ਦੂਸਰਿਆਂ ਦੀ ਤਾਰੀਫ਼ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਓ
1 ਇਕ ਰਾਤ ਇਕ ਛੋਟੀ ਕੁੜੀ ਨੇ ਸਿਸਕੀਆਂ ਲੈਂਦੇ ਹੋਏ ਆਪਣੀ ਮਾਂ ਨੂੰ ਪੁੱਛਿਆ: “ਕੀ ਮੈਂ ਅੱਜ ਕੋਈ ਸ਼ਰਾਰਤ ਕੀਤੀ?” ਇਹ ਸਵਾਲ ਸੁਣ ਕੇ ਉਸ ਦੀ ਮਾਂ ਹੱਕੀ-ਬੱਕੀ ਰਹਿ ਗਈ। ਉਸ ਦਿਨ ਇਹ ਦੇਖਣ ਦੇ ਬਾਵਜੂਦ ਵੀ ਕਿ ਉਸ ਦੀ ਛੋਟੀ ਜਿਹੀ ਧੀ ਨੇ ਚੰਗੇ ਬੱਚਿਆਂ ਦੀ ਤਰ੍ਹਾਂ ਵਰਤਾਅ ਕਰਨ ਦੀ ਕਿੰਨੀ ਕੋਸ਼ਿਸ਼ ਕੀਤੀ ਸੀ, ਉਸ ਨੇ ਤਾਰੀਫ਼ ਦਾ ਇਕ ਲਫ਼ਜ਼ ਵੀ ਨਹੀਂ ਕਿਹਾ। ਇਸ ਬੱਚੀ ਦੇ ਹੰਝੂ ਸਾਨੂੰ ਚੇਤੇ ਕਰਾਉਂਦੇ ਹਨ ਕਿ ਛੋਟੇ-ਵੱਡੇ ਸਾਰਿਆਂ ਨੂੰ ਸ਼ਲਾਘਾ ਦੀ ਲੋੜ ਹੁੰਦੀ ਹੈ। ਜਦ ਕੋਈ ਚੰਗਾ ਕੰਮ ਕਰਦਾ ਹੈ, ਤਾਂ ਕੀ ਅਸੀਂ ਉਸ ਦੀ ਤਾਰੀਫ਼ ਕਰ ਕੇ ਉਸ ਦਾ ਹੌਸਲਾ ਵਧਾਉਂਦੇ ਹਾਂ?—ਕਹਾ. 25:11.
2 ਅਸੀਂ ਕਈ ਕਾਰਨਾਂ ਕਰਕੇ ਆਪਣੇ ਭੈਣ-ਭਰਾਵਾਂ ਦੀ ਤਾਰੀਫ਼ ਕਰ ਸਕਦੇ ਹਾਂ। ਬਜ਼ੁਰਗ, ਸਹਾਇਕ ਸੇਵਕ ਅਤੇ ਪਾਇਨੀਅਰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। (1 ਤਿਮੋ. 4:10; 5:17) ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਅਨੁਸਾਰ ਪਾਲਣ-ਪੋਸਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਅਫ਼. 6:4) ਮਸੀਹੀ ਨੌਜਵਾਨ ‘ਜਗਤ ਦੇ ਆਤਮਾ’ ਦਾ ਵਿਰੋਧ ਕਰਨ ਲਈ ਜੱਦੋ-ਜਹਿਦ ਕਰਦੇ ਹਨ। (1 ਕੁਰਿੰ. 2:12; ਅਫ਼. 2:1-3) ਦੂਸਰੇ ਬੁਢਾਪੇ, ਸਿਹਤ ਸਮੱਸਿਆਵਾਂ ਜਾਂ ਹੋਰ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ। (2 ਕੁਰਿੰ. 12:7) ਇਹ ਸਾਰੇ ਭੈਣ-ਭਰਾ ਤਾਰੀਫ਼ ਦੇ ਕਾਬਲ ਹਨ। ਕੀ ਅਸੀਂ ਉਨ੍ਹਾਂ ਦੇ ਜਤਨਾਂ ਦੀ ਤਾਰੀਫ਼ ਕਰਦੇ ਹਾਂ?
3 ਖ਼ਾਸ ਗੱਲਾਂ ਲਈ ਨਿੱਜੀ ਤੌਰ ਤੇ ਤਾਰੀਫ਼ ਕਰੋ: ਸਟੇਜ ਤੋਂ ਦਿੱਤੀ ਜਾਂਦੀ ਸ਼ਾਬਾਸ਼ੀ ਦੀ ਅਸੀਂ ਸਾਰੇ ਹੀ ਕਦਰ ਕਰਦੇ ਹਾਂ। ਪਰ ਉਦੋਂ ਸਾਡੇ ਵਿਚ ਹੋਰ ਵੀ ਜਾਨ ਆ ਜਾਂਦੀ ਹੈ, ਜਦੋਂ ਕੋਈ ਸਾਡੀ ਨਿੱਜੀ ਤੌਰ ਤੇ ਤਾਰੀਫ਼ ਕਰਦਾ ਹੈ। ਮਿਸਾਲ ਲਈ, ਰੋਮੀਆਂ ਨੂੰ ਲਿਖੀ ਆਪਣੀ ਚਿੱਠੀ ਦੇ 16ਵੇਂ ਅਧਿਆਇ ਵਿਚ ਹੋਰਨਾਂ ਭੈਣ-ਭਰਾਵਾਂ ਦੀ ਤਾਰੀਫ਼ ਕਰਨ ਦੇ ਨਾਲ-ਨਾਲ ਪੌਲੁਸ ਨੇ ਫ਼ੀਬੀ, ਪਰਿਸਕਾ ਅਤੇ ਅਕੂਲਾ, ਤਰੁਫ਼ੈਨਾ ਅਤੇ ਤਰੁਫ਼ੋਸਾ ਤੇ ਪਰਸੀਸ ਦੇ ਖ਼ਾਸ ਕੰਮਾਂ ਕਾਰਨ ਉਨ੍ਹਾਂ ਦੀ ਤਾਰੀਫ਼ ਕੀਤੀ ਸੀ। (ਰੋਮੀ. 16:1-4, 12) ਪੌਲੁਸ ਦੀ ਚਿੱਠੀ ਵਿਚ ਲਿਖੇ ਤਾਰੀਫ਼ ਦੇ ਲਫ਼ਜ਼ਾਂ ਨੇ ਉਨ੍ਹਾਂ ਵਫ਼ਾਦਾਰ ਭੈਣ-ਭਰਾਵਾਂ ਨੂੰ ਕਿੰਨਾ ਹੌਸਲਾ ਦਿੱਤਾ ਹੋਵੇਗਾ! ਤਾਰੀਫ਼ ਸਾਡੇ ਭੈਣ-ਭਰਾਵਾਂ ਨੂੰ ਯਕੀਨ ਦਿਵਾਉਂਦੀ ਹੈ ਕਿ ਸਾਨੂੰ ਉਨ੍ਹਾਂ ਦੀ ਲੋੜ ਹੈ ਅਤੇ ਇਸ ਨਾਲ ਸਾਡਾ ਆਪਸੀ ਰਿਸ਼ਤਾ ਵੀ ਮਜ਼ਬੂਤ ਹੁੰਦਾ ਹੈ। ਹਾਲ ਹੀ ਵਿਚ ਕੀ ਤੁਸੀਂ ਕਿਸੇ ਦੀ ਨਿੱਜੀ ਤੌਰ ਤੇ ਤਾਰੀਫ਼ ਕੀਤੀ ਹੈ?—ਅਫ਼. 4:29.
4 ਦਿਲੋਂ ਤਾਰੀਫ਼ ਕਰੋ: ਸਾਨੂੰ ਦੂਸਰਿਆਂ ਦੀ ਦਿਲੋਂ ਤਾਰੀਫ਼ ਕਰਨੀ ਚਾਹੀਦੀ ਹੈ। ਲੋਕੀ ਸਮਝ ਜਾਂਦੇ ਹਨ ਕਿ ਅਸੀਂ ਜੋ ਕੁਝ ਕਹਿੰਦੇ ਹਾਂ, ਉਹ ਦਿਲੋਂ ਕਹਿੰਦੇ ਹਾਂ ਜਾਂ ਕਿ ਸਿਰਫ਼ “ਚਾਪਲੂਸੀ” ਕਰ ਰਹੇ ਹਾਂ। (ਕਹਾ. 28:23, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜਿਉਂ-ਜਿਉਂ ਅਸੀਂ ਦੂਜਿਆਂ ਵਿਚ ਚੰਗੇ ਗੁਣ ਦੇਖਣਾ ਸਿੱਖਦੇ ਹਾਂ, ਸਾਡਾ ਦਿਲ ਸਾਨੂੰ ਉਨ੍ਹਾਂ ਦੀ ਤਾਰੀਫ਼ ਕਰਨ ਲਈ ਪ੍ਰੇਰਿਤ ਕਰੇਗਾ। ਆਓ ਆਪਾਂ ਦੂਜਿਆਂ ਦੀ ਦਿਲੋਂ ਤਾਰੀਫ਼ ਕਰੀਏ ਕਿਉਂਕਿ ਅਸੀਂ ਜਾਣਦੇ ਹਾਂ ਕਿ “ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!”—ਕਹਾ. 15:23.