ਲੋਕਾਂ ਵਿਚ ਦਿਲਚਸਪੀ ਲਓ—ਉਨ੍ਹਾਂ ਦੀ ਤਾਰੀਫ਼ ਕਰੋ
1 ਜਦੋਂ ਅਸੀਂ ਦੂਸਰਿਆਂ ਦੀ ਦਿਲੋਂ ਤਾਰੀਫ਼ ਕਰਦੇ ਹਾਂ, ਤਾਂ ਉਨ੍ਹਾਂ ਨੂੰ ਹੱਲਾਸ਼ੇਰੀ ਮਿਲਦੀ ਹੈ, ਕੁਝ ਕਰਨ ਦੀ ਪ੍ਰੇਰਣਾ ਮਿਲਦੀ ਹੈ ਤੇ ਉਨ੍ਹਾਂ ਨੂੰ ਖ਼ੁਸ਼ੀ ਹੁੰਦੀ ਹੈ। ਕਈ ਪ੍ਰਕਾਸ਼ਕਾਂ ਨੇ ਦੇਖਿਆ ਹੈ ਕਿ ਸੱਚੀ ਤਾਰੀਫ਼ ਦੇ ਕੁਝ ਲਫ਼ਜ਼ ਕਹਿਣ ਨਾਲ ਅਕਸਰ ਸੇਵਕਾਈ ਵਿਚ ਲੋਕ ਗੱਲ ਸੁਣਨ ਲਈ ਤਿਆਰ ਹੋ ਜਾਂਦੇ ਹਨ। ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਵੇਲੇ ਅਸੀਂ ਉਨ੍ਹਾਂ ਦੀ ਤਾਰੀਫ਼ ਕਿਵੇਂ ਕਰ ਸਕਦੇ ਹਾਂ?
2 ਲੋਕਾਂ ਵੱਲ ਧਿਆਨ ਦਿਓ: ਮਹਿਮਾਵਾਨ ਯਿਸੂ ਮਸੀਹ ਨੇ ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਦੇ ਚੰਗੇ ਕੰਮਾਂ ਵੱਲ ਧਿਆਨ ਦਿੱਤਾ। (ਪਰ. 2:2, 3, 13, 19; 3:8) ਇਸੇ ਤਰ੍ਹਾਂ ਜਦ ਅਸੀਂ ਲੋਕਾਂ ਵਿਚ ਦਿਲੋਂ ਦਿਲਚਸਪੀ ਲਵਾਂਗੇ, ਤਾਂ ਅਸੀਂ ਉਨ੍ਹਾਂ ਦੀ ਤਾਰੀਫ਼ ਕਰਨ ਦੇ ਮੌਕੇ ਭਾਲਾਂਗੇ। ਮਿਸਾਲ ਲਈ, ਮਾਂ ਜਾਂ ਪਿਓ ਨੂੰ ਬੱਚਿਆਂ ਨਾਲ ਪਿਆਰ ਜਤਾਉਂਦਿਆਂ ਦੇਖ ਕੇ ਜਾਂ ਉਨ੍ਹਾਂ ਦਾ ਸਾਫ਼-ਸੁਥਰਾ ਘਰ ਦੇਖ ਕੇ ਜਾਂ ਘਰ-ਸੁਆਮੀ ਦੇ ਖ਼ੁਸ਼ੀ ਨਾਲ ਮਿਲਣ ਤੇ ਅਤੇ ਨਮਸਕਾਰ ਕਹਿਣ ਤੇ ਅਸੀਂ ਉਨ੍ਹਾਂ ਦੀ ਤਾਰੀਫ਼ ਕਰ ਸਕਦੇ ਹਾਂ। ਕੀ ਤੁਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਦੇ ਕੇ ਉਨ੍ਹਾਂ ਦੀ ਤਾਰੀਫ਼ ਕਰਦੇ ਹੋ?
3 ਚੰਗੀ ਤਰ੍ਹਾਂ ਗੱਲ ਸੁਣੋ: ਪ੍ਰਚਾਰ ਕਰਦੇ ਵੇਲੇ ਲੋਕਾਂ ਤੋਂ ਢੁਕਵੇਂ ਸਵਾਲ ਪੁੱਛ ਕੇ ਉਨ੍ਹਾਂ ਨੂੰ ਆਪਣੀ ਰਾਇ ਦੇਣ ਲਈ ਕਹੋ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣ ਕੇ ਉਨ੍ਹਾਂ ਦਾ ਆਦਰ ਕਰੋ। (ਰੋਮੀ. 12:10) ਉਹ ਗੱਲ ਕਰਦਿਆਂ ਅਜਿਹਾ ਕੁਝ ਕਹਿਣਗੇ ਜਿਸ ਦੇ ਲਈ ਤੁਸੀਂ ਉਨ੍ਹਾਂ ਦੀ ਦਿਲੋਂ ਤਾਰੀਫ਼ ਕਰ ਸਕਦੇ ਹੋ ਤੇ ਫਿਰ ਉਸੇ ਸਾਂਝੇ ਵਿਸ਼ੇ ਦੇ ਆਧਾਰ ਤੇ ਗੱਲਬਾਤ ਨੂੰ ਅੱਗੇ ਤੋਰ ਸਕਦੇ ਹੋ।
4 ਸਮਝਦਾਰੀ ਵਰਤੋ: ਜੇ ਘਰ-ਸੁਆਮੀ ਬਾਈਬਲ ਦੀ ਸੱਚਾਈ ਤੋਂ ਉਲਟ ਕੁਝ ਕਹਿੰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਦੀ ਗ਼ਲਤ ਰਾਇ ਉੱਤੇ ਬਹਿਸਬਾਜ਼ੀ ਕਰਨ ਦੀ ਬਜਾਇ ਅਸੀਂ ਧੰਨਵਾਦ ਕਰ ਸਕਦੇ ਹਾਂ ਕਿ ਉਨ੍ਹਾਂ ਨੇ ਆਪਣੀ ਰਾਇ ਪ੍ਰਗਟਾਈ। ਅਸੀਂ ਇਹ ਕਹਿ ਕੇ ਗੱਲਬਾਤ ਜਾਰੀ ਰੱਖ ਸਕਦੇ ਹਾਂ, “ਤੁਹਾਡੀ ਗੱਲ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਇਸ ਵਿਸ਼ੇ ਉੱਤੇ ਕਾਫ਼ੀ ਸੋਚ-ਵਿਚਾਰ ਕੀਤਾ ਹੈ।” (ਕੁਲੁ. 4:6) ਭਾਵੇਂ ਉਹ ਵਿਅਕਤੀ ਸਾਡੇ ਨਾਲ ਬਹਿਸ ਕਰਦਾ ਹੈ, ਤਾਂ ਵੀ ਅਸੀਂ ਕਿਸੇ ਖ਼ਾਸ ਵਿਸ਼ੇ ਵਿਚ ਉਸ ਦੀ ਗਹਿਰੀ ਦਿਲਚਸਪੀ ਲਈ ਉਸ ਦੀ ਤਾਰੀਫ਼ ਕਰ ਸਕਦੇ ਹਾਂ। ਨਰਮਾਈ ਨਾਲ ਪੇਸ਼ ਆਉਣ ਤੇ ਅਜਿਹਾ ਵਿਅਕਤੀ ਨਰਮ ਪੈ ਸਕਦਾ ਹੈ ਜੋ ਸ਼ਾਇਦ ਬਾਈਬਲ ਦੇ ਸੰਦੇਸ਼ ਦਾ ਸਖ਼ਤ ਵਿਰੋਧ ਕਰਦਾ ਹੈ।—ਕਹਾ. 25:15.
5 ਜੇ ਅਸੀਂ ਹੋਰਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੁੰਦੇ ਹਾਂ, ਤਾਂ ਸਾਨੂੰ ਦਿਲੋਂ ਤਾਰੀਫ਼ ਕਰਨੀ ਚਾਹੀਦੀ ਹੈ। ਹੌਸਲਾ-ਅਫ਼ਜ਼ਾਈ ਦੇ ਬੋਲ ਬੋਲਣ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ ਤੇ ਲੋਕ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਵੱਲ ਆਕਰਸ਼ਿਤ ਹੁੰਦੇ ਹਨ।