ਯਹੋਵਾਹ ਵੱਲੋਂ ਤਿੰਨ ਦਿਨਾਂ ਲਈ ਬਰਕਤਾਂ
1. ਸਾਨੂੰ ਇਸ ਸਾਲ ਦੇ ਜ਼ਿਲ੍ਹਾ ਸੰਮੇਲਨ ਤੋਂ ਕੀ ਫ਼ਾਇਦਾ ਹੋਵੇਗਾ?
1 ਸ਼ਤਾਨ ਦੀ ਇਸ ਵਿਰਾਨ ਦੁਨੀਆਂ ਵਿਚ ਯਹੋਵਾਹ ਆਪਣੇ ਭਗਤਾਂ ਨੂੰ ਤਾਜ਼ਗੀ ਦਿੰਦਾ ਰਹਿੰਦਾ ਹੈ। (ਯਸਾ. 58:11) ਜ਼ਿਲ੍ਹਾ ਸੰਮੇਲਨ ਇਕ ਅਜਿਹਾ ਜ਼ਰੀਆ ਹੈ ਜਿਸ ਰਾਹੀਂ ਯਹੋਵਾਹ ਸਾਨੂੰ ਤਰੋਤਾਜ਼ਾ ਕਰਦਾ ਹੈ। ਇਸ ਸਾਲ ਦਾ ਸੰਮੇਲਨ ਹੁਣ ਲਾਗੇ ਹੀ ਹੈ। ਸੋ ਅਸੀਂ ਯਹੋਵਾਹ ਦੀ ਬਰਕਤ ਪਾਉਣ ਲਈ ਕਿਵੇਂ ਤਿਆਰੀ ਕਰ ਸਕਦੇ ਹਾਂ?—ਕਹਾ. 21:5.
2. ਸੰਮੇਲਨ ʼਤੇ ਜਾਣ ਲਈ ਸਾਡੀਆਂ ਕਿਹੜੀਆਂ ਤਿਆਰੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ?
2 ਆਪਣੇ ਮਾਲਕ ਨਾਲ ਗੱਲ ਕਰੋ ਤਾਂਕਿ ਤੁਸੀਂ ਸੰਮੇਲਨ ਦੇ ਤਿੰਨੇ ਦਿਨ ਹਾਜ਼ਰ ਹੋਣ ਲਈ ਆਪਣੀ ਨੌਕਰੀ ਤੋਂ ਛੁੱਟੀ ਲੈ ਸਕੋ। ਕੀ ਤੁਹਾਨੂੰ ਪਤਾ ਹੈ ਕਿ ਸੰਮੇਲਨ ʼਤੇ ਪਹੁੰਚਣ ਲਈ ਕਿੰਨਾ ਸਮਾਂ ਲੱਗੇਗਾ ਤਾਂਕਿ ਤੁਸੀਂ ਰੋਜ਼ ਸੰਮੇਲਨ ਦੇ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਸੀਟਾਂ ਲੱਭ ਸਕੋ? ਅਸੀਂ ਯਹੋਵਾਹ ਵੱਲੋਂ ਤਿਆਰ ਕੀਤੇ ਗਏ ਪ੍ਰੋਗ੍ਰਾਮ ਦਾ ਪੂਰਾ ਫ਼ਾਇਦਾ ਉਠਾਉਣਾ ਚਾਹੁੰਦੇ ਹਾਂ। (ਯਸਾ. 65:13, 14) ਕੀ ਤੁਸੀਂ ਆਉਣ-ਜਾਣ ਅਤੇ ਰਹਿਣ ਦੇ ਆਪਣੇ ਸਾਰੇ ਇੰਤਜ਼ਾਮ ਕਰ ਲਏ ਹਨ?
3. ਸਾਨੂੰ ਤੇ ਸਾਡੇ ਪਰਿਵਾਰ ਨੂੰ ਪ੍ਰੋਗ੍ਰਾਮ ਤੋਂ ਪੂਰਾ ਫ਼ਾਇਦਾ ਕਿਵੇਂ ਹੋ ਸਕਦਾ ਹੈ?
3 ਅਸੀਂ ਪ੍ਰੋਗ੍ਰਾਮ ʼਤੇ ਆਪਣਾ ਪੂਰਾ ਧਿਆਨ ਕਿੱਦਾਂ ਲਗਾ ਸਕਦੇ ਹਾਂ? ਜੇ ਹੋ ਸਕੇ, ਤਾਂ ਸੰਮੇਲਨ ਦੌਰਾਨ ਸ਼ਾਮ ਨੂੰ ਸਮੇਂ ਸਿਰ ਸੌਂਵੋ। ਸਪੀਕਰ ਉੱਤੇ ਆਪਣੀਆਂ ਨਜ਼ਰਾਂ ਟਿਕਾਈ ਰੱਖੋ। ਆਪਣੀ ਬਾਈਬਲ ਵਿੱਚੋਂ ਹਰ ਹਵਾਲਾ ਪੜ੍ਹੋ। ਨੋਟ ਲਿਖੋ। ਪਰਿਵਾਰਾਂ ਨੂੰ ਇਕੱਠੇ ਬੈਠਣਾ ਚਾਹੀਦਾ ਹੈ ਤਾਂਕਿ ਮਾਪੇ ਦੇਖ ਸਕਣ ਕਿ ਬੱਚੇ ਧਿਆਨ ਨਾਲ ਸੁਣ ਰਹੇ ਹਨ ਜਾਂ ਨਹੀਂ। (ਕਹਾ. 29:15) ਸ਼ਾਮ ਨੂੰ ਪ੍ਰੋਗ੍ਰਾਮ ਦੀਆਂ ਮੁੱਖ ਗੱਲਾਂ ਬਾਰੇ ਇਕ-ਦੂਜੇ ਨਾਲ ਗੱਲਾਂ-ਬਾਤਾਂ ਕਰੋ। ਕਿਉਂ ਨਾ ਆਪਣੀ ਪਰਿਵਾਰਕ ਸਟੱਡੀ ਦੀ ਸ਼ਾਮ ਨੂੰ ਸੰਮੇਲਨ ਦੀਆਂ ਕੁਝ ਖ਼ਾਸ ਗੱਲਾਂ ਦੀ ਚਰਚਾ ਕਰੋ ਜੋ ਤੁਸੀਂ ਪਰਿਵਾਰ ਵਜੋਂ ਲਾਗੂ ਕਰਨਾ ਚਾਹੁੰਦੇ ਹੋ?
4. ਅਸੀਂ ਕਲੀਸਿਯਾ ਵਿਚ ਦੂਸਰਿਆਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ?
4 ਤਾਜ਼ਗੀ ਪਾਉਣ ਵਿਚ ਦੂਸਰਿਆਂ ਦੀ ਮਦਦ ਕਰੋ: ਅਸੀਂ ਚਾਹੁੰਦੇ ਹਾਂ ਕਿ ਦੂਸਰਿਆਂ ਨੂੰ ਵੀ ਯਹੋਵਾਹ ਵੱਲੋਂ ਬਰਕਤਾਂ ਮਿਲਣ। ਕਲੀਸਿਯਾ ਵਿਚ ਕੀ ਕੋਈ ਬਜ਼ੁਰਗ ਪਬਲੀਸ਼ਰ ਜਾਂ ਹੋਰ ਭੈਣ-ਭਰਾ ਹਨ ਜਿਨ੍ਹਾਂ ਨੂੰ ਸੰਮੇਲਨ ʼਤੇ ਪਹੁੰਚਣ ਵਿਚ ਮਦਦ ਚਾਹੀਦੀ ਹੈ? ਕੀ ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ? (1 ਯੂਹੰ. 3:17, 18) ਬਜ਼ੁਰਗਾਂ, ਖ਼ਾਸ ਤੌਰ ਤੇ ਗਰੁੱਪ ਓਵਰਸੀਅਰਾਂ, ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਪਬਲੀਸ਼ਰਾਂ ਨੂੰ ਲੋੜੀਂਦੀ ਮਦਦ ਮਿਲ ਸਕੇ।
5. ਅਸੀਂ ਸੰਮੇਲਨ ʼਤੇ ਸੱਦਾ-ਪੱਤਰ ਕਿੱਦਾਂ ਵੰਡਾਂਗੇ? (ਸਫ਼ਾ 5 ʼਤੇ ਡੱਬੀ ਵੀ ਦੇਖੋ।)
5 ਸੰਮੇਲਨ ਸ਼ੁਰੂ ਹੋਣ ਤੋਂ ਤਿੰਨ ਹਫ਼ਤੇ ਪਹਿਲਾਂ ਅਸੀਂ ਲੋਕਾਂ ਨੂੰ ਸੱਦਾ ਦੇਣ ਦੀ ਮੁਹਿੰਮ ਵਿਚ ਪਹਿਲਾਂ ਵਾਂਗ ਹਿੱਸਾ ਲਵਾਂਗੇ। ਕਲੀਸਿਯਾਵਾਂ ਨੂੰ ਸਾਰੇ ਸੱਦਾ-ਪੱਤਰ ਵੰਡਣ ਅਤੇ ਜਿੰਨੇ ਲੋਕਾਂ ਨੂੰ ਹੋ ਸਕੇ ਬੁਲਾਉਣ ਦਾ ਟੀਚਾ ਰੱਖਣਾ ਚਾਹੀਦਾ ਹੈ। ਜਿਨ੍ਹਾਂ ਇਲਾਕਿਆਂ ਵਿਚ ਲੋਕ ਸਾਡਾ ਵਿਰੋਧ ਕਰਦੇ ਹਨ, ਉੱਥੇ ਘਰ-ਮਾਲਕ ਨੂੰ ਸੱਦਾ-ਪੱਤਰ ਦੇਣ ਤੋਂ ਪਹਿਲਾਂ ਪਤਾ ਕਰੋ ਕਿ ਉਸ ਦਾ ਰਵੱਈਏ ਕਿਹੋ ਜਿਹਾ ਹੈ। ਮੁਹਿੰਮ ਦੇ ਮਗਰੋਂ ਬਚੇ ਹੋਏ ਸੱਦਾ-ਪੱਤਰਾਂ ਨੂੰ ਸੰਮੇਲਨ ʼਤੇ ਲੈ ਆਓ ਤਾਂਕਿ ਮੌਕਾ ਮਿਲਣ ਤੇ ਤੁਸੀਂ ਹੋਰਨਾਂ ਲੋਕਾਂ ਨੂੰ ਦੇ ਸਕੋ। ਸ਼ੁੱਕਰਵਾਰ ਦੇ ਪ੍ਰੋਗ੍ਰਾਮ ਵਿਚ ਇਸ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇਗੀ। ਸੰਮੇਲਨ ʼਤੇ ਪਹੁੰਚ ਕੇ ਵਾਧੂ ਸੱਦਾ-ਪੱਤਰ ਕਿਸੇ ਅਟੈਂਡੈਂਟ ਨੂੰ ਦੇ ਦਿਓ। ਆਪਣੇ ਲਈ ਇਕ ਕਾਪੀ ਰੱਖੋ ਕਿਉਂਕਿ ਐਤਵਾਰ ਦੇ ਆਖ਼ਰੀ ਭਾਸ਼ਣ ਦੌਰਾਨ ਇਸ ਦੀ ਜ਼ਰੂਰਤ ਪਵੇਗੀ।
6. ਅਸੀਂ ਸੰਮੇਲਨ ʼਤੇ ਕਿਨ੍ਹਾਂ ਤਰੀਕਿਆਂ ਨਾਲ ਚੰਗਾ ਚਾਲ-ਚਲਣ ਦਿਖਾ ਸਕਦੇ ਹਾਂ?
6 ਚੰਗਾ ਚਾਲ-ਚਲਣ ਤਰੋਤਾਜ਼ਾ ਕਰਦਾ ਹੈ: ਭਾਵੇਂ ਕਈ ਲੋਕ “ਆਪ ਸੁਆਰਥੀ” ਹਨ ਅਤੇ ਕਿਸੇ ਦੀ ਪਰਵਾਹ ਨਹੀਂ ਕਰਦੇ, ਪਰ ਸਾਡੇ ਭੈਣਾਂ-ਭਰਾਵਾਂ ਦੀ ਸੰਗਤ ਕਿੰਨੀ ਵਧੀਆ ਹੈ ਕਿਉਂਕਿ ਉਹ ਹਰ ਵੇਲੇ ਤਮੀਜ਼ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕਰਦੇ ਹਨ। (2 ਤਿਮੋ. 3:2) ਵਧੀਆ ਚਾਲ-ਚਲਣ ਇਸ ਤੋਂ ਵੀ ਨਜ਼ਰ ਆਵੇਗਾ ਜਦੋਂ ਸਵੇਰ ਨੂੰ 8:00 ਵਜੇ ਹਾਲ ਖੁੱਲ੍ਹਣ ਤੇ ਅਸੀਂ ਸ਼ਾਂਤੀ ਨਾਲ ਅੰਦਰ ਜਾਵਾਂਗੇ ਅਤੇ ਸਿਰਫ਼ ਆਪਣੇ ਘਰ ਵਾਲਿਆਂ ਜਾਂ ਸਾਡੇ ਨਾਲ ਸਫ਼ਰ ਕਰਨ ਵਾਲਿਆਂ ਜਾਂ ਆਪਣੀਆਂ ਬਾਈਬਲ ਸਟੱਡੀਆਂ ਲਈ ਹੀ ਸੀਟਾਂ ਰੱਖਾਂਗੇ। ਸਾਨੂੰ ਚੇਅਰਮੈਨ ਦੀ ਗੱਲ ਸੁਣਨੀ ਚਾਹੀਦੀ ਹੈ ਜਦੋਂ ਉਹ ਕਹਿੰਦਾ ਹੈ ਕਿ ਆਪਣੀਆਂ ਸੀਟਾਂ ʼਤੇ ਬੈਠ ਜਾਓ ਅਤੇ ਸੰਗੀਤ ਸੁਣੋ ਜੋ ਹਰ ਸੈਸ਼ਨ ਦੇ ਸ਼ੁਰੂ ਵਿਚ ਲਗਾਇਆ ਜਾਂਦਾ ਹੈ। ਆਪਣੇ ਮੋਬਾਇਲ ਜਾਂ ਪੇਜਰ ਨੂੰ ਪ੍ਰੋਗ੍ਰਾਮ ਦੌਰਾਨ ਇਸ ਤਰ੍ਹਾਂ ਸੈੱਟ ਕਰੋ ਕਿ ਇਨ੍ਹਾਂ ਨਾਲ ਕਿਸੇ ਦਾ ਧਿਆਨ ਭੰਗ ਨਾ ਹੋਵੇ। ਅਸੀਂ ਪ੍ਰੋਗ੍ਰਾਮ ਦੌਰਾਨ ਗੱਲਾਂ ਕਰਨ, ਐੱਸ.ਐੱਮ.ਐੱਸ. ਭੇਜਣ, ਖਾਣ-ਪੀਣ ਜਾਂ ਘੁੰਮਣ-ਫਿਰਨ ਤੋਂ ਵੀ ਪਰਹੇਜ਼ ਕਰਾਂਗੇ।
7. ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਸਾਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?
7 ਵਧੀਆ ਸੰਗਤ: ਸੰਮੇਲਨਾਂ ਦੌਰਾਨ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਖ਼ੁਸ਼ ਹੁੰਦੇ ਹਾਂ। (ਜ਼ਬੂ. 133:1-3) ਕਿਉਂ ਨਾ “ਖੁਲ੍ਹੇ ਦਿਲ” ਨਾਲ ਹੋਰਨਾਂ ਕਲੀਸਿਯਾਵਾਂ ਤੋਂ ਆਏ ਭੈਣਾਂ-ਭਰਾਵਾਂ ਨਾਲ ਮਿਲੋ? (2 ਕੁਰਿੰ. 6:13) ਤੁਸੀਂ ਰੋਜ਼ ਇਕ ਨਵੇਂ ਭੈਣ-ਭਰਾ ਜਾਂ ਨਵੇਂ ਪਰਿਵਾਰ ਨਾਲ ਗੱਲਬਾਤ ਕਰਨ ਦਾ ਟੀਚਾ ਰੱਖ ਸਕਦੇ ਹੋ। ਤੁਹਾਨੂੰ ਦੁਪਹਿਰ ਦਾ ਖਾਣਾ ਖਾਣ ਵੇਲੇ ਇਸ ਤਰ੍ਹਾਂ ਕਰਨ ਦਾ ਮੌਕਾ ਮਿਲੇਗਾ। ਇਸ ਕਰਕੇ ਬਾਹਰ ਜਾ ਕੇ ਕੁਝ ਖ਼ਰੀਦਣ ਜਾਂ ਲਾਗਲੇ ਹੋਟਲ ਵਿਚ ਬੈਠ ਕੇ ਖਾਣ ਦੀ ਬਜਾਇ ਆਪਣੇ ਨਾਲ ਹਲਕਾ-ਫੁਲਕਾ ਖਾਣਾ ਲਿਆਓ ਤਾਂਕਿ ਤੁਸੀਂ ਹਾਲ ਵਿਚ ਹੀ ਭੈਣਾਂ-ਭਰਾਵਾਂ ਨਾਲ ਸੰਗਤ ਕਰ ਸਕੋ। ਇਸ ਨਾਲ ਸ਼ਾਇਦ ਨਵੀਆਂ ਤੇ ਪੱਕੀਆਂ ਦੋਸਤੀਆਂ ਸ਼ੁਰੂ ਹੋ ਸਕਦੀਆਂ ਹਨ।
8. ਸਾਨੂੰ ਸੰਮੇਲਨ ʼਤੇ ਵਲੰਟੀਅਰ ਕਿਉਂ ਕਰਨਾ ਚਾਹੀਦਾ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?
8 ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨੀ ਕਿੰਨੀ ਵਧੀਆ ਹੈ! ਕੀ ਤੁਸੀਂ ਵਲੰਟੀਅਰ ਕਰ ਸਕਦੇ ਹੋ ਜਾਂ ਆਪਣੀ ਕਲੀਸਿਯਾ ਦੇ ਨਾਲ ਸਾਫ਼-ਸਫ਼ਾਈ ਕਰਨ ਵਿਚ ਹਿੱਸਾ ਲੈ ਸਕਦੇ ਹੋ? (ਜ਼ਬੂ. 110:3) ਜੇ ਤੁਸੀਂ ਵਲੰਟੀਅਰ ਕਰਨ ਲਈ ਅਜੇ ਆਪਣਾ ਨਾਂ ਨਹੀਂ ਦਿੱਤਾ, ਤਾਂ ਤੁਸੀਂ ਸੰਮੇਲਨ ʼਤੇ ਵਲੰਟੀਅਰ ਡਿਪਾਰਟਮੈਂਟ ਨਾਲ ਗੱਲ ਕਰ ਸਕਦੇ ਹੋ। ਜਿੰਨਾ ਜ਼ਿਆਦਾ ਭੈਣ-ਭਰਾ ਹੱਥ ਵਟਾਉਣਗੇ ਉੱਨਾ ਹੀ ਕੰਮ ਹਲਕਾ ਹੋਵੇਗਾ।
9. ਸੰਮੇਲਨ ਦੌਰਾਨ ਸਾਨੂੰ ਆਪਣੇ ਚਾਲ-ਚਲਣ ਬਾਰੇ ਖ਼ਾਸ ਧਿਆਨ ਕਿਉਂ ਦੇਣਾ ਚਾਹੀਦਾ ਹੈ?
9 ਸਾਡੇ ਵਧੀਆ ਚਾਲ-ਚਲਣ ਤੋਂ ਦੂਸਰੇ ਖ਼ੁਸ਼ ਹੁੰਦੇ ਹਨ: ਅਸੀਂ ਸੰਮੇਲਨ ਦੇ ਤਿੰਨੇ ਦਿਨ ਪ੍ਰੋਗ੍ਰਾਮ ਦੌਰਾਨ ਹੀ ਨਹੀਂ, ਸਗੋਂ ਬਾਕੀ ਦੇ ਸਮੇਂ ਵੀ ਡੈਲੀਗੇਟ ਹਾਂ। ਸੰਮੇਲਨ ਦੇ ਸ਼ਹਿਰ ਵਿਚ ਲੋਕਾਂ ਨੂੰ ਸਾਡੇ ਤੇ ਦੂਸਰੇ ਲੋਕਾਂ ਵਿਚ ਕਾਫ਼ੀ ਫ਼ਰਕ ਦਿੱਸਣਾ ਚਾਹੀਦਾ ਹੈ। (1 ਪਤ. 2:12) ਸੰਮੇਲਨ ਦੀ ਜਗ੍ਹਾ, ਹੋਟਲ ਅਤੇ ਰੈਸਟੋਰੈਂਟ ਵਿਚ ਸਾਡੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਤੋਂ ਯਹੋਵਾਹ ਦੀ ਵਡਿਆਈ ਹੋਣੀ ਚਾਹੀਦੀ ਹੈ। (1 ਤਿਮੋ. 2:9, 10) ਲੋਕ ਸਾਡੇ ਬੈਜਾਂ ਤੋਂ ਸਾਨੂੰ ਯਹੋਵਾਹ ਦੇ ਗਵਾਹਾਂ ਵਜੋਂ ਪਛਾਣਨਗੇ। ਇਸ ਤੋਂ ਸਾਨੂੰ ਉਨ੍ਹਾਂ ਨੂੰ ਸੰਮੇਲਨ ਬਾਰੇ ਦੱਸ ਕੇ ਗਵਾਹੀ ਦੇਣ ਦਾ ਮੌਕਾ ਮਿਲ ਸਕਦਾ ਹੈ।
10. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਹੋਟਲ ਅਤੇ ਰੈਸਟੋਰੈਂਟ ਦੇ ਕਰਮਚਾਰੀ ਸਾਡੇ ਸੰਮੇਲਨ ਬਾਰੇ ਚੰਗਾ ਸੋਚਣ?
10 ਸਾਨੂੰ ਹੋਟਲ ਅਤੇ ਰੈਸਟੋਰੈਂਟ ਵਿਚ ਕਰਮਚਾਰੀਆਂ ਨਾਲ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ? ਸਾਨੂੰ ਹੋਟਲ ਵਿਚ ਲੋੜੋਂ ਵਧ ਕਮਰੇ ਨਹੀਂ ਬੁੱਕ ਕਰਨੇ ਚਾਹੀਦੇ ਕਿਉਂਕਿ ਅਖ਼ੀਰਲੀ ਘੜੀ ਵਾਧੂ ਕਮਰਿਆਂ ਨੂੰ ਕੈਂਸਲ ਕਰਨ ਨਾਲ ਹੋਟਲ ਵਾਲਿਆਂ ਦਾ ਨੁਕਸਾਨ ਹੀ ਨਹੀਂ ਹੁੰਦਾ ਹੈ, ਸਗੋਂ ਦੂਸਰੇ ਭੈਣ-ਭਰਾ ਵੀ ਉੱਥੇ ਬੁਕਿੰਗ ਨਹੀਂ ਕਰ ਸਕਦੇ। ਹੋਟਲ ਵਿਚ ਚੈੱਕ-ਇਨ ਜਾਂ ਚੈੱਕ-ਆਉਟ ਕਰਦਿਆਂ ਜੇ ਹੋਟਲ ਬਹੁਤ ਬਿਜ਼ੀ ਹੋਵੇ, ਤਾਂ ਸਾਨੂੰ ਧੀਰਜ ਨਾਲ ਪੇਸ਼ ਆਉਣਾ ਚਾਹੀਦਾ ਹੈ। (ਕੁਲੁ. 4:6) ਸਾਨੂੰ ਰਿਵਾਜ ਅਨੁਸਾਰ ਰੈਸਟੋਰੈਂਟ ਅਤੇ ਹੋਟਲ ਦੇ ਉਨ੍ਹਾਂ ਕਰਮਚਾਰੀਆਂ ਨੂੰ ਟਿੱਪ ਦੇਣਾ ਚਾਹੀਦਾ ਹੈ ਜੋ ਸਾਡਾ ਸਮਾਨ ਚੁੱਕਦੇ ਹਨ, ਸਾਡੇ ਕਮਰੇ ਸਾਫ਼ ਕਰਦੇ ਹਨ ਜਾਂ ਹੋਰ ਕੰਮ ਕਰਦੇ ਹਨ।
11. ਕਿਹੜੇ ਤਜਰਬੇ ਦਿਖਾਉਂਦੇ ਹਨ ਕਿ ਸਾਡੇ ਚੰਗੇ ਚਾਲ-ਚਲਣ ਕਾਰਨ ਵਧੀਆ ਗਵਾਹੀ ਦਿੱਤੀ ਜਾਂਦੀ ਹੈ?
11 ਸੰਮੇਲਨ ਦੌਰਾਨ ਸਾਡੇ ਵਧੀਆ ਚਾਲ-ਚਲਣ ਦਾ ਦੂਸਰਿਆਂ ʼਤੇ ਕੀ ਅਸਰ ਪੈਂਦਾ ਹੈ? ਅਖ਼ਬਾਰ ਵਿਚ ਇਕ ਲੇਖ ਅਨੁਸਾਰ, ਸੰਮੇਲਨ ਲਈ ਵਰਤੀ ਗਈ ਇਕ ਸਹੂਲਤ ਦੇ ਮੈਨੇਜਰ ਨੇ ਕਿਹਾ: “ਇਹ ਲੋਕ ਬੜੀ ਤਮੀਜ਼ ਨਾਲ ਪੇਸ਼ ਆਉਂਦੇ ਹਨ। ਅਸੀਂ ਖ਼ੁਸ਼ ਹਾਂ ਕਿ ਉਹ ਹਰ ਸਾਲ ਆਪਣੀ ਬੁਕਿੰਗ ਸਾਡੇ ਨਾਲ ਕਰਦੇ ਹਨ।” ਪਿੱਛਲੇ ਸਾਲ ਇਕ ਹੋਟਲ ਵਿਚ ਇਕ ਬੰਦੇ ਦਾ ਵਾਲਟ ਗੁਆਚ ਗਿਆ ਜਿੱਥੇ ਸੰਮੇਲਨ ਜਾਣ ਵਾਲੇ ਬਹੁਤ ਸਾਰੇ ਭੈਣ-ਭਰਾ ਰਹਿ ਰਹੇ ਸਨ। ਜਦੋਂ ਉਹ ਵਾਲਟ ਸਹੀ-ਸਲਾਮਤ ਹੋਟਲ ਦੇ ਮੈਨੇਜਰ ਨੂੰ ਵਾਪਸ ਕਰ ਦਿੱਤਾ ਗਿਆ, ਤਾਂ ਉਸ ਨੇ ਬੰਦੇ ਨੂੰ ਕਿਹਾ: “ਚੰਗਾ ਹੋਇਆ ਕਿ ਹੋਟਲ ਯਹੋਵਾਹ ਦੇ ਗਵਾਹਾਂ ਨਾਲ ਭਰਿਆ ਹੋਇਆ ਸੀ ਕਿਉਂਕਿ ਉਹ ਲਾਗੇ ਹੀ ਆਪਣੇ ਸੰਮੇਲਨ ʼਤੇ ਜਾਣ ਲਈ ਇੱਥੇ ਰਹਿ ਰਹੇ ਸਨ ਨਹੀਂ ਤਾਂ ਸ਼ਾਇਦ ਤੁਹਾਨੂੰ ਤੁਹਾਡਾ ਵਾਲਟ ਵਾਪਸ ਨਾ ਮਿਲਦਾ।”
12. ਸੰਮੇਲਨ ਦਾ ਸਮਾਂ ਲਾਗੇ ਆਉਣ ʼਤੇ ਸਾਡਾ ਕੀ ਇਰਾਦਾ ਹੋਣੀ ਚਾਹੀਦਾ ਹੈ ਅਤੇ ਕਿਉਂ?
12 ਇਸ ਸਾਲ ਦੇ ਸੰਮੇਲਨਾਂ ਦਾ ਸਮਾਂ ਜਲਦੀ ਆ ਰਿਹਾ ਹੈ। ਪ੍ਰੋਗ੍ਰਾਮ ਬੜੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਸੰਮੇਲਨ ਦੇ ਮਾਹੌਲ ਨੂੰ ਮਜ਼ੇਦਾਰ ਬਣਾਉਣ ਵਿਚ ਕਾਫ਼ੀ ਸਮਾਂ ਲੱਗਿਆ ਹੈ। ਤਿੰਨੇ ਦਿਨ ਹਾਜ਼ਰ ਹੋਣ ਦਾ ਪੱਕਾ ਇਰਾਦਾ ਕਰੋ ਅਤੇ ਦੇਖੋ ਕਿ ਯਹੋਵਾਹ ਅਤੇ ਉਸ ਦੇ ਸੰਗਠਨ ਨੇ ਸਾਡੇ ਲਈ ਕੀ ਕੁਝ ਤਿਆਰ ਕੀਤਾ ਹੈ। ਚੰਗੀ ਸੰਗਤ ਅਤੇ ਚੰਗੇ ਚਾਲ-ਚਲਣ ਨਾਲ ਦੂਸਰਿਆਂ ਨੂੰ ਤਾਜ਼ਗੀ ਪਹੁੰਚਾਉਣ ਦਾ ਪੱਕਾ ਇਰਾਦਾ ਬਣਾਓ। ਫਿਰ ਤੁਸੀਂ ਅਤੇ ਦੂਸਰੇ ਭੈਣ-ਭਰਾ ਪਿੱਛਲੇ ਸਾਲ ਦੇ ਇਕ ਡੈਲੀਗੇਟ ਵਾਂਗ ਕਹਿ ਸਕੋਗੇ, ਜਿਸ ਨੇ ਲਿਖਿਆ, “ਬਿਨਾਂ ਸ਼ੱਕ, ਇਹ ਸਭ ਤੋਂ ਵਧੀਆ ਸੰਮੇਲਨ ਸੀ!”
[ਸਫ਼ਾ 4 ਉੱਤੇ ਸੁਰਖੀ]
ਸੰਮੇਲਨ ਸ਼ੁਰੂ ਹੋਣ ਤੋਂ ਤਿੰਨ ਹਫ਼ਤੇ ਪਹਿਲਾਂ ਅਸੀਂ ਲੋਕਾਂ ਨੂੰ ਸੱਦਾ ਦੇਣ ਦੀ ਮੁਹਿੰਮ ਵਿਚ ਪਹਿਲਾਂ ਵਾਂਗ ਹਿੱਸਾ ਲਵਾਂਗੇ
[ਸਫ਼ਾ 6 ਉੱਤੇ ਸੁਰਖੀ]
ਸੰਮੇਲਨ ਦੀ ਜਗ੍ਹਾ, ਹੋਟਲ ਅਤੇ ਰੈਸਟੋਰੈਂਟ ਵਿਚ ਸਾਡੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਤੋਂ ਯਹੋਵਾਹ ਦੀ ਵਡਿਆਈ ਹੋਣੀ ਚਾਹੀਦੀ ਹੈ
[ਸਫ਼ਾ 7 ਉੱਤੇ ਸੁਰਖੀ]
ਚੰਗੀ ਸੰਗਤ ਅਤੇ ਚੰਗੇ ਚਾਲ-ਚਲਣ ਨਾਲ ਦੂਸਰਿਆਂ ਨੂੰ ਤਾਜ਼ਗੀ ਪਹੁੰਚਾਉਣ ਦਾ ਪੱਕਾ ਇਰਾਦਾ ਬਣਾਓ
[ਸਫ਼ੇ 4-7 ਉੱਤੇ ਡੱਬੀ]
2011 ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ
◼ ਪ੍ਰੋਗ੍ਰਾਮ ਦਾ ਸਮਾਂ: ਤਿੰਨੇ ਦਿਨ ਪ੍ਰੋਗ੍ਰਾਮ ਸਵੇਰੇ 9:20 ਤੇ ਸ਼ੁਰੂ ਹੋਵੇਗਾ। ਹਾਲ ਸਵੇਰੇ 8:00 ਵਜੇ ਤੋਂ ਖੁੱਲ੍ਹਾ ਹੋਵੇਗਾ। ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਜਦੋਂ ਸੰਗੀਤ ਲਗਾਇਆ ਜਾਵੇਗਾ ਸਾਰਿਆਂ ਨੂੰ ਆਪਣੀਆਂ ਸੀਟਾਂ ʼਤੇ ਬੈਠ ਜਾਣਾ ਚਾਹੀਦਾ ਹੈ ਤਾਂਕਿ ਪ੍ਰੋਗ੍ਰਾਮ ਵਧੀਆ ਤਰੀਕੇ ਨਾਲ ਸ਼ੁਰੂ ਕੀਤਾ ਜਾਵੇ। ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਪ੍ਰੋਗ੍ਰਾਮ ਸ਼ਾਮ ਨੂੰ 4:55 ਤੇ ਅਤੇ ਐਤਵਾਰ ਨੂੰ 3:40 ਤੇ ਖ਼ਤਮ ਹੋਵੇਗਾ।
◼ ਪਾਰਕਿੰਗ: ਜਿਨ੍ਹਾਂ ਸੰਮੇਲਨ ਥਾਵਾਂ ʼਤੇ ਪਾਰਕਿੰਗ ਕਰਨ ਦਾ ਸਾਨੂੰ ਅਧਿਕਾਰ ਮਿਲਿਆ ਹੈ, ਉੱਥੇ ਮੁਫ਼ਤ ਵਿਚ ਗੱਡੀਆਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ। ਪਹਿਲਾਂ ਆਉਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਪਾਰਕਿੰਗ ਵਾਸਤੇ ਜਗ੍ਹਾ ਘੱਟ ਹੋਣ ਕਰਕੇ ਚੰਗਾ ਹੋਵੇਗਾ ਕਿ ਤੁਸੀਂ ਆਪੋ-ਆਪਣੀ ਗੱਡੀ ਵਿਚ ਆਉਣ ਦੀ ਬਜਾਇ ਇਕੱਠੇ ਹੋ ਕੇ ਗੱਡੀਆਂ ਵਿਚ ਆਓ।
◼ ਸੀਟਾਂ: ਆਪਣੇ ਘਰ ਦਿਆਂ ਲਈ, ਆਪਣੇ ਨਾਲ ਸਫ਼ਰ ਕਰਨ ਵਾਲਿਆਂ ਲਈ, ਜਾਂ ਆਪਣੀਆਂ ਬਾਈਬਲ ਸਟੱਡੀਆਂ ਲਈ ਹੀ ਸੀਟਾਂ ਰੱਖੋ।—1 ਕੁਰਿੰ. 13:5.
◼ ਦੁਪਹਿਰ ਦਾ ਖਾਣਾ: ਬਾਹਰ ਜਾ ਕੇ ਖਾਣ ਦੀ ਬਜਾਇ ਹਲਕਾ-ਫੁਲਕਾ ਖਾਣਾ ਨਾਲ ਲੈ ਕੇ ਆਓ। ਤੁਸੀਂ ਆਪਣੇ ਨਾਲ ਛੋਟੇ ਬੈਗ ਲਿਆ ਸਕਦੇ ਹੋ ਜੋ ਸੀਟਾਂ ਹੇਠ ਰੱਖੇ ਜਾ ਸਕਦੇ ਹਨ। ਸੰਮੇਲਨ ਵਾਲੀ ਥਾਂ ʼਤੇ ਵੱਡੇ-ਵੱਡੇ ਡੱਬੇ ਅਤੇ ਕੱਚ ਦੀਆਂ ਚੀਜ਼ਾਂ ਲਿਆਉਣ ਦੀ ਇਜਾਜ਼ਤ ਨਹੀਂ ਹੈ। ਸੰਮੇਲਨ ਦੇ ਪ੍ਰਬੰਧਕ ਖਾਣ-ਪੀਣ ਦਾ ਕੋਈ ਇੰਤਜ਼ਾਮ ਨਹੀਂ ਕਰਨਗੇ।
◼ ਦਾਨ: ਅਸੀਂ ਕਿੰਗਡਮ ਹਾਲ ਜਾਂ ਸੰਮੇਲਨ ਵਿਚ ਆਪਣੀ ਖ਼ੁਸ਼ੀ ਨਾਲ ਦਾਨ ਦੇ ਕੇ ਸੰਮੇਲਨ ਦੇ ਇੰਤਜ਼ਾਮਾਂ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰ ਸਕਦੇ ਹਾਂ। ਜੇ ਸੰਮੇਲਨ ਵਿਚ ਤੁਸੀਂ ਚੈੱਕ ਰਾਹੀਂ ਦਾਨ ਦੇਣਾ ਚਾਹੁੰਦੇ ਹੋ, ਤਾਂ “The Watch Tower Bible and Tract Society of India” ਦੇ ਨਾਂ ਤੇ ਚੈੱਕ ਬਣਾਓ।
◼ ਦੁਰਘਟਨਾ ਤੇ ਐਮਰਜੈਂਸੀ: ਜੇ ਹਾਲ ਵਿਚ ਕਿਸੇ ਦੇ ਸੱਟ-ਚੋਟ ਲੱਗ ਜਾਵੇ, ਤਾਂ ਕਿਸੇ ਅਟੈਂਡੰਟ ਨੂੰ ਬੁਲਾਓ ਜੋ ਤੁਰੰਤ ਫ਼ਸਟ ਏਡ ਵਿਭਾਗ ਨੂੰ ਸੂਚਿਤ ਕਰੇਗਾ। ਹਾਲ ਵਿਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਕਾਬਲ ਭੈਣ-ਭਰਾ ਉਸ ਵਿਅਕਤੀ ਦੀ ਹਾਲਤ ਨੂੰ ਦੇਖ ਕੇ ਲੋੜੀਂਦੀ ਮਦਦ ਦੇਣਗੇ। ਜੇ ਲੋੜ ਹੋਵੇ, ਤਾਂ ਫ਼ਸਟ ਏਡ ਵਿਚ ਸਾਡੇ ਭੈਣ-ਭਰਾ ਐਂਬੂਲੈਂਸ ਨੂੰ ਸੱਦਣਗੇ। ਇਵੇਂ ਕਰਨ ਨਾਲ ਐਮਰਜੈਂਸੀ ਸੇਵਾਵਾਂ ਵਾਲਿਆਂ ਨੂੰ ਲੋੜੋਂ ਵਧ ਫ਼ੋਨ ਕਾਲ ਨਹੀਂ ਜਾਣਗੇ।
◼ ਦਵਾਈਆਂ: ਜੇ ਤੁਹਾਨੂੰ ਦਵਾਈਆਂ ਦੀ ਲੋੜ ਹੈ, ਤਾਂ ਕਿਰਪਾ ਕਰ ਕੇ ਇਹ ਆਪਣੇ ਨਾਲ ਲੈ ਕੇ ਆਓ ਕਿਉਂਕਿ ਸੰਮੇਲਨ ʼਤੇ ਇਨ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ।
◼ ਜੁੱਤੀਆਂ: ਹਰ ਸਾਲ ਉੱਚੀ ਅੱਡੀ ਵਾਲੀਆਂ ਜਾਂ ਤਿਲਕਵੀਆਂ ਜੁੱਤੀਆਂ ਪਾਉਣ ਕਰਕੇ ਕਈ ਸੱਟਾਂ ਲੱਗਦੀਆਂ ਹਨ। ਅਜਿਹੀ ਜੁੱਤੀ ਪਹਿਨੋ ਜਿਸ ਨਾਲ ਤੁਸੀਂ ਸੌਖਿਆਂ ਹੀ ਪੌੜੀਆਂ ਅਤੇ ਰੈਂਪ ਚੜ੍ਹ ਸਕਦੇ ਹੋ।
◼ ਸੈਂਟ: ਕੁਝ ਸੰਮੇਲਨ ਬੰਦ ਹਾਲਾਂ ਵਿਚ ਹੁੰਦੇ ਹਨ ਜਿੱਥੇ ਏ. ਸੀ. ਲੱਗੇ ਹੁੰਦੇ ਹਨ। ਇਸ ਲਈ ਚੰਗਾ ਹੋਵੇਗਾ ਜੇ ਅਸੀਂ ਸੈਂਟ ਦੀ ਘੱਟ ਵਰਤੋਂ ਕਰੀਏ ਕਿਉਂਕਿ ਇਸ ਨਾਲ ਉਨ੍ਹਾਂ ਭੈਣਾਂ-ਭਰਾਵਾਂ ਨੂੰ ਦਿੱਕਤ ਹੁੰਦੀ ਹੈ ਜੋ ਸਾਹ ਦੀਆਂ ਬੀਮਾਰੀਆਂ ਤੋਂ ਪੀੜਿਤ ਹਨ।—1 ਕੁਰਿੰ. 10:24.
◼ S-43 ਫਾਰਮ: ਜਦੋਂ ਅਸੀਂ ਸੰਮੇਲਨ ਵਾਲੇ ਸ਼ਹਿਰ ਵਿਚ ਕਿਸੇ ਨੂੰ ਗਵਾਹੀ ਦਿੰਦੇ ਹਾਂ ਅਤੇ ਉਹ ਵਿਅਕਤੀ ਹੋਰ ਜਾਣਨਾ ਚਾਹੁੰਦਾ ਹੈ, ਤਾਂ ਸਾਨੂੰ S-43 ਫਾਰਮ ਭਰਨਾ ਚਾਹੀਦਾ ਹੈ। ਪਬਲੀਸ਼ਰਾਂ ਨੂੰ ਸੰਮੇਲਨ ਵਿਚ ਆਪਣੇ ਨਾਲ ਇਕ-ਦੋ ਫਾਰਮ ਲਿਆਉਣੇ ਚਾਹੀਦੇ ਹਨ। ਇਹ ਫਾਰਮ ਭਰ ਕੇ ਬੁੱਕ ਰੂਮ ਵਿਭਾਗ ਨੂੰ ਦਿਓ ਜਾਂ ਸੰਮੇਲਨ ਤੋਂ ਵਾਪਸ ਆ ਕੇ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਦਿਓ।—ਨਵੰਬਰ 2009 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 3 ਦੇਖੋ।
◼ ਰੈਸਟੋਰੈਂਟ: ਰੈਸਟੋਰੈਂਟਾਂ ਅਤੇ ਹੋਟਲਾਂ ਵਿਚ ਆਪਣਾ ਚਾਲ-ਚਲਣ ਚੰਗਾ ਰੱਖ ਕੇ ਯਹੋਵਾਹ ਦਾ ਨਾਂ ਵਡਿਆਓ। ਕਈ ਥਾਵਾਂ ਤੇ ਗਾਹਕਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਸਰਵਿਸ ਦੇ ਹਿਸਾਬ ਨਾਲ ਵੇਟਰਾਂ ਨੂੰ ਟਿੱਪ ਦੇਣ।
◼ ਹੋਟਲ:
(1) ਕਿਰਪਾ ਕਰ ਕੇ ਲੋੜ ਨਾਲੋਂ ਵੱਧ ਕਮਰੇ ਬੁੱਕ ਨਾ ਕਰੋ। ਇਕ ਕਮਰੇ ਵਿਚ ਜਿੰਨੇ ਵਿਅਕਤੀਆਂ ਨੂੰ ਰਹਿਣ ਦੀ ਇਜਾਜ਼ਤ ਹੈ, ਉਸ ਤੋਂ ਜ਼ਿਆਦਾ ਵਿਅਕਤੀ ਨਾ ਰਹਿਣ।
(2) ਜੇ ਜਾਇਜ਼ ਕਾਰਨਾਂ ਕਰਕੇ ਕਮਰਾ ਕੈਂਸਲ ਕਰਨਾ ਪਵੇ, ਤਾਂ ਹੋਟਲ ਵਾਲਿਆਂ ਨੂੰ ਤੁਰੰਤ ਦੱਸ ਦਿਓ।—ਮੱਤੀ 5:37.
(3) ਉਦੋਂ ਹੀ ਸਾਮਾਨ ਢੋਣ ਵਾਲੀ ਟ੍ਰਾਲੀ ਲਓ ਜਦੋਂ ਤੁਸੀਂ ਸਾਮਾਨ ਲੈ ਜਾਣ ਲਈ ਤਿਆਰ ਹੁੰਦੇ ਹੋ ਅਤੇ ਇਸਤੇਮਾਲ ਕਰਨ ਤੋਂ ਬਾਅਦ ਤੁਰੰਤ ਵਾਪਸ ਕਰ ਦਿਓ ਤਾਂਕਿ ਦੂਸਰੇ ਉਸ ਨੂੰ ਇਸਤੇਮਾਲ ਕਰ ਸਕਣ।
(4) ਜੇ ਹੋਟਲ ਦੇ ਕਮਰੇ ਵਿਚ ਖਾਣਾ ਪਕਾਉਣ ਦੀ ਇਜਾਜ਼ਤ ਨਹੀਂ ਹੈ, ਤਾਂ ਉੱਥੇ ਖਾਣਾ ਨਾ ਪਕਾਓ।
(5) ਹੋਟਲ ਦੇ ਕਰਮਚਾਰੀਆਂ ਨੂੰ ਟਿੱਪ ਦਿਓ ਜਦੋਂ ਉਹ ਤੁਹਾਡਾ ਸਮਾਨ ਚੁੱਕਦੇ ਹਨ ਅਤੇ ਕਮਰਾ ਸਾਫ਼ ਕਰਨ ਵਾਲੇ ਕਰਮਚਾਰੀ ਨੂੰ ਰੋਜ਼ ਟਿੱਪ ਦਿਓ।
(6) ਹੋਟਲ ਵਿਚ ਰਹਿੰਦਿਆਂ ਜੇ ਹੋਟਲ ਵਾਲੇ ਮੁਫ਼ਤ ਵਿਚ ਸਵੇਰ ਦਾ ਨਾਸ਼ਤਾ, ਚਾਹ-ਕੌਫ਼ੀ ਜਾਂ ਬਰਫ਼ ਦਿੰਦੇ ਹਨ, ਤਾਂ ਇਨ੍ਹਾਂ ਚੀਜ਼ਾਂ ਦਾ ਨਾਜਾਇਜ਼ ਫ਼ਾਇਦਾ ਨਾ ਉਠਾਓ।
(7) ਹੋਟਲ ਦੇ ਕਰਮਚਾਰੀਆਂ ਨਾਲ ਪੇਸ਼ ਆਉਂਦੇ ਸਮੇਂ ਹਰ ਵੇਲੇ ਪਰਮੇਸ਼ੁਰੀ ਗੁਣ ਦਿਖਾਓ। ਉੱਥੇ ਹੋਰ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਉਹ ਦੇਖ-ਭਾਲ ਕਰਦੇ ਹਨ। ਉਹ ਕਦਰ ਕਰਨਗੇ ਜੇ ਅਸੀਂ ਪਿਆਰ, ਧੀਰਜ ਤੇ ਸਮਝਦਾਰੀ ਨਾਲ ਪੇਸ਼ ਆਵਾਂਗੇ।
(8) ਹੋਟਲਾਂ ਦੀ ਲਿਸਟ ਉੱਤੇ ਇਕ ਦਿਨ ਦਾ ਪੂਰਾ ਕਿਰਾਇਆ ਦੱਸਿਆ ਜਾਂਦਾ ਹੈ। ਇਸ ਵਿਚ ਟੈਕਸ ਸ਼ਾਮਲ ਨਹੀਂ ਹੁੰਦਾ ਹੈ। ਜੇ ਤੁਹਾਡੇ ਤੋਂ ਉਨ੍ਹਾਂ ਚੀਜ਼ਾਂ ਦੇ ਪੈਸੇ ਮੰਗੇ ਜਾਣ ਜੋ ਤੁਸੀਂ ਮੰਗੀਆਂ ਜਾਂ ਵਰਤੀਆਂ ਨਹੀਂ, ਤਾਂ ਪੈਸੇ ਨਾ ਦਿਓ ਅਤੇ ਜਲਦੀ ਤੋਂ ਜਲਦੀ ਰੂਮਿੰਗ ਡਿਪਾਰਟਮੈਂਟ ਨੂੰ ਦੱਸੋ।
(9) ਜੇ ਤੁਹਾਨੂੰ ਆਪਣੇ ਹੋਟਲ ਦੇ ਕਮਰੇ ਨੂੰ ਲੈ ਕੇ ਕੋਈ ਸਮੱਸਿਆ ਆਉਂਦੀ ਹੈ, ਤਾਂ ਸੰਮੇਲਨ ਦੌਰਾਨ ਰੂਮਿੰਗ ਡਿਪਾਰਟਮੈਂਟ ਨੂੰ ਇਸ ਬਾਰੇ ਜ਼ਰੂਰ ਦੱਸੋ।
(10) ਯਾਦ ਰੱਖੋ ਕਿ ਜੇ ਤੁਸੀਂ ਹੋਟਲ ਵਿਚ ਚੈੱਕ-ਇਨ ਕਰਨ ਲਈ ਕਿਰਾਇਆ ਭਰਦੇ ਸਮੇਂ ਡੈਬਿੱਟ ਜਾਂ ਕ੍ਰੈਡਿਟ ਕਾਰਡ ਵਰਤਦੇ ਹੋ, ਤਾਂ ਆਮ ਤੌਰ ਤੇ ਤੁਹਾਡੇ ਅਕਾਊਂਟ ਵਿੱਚੋਂ ਕਿਰਾਏ ਤੋਂ ਇਲਾਵਾ ਵਾਧੂ ਪੈਸੇ ਸਿਕਉਰਿਟੀ ਵਜੋਂ ਰੱਖੇ ਜਾਂਦੇ ਹਨ। ਜੇ ਹੋਟਲ ਵਿਚ ਰਹਿੰਦਿਆਂ ਤੁਹਾਡੇ ਤੋਂ ਕੋਈ ਨੁਕਸਾਨ ਹੋ ਜਾਵੇ, ਤਾਂ ਨੁਕਸਾਨ ਦਾ ਬਿਲ ਇਨ੍ਹਾਂ ਵਾਧੂ ਪੈਸਿਆਂ ਵਿੱਚੋਂ ਭਰਿਆ ਜਾਂਦਾ ਹੈ। ਜਦੋਂ ਤਕ ਹੋਟਲ ਦਾ ਹਿਸਾਬ-ਕਿਤਾਬ ਪੂਰਾ ਨਹੀਂ ਹੋ ਜਾਂਦਾ, ਤੁਸੀਂ ਉਹ ਪੈਸੇ ਨਹੀਂ ਵਰਤ ਸਕਦੇ।
◼ ਵਲੰਟੀਅਰ ਸੇਵਾ: ਸੰਮੇਲਨ ਵਿਚ ਜਾ ਕੇ ਆਪਣੀ ਖ਼ੁਸ਼ੀ ਹੋਰ ਵੀ ਵੱਧ ਸਕਦੀ ਹੈ ਜੇ ਅਸੀਂ ਲੋੜੀਂਦੇ ਕੰਮਾਂ-ਕਾਰਾਂ ਵਿਚ ਹੱਥ ਵਟਾਵਾਂਗੇ। (ਰਸੂ. 20:35) ਜੇ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਤਾਂ ਵਲੰਟੀਅਰ ਸੇਵਾ ਵਿਭਾਗ ਵਿਚ ਜਾ ਕੇ ਇਸ ਬਾਰੇ ਪੁੱਛੋ। 16 ਸਾਲ ਦੀ ਉਮਰ ਤੋਂ ਛੋਟੇ ਬੱਚੇ ਆਪਣੇ ਮਾਤਾ-ਪਿਤਾ ਜਾਂ ਉਨ੍ਹਾਂ ਦੀ ਇਜਾਜ਼ਤ ਨਾਲ ਕਿਸੇ ਦੂਜੇ ਜ਼ਿੰਮੇਵਾਰ ਵਿਅਕਤੀ ਨਾਲ ਕੰਮ ਕਰ ਸਕਦੇ ਹਨ।
[ਸਫ਼ਾ 5 ਉੱਤੇ ਡੱਬੀ]
ਅਸੀਂ ਸੱਦਾ-ਪੱਤਰ ਕਿਸ ਤਰ੍ਹਾਂ ਪੇਸ਼ ਕਰਾਂਗੇ?
ਆਪਣੇ ਇਲਾਕੇ ਵਿਚ ਸਾਰਿਆਂ ਨੂੰ ਸੱਦਾ-ਪੱਤਰ ਵੰਡ ਸਕਣ ਲਈ ਸਾਨੂੰ ਬਹੁਤ ਕੁਝ ਕਹਿਣ ਦੀ ਲੋੜ ਨਹੀਂ। ਅਸੀਂ ਇਵੇਂ ਕੁਝ ਕਹਿ ਸਕਦੇ ਹਾਂ: “ਨਮਸਤੇ। ਇਹ ਸੱਦਾ-ਪੱਤਰ ਸਾਰੀ ਦੁਨੀਆਂ ਵਿਚ ਵੰਡਿਆ ਜਾ ਰਿਹਾ ਹੈ। ਇਹ ਤੁਹਾਡੀ ਕਾਪੀ ਹੈ। ਪ੍ਰੋਗ੍ਰਾਮ ਦੀ ਸਾਰੀ ਜਾਣਕਾਰੀ ਇਸ ਵਿਚ ਦਿੱਤੀ ਗਈ ਹੈ।” ਸੱਦਾ-ਪੱਤਰ ਦਾ ਮੋਹਰਲਾ ਹਿੱਸਾ ਕਾਫ਼ੀ ਦਿਲਚਸਪ ਲੱਗਦਾ ਹੈ ਇਸ ਕਰਕੇ ਘਰ-ਮਾਲਕ ਨੂੰ ਉਸ ਦੀ ਕਾਪੀ ਇਸ ਤਰ੍ਹਾਂ ਫੜਾਓ ਕਿ ਉਹ ਇਸ ਨੂੰ ਦੇਖ ਸਕੇ। ਜੋਸ਼ ਨਾਲ ਬੋਲੋ। ਜੇ ਠੀਕ ਲੱਗੇ, ਤਾਂ ਸ਼ਨੀਵਾਰ-ਐਤਵਾਰ ਨੂੰ ਸੱਦਾ-ਪੱਤਰ ਵੰਡਦੇ ਸਮੇਂ ਰਸਾਲੇ ਵੀ ਪੇਸ਼ ਕਰੋ।