ਪਰਮੇਸ਼ੁਰ ਦੀ ਮਹਿਮਾ ਕਰਨ ਲਈ ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲੋ
1. ਇਸ ਸਾਲ ਦੇ ਜ਼ਿਲ੍ਹਾ ਸੰਮੇਲਨ ਦਾ ਜੋ ਵਿਸ਼ਾ ਹੈ, ਉਸ ਦਾ ਯਹੋਵਾਹ ਦੀ ਮਹਿਮਾ ਕਰਨ ਨਾਲ ਕੀ ਸੰਬੰਧ ਹੈ?
1 ਬਾਈਬਲ ਵਿਚ ਕਿਹਾ ਗਿਆ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੇ ਤੇਜ ਯਾਨੀ ਮਹਿਮਾ ਨੂੰ ਲਿਬਾਸ ਵਾਂਗ ਪਹਿਨਿਆ ਹੋਇਆ ਹੈ। (ਜ਼ਬੂ. 104:1) ਯਿਸੂ ਨੇ ਜੋ ਵੀ ਕਿਹਾ ਤੇ ਕੀਤਾ, ਉਸ ਰਾਹੀਂ ਉਸ ਨੇ ਆਪਣੇ ਪਿਤਾ ਅਤੇ ਉਸ ਦੇ ਪ੍ਰਬੰਧਾਂ ਦਾ ਆਦਰ ਕੀਤਾ। (ਯੂਹੰ. 17:4) ਇਸ ਸਾਲ ਦੇ ਜ਼ਿਲ੍ਹਾ ਸੰਮੇਲਨ “ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲੋ” ਵਿਚ ਸਾਨੂੰ ਯਿਸੂ ਦੀ ਨਕਲ ਕਰਦੇ ਹੋਏ ਯਹੋਵਾਹ ਦੀ ਮਹਿਮਾ ਕਰਨ ਦੇ ਕਈ ਮੌਕੇ ਮਿਲਣਗੇ।
2. ਹਰ ਸੈਸ਼ਨ ਵਿਚ ਹਾਜ਼ਰ ਹੋਣ ਦੀ ਤਿਆਰੀ ਕਰ ਕੇ ਅਸੀਂ ਯਹੋਵਾਹ ਦਾ ਕਿਵੇਂ ਆਦਰ ਕਰਦੇ ਹਾਂ?
2 ਸੰਮੇਲਨ ਵਿਚ ਹਾਜ਼ਰ ਹੋ ਕੇ ਪਰਮੇਸ਼ੁਰ ਦੀ ਮਹਿਮਾ ਕਰੋ: ਯਹੋਵਾਹ ਨੇ ਸੰਮੇਲਨ ਵਿਚ ਸਾਡੇ ਲਈ ਅਧਿਆਤਮਿਕ ਦਾਅਵਤ ਦਾ ਇੰਤਜ਼ਾਮ ਕੀਤਾ ਹੈ। ਇਸ ਵਿਚ ਹਾਜ਼ਰ ਹੋ ਕੇ ਅਸੀਂ ਪਰਮੇਸ਼ੁਰ ਦਾ ਆਦਰ ਕਰਾਂਗੇ। ਕੀ ਤੁਸੀਂ ਤਿੰਨੇ ਦਿਨ ਸੰਮੇਲਨ ਵਿਚ ਆਉਣ ਦੇ ਸਾਰੇ ਇੰਤਜ਼ਾਮ ਕਰ ਲਏ ਹਨ ਅਤੇ ਛੁੱਟੀ ਲੈਣ ਬਾਰੇ ਆਪਣੇ ਮਾਲਕ ਨਾਲ ਗੱਲ ਕਰ ਲਈ ਹੈ? ਕੀ ਤੁਸੀਂ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਜਲਦੀ ਆਉਣ ਦਾ ਪ੍ਰਬੰਧ ਕਰ ਲਿਆ ਹੈ ਤਾਂਕਿ ਤੁਸੀਂ ਆਪਣੇ ਲਈ ਸੀਟ ਲੱਭ ਸਕੋ ਅਤੇ ਸ਼ੁਰੂਆਤੀ ਗੀਤ ਤੇ ਪ੍ਰਾਰਥਨਾ ਵੇਲੇ ਹਾਜ਼ਰ ਹੋਵੋ? ਕੀ ਤੁਸੀਂ ਦੁਪਹਿਰ ਦੇ ਖਾਣੇ ਬਾਰੇ ਸੋਚ ਲਿਆ ਹੈ ਤਾਂਕਿ ਤੁਸੀਂ ਸੰਮੇਲਨ ਵਾਲੀ ਜਗ੍ਹਾ ਤੇ ਹੀ ਭੈਣਾਂ-ਭਰਾਵਾਂ ਨਾਲ ਮਿਲ ਕੇ ਖਾਣਾ ਖਾ ਸਕੋ? ਹਰ ਸੈਸ਼ਨ ਵਿਚ ਚੇਅਰਮੈਨ ਸੰਗੀਤ ਸ਼ੁਰੂ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਬੈਠਣ ਲਈ ਕਹੇਗਾ। ਸਾਨੂੰ ਉਸੇ ਵੇਲੇ ਆਪਣੀ ਗੱਲਬਾਤ ਖ਼ਤਮ ਕਰ ਕੇ ਬੈਠ ਜਾਣਾ ਚਾਹੀਦਾ ਹੈ।
3. ਪ੍ਰੋਗ੍ਰਾਮ ਧਿਆਨ ਨਾਲ ਸੁਣਨ ਦੁਆਰਾ ਅਸੀਂ ਯਹੋਵਾਹ ਦਾ ਮਾਣ ਕਿਵੇਂ ਕਰਦੇ ਹਾਂ?
3 ਧਿਆਨ ਨਾਲ ਪ੍ਰੋਗ੍ਰਾਮ ਸੁਣ ਕੇ ਵੀ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ। ਇਕ ਸੰਮੇਲਨ ਵਿਚ ਜਾਣ ਤੋਂ ਬਾਅਦ ਇਕ ਪੱਤਰਕਾਰ ਨੇ ਲਿਖਿਆ ਕਿ ਉਹ “ਹਾਜ਼ਰ ਹੋਏ ਲੋਕਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਸਾਰੇ ਬੜੇ ਧਿਆਨ ਨਾਲ ਤੇ ਦਿਲਚਸਪੀ ਨਾਲ ਪ੍ਰੋਗ੍ਰਾਮ ਸੁਣ ਰਹੇ ਸਨ।” ਉਸ ਨੇ ਬੱਚਿਆਂ ਬਾਰੇ ਕਿਹਾ ਕਿ ‘ਸੰਮੇਲਨ ਵਿਚ ਬਹੁਤ ਸਾਰੇ ਬੱਚੇ ਸਨ। ਹੈਰਾਨੀ ਦੀ ਗੱਲ ਹੈ ਕਿ ਸਾਰੇ ਦੇ ਸਾਰੇ ਚੁੱਪ-ਚਾਪ ਬੈਠੇ ਸਨ ਅਤੇ ਬਾਈਬਲ ਵਿੱਚੋਂ ਆਇਤਾਂ ਪੜ੍ਹ ਰਹੇ ਸਨ।’ ਪ੍ਰੋਗ੍ਰਾਮ ਦੂਜਿਆਂ ਨਾਲ ਗੱਪਾਂ ਮਾਰਨ, ਮੋਬਾਇਲ ਤੇ ਮੈਸੇਜ਼ ਘੱਲਣ, ਖਾਣ-ਪੀਣ ਜਾਂ ਬਾਹਰ ਘੁੰਮਣ-ਫਿਰਨ ਦਾ ਸਮਾਂ ਨਹੀਂ ਹੈ। ਬੱਚਿਆਂ ਨੂੰ ਆਪਣੇ ਮਾਂ-ਬਾਪ ਨਾਲ ਬੈਠਣਾ ਚਾਹੀਦਾ ਹੈ ਤਾਂਕਿ ਮਾਪੇ ਪ੍ਰੋਗ੍ਰਾਮ ਤੋਂ ਫ਼ਾਇਦਾ ਲੈਣ ਵਿਚ ਉਨ੍ਹਾਂ ਦੀ ਮਦਦ ਕਰ ਸਕਣ। (ਬਿਵ. 31:12; ਕਹਾ. 29:15) ਇਹ ਸਭ ਕਰ ਕੇ ਅਸੀਂ ਦੂਸਰਿਆਂ ਦਾ ਆਦਰ ਕਰਾਂਗੇ ਅਤੇ ਅਧਿਆਤਮਿਕ ਪ੍ਰੋਗ੍ਰਾਮ ਦੀ ਕਦਰ ਕਰਾਂਗੇ।
4. ਸਾਨੂੰ ਆਪਣੇ ਪਹਿਰਾਵੇ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ?
4 ਪਹਿਰਾਵਾ: ਪਿਛਲੇ ਸਾਲ ਦੇ ਜ਼ਿਲ੍ਹਾ ਸੰਮੇਲਨ ਵਿਚ “ਹਰ ਵਕਤ ਅਦਬ ਨਾਲ ਪੇਸ਼ ਆਓ” ਨਾਂ ਦਾ ਭਾਸ਼ਣ ਦਿੱਤਾ ਗਿਆ ਸੀ। ਇਸ ਭਾਸ਼ਣ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਕਿ ਪਰਮੇਸ਼ੁਰ ਦੇ ਸੇਵਕਾਂ ਦਾ ਪਹਿਰਾਵਾ ਤੇ ਹਾਰ-ਸ਼ਿੰਗਾਰ ਅਦਬ ਵਾਲਾ ਹੋਣਾ ਚਾਹੀਦਾ ਹੈ। ਬਹੁਤ ਸਾਰੇ ਭੈਣ-ਭਰਾਵਾਂ ਨੂੰ ਇਹ ਭਾਸ਼ਣ ਬਹੁਤ ਹੀ ਚੰਗਾ ਲੱਗਾ। ਇਸ ਸਾਲ ਵੀ ਅਸੀਂ ਆਪਣੇ ਪਹਿਰਾਵੇ ਵੱਲ ਪੂਰਾ ਧਿਆਨ ਦੇਵਾਂਗੇ। ਸਾਡੇ ਪਹਿਰਾਵੇ ਤੋਂ ਨਜ਼ਰ ਆਉਣਾ ਚਾਹੀਦਾ ਹੈ ਕਿ ਸਾਡੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਤੇ ਆਦਰ ਹੈ ਅਤੇ ਅਸੀਂ ਉਸ ਦੇ ਗਵਾਹ ਹੋਣ ਦੇ ਸਨਮਾਨ ਦੀ ਕਦਰ ਕਰਦੇ ਹਾਂ। ਸਾਡਾ ਪਹਿਰਾਵਾ ਹਮੇਸ਼ਾ ਅਜਿਹਾ ਹੋਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੀ ਭਗਤੀ ਕਰਨ ਵਾਲਿਆਂ ਨੂੰ ਫੱਬਦਾ ਹੋਵੇ।—1 ਤਿਮੋ. 2:9, 10.
5. ਸੰਮੇਲਨ ਵਾਲੇ ਸ਼ਹਿਰ ਵਿਚ ਪ੍ਰੋਗ੍ਰਾਮ ਤੋਂ ਬਾਅਦ ਵੀ ਅਸੀਂ ਆਪਣਾ ਪਹਿਰਾਵਾ ਸੁਚੱਜਾ ਕਿਵੇਂ ਰੱਖ ਸਕਦੇ ਹਾਂ?
5 ਕੀ ਸਾਨੂੰ ਸਿਰਫ਼ ਪ੍ਰੋਗ੍ਰਾਮ ਵੇਲੇ ਹੀ ਆਪਣੇ ਪਹਿਰਾਵੇ ਵੱਲ ਧਿਆਨ ਦੇਣਾ ਚਾਹੀਦਾ ਹੈ? ਯਾਦ ਰੱਖੋ ਕਿ ਸੰਮੇਲਨ ਵਾਲੇ ਸ਼ਹਿਰ ਵਿਚ ਬਹੁਤ ਸਾਰੇ ਲੋਕ ਸਾਡੇ ਸੰਮੇਲਨ ਬੈਜਾਂ ਨੂੰ ਦੇਖਣਗੇ। ਇਸ ਲਈ, ਦੁਨੀਆਂ ਦੇ ਬੇਢੰਗੇ ਲਿਬਾਸਾਂ ਤੋਂ ਉਲਟ ਸਾਡਾ ਪਹਿਰਾਵਾ ਸੁਚੱਜਾ ਹੋਣਾ ਚਾਹੀਦਾ ਹੈ। ਇਸ ਕਰਕੇ ਪ੍ਰੋਗ੍ਰਾਮ ਤੋਂ ਬਾਅਦ ਕਿਤੇ ਘੁੰਮਣ-ਫਿਰਨ ਜਾਂ ਖਾਣਾ ਖਾਣ ਸਮੇਂ ਸਾਨੂੰ ਪਰਮੇਸ਼ੁਰ ਦੇ ਸੇਵਕਾਂ ਨੂੰ ਫੱਬਦੇ ਕੱਪੜੇ ਪਾਉਣੇ ਚਾਹੀਦੇ ਹਨ। ਸਾਨੂੰ ਜੀਨਸ, ਨਿੱਕਰਾਂ ਜਾਂ ਟੀ-ਸ਼ਰਟਾਂ ਨਹੀਂ ਪਾਉਣੀਆਂ ਚਾਹੀਦੀਆਂ। ਜਦੋਂ ਸਾਡਾ ਸੁਚੱਜਾ ਪਹਿਰਾਵਾ ਲੋਕਾਂ ਨੂੰ ਚੰਗੀ ਗਵਾਹੀ ਦੇਵੇਗਾ, ਤਾਂ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੋਵੇਗੀ।
6. ਅਦਬ ਨਾਲ ਪੇਸ਼ ਆਉਣ ਦੇ ਕਿਹੜੇ ਚੰਗੇ ਨਤੀਜੇ ਨਿਕਲਣਗੇ?
6 ਚੰਗੇ ਨਤੀਜੇ: ਸੰਮੇਲਨਾਂ ਵਿਚ ਅਦਬ ਨਾਲ ਪੇਸ਼ ਆਉਣ ਨਾਲ ਗਵਾਹੀ ਦੇਣ ਦੇ ਚੰਗੇ ਮੌਕੇ ਮਿਲਦੇ ਹਨ ਅਤੇ ਦੇਖਣ ਵਾਲਿਆਂ ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਕ ਸੰਮੇਲਨ ਤੋਂ ਬਾਅਦ ਸੰਮੇਲਨ ਹਾਲ ਦੇ ਇਕ ਅਧਿਕਾਰੀ ਨੇ ਕਿਹਾ: “ਅਸੀਂ ਇਸ ਤਰ੍ਹਾਂ ਦਾ ਚੰਗਾ ਵਰਤਾਉ ਕਰਨ ਵਾਲੇ ਲੋਕ ਕਦੇ ਵੀ ਨਹੀਂ ਵੇਖੇ। ਤੁਹਾਡਾ ਆਚਰਣ ਅਜਿਹਾ ਹੈ ਜਿਸ ਦੀ ਪਰਮੇਸ਼ੁਰ ਸਾਡੇ ਤੋਂ ਆਸ ਰੱਖਦਾ ਹੈ।” ਅਦਬ ਨਾਲ ਪੇਸ਼ ਆਉਣ ਨਾਲ ਅਸੀਂ ਦੂਸਰਿਆਂ ਪ੍ਰਤੀ ਆਦਰ ਅਤੇ ਪਿਆਰ ਦਾ ਸਬੂਤ ਦਿੰਦੇ ਹਾਂ ਅਤੇ ਯਹੋਵਾਹ ਦੀ ਮਹਿਮਾ ਕਰਦੇ ਹਾਂ। (1 ਪਤ. 2:12) ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਅੰਦਰ ਪਰਮੇਸ਼ੁਰ ਦਾ ਭੈ ਹੈ ਅਤੇ ਅਸੀਂ ਆਪਣੇ ਪਿਤਾ ਤੋਂ ਸਿੱਖਿਆ ਪ੍ਰਾਪਤ ਕਰਨ ਦੇ ਸਨਮਾਨ ਦੀ ਕਦਰ ਕਰਦੇ ਹਾਂ। (ਇਬ. 12:28) ਆਓ ਆਪਾਂ ਸਾਰੇ “ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲੋ” ਜ਼ਿਲ੍ਹਾ ਸੰਮੇਲਨ ਵਿਚ ਅਦਬ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕਰੀਏ।
[ਸਫ਼ੇ 5 ਉੱਤੇ ਡੱਬੀ]
ਜ਼ਿਲ੍ਹਾ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ
◼ ਪ੍ਰੋਗ੍ਰਾਮ ਦਾ ਸਮਾਂ: ਤਿੰਨੇ ਦਿਨ ਪ੍ਰੋਗ੍ਰਾਮ ਸਵੇਰੇ 9:20 ਤੇ ਸ਼ੁਰੂ ਹੋਵੇਗਾ। ਹਾਲ ਦੇ ਦਰਵਾਜ਼ੇ 8:00 ਵਜੇ ਖੋਲ੍ਹੇ ਜਾਣਗੇ। ਸੈਸ਼ਨ ਸ਼ੁਰੂ ਹੋਣ ਤੇ ਜਦੋਂ ਸੰਗੀਤ ਚਲਾਇਆ ਜਾਵੇਗਾ, ਉਸ ਵੇਲੇ ਸਾਨੂੰ ਸਾਰਿਆਂ ਨੂੰ ਆਪਣੀਆਂ ਸੀਟਾਂ ਤੇ ਬੈਠ ਜਾਣਾ ਚਾਹੀਦਾ ਹੈ ਤਾਂਕਿ ਪ੍ਰੋਗ੍ਰਾਮ ਆਦਰਯੋਗ ਤਰੀਕੇ ਨਾਲ ਸ਼ੁਰੂ ਹੋ ਸਕੇ। ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਪ੍ਰੋਗ੍ਰਾਮ ਸ਼ਾਮੀਂ 5:05 ਤੇ ਅਤੇ ਐਤਵਾਰ ਨੂੰ ਸ਼ਾਮ 4:10 ਤੇ ਖ਼ਤਮ ਹੋਵੇਗਾ।
◼ ਪਾਰਕਿੰਗ: ਕਈ ਸੰਮੇਲਨ ਥਾਵਾਂ ਤੇ ਪਾਰਕਿੰਗ ਦੀ ਜਗ੍ਹਾ ਹੈ ਜਿੱਥੇ ਮੁਫ਼ਤ ਵਿਚ ਗੱਡੀਆਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ। ਪਹਿਲਾਂ ਆਉਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਭੈਣ-ਭਰਾਵਾਂ ਦੇ ਬੈਜ ਕਾਰਡਾਂ ਤੋਂ ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਗੱਡੀ ਖੜ੍ਹੀ ਕਰਨ ਦੀ ਥਾਂ ਦਿੱਤੀ ਜਾਵੇਗੀ। ਪਾਰਕਿੰਗ ਦੀ ਥੋੜ੍ਹੀ ਜਗ੍ਹਾ ਅਪਾਹਜਾਂ ਵਾਸਤੇ ਰਾਖਵੀਂ ਰੱਖੀ ਜਾਵੇਗੀ ਜਿੱਥੇ ਸਿਰਫ਼ ਅਪਾਹਜਾਂ ਨੂੰ ਹੀ ਆਪਣੀਆਂ ਗੱਡੀਆਂ ਖੜ੍ਹੀਆਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਪਾਰਕਿੰਗ ਦੀ ਥਾਂ ਘੱਟ ਹੋਣ ਕਰਕੇ ਚੰਗਾ ਹੋਵੇਗਾ ਜੇ ਕੁਝ ਭੈਣ-ਭਰਾ ਮਿਲ ਕੇ ਇਕ ਕਾਰ ਵਿਚ ਆਉਣ, ਇਸ ਦੀ ਬਜਾਇ ਕਿ ਹਰ ਜਣਾ ਆਪਣੀ ਕਾਰ ਲੈ ਕੇ ਆਵੇ।
◼ ਸੀਟਾਂ: ਕੇਵਲ ਆਪਣੇ ਘਰਦਿਆਂ ਲਈ ਜਾਂ ਤੁਹਾਡੇ ਨਾਲ ਇੱਕੋ ਕਾਰ ਵਿਚ ਆਉਣ ਵਾਲਿਆਂ ਲਈ ਹੀ ਸੀਟਾਂ ਰੱਖੋ।
◼ ਦੁਪਹਿਰ ਦਾ ਖਾਣਾ: ਬਾਹਰ ਜਾ ਕੇ ਖਾਣ ਦੀ ਬਜਾਇ, ਕਿਰਪਾ ਕਰ ਕੇ ਖਾਣਾ ਨਾਲ ਲੈ ਕੇ ਆਓ। ਤੁਸੀਂ ਖਾਣੇ ਦੇ ਡੱਬੇ ਲਿਆ ਸਕਦੇ ਹੋ ਜੋ ਸੀਟ ਥੱਲੇ ਫਿੱਟ ਹੋ ਸਕਣ। ਹਾਲ ਵਿਚ ਖਾਣੇ ਦੇ ਵੱਡੇ-ਵੱਡੇ ਡੱਬੇ, ਕੱਚ ਦੀਆਂ ਬੋਤਲਾਂ ਅਤੇ ਸ਼ਰਾਬ ਲਿਆਉਣ ਦੀ ਇਜਾਜ਼ਤ ਨਹੀਂ ਹੈ।
◼ ਦਾਨ: ਜ਼ਿਲ੍ਹਾ ਸੰਮੇਲਨ ਦੇ ਇੰਤਜ਼ਾਮਾਂ ਤੇ ਕਾਫ਼ੀ ਖ਼ਰਚਾ ਆਉਂਦਾ ਹੈ। ਕਿੰਗਡਮ ਹਾਲ ਜਾਂ ਸੰਮੇਲਨ ਵਿਚ ਆਪਣੀ ਖ਼ੁਸ਼ੀ ਨਾਲ ਦਾਨ ਦੇ ਕੇ ਅਸੀਂ ਸੰਮੇਲਨਾਂ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰ ਸਕਦੇ ਹਾਂ। ਜੇ ਸੰਮੇਲਨ ਵਿਚ ਤੁਸੀਂ ਚੈੱਕ ਰਾਹੀਂ ਦਾਨ ਦੇਣਾ ਚਾਹੁੰਦੇ ਹੋ, ਤਾਂ Watch Tower ਦੇ ਨਾਂ ਤੇ ਚੈੱਕ ਬਣਾਓ।
◼ ਦੁਰਘਟਨਾ ਤੇ ਐਮਰਜੈਂਸੀ: ਇਸ ਵਿਭਾਗ ਦੇ ਭੈਣ-ਭਰਾਵਾਂ ਨੇ ਦੱਸਿਆ ਹੈ ਕਿ ਕਈ ਛੋਟੀ-ਮੋਟੀ ਗੱਲ ਲਈ ਉਨ੍ਹਾਂ ਦੇ ਮੋਬਾਇਲ ਤੇ ਫ਼ੋਨ ਕਰਦੇ ਹਨ। ਜੇ ਹਾਲ ਵਿਚ ਕੋਈ ਦੁਰਘਟਨਾ ਵਾਪਰ ਜਾਂਦੀ ਹੈ, ਤਾਂ ਕਿਸੇ ਅਟੈਂਡੰਟ ਨੂੰ ਬੁਲਾਓ ਜੋ ਤੁਰੰਤ ਫਸਟ ਏਡ ਵਿਭਾਗ ਨੂੰ ਸੂਚਿਤ ਕਰੇਗਾ। ਹਾਲ ਵਿਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਕਾਬਲ ਭੈਣ-ਭਰਾ ਮੌਜੂਦ ਹੋਣਗੇ। ਲੋੜ ਪੈਣ ਤੇ ਫਸਟ-ਏਡ ਦੇਣ ਵਾਲਾ ਵਿਅਕਤੀ 102 ਨੰਬਰ ਤੇ ਫ਼ੋਨ ਕਰ ਸਕਦਾ ਹੈ।
◼ ਬੋਲ਼ਿਆਂ ਲਈ ਇੰਤਜ਼ਾਮ: ਬੰਗਲੌਰ ਵਿਚ ਅੰਗ੍ਰੇਜ਼ੀ ਸੰਮੇਲਨ ਵਿਚ ਅਮਰੀਕੀ ਸੈਨਤ ਭਾਸ਼ਾ ਦੇ ਸੈਸ਼ਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
◼ ਰਿਕਾਰਡਿੰਗ: ਹਾਲ ਦੇ ਇਲੈਕਟ੍ਰਿਕ ਜਾਂ ਸਾਊਂਡ ਸਿਸਟਮ ਨਾਲ ਕਿਸੇ ਵੀ ਪ੍ਰਕਾਰ ਦਾ ਰਿਕਾਰਡਰ ਨਾ ਲਾਓ। ਧਿਆਨ ਰੱਖੋ ਕਿ ਪ੍ਰੋਗ੍ਰਾਮ ਰਿਕਾਰਡ ਕਰਨ ਵੇਲੇ ਦੂਸਰਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
◼ ਪਰਫਿਊਮ: ਕੁਝ ਸੰਮੇਲਨ ਬੰਦ ਹਾਲਾਂ ਵਿਚ ਹੁੰਦੇ ਹਨ ਜਿੱਥੇ ਏ. ਸੀ. ਲੱਗੇ ਹੁੰਦੇ ਹਨ। ਇਸ ਲਈ ਚੰਗਾ ਹੋਵੇਗਾ ਜੇ ਅਸੀਂ ਸਟ੍ਰਾਂਗ ਸੈਂਟ ਦੀ ਘੱਟ ਵਰਤੋਂ ਕਰੀਏ ਕਿਉਂਕਿ ਇਸ ਨਾਲ ਉਨ੍ਹਾਂ ਭੈਣਾਂ-ਭਰਾਵਾਂ ਨੂੰ ਦਿੱਕਤ ਹੋਵੇਗੀ ਜੋ ਸਾਹ ਦੀਆਂ ਬੀਮਾਰੀਆਂ ਤੋਂ ਪੀੜਿਤ ਹਨ।—1 ਕੁਰਿੰ. 10:24.
◼ “ਇਨ੍ਹਾਂ ਨੂੰ ਮਿਲੋ” ਫਾਰਮ: ਜਦੋਂ ਅਸੀਂ ਸੰਮੇਲਨ ਵਾਲੇ ਸ਼ਹਿਰ ਵਿਚ ਕਿਸੇ ਨੂੰ ਗਵਾਹੀ ਦਿੰਦੇ ਹਾਂ ਅਤੇ ਉਹ ਵਿਅਕਤੀ ਹੋਰ ਜਾਣਨ ਵਿਚ ਦਿਲਚਸਪੀ ਰੱਖਦਾ ਹੈ, ਤਾਂ ਸਾਨੂੰ “ਇਨ੍ਹਾਂ ਨੂੰ ਮਿਲੋ” (Please Follow Up [S-43]) ਫਾਰਮ ਭਰਨਾ ਚਾਹੀਦਾ ਹੈ। ਪ੍ਰਕਾਸ਼ਕਾਂ ਨੂੰ ਸੰਮੇਲਨ ਵਿਚ ਆਪਣੇ ਨਾਲ ਇਕ-ਦੋ ਫਾਰਮ ਲਿਆਉਣੇ ਚਾਹੀਦੇ ਹਨ। ਇਹ ਫਾਰਮ ਸੰਮੇਲਨ ਦੇ ਬੁੱਕ ਰੂਮ ਵਿਭਾਗ ਵਿਚ ਵੀ ਉਪਲਬਧ ਹੋਣਗੇ। ਫਾਰਮ ਭਰ ਕੇ ਬੁੱਕ ਰੂਮ ਵਿਭਾਗ ਨੂੰ ਦਿੱਤੇ ਜਾ ਸਕਦੇ ਹਨ ਜਾਂ ਸੰਮੇਲਨ ਤੋਂ ਵਾਪਸ ਜਾ ਕੇ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਦਿੱਤੇ ਜਾ ਸਕਦੇ ਹਨ।—ਫਰਵਰੀ 2005, ਸਾਡੀ ਰਾਜ ਸੇਵਕਾਈ, ਸਫ਼ਾ 6 ਦੇਖੋ।
◼ ਰੈਸਤੋਰਾਂ: ਕਈ ਥਾਵਾਂ ਤੇ ਗਾਹਕਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਸਰਵਿਸ ਦੇ ਹਿਸਾਬ ਨਾਲ ਵੇਟਰਾਂ ਨੂੰ 10 ਤੋਂ 15 ਪ੍ਰਤਿਸ਼ਤ ਟਿੱਪ ਦੇਣ।
◼ ਹੋਟਲ: (1) ਜਿੰਨੇ ਕਮਰੇ ਤੁਹਾਨੂੰ ਚਾਹੀਦੇ ਹਨ, ਉਸ ਤੋਂ ਜ਼ਿਆਦਾ ਬੁੱਕ ਨਾ ਕਰੋ ਅਤੇ ਜਿੰਨੇ ਵਿਅਕਤੀਆਂ ਨੂੰ ਇਕ ਕਮਰੇ ਵਿਚ ਰਹਿਣ ਦੀ ਇਜਾਜ਼ਤ ਹੈ, ਉਸ ਤੋਂ ਜ਼ਿਆਦਾ ਵਿਅਕਤੀ ਨਾ ਰਹਿਣ। (2) ਜੇ ਜਾਇਜ਼ ਕਾਰਨਾਂ ਕਰਕੇ ਕਮਰਾ ਕੈਂਸਲ ਕਰਨਾ ਪਵੇ, ਤਾਂ ਹੋਟਲ ਵਾਲਿਆਂ ਨੂੰ ਤੁਰੰਤ ਦੱਸ ਦਿਓ। (3) ਉਦੋਂ ਹੀ ਸਾਮਾਨ ਢੋਣ ਵਾਲੀ ਟ੍ਰਾਲੀ ਲਓ ਜਦੋਂ ਤੁਸੀਂ ਸਾਮਾਨ ਲੈ ਜਾਣ ਲਈ ਤਿਆਰ ਹੁੰਦੇ ਹੋ ਅਤੇ ਇਸਤੇਮਾਲ ਕਰਨ ਤੋਂ ਬਾਅਦ ਤੁਰੰਤ ਵਾਪਸ ਕਰ ਦਿਓ ਤਾਂਕਿ ਦੂਸਰੇ ਇਸਤੇਮਾਲ ਕਰ ਸਕਣ। (4) ਜੇ ਹੋਟਲ ਦੇ ਕਮਰੇ ਵਿਚ ਖਾਣਾ ਪਕਾਉਣ ਦੀ ਇਜਾਜ਼ਤ ਨਹੀਂ ਹੈ, ਤਾਂ ਖਾਣਾ ਨਾ ਪਕਾਓ। (5) ਕਮਰਾ ਸਾਫ਼ ਕਰਨ ਵਾਲੇ ਕਰਮਚਾਰੀ ਨੂੰ ਰੋਜ਼ ਟਿੱਪ ਦਿਓ। (6) ਹੋਟਲ ਵਿਚ ਰਹਿੰਦਿਆਂ ਜੇ ਹੋਟਲ ਵਾਲੇ ਮੁਫ਼ਤ ਵਿਚ ਸਵੇਰ ਦਾ ਨਾਸ਼ਤਾ, ਚਾਹ-ਕੌਫ਼ੀ ਜਾਂ ਬਰਫ਼ ਦਿੰਦੇ ਹਨ, ਤਾਂ ਇਨ੍ਹਾਂ ਚੀਜ਼ਾਂ ਦਾ ਨਾਜਾਇਜ਼ ਫ਼ਾਇਦਾ ਨਾ ਉਠਾਓ। (7) ਹੋਟਲ ਦੇ ਕਰਮਚਾਰੀਆਂ ਨਾਲ ਪੇਸ਼ ਆਉਂਦੇ ਸਮੇਂ ਆਤਮਾ ਦੇ ਫਲ ਦਿਖਾਓ। (8) ਹੋਟਲਾਂ ਵਗੈਰਾ ਦੀ ਲਿਸਟ ਉੱਤੇ ਦੱਸਿਆ ਕਿਰਾਇਆ ਇਕ ਦਿਨ ਦਾ ਪੂਰਾ ਕਿਰਾਇਆ ਹੈ। ਇਸ ਵਿਚ ਟੈਕਸ ਸ਼ਾਮਲ ਨਹੀਂ ਹੈ। ਜੇ ਤੁਹਾਡੇ ਤੋਂ ਉਨ੍ਹਾਂ ਚੀਜ਼ਾਂ ਦੇ ਪੈਸੇ ਮੰਗੇ ਜਾਂਦੇ ਹਨ ਜੋ ਤੁਸੀਂ ਮੰਗੀਆਂ ਨਹੀਂ ਸਨ ਜਾਂ ਵਰਤੀਆਂ ਨਹੀਂ ਸਨ, ਤਾਂ ਪੈਸੇ ਨਾ ਦਿਓ ਅਤੇ ਜਲਦੀ ਤੋਂ ਜਲਦੀ ਰੂਮਿੰਗ ਡਿਪਾਰਟਮੈਂਟ ਨੂੰ ਸੂਚਨਾ ਦਿਓ। (9) ਜੇ ਤੁਹਾਨੂੰ ਆਪਣੇ ਹੋਟਲ ਦੇ ਕਮਰੇ ਨੂੰ ਲੈ ਕੇ ਕੋਈ ਸਮੱਸਿਆ ਆਉਂਦੀ ਹੈ, ਤਾਂ ਸੰਮੇਲਨ ਦੌਰਾਨ ਰੂਮਿੰਗ ਡਿਪਾਰਟਮੈਂਟ ਨੂੰ ਇਸ ਬਾਰੇ ਜ਼ਰੂਰ ਦੱਸੋ।