ਆਉਣ ਦੀ ਬਜਾਇ ਇਕੱਠੇ ਇੱਕੋ ਗੱਡੀ ਵਿਚ ਆਓ।
◼ ਸੀਟਾਂ: ਆਪਣੇ ਘਰਦਿਆਂ ਲਈ ਜਾਂ ਆਪਣੇ ਨਾਲ ਸਫ਼ਰ ਕਰਨ ਵਾਲਿਆਂ ਲਈ ਹੀ ਸੀਟਾਂ ਰੱਖੋ।
◼ ਦੁਪਹਿਰ ਦਾ ਖਾਣਾ: ਕਿਰਪਾ ਕਰ ਕੇ ਬਾਹਰ ਜਾ ਕੇ ਖਾਣ ਦੀ ਬਜਾਇ ਹਲਕਾ-ਫੁਲਕਾ ਖਾਣਾ ਨਾਲ ਲੈ ਕੇ ਆਓ। ਸੰਮੇਲਨ ਵਾਲੀ ਥਾਂ ਤੇ ਵੱਡੇ-ਵੱਡੇ ਡੱਬੇ ਅਤੇ ਕੱਚ ਦੀਆਂ ਚੀਜ਼ਾਂ ਲਿਆਉਣ ਦੀ ਇਜਾਜ਼ਤ ਨਹੀਂ ਹੈ। ਸੰਮੇਲਨ ਦੇ ਪ੍ਰਬੰਧਕ ਖਾਣ-ਪੀਣ ਦਾ ਕੋਈ ਇੰਤਜ਼ਾਮ ਨਹੀਂ ਕਰਨਗੇ।
◼ ਦਾਨ: ਅਸੀਂ ਕਿੰਗਡਮ ਹਾਲ ਜਾਂ ਸੰਮੇਲਨ ਵਿਚ ਆਪਣੀ ਖ਼ੁਸ਼ੀ ਨਾਲ ਦਾਨ ਦੇ ਕੇ ਸੰਮੇਲਨ ਦੇ ਇੰਤਜ਼ਾਮਾਂ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰ ਸਕਦੇ ਹਾਂ। ਜੇ ਸੰਮੇਲਨ ਵਿਚ ਤੁਸੀਂ ਚੈੱਕ ਰਾਹੀਂ ਦਾਨ ਦੇਣਾ ਚਾਹੁੰਦੇ ਹੋ, ਤਾਂ “The Watch Tower Bible and Tract Society of India” ਦੇ ਨਾਂ ਤੇ ਚੈੱਕ ਬਣਾਓ।
◼ ਦੁਰਘਟਨਾ ਤੇ ਐਮਰਜੈਂਸੀ: ਜੇ ਹਾਲ ਵਿਚ ਕੋਈ ਦੁਰਘਟਨਾ ਵਾਪਰ ਜਾਂਦੀ ਹੈ, ਤਾਂ ਕਿਸੇ ਅਟੈਂਡੰਟ ਨੂੰ ਬੁਲਾਓ ਜੋ ਤੁਰੰਤ ਫ਼ਸਟ ਏਡ ਵਿਭਾਗ ਨੂੰ ਸੂਚਿਤ ਕਰੇਗਾ। ਹਾਲ ਵਿਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਕਾਬਲ ਭੈਣ-ਭਰਾ ਵਿਅਕਤੀ ਦੀ ਹਾਲਤ ਨੂੰ ਦੇਖ ਕੇ ਲੋੜੀਂਦੀ ਮਦਦ ਦੇਣਗੇ।
◼ ਜੁੱਤੀਆਂ: ਚੰਗੀ ਤਰ੍ਹਾਂ ਫਿੱਟ ਹੋਣ ਵਾਲੀਆਂ ਸਾਦੀਆਂ ਜੁੱਤੀਆਂ ਪਹਿਨੋ ਜਿਨ੍ਹਾਂ ਨਾਲ ਤੁਸੀਂ ਸੌਖਿਆਂ ਹੀ ਪੌੜੀਆਂ ਚੜ੍ਹ ਸਕਦੇ ਹੋ ਅਤੇ ਸੀਖਾਂ ਵਾਲੇ ਜਾਲਿਆਂ ਉੱਤੇ ਤੁਰਦਿਆਂ ਤੁਹਾਡੀ ਅੱਡੀ ਨਾ ਫਸ ਜਾਵੇ।
◼ ਘੱਟ ਸੁਣਨ ਵਾਲਿਆਂ ਲਈ ਇੰਤਜ਼ਾਮ: ਇਨ੍ਹਾਂ ਸੰਮੇਲਨਾਂ ਤੇ ਪ੍ਰੋਗ੍ਰਾਮ ਸੈਨਤ ਭਾਸ਼ਾ ਵਿਚ ਪੇਸ਼ ਕੀਤਾ ਜਾਵੇਗਾ: ਬੰਗਲੌਰ-3 (ਅੰਗ੍ਰੇਜ਼ੀ), ਕੋਇੰਬੇਟੂਰ (ਤਾਮਿਲ), ਕੋਚੀ (ਮਲਿਆਲਮ) ਅਤੇ ਪੂਨਾ-ਚਿੰਚਵੜ (ਅੰਗ੍ਰੇਜ਼ੀ)।
◼ ਰਿਕਾਰਡਿੰਗ: ਹਾਲ ਦੇ ਇਲੈਕਟ੍ਰਿਕ ਜਾਂ ਸਾਉਂਡ ਸਿਸਟਮ ਨਾਲ ਕਿਸੇ ਵੀ ਪ੍ਰਕਾਰ ਦਾ ਰਿਕਾਰਡਰ ਨਾ ਜੋੜੋ। ਇਸ ਨੂੰ ਇਸ ਤਰੀਕੇ ਨਾਲ ਵਰਤੋ ਕਿ ਦੂਸਰਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
◼ ਬੱਚਿਆਂ ਦੀਆਂ ਗੱਡੀਆਂ (ਪਰੈਮ) ਤੇ ਆਰਾਮ ਕੁਰਸੀਆਂ: ਬੱਚਿਆਂ ਦੀਆਂ ਗੱਡੀਆਂ ਤੇ ਆਰਾਮ ਕੁਰਸੀਆਂ ਸੰਮੇਲਨ ਵਿਚ ਨਾ ਲੈ ਕੇ ਆਓ। ਪਰ ਬੱਚਿਆਂ ਦੀ ਸੇਫ਼ਟੀ-ਸੀਟ, ਜੋ ਹਾਲ ਵਿਚ ਮਾਪਿਆਂ ਦੀ ਸੀਟ ਨਾਲ ਬੰਨ੍ਹੀ ਜਾ ਸਕੇ, ਲਿਆਉਣ ਵਿਚ ਕੋਈ ਹਰਜ਼ ਨਹੀਂ।
◼ ਸੈਂਟ: ਕੁਝ ਸੰਮੇਲਨ ਬੰਦ ਹਾਲਾਂ ਵਿਚ ਹੁੰਦੇ ਹਨ ਜਿੱਥੇ ਏ. ਸੀ. ਲੱਗੇ ਹੁੰਦੇ ਹਨ। ਇਸ ਲਈ ਚੰਗਾ ਹੋਵੇਗਾ ਜੇ ਅਸੀਂ ਸਟ੍ਰਾਂਗ ਸੈਂਟ ਦੀ ਘੱਟ ਵਰਤੋਂ ਕਰੀਏ ਕਿਉਂਕਿ ਇਸ ਨਾਲ ਉਨ੍ਹਾਂ ਭੈਣਾਂ-ਭਰਾਵਾਂ ਨੂੰ ਦਿੱਕਤ ਹੋਵੇਗੀ ਜੋ ਸਾਹ ਦੀਆਂ ਬੀਮਾਰੀਆਂ ਤੋਂ ਪੀੜਿਤ ਹਨ।—1 ਕੁਰਿੰ. 10:24.
◼ “ਇਨ੍ਹਾਂ ਨੂੰ ਮਿਲੋ” ਫਾਰਮ: ਜਦੋਂ ਅਸੀਂ ਸੰਮੇਲਨ ਵਾਲੇ ਸ਼ਹਿਰ ਵਿਚ ਕਿਸੇ ਨੂੰ ਗਵਾਹੀ ਦਿੰਦੇ ਹਾਂ ਅਤੇ ਉਹ ਵਿਅਕਤੀ ਹੋਰ ਜਾਣਨਾ ਚਾਹੁੰਦਾ ਹੈ, ਤਾਂ ਸਾਨੂੰ “ਇਨ੍ਹਾਂ ਨੂੰ ਮਿਲੋ” (Please Follow Up [S-43]) ਫਾਰਮ ਭਰਨਾ ਚਾਹੀਦਾ ਹੈ। ਪਬਲੀਸ਼ਰਾਂ ਨੂੰ ਸੰਮੇਲਨ ਵਿਚ ਆਪਣੇ ਨਾਲ ਇਕ-ਦੋ ਫਾਰਮ ਲਿਆਉਣੇ ਚਾਹੀਦੇ ਹਨ। ਇਹ ਫਾਰਮ ਭਰ ਕੇ ਬੁੱਕ ਰੂਮ ਵਿਭਾਗ ਨੂੰ ਦਿੱਤੇ ਜਾ ਸਕਦੇ ਹਨ ਜਾਂ ਸੰਮੇਲਨ ਤੋਂ ਵਾਪਸ ਆ ਕੇ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਦਿਓ।—ਫਰਵਰੀ 2005 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦਾ ਸਫ਼ਾ 6 ਦੇਖੋ।
◼ ਰੈਸਟੋਰੈਂਟ: ਰੈਸਟੋਰੈਂਟਾਂ ਵਿਚ ਆਪਣਾ ਚਾਲ-ਚੱਲਣ ਚੰਗਾ ਰੱਖ ਕੇ ਯਹੋਵਾਹ ਦਾ ਨਾਂ ਵਡਿਆਓ। ਕਈ ਥਾਵਾਂ ਤੇ ਗਾਹਕਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਸਰਵਿਸ ਦੇ ਹਿਸਾਬ ਨਾਲ ਵੇਟਰਾਂ ਨੂੰ ਟਿੱਪ ਦੇਣ।
◼ ਹੋਟਲ: (1) ਕਿਰਪਾ ਕਰ ਕੇ ਲੋੜ ਨਾਲੋਂ ਵੱਧ ਕਮਰੇ ਬੁੱਕ ਨਾ ਕਰੋ। ਇਕ ਕਮਰੇ ਵਿਚ ਜਿੰਨੇ ਵਿਅਕਤੀਆਂ ਨੂੰ ਰਹਿਣ ਦੀ ਇਜਾਜ਼ਤ ਹੈ, ਉਸ ਤੋਂ ਜ਼ਿਆਦਾ ਵਿਅਕਤੀ ਨਾ ਰਹਿਣ। (2) ਜੇ ਜਾਇਜ਼ ਕਾਰਨਾਂ ਕਰਕੇ ਕਮਰਾ ਕੈਂਸਲ ਕਰਨਾ ਪਵੇ, ਤਾਂ ਹੋਟਲ ਵਾਲਿਆਂ ਨੂੰ ਤੁਰੰਤ ਦੱਸ ਦਿਓ। (3) ਉਦੋਂ ਹੀ ਸਾਮਾਨ ਢੋਣ ਵਾਲੀ ਟ੍ਰਾਲੀ ਲਓ ਜਦੋਂ ਤੁਸੀਂ ਸਾਮਾਨ ਲੈ ਜਾਣ ਲਈ ਤਿਆਰ ਹੁੰਦੇ ਹੋ ਅਤੇ ਇਸਤੇਮਾਲ ਕਰਨ ਤੋਂ ਬਾਅਦ ਤੁਰੰਤ ਵਾਪਸ ਕਰ ਦਿਓ ਤਾਂਕਿ ਦੂਸਰੇ ਇਸਤੇਮਾਲ ਕਰ ਸਕਣ। (4) ਜੇ ਹੋਟਲ ਦੇ ਕਮਰੇ ਵਿਚ ਖਾਣਾ ਪਕਾਉਣ ਦੀ ਇਜਾਜ਼ਤ ਨਹੀਂ ਹੈ, ਤਾਂ ਖਾਣਾ ਨਾ ਪਕਾਓ। (5) ਕਮਰਾ ਸਾਫ਼ ਕਰਨ ਵਾਲੇ ਕਰਮਚਾਰੀ ਨੂੰ ਰੋਜ਼ ਟਿੱਪ ਦਿਓ। (6) ਹੋਟਲ ਵਿਚ ਰਹਿੰਦਿਆਂ ਜੇ ਹੋਟਲ ਵਾਲੇ ਮੁਫ਼ਤ ਵਿਚ ਸਵੇਰ ਦਾ ਨਾਸ਼ਤਾ, ਚਾਹ-ਕੌਫ਼ੀ ਜਾਂ ਬਰਫ਼ ਦਿੰਦੇ ਹਨ, ਤਾਂ ਇਨ੍ਹਾਂ ਚੀਜ਼ਾਂ ਦਾ ਨਾਜਾਇਜ਼ ਫ਼ਾਇਦਾ ਨਾ ਉਠਾਓ। (7) ਹੋਟਲ ਦੇ ਕਰਮਚਾਰੀਆਂ ਨਾਲ ਪੇਸ਼ ਆਉਂਦੇ ਸਮੇਂ ਹਰ ਵੇਲੇ ਪਰਮੇਸ਼ੁਰੀ ਗੁਣ ਦਿਖਾਓ। ਉੱਥੇ ਹੋਰ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਉਹ ਦੇਖ-ਭਾਲ ਕਰਦੇ ਹਨ। ਉਹ ਕਦਰ ਕਰਨਗੇ ਜੇ ਅਸੀਂ ਪਿਆਰ, ਧੀਰਜ ਤੇ ਸਮਝਦਾਰੀ ਨਾਲ ਪੇਸ਼ ਆਵਾਂਗੇ। (8) ਹੋਟਲਾਂ ਦੀ ਲਿਸਟ ਉੱਤੇ ਦੱਸਿਆ ਕਿਰਾਇਆ ਇਕ ਦਿਨ ਦਾ ਪੂਰਾ ਕਿਰਾਇਆ ਹੈ। ਇਸ ਵਿਚ ਟੈਕਸ ਸ਼ਾਮਲ ਨਹੀਂ ਹੈ। ਜੇ ਤੁਹਾਡੇ ਤੋਂ ਉਨ੍ਹਾਂ ਚੀਜ਼ਾਂ ਦੇ ਪੈਸੇ ਮੰਗੇ ਜਾਂਦੇ ਹਨ ਜੋ ਤੁਸੀਂ ਮੰਗੀਆਂ ਨਹੀਂ ਸਨ ਜਾਂ ਵਰਤੀਆਂ ਨਹੀਂ ਸਨ, ਤਾਂ ਪੈਸੇ ਨਾ ਦਿਓ ਅਤੇ ਜਲਦੀ ਤੋਂ ਜਲਦੀ ਰੂਮਿੰਗ ਡਿਪਾਰਟਮੈਂਟ ਨੂੰ ਸੂਚਨਾ ਦਿਓ। (9) ਜੇ ਤੁਹਾਨੂੰ ਆਪਣੇ ਹੋਟਲ ਦੇ ਕਮਰੇ ਨੂੰ ਲੈ ਕੇ ਕੋਈ ਸਮੱਸਿਆ ਆਉਂਦੀ ਹੈ, ਤਾਂ ਸੰਮੇਲਨ ਦੌਰਾਨ ਰੂਮਿੰਗ ਡਿਪਾਰਟਮੈਂਟ ਨੂੰ ਇਸ ਬਾਰੇ ਜ਼ਰੂਰ ਦੱਸੋ।