ਨੌਜਵਾਨੋ—ਭਵਿੱਖ ਲਈ ਚੰਗੀ ਨੀਂਹ ਧਰੋ
1. ਮਸੀਹੀ ਨੌਜਵਾਨਾਂ ਨੂੰ ਦ੍ਰਿੜ੍ਹ ਨਿਹਚਾ ਪੈਦਾ ਕਰਨ ਦੀ ਕਿਉਂ ਲੋੜ ਹੈ?
1 ਤੁਹਾਡੇ ਲਈ ਸਭ ਤੋਂ ਅਹਿਮ ਗੱਲ ਕਿਹੜੀ ਹੈ? ਤੁਸੀਂ ਕਿਹੜੀ ਗੱਲ ਬਾਰੇ ਸੋਚਦੇ ਹੋ? ਕੀ ਤੁਸੀਂ ਵਰਤਮਾਨ ਚੀਜ਼ਾਂ ਦੀ ਜ਼ਿਆਦਾ ਚਿੰਤਾ ਕਰਦੇ ਹੋ ਜਾਂ ਕੀ ਤੁਸੀਂ ਭਵਿੱਖ ਦੀਆਂ ਉਨ੍ਹਾਂ ਗੱਲਾਂ ਉੱਤੇ ਧਿਆਨ ਲਾਉਂਦੇ ਹੋ ਜਿਨ੍ਹਾਂ ਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ? (ਮੱਤੀ 6:24, 31-33; ਲੂਕਾ 8:14) ਪਰਮੇਸ਼ੁਰ ਦੇ ਵਾਅਦਿਆਂ ਮੁਤਾਬਕ ਕੰਮ ਕਰਨ ਲਈ ਦ੍ਰਿੜ੍ਹ ਨਿਹਚਾ ਦੀ ਲੋੜ ਹੈ। ਇਸ ਬਾਰੇ ਅਸੀਂ ਅਬਰਾਹਾਮ ਅਤੇ ਮੂਸਾ ਦੀਆਂ ਉਦਾਹਰਣਾਂ ਦੇਖ ਸਕਦੇ ਹਾਂ। (ਇਬ. 11:8-10, 24-26) ਤੁਸੀਂ ਇਸ ਤਰ੍ਹਾਂ ਦੀ ਨਿਹਚਾ ਕਿੱਦਾਂ ਆਪਣੇ ਵਿਚ ਪੈਦਾ ਕਰ ਸਕਦੇ ਹੋ ਅਤੇ ‘ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰ’ ਸਕਦੇ ਹੋ?—1 ਤਿਮੋ. 6:19.
2. ਅਸੀਂ ਰਾਜਾ ਯੋਸੀਯਾਹ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
2 ਯਹੋਵਾਹ ਨੂੰ ਭਾਲੋ: ਜੇ ਤੁਸੀਂ ਆਪਣੇ ਪਰਿਵਾਰ ਨਾਲ ਬਾਕਾਇਦਾ ਅਧਿਆਤਮਿਕ ਕੰਮਾਂ ਵਿਚ ਹਿੱਸਾ ਲੈਂਦੇ ਹੋ, ਤਾਂ ਤੁਸੀਂ ਤਾਰੀਫ਼ ਦੇ ਕਾਬਲ ਹੋ। ਪਰ ਇਹ ਨਾ ਸੋਚੋ ਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਿਚ ਦ੍ਰਿੜ੍ਹ ਨਿਹਚਾ ਖ਼ੁਦ-ਬ-ਖ਼ੁਦ ਪੈਦਾ ਹੋ ਜਾਵੇਗੀ। “ਪਰਮੇਸ਼ੁਰ ਦੇ ਗਿਆਨ” ਨੂੰ ਹਾਸਲ ਕਰਨ ਲਈ, ਤੁਹਾਨੂੰ ਖ਼ੁਦ ਯਹੋਵਾਹ ਨੂੰ ਭਾਲਣਾ ਪਵੇਗਾ। (ਕਹਾ. 2:3-5; 1 ਇਤ. 28:9) ਨੌਜਵਾਨ ਰਾਜਾ ਯੋਸੀਯਾਹ ਨੇ ਇਸੇ ਤਰ੍ਹਾਂ ਕੀਤਾ ਸੀ। ਬੁਰੇ ਅਧਿਆਤਮਿਕ ਮਾਹੌਲ ਵਿਚ ਪਲਣ ਦੇ ਬਾਵਜੂਦ ਜਦੋਂ ਉਹ 15 ਕੁ ਸਾਲਾਂ ਦਾ ਸੀ, ਤਾਂ ਉਹ “ਆਪਣੇ ਪਿਤਾ ਦਾਊਦ ਦੇ ਪਰਮੇਸ਼ੁਰ ਦਾ ਤਾਲਿਬ ਹੋਇਆ।”—2 ਇਤ. 34:3.
3. ਨੌਜਵਾਨ ਮਸੀਹੀ ਅੱਜ ਯਹੋਵਾਹ ਨੂੰ ਕਿਵੇਂ ਭਾਲ ਸਕਦੇ ਹਨ?
3 ਤੁਸੀਂ ਯਹੋਵਾਹ ਨੂੰ ਕਿਵੇਂ ਭਾਲ ਸਕਦੇ ਹੋ? ਆਪਣੇ ਵਿਸ਼ਵਾਸਾਂ ਦੀ ਧਿਆਨ ਨਾਲ ਜਾਂਚ ਕਰ ਕੇ ਇਹ ‘ਸਿਆਣਨ’ ਦੁਆਰਾ ਕਿ ਇਹ ਸਹੀ ਹਨ। (ਰੋਮੀ. 12:2) ਮਿਸਾਲ ਲਈ, ਕੀ ਤੁਸੀਂ ਸਮਝਾ ਸਕਦੇ ਹੋ ਕਿ ਖ਼ੂਨ ਬਾਰੇ ਬਾਈਬਲ ਕੀ ਕਹਿੰਦੀ ਹੈ ਜਾਂ ਕੀ ਤੁਸੀਂ ਸਾਬਤ ਕਰ ਸਕਦੇ ਹੋ ਕਿ ਪਰਮੇਸ਼ੁਰ ਦਾ ਰਾਜ 1914 ਵਿਚ ਸਵਰਗ ਵਿਚ ਸ਼ੁਰੂ ਹੋ ਗਿਆ ਸੀ? ‘ਸਤ ਦਾ ਗਿਆਨ’ ਹਾਸਲ ਕਰਨਾ ਭਵਿੱਖ ਲਈ ਚੰਗੀ ਨੀਂਹ ਧਰਨ ਦਾ ਇਕ ਮਹੱਤਵਪੂਰਣ ਹਿੱਸਾ ਹੈ।—1 ਤਿਮੋ. 2:3, 4.
4. ਬਪਤਿਸਮਾ-ਰਹਿਤ ਪ੍ਰਕਾਸ਼ਕ ਆਪਣੀ ਤਰੱਕੀ ਕਿਵੇਂ ਜ਼ਾਹਰ ਕਰ ਸਕਦੇ ਹਨ?
4 ਯੋਸੀਯਾਹ ਵੱਲੋਂ ਪਰਮੇਸ਼ੁਰ ਦੀ ਭਾਲ ਕਰਨ ਦੇ ਚੰਗੇ ਨਤੀਜੇ ਨਿਕਲੇ। ਵੀਹ ਸਾਲ ਦੀ ਉਮਰ ਤੋਂ ਪਹਿਲਾਂ ਹੀ ਉਸ ਨੇ ਹਿੰਮਤ ਨਾਲ ਦੇਸ਼ ਵਿੱਚੋਂ ਝੂਠੀ ਉਪਾਸਨਾ ਦਾ ਸਫ਼ਾਇਆ ਕਰ ਦਿੱਤਾ ਸੀ। (2 ਇਤ. 34:3-7) ਇਸੇ ਤਰ੍ਹਾਂ, ਤੁਹਾਡੀ ਅਧਿਆਤਮਿਕ ਤਰੱਕੀ ਤੁਹਾਡੇ ਕੰਮਾਂ ਤੋਂ ਜ਼ਾਹਰ ਹੋਵੇਗੀ। (1 ਤਿਮੋ. 4:15) ਜੇ ਤੁਸੀਂ ਬਪਤਿਸਮਾ-ਰਹਿਤ ਪ੍ਰਕਾਸ਼ਕ ਹੋ, ਤਾਂ ਆਪਣੇ ਪ੍ਰਚਾਰ ਕਰਨ ਦੇ ਤਰੀਕੇ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰੋ। ਸਿਰਫ਼ ਸਾਹਿੱਤ ਦੇ ਕੇ ਹੀ ਸੰਤੁਸ਼ਟ ਨਾ ਹੋਵੋ, ਬਲਕਿ ਬਾਈਬਲ ਨੂੰ ਵਰਤਣ, ਲੋਕਾਂ ਨਾਲ ਤਰਕ ਕਰਨ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਰੁਚੀ ਨੂੰ ਵਧਾਉਣ ਦਾ ਟੀਚਾ ਰੱਖੋ। (ਰੋਮੀ. 12:7) ਇਸ ਤਰ੍ਹਾਂ ਤੁਹਾਨੂੰ ਅਧਿਆਤਮਿਕ ਤਰੱਕੀ ਕਰਨ ਵਿਚ ਮਦਦ ਮਿਲੇਗੀ।
5. ਬਪਤਿਸਮਾ-ਪ੍ਰਾਪਤ ਮਸੀਹੀਆਂ ਕੋਲ ਆਪਣੀ ਸੇਵਕਾਈ ਵਧਾਉਣ ਦੇ ਕਿਹੜੇ ਮੌਕੇ ਹਨ?
5 ਯਹੋਵਾਹ ਨੂੰ ਉੱਤਮ ਭੇਟ ਦਿਓ: ਜਦੋਂ ਤੁਸੀਂ ਬਪਤਿਸਮਾ ਲੈ ਕੇ ਯਹੋਵਾਹ ਨੂੰ ਆਪਣਾ ਸਮਰਪਣ ਕਰਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੇ ਨਿਯੁਕਤ ਸੇਵਕ ਬਣ ਜਾਂਦੇ ਹੋ। (2 ਕੁਰਿੰ. 3:5, 6) ਇਸ ਨਾਲ ਤੁਹਾਨੂੰ ਯਹੋਵਾਹ ਦੀ ਪੂਰੇ ਸਮੇਂ ਦੀ ਸੇਵਕਾਈ ਕਰਨ ਦੇ ਮੌਕੇ ਮਿਲ ਸਕਦੇ ਹਨ। ਇਨ੍ਹਾਂ ਵਿਚ ਪਾਇਨੀਅਰੀ, ਬੈਥਲ ਸੇਵਾ ਅਤੇ ਸਫ਼ਰੀ ਕੰਮ ਸ਼ਾਮਲ ਹਨ। ਤੁਸੀਂ ਹੋਰ ਭਾਸ਼ਾ ਸਿੱਖਣ ਅਤੇ ਜ਼ਿਆਦਾ ਲੋੜ ਵਾਲੀਆਂ ਥਾਵਾਂ ਤੇ ਜਾ ਕੇ ਸੇਵਾ ਕਰਨ ਦੁਆਰਾ ਵੀ ਆਪਣੀ ਸੇਵਕਾਈ ਨੂੰ ਵਧਾ ਸਕਦੇ ਹੋ।
6. ਅਸੀਂ ਸਾਰੇ ਹੀ ਭਵਿੱਖ ਲਈ ਚੰਗੀ ਨੀਂਹ ਕਿਵੇਂ ਧਰ ਸਕਦੇ ਹਾਂ?
6 ਇਹ ਸੱਚ ਹੈ ਕਿ ਬਹੁਤ ਸਾਰੇ ਭੈਣਾਂ-ਭਰਾਵਾਂ ਦੇ ਹਾਲਾਤ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਨਹੀਂ ਦਿੰਦੇ, ਪਰ ਸਾਡੇ ਵਿੱਚੋਂ ਹਰ ਜਣਾ ਯਹੋਵਾਹ ਨੂੰ ਉੱਤਮ ਭੇਟ ਦੇ ਸਕਦਾ ਹੈ। (ਮੱਤੀ 22:37) ਤੁਹਾਡੇ ਹਾਲਾਤ ਭਾਵੇਂ ਜੋ ਵੀ ਹੋਣ, ਯਹੋਵਾਹ ਦੀ ਸੇਵਾ ਕਰਨ ਨੂੰ ਆਪਣੀ ਜ਼ਿੰਦਗੀ ਦਾ ਮੁੱਖ ਮਕਸਦ ਬਣਾਓ। (ਜ਼ਬੂ. 16:5) ਇਸ ਤਰ੍ਹਾਂ ਕਰਨ ਨਾਲ ਤੁਸੀਂ ਭਵਿੱਖ ਲਈ ਚੰਗੀ ਨੀਂਹ ਧਰ ਰਹੇ ਹੋਵੋਗੇ।