ਤਾਜ਼ਗੀ ਦੇਣ ਵਾਲਾ ਕੰਮ
1 ਬਾਈਬਲ ਦੇ ਸੰਦੇਸ਼ ਤੋਂ ਉਨ੍ਹਾਂ ਲੋਕਾਂ ਨੂੰ ਤਾਜ਼ਗੀ ਮਿਲਦੀ ਹੈ ਜੋ ਇਸ ਨੂੰ ਸਵੀਕਾਰ ਕਰਦੇ ਹਨ ਅਤੇ ਇਸ ਮੁਤਾਬਕ ਚੱਲਦੇ ਹਨ। (ਜ਼ਬੂ. 19:7, 8) ਇਹ ਸੰਦੇਸ਼ ਉਨ੍ਹਾਂ ਨੂੰ ਝੂਠੀਆਂ ਸਿੱਖਿਆਵਾਂ ਤੇ ਨੁਕਸਾਨਦੇਹ ਕੰਮਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਚੰਗੇ ਭਵਿੱਖ ਦੀ ਪੱਕੀ ਆਸ ਦਿੰਦਾ ਹੈ। ਪਰ ਇਸ ਤੋਂ ਸਿਰਫ਼ ਖ਼ੁਸ਼ ਖ਼ਬਰੀ ਸੁਣਨ ਵਾਲਿਆਂ ਨੂੰ ਹੀ ਫ਼ਾਇਦਾ ਨਹੀਂ ਹੁੰਦਾ, ਸਗੋਂ ਉਨ੍ਹਾਂ ਨੂੰ ਵੀ ਤਾਜ਼ਗੀ ਮਿਲਦੀ ਹੈ ਜੋ ਦੂਜਿਆਂ ਨੂੰ ਤਾਜ਼ਗੀਦਾਇਕ ਬਾਈਬਲ ਸੱਚਾਈਆਂ ਸੁਣਾਉਂਦੇ ਹਨ।—ਕਹਾ. 11:25.
2 ਸੇਵਕਾਈ ਕਰਨ ਨਾਲ ਤਾਜ਼ਗੀ ਮਿਲਦੀ ਹੈ: ਯਿਸੂ ਨੇ ਕਿਹਾ ਸੀ ਕਿ ਜੋ ਉਸ ਦਾ ਜੂਲਾ ਉਠਾਉਂਦੇ ਹਨ ਯਾਨੀ ਉਸ ਦੇ ਚੇਲੇ ਬਣਦੇ ਹਨ, ਉਹ ‘ਆਪਣਿਆਂ ਜੀਆਂ ਵਿੱਚ ਅਰਾਮ ਪਾਉਣਗੇ।’ (ਮੱਤੀ 11:29) ਇਸ ਜੂਲੇ ਵਿਚ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਵੀ ਸ਼ਾਮਲ ਹੈ। ਯਿਸੂ ਨੂੰ ਵੀ ਤਾਜ਼ਗੀ ਮਿਲਦੀ ਸੀ ਜਦੋਂ ਉਹ ਦੂਜਿਆਂ ਨੂੰ ਗਵਾਹੀ ਦਿੰਦਾ ਸੀ। ਉਹ ਪ੍ਰਚਾਰ ਦੇ ਕੰਮ ਨੂੰ ਭੋਜਨ ਖਾਣ ਦੇ ਬਰਾਬਰ ਸਮਝਦਾ ਸੀ। (ਯੂਹੰ. 4:34) ਜਦੋਂ ਉਸ ਨੇ ਆਪਣੇ 70 ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜਿਆ, ਤਾਂ ਉਹ ਇਹ ਦੇਖ ਕੇ ਬਹੁਤ ਖ਼ੁਸ਼ ਹੋਏ ਕਿ ਯਹੋਵਾਹ ਉਨ੍ਹਾਂ ਦੀ ਮਿਹਨਤ ਤੇ ਬਰਕਤ ਪਾ ਰਿਹਾ ਸੀ।—ਲੂਕਾ 10:17.
3 ਉਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਮਸੀਹੀ ਪ੍ਰਚਾਰ ਦਾ ਕੰਮ ਕਰਨ ਨਾਲ ਤਾਜ਼ਗੀ ਪਾਉਂਦੇ ਹਨ। ਇਕ ਭੈਣ ਨੇ ਕਿਹਾ: “ਸੇਵਕਾਈ ਤੋਂ ਇਸ ਲਈ ਤਾਜ਼ਗੀ ਮਿਲਦੀ ਹੈ ਕਿਉਂਕਿ ਇਸ ਨਾਲ ਮੇਰੀ ਜ਼ਿੰਦਗੀ ਨੂੰ ਸਹੀ ਸੇਧ ਅਤੇ ਮਕਸਦ ਮਿਲਦਾ ਹੈ। ਜਦੋਂ ਮੈਂ ਸੇਵਕਾਈ ਵਿਚ ਹਿੱਸਾ ਲੈਂਦੀ ਹਾਂ, ਤਾਂ ਮੈਨੂੰ ਆਪਣੀਆਂ ਮੁਸ਼ਕਲਾਂ ਅਤੇ ਰੋਜ਼ ਦੀਆਂ ਮੁਸੀਬਤਾਂ ਇੰਨੀਆਂ ਵੱਡੀਆਂ ਨਹੀਂ ਲੱਗਦੀਆਂ।” ਇਕ ਹੋਰ ਜੋਸ਼ੀਲੀ ਭੈਣ ਕਹਿੰਦੀ ਹੈ: “ਸੇਵਕਾਈ ਕਰਨ ਨਾਲ . . . ਯਹੋਵਾਹ ਨਾਲ ਮੇਰਾ ਰਿਸ਼ਤਾ ਦਿਨ-ਬ-ਦਿਨ ਪੱਕਾ ਹੁੰਦਾ ਜਾਂਦਾ ਹੈ ਅਤੇ ਮੈਨੂੰ ਉਹ ਸਕੂਨ ਅਤੇ ਖ਼ੁਸ਼ੀ ਮਿਲਦੀ ਹੈ ਜੋ ਕਿਸੇ ਹੋਰ ਕੰਮ ਤੋਂ ਨਹੀਂ ਮਿਲ ਸਕਦੀ।” ਸਾਡੇ ਕੋਲ “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਬਣਨ ਦਾ ਕਿੰਨਾ ਵੱਡਾ ਸਨਮਾਨ ਹੈ!—1 ਕੁਰਿੰ. 3:9.
4 ਮਸੀਹ ਦਾ ਜੂਲਾ ਹੌਲਾ ਹੈ: ਹਾਲਾਂਕਿ ਮਸੀਹੀਆਂ ਨੂੰ “ਵੱਡਾ ਜਤਨ” ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ, ਪਰ ਯਿਸੂ ਸਾਡੇ ਤੋਂ ਸਾਡੀ ਹੈਸੀਅਤ ਤੋਂ ਵੱਧ ਕਰਨ ਦੀ ਮੰਗ ਨਹੀਂ ਕਰਦਾ। (ਲੂਕਾ 13:24) ਉਹ ਸਾਨੂੰ ਪਿਆਰ ਨਾਲ ਸੱਦਾ ਦਿੰਦਾ ਹੈ ਕਿ ਅਸੀਂ ‘ਉਸ ਦਾ ਜੂਲਾ ਆਪਣੇ ਉੱਤੇ ਲਈਏ।’ (ਮੱਤੀ 11:29) ਇਸ ਆਇਤ ਵਿਚ ਵਰਤੇ ਗਏ ਮੂਲ ਯੂਨਾਨੀ ਸ਼ਬਦਾਂ ਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਅਸੀਂ ਉਸ ਦੇ ਨਾਲ ਉਸ ਦੇ ਜੂਲੇ ਥੱਲੇ ਜਾਈਏ। ਜਿਨ੍ਹਾਂ ਭੈਣ-ਭਰਾਵਾਂ ਨੂੰ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਉਹ ਪੱਕਾ ਯਕੀਨ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਪੂਰੇ ਦਿਲੋਂ ਕੀਤੀ ਸੇਵਾ ਤੋਂ ਬਹੁਤ ਖ਼ੁਸ਼ ਹੈ, ਭਾਵੇਂ ਇਸ ਵਿਚ ਉਨ੍ਹਾਂ ਨੇ ਬਹੁਤ ਘੱਟ ਸਮਾਂ ਕਿਉਂ ਨਾ ਬਿਤਾਇਆ ਹੋਵੇ।—ਮਰ. 14:6-8; ਕੁਲੁ. 3:23.
5 ਅਜਿਹੇ ਪਰਮੇਸ਼ੁਰ ਦੀ ਸੇਵਾ ਕਰਨ ਨਾਲ ਕਿੰਨੀ ਤਾਜ਼ਗੀ ਮਿਲਦੀ ਹੈ ਜੋ ਉਸ ਸਭ ਕਾਸੇ ਦੀ ਕਦਰ ਕਰਦਾ ਹੈ ਜੋ ਕੁਝ ਅਸੀਂ ਉਸ ਦੇ ਨਾਂ ਲਈ ਕਰਦੇ ਹਾਂ! (ਇਬ. 6:10) ਆਓ ਆਪਾਂ ਆਪਣੀ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰੀਏ।