ਨਿਮਰਤਾ ਨੂੰ ਪਹਿਨੋ
1 ਇਕ ਨੌਜਵਾਨ ਚਰਵਾਹਾ ਯਹੋਵਾਹ ਤੇ ਭਰੋਸਾ ਰੱਖਦਾ ਹੈ ਤੇ ਇਕ ਤਾਕਤਵਰ ਯੋਧੇ ਨੂੰ ਹਰਾ ਦਿੰਦਾ ਹੈ। (1 ਸਮੂ. 17:45-47) ਇਕ ਧਨੀ ਆਦਮੀ ਧੀਰਜ ਨਾਲ ਬਿਪਤਾਵਾਂ ਨੂੰ ਸਹਿੰਦਾ ਹੈ। (ਅੱਯੂ. 1:20-22; 2:9, 10) ਪਰਮੇਸ਼ੁਰ ਦਾ ਪੁੱਤਰ ਆਪਣੀ ਸਿੱਖਿਆ ਦਾ ਸਿਹਰਾ ਆਪਣੇ ਪਿਤਾ ਨੂੰ ਦਿੰਦਾ ਹੈ। (ਯੂਹੰ. 7:15-18; 8:28) ਇਨ੍ਹਾਂ ਸਾਰਿਆਂ ਵਿਚ ਖ਼ਾਸ ਗੁਣ ਸੀ ਨਿਮਰਤਾ। ਉਸੇ ਤਰ੍ਹਾਂ ਅੱਜ ਸਾਡੇ ਲਈ ਵੀ ਵੱਖੋ-ਵੱਖਰੇ ਹਾਲਾਤਾਂ ਵਿਚ ਨਿਮਰ ਹੋਣਾ ਬਹੁਤ ਜ਼ਰੂਰੀ ਹੈ।—ਕੁਲੁ 3:12.
2 ਪ੍ਰਚਾਰ ਕਰਨ ਵੇਲੇ: ਮਸੀਹੀ ਸੇਵਕ ਹੋਣ ਦੇ ਨਾਤੇ, ਅਸੀਂ ਨਿਮਰਤਾ ਨਾਲ ਹਰ ਤਰ੍ਹਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ ਤੇ ਅਸੀਂ ਉਨ੍ਹਾਂ ਦੀ ਨਸਲ, ਸਭਿਆਚਾਰ ਜਾਂ ਪਿਛੋਕੜ ਨੂੰ ਦੇਖ ਕੇ ਉਨ੍ਹਾਂ ਬਾਰੇ ਪਹਿਲਾਂ ਹੀ ਰਾਇ ਨਹੀਂ ਬਣਾ ਲੈਂਦੇ। (1 ਕੁਰਿੰ. 9:22, 23) ਜੇ ਕੁਝ ਲੋਕ ਰੁੱਖੇ ਤਰੀਕੇ ਨਾਲ ਗੱਲ ਕਰਦੇ ਹਨ ਜਾਂ ਆਕੜ ਨਾਲ ਰਾਜ ਦਾ ਸੰਦੇਸ਼ ਸੁਣਨ ਤੋਂ ਇਨਕਾਰ ਕਰਦੇ ਹਨ, ਤਾਂ ਅਸੀਂ ਉਨ੍ਹਾਂ ਨਾਲ ਉਨ੍ਹਾਂ ਵਾਂਗ ਗੱਲ ਨਹੀਂ ਕਰਦੇ, ਬਲਕਿ ਧੀਰਜ ਨਾਲ ਲਾਇਕ ਲੋਕਾਂ ਨੂੰ ਲੱਭਦੇ ਹਾਂ। (ਮੱਤੀ 10:11, 14) ਦੂਜਿਆਂ ਨੂੰ ਆਪਣੇ ਗਿਆਨ ਜਾਂ ਸਿੱਖਿਆ ਨਾਲ ਪ੍ਰਭਾਵਿਤ ਕਰਨ ਦੀ ਬਜਾਇ, ਅਸੀਂ ਉਨ੍ਹਾਂ ਦਾ ਧਿਆਨ ਪਰਮੇਸ਼ੁਰ ਦੇ ਬਚਨ ਵੱਲ ਖਿੱਚਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਸ ਵਿਚ ਸਾਡੀਆਂ ਗੱਲਾਂ ਨਾਲੋਂ ਜ਼ਿਆਦਾ ਅਸਰ ਪਾਉਣ ਦੀ ਤਾਕਤ ਹੈ। (1 ਕੁਰਿੰ. 2:1-5; ਇਬ. 4:12) ਯਿਸੂ ਦੀ ਰੀਸ ਕਰ ਕੇ ਅਸੀਂ ਵੀ ਸਾਰੀ ਮਹਿਮਾ ਪਰਮੇਸ਼ੁਰ ਨੂੰ ਦਿੰਦੇ ਹਾਂ।—ਮਰ. 10:17, 18.
3 ਕਲੀਸਿਯਾ ਵਿਚ: ਮਸੀਹੀਆਂ ਨੂੰ ‘ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹਣਾ’ ਚਾਹੀਦਾ ਹੈ। (1 ਪਤ. 5:5) ਜੇ ਅਸੀਂ ਦੂਜਿਆਂ ਨੂੰ ਆਪਣੇ ਨਾਲੋਂ ਉੱਤਮ ਸਮਝਦੇ ਹਾਂ, ਤਾਂ ਅਸੀਂ ਆਪਣੇ ਭੈਣ-ਭਰਾਵਾਂ ਤੋਂ ਆਪਣੀ ਸੇਵਾ ਕਰਾਉਣ ਦੀ ਬਜਾਇ ਉਨ੍ਹਾਂ ਦੀ ਸੇਵਾ ਕਰਨ ਦੇ ਮੌਕੇ ਭਾਲਾਂਗੇ। (ਯੂਹੰ. 13:12-17; ਫ਼ਿਲਿ. 2:3, 4) ਅਸੀਂ ਇੱਦਾਂ ਨਹੀਂ ਸੋਚਾਂਗੇ ਕਿ ਕਿੰਗਡਮ ਹਾਲ ਦੀ ਸਫ਼ਾਈ ਕਰਨ ਨਾਲ ਸਾਡੀ ਸ਼ਾਨ ਘੱਟ ਜਾਵੇਗੀ।
4 ਨਿਮਰਤਾ ਸਾਡੀ ‘ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲੈਣ’ ਵਿਚ ਮਦਦ ਕਰਦੀ ਹੈ। ਇਸ ਤਰ੍ਹਾਂ ਕਲੀਸਿਯਾ ਵਿਚ ਸ਼ਾਂਤੀ ਤੇ ਏਕਤਾ ਬਣੀ ਰਹਿੰਦੀ ਹੈ। (ਅਫ਼. 4:1-3) ਇਸ ਨਾਲ ਸਾਨੂੰ ਅਗਵਾਈ ਲੈਣ ਵਾਲਿਆਂ ਦੇ ਅਧੀਨ ਰਹਿਣ ਵਿਚ ਮਦਦ ਮਿਲਦੀ ਹੈ। (ਇਬ. 13:17) ਇਹ ਸਾਨੂੰ ਕੋਈ ਵੀ ਸਲਾਹ ਜਾਂ ਤਾੜਨਾ ਸਵੀਕਾਰ ਕਰਨ ਲਈ ਪ੍ਰੇਰਿਤ ਕਰਦੀ ਹੈ। (ਜ਼ਬੂ. 141:5) ਨਿਮਰਤਾ ਸਾਨੂੰ ਕਲੀਸਿਯਾ ਵਿਚ ਮਿਲਣ ਵਾਲੀ ਕਿਸੇ ਵੀ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਸਮੇਂ ਯਹੋਵਾਹ ਤੇ ਭਰੋਸਾ ਰੱਖਣ ਲਈ ਉਕਸਾਉਂਦੀ ਹੈ। (1 ਪਤ. 4:11) ਦਾਊਦ ਵਾਂਗ ਅਸੀਂ ਵੀ ਮੰਨਦੇ ਹਾਂ ਕਿ ਕਾਮਯਾਬੀ ਆਪਣੀ ਕਾਬਲੀਅਤ ਨਾਲ ਨਹੀਂ, ਬਲਕਿ ਪਰਮੇਸ਼ੁਰ ਦੀ ਬਰਕਤ ਨਾਲ ਮਿਲਦੀ ਹੈ।—1 ਸਮੂ. 17:37.
5 ਆਪਣੇ ਪਰਮੇਸ਼ੁਰ ਅੱਗੇ: ਸਭ ਤੋਂ ਅਹਿਮ ਗੱਲ ਹੈ ਕਿ ਅਸੀਂ ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੀਏ।’ (1 ਪਤ. 5:6) ਜੇ ਸਾਨੂੰ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ, ਤਾਂ ਅਸੀਂ ਸ਼ਾਇਦ ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀ ਰਾਹਤ ਨੂੰ ਤਰਸਣ ਲੱਗ ਪਈਏ। ਪਰ ਅਸੀਂ ਨਿਮਰਤਾ ਨਾਲ ਧੀਰਜ ਧਰਦੇ ਹੋਏ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ ਕਿ ਉਹ ਆਪਣੇ ਠਹਿਰਾਏ ਸਮੇਂ ਤੇ ਆਪਣੇ ਵਾਅਦੇ ਪੂਰੇ ਕਰੇਗਾ। (ਯਾਕੂ. 5:7-11) ਵਫ਼ਾਦਾਰ ਅੱਯੂਬ ਵਾਂਗ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ “ਯਹੋਵਾਹ ਦਾ ਨਾਮ ਮੁਬਾਰਕ ਹੋਵੇ।”—ਅੱਯੂ. 1:21.
6 ਦਾਨੀਏਲ ਨਬੀ ਨੇ “ਆਪਣੇ ਪਰਮੇਸ਼ੁਰ ਅੱਗੇ ਅਧੀਨਗੀ” ਦਿਖਾਈ ਅਤੇ ਯਹੋਵਾਹ ਨੇ ਉਸ ਤੋਂ ਖ਼ੁਸ਼ ਹੋ ਕੇ ਉਸ ਨੂੰ ਸੇਵਾ ਦੇ ਬਹੁਤ ਸਾਰੇ ਸਨਮਾਨ ਦਿੱਤੇ। (ਦਾਨੀ. 10:11, 12) ਇਸੇ ਤਰ੍ਹਾਂ ਆਓ ਆਪਾਂ ਵੀ ਇਹ ਜਾਣਦੇ ਹੋਏ ਆਪਣੇ ਆਪ ਨੂੰ ਨਿਮਰ ਕਰੀਏ ਕਿ “ਅਧੀਨਗੀ [“ਨਿਮਰਤਾ,” NW] ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।”—ਕਹਾ. 22:4.