ਪਰਮੇਸ਼ੁਰ ਦੀ ਮਦਦ ਨਾਲ ਕੀਤਾ ਜਾ ਰਿਹਾ ਕੰਮ
1 ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕ ਅਜਿਹੇ ਹਨ ਜੋ ਨਾ ਤਾਂ ਜ਼ਿਆਦਾ ਪੜ੍ਹੇ-ਲਿਖੇ ਹਨ ਤੇ ਨਾ ਹੀ ਉਨ੍ਹਾਂ ਕੋਲ ਧਨ-ਦੌਲਤ ਜਾਂ ਦੁਨੀਆਂ ਵਿਚ ਸ਼ੁਹਰਤ ਹੈ। ਇਸ ਕਾਰਨ ਕੁਝ ਲੋਕ ਉਨ੍ਹਾਂ ਨੂੰ ਤੁੱਛ ਸਮਝਦੇ ਹਨ ਤੇ ਉਨ੍ਹਾਂ ਦੀ ਗੱਲ ਨਹੀਂ ਸੁਣਦੇ। (ਯਸਾ. 53:3) ਪਰ ਬਾਈਬਲ ਦੀ ਸਿੱਖਿਆ ਦੇਣ ਦੇ ਸਾਡੇ ਕੰਮ ਨਾਲ ਦੁਨੀਆਂ ਦੇ ਲੱਖਾਂ ਲੋਕਾਂ ਨੂੰ ਦਿਲਾਸਾ ਤੇ ਉਮੀਦ ਮਿਲੀ ਹੈ। ਤਾਂ ਫਿਰ ਸਾਡੇ ਵਰਗੇ ਤੁੱਛ ਲੋਕ ਇੰਨੇ ਸਾਰੇ ਲੋਕਾਂ ਨੂੰ ਦਿਲਾਸਾ ਤੇ ਉਮੀਦ ਦੇਣ ਵਿਚ ਕਿਵੇਂ ਕਾਮਯਾਬ ਹੋਏ ਹਨ? ਸਿਰਫ਼ ਪਰਮੇਸ਼ੁਰ ਦੀ ਮਦਦ ਨਾਲ। (ਮੱਤੀ 28:19, 20; ਰਸੂ. 1:8) ਪੌਲੁਸ ਰਸੂਲ ਨੇ ਕਿਹਾ: “ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ।”—1 ਕੁਰਿੰ. 1:26-29.
2 ਰਸੂਲ ਅਤੇ ਪਹਿਲੀ ਸਦੀ ਦੇ ਕਈ ਦੂਸਰੇ ਮਸੀਹੀ “ਵਿਦਵਾਨ ਨਹੀਂ ਸਗੋਂ ਆਮ” ਲੋਕ ਸਨ। (ਰਸੂ. 4:13) ਪਰ ਉਨ੍ਹਾਂ ਨੇ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਯਹੋਵਾਹ ਨੇ ਉਨ੍ਹਾਂ ਦੇ ਜਤਨਾਂ ਤੇ ਬਰਕਤ ਪਾਈ। ਰੁਕਾਵਟਾਂ ਅਤੇ ਸਤਾਹਟਾਂ ਦੇ ਬਾਵਜੂਦ, ‘ਯਹੋਵਾਹ ਦਾ ਬਚਨ ਵਧਦਾ ਅਤੇ ਪਰਬਲ ਹੁੰਦਾ ਗਿਆ।’ ਇਸ ਕੰਮ ਪਿੱਛੇ ਪਰਮੇਸ਼ੁਰ ਦਾ ਹੱਥ ਹੋਣ ਕਰਕੇ ਕੋਈ ਵੀ ਇਸ ਕੰਮ ਨੂੰ ਨਹੀਂ ਰੋਕ ਸਕਿਆ। (ਰਸੂ. 5:38, 39; 19:20) ਅੱਜ ਵੀ ਇਸੇ ਤਰ੍ਹਾਂ ਹੋ ਰਿਹਾ ਹੈ। ਸ਼ਕਤੀਸ਼ਾਲੀ ਹਾਕਮ ਸਾਡਾ ਸਖ਼ਤ ਵਿਰੋਧ ਕਰਦੇ ਹਨ। ਪਰ ਉਹ ਵੀ ਖ਼ੁਸ਼ ਖ਼ਬਰੀ ਨੂੰ ਫੈਲਣ ਤੋਂ ਰੋਕਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੇ ਹਨ।—ਯਸਾ. 54:17.
3 ਸਿਹਰਾ ਪਰਮੇਸ਼ੁਰ ਨੂੰ ਜਾਂਦਾ ਹੈ: ਪਰਮੇਸ਼ੁਰ ਦੇ ਸੇਵਕ ਹੋਣ ਕਰਕੇ ਸਾਡੇ ਉੱਤੇ ਉਸ ਦੀ ਮਿਹਰ ਹੈ। ਤਾਂ ਫਿਰ ਕੀ ਸਾਨੂੰ ਸ਼ੇਖੀ ਮਾਰਨੀ ਚਾਹੀਦੀ ਹੈ? ਬਿਲਕੁਲ ਨਹੀਂ। ਮਸੀਹੀ ਸੇਵਕਾਈ ਬਾਰੇ ਪੌਲੁਸ ਨੇ ਲਿਖਿਆ: “ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦਿਆਂ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦਾ ਅੱਤ ਵੱਡਾ ਮਹਾਤਮ ਪਰਮੇਸ਼ੁਰ ਦੀ ਵੱਲੋਂ, ਨਾ ਸਾਡੀ ਵੱਲੋਂ, ਮਲੂਮ ਹੋਵੇ।” (2 ਕੁਰਿੰ. 4:7) ਪੌਲੁਸ ਨੇ ਇਸ ਗੱਲ ਨੂੰ ਮੰਨਿਆ ਕਿ ਉਹ ਆਪਣੀ ਸੇਵਕਾਈ ਸਿਰਫ਼ ਪਰਮੇਸ਼ੁਰ ਦੀ ਤਾਕਤ ਨਾਲ ਹੀ ਪੂਰੀ ਕਰ ਸਕਿਆ ਸੀ।—ਅਫ਼. 6:19, 20; ਫ਼ਿਲਿ. 4:13.
4 ਇਸੇ ਤਰ੍ਹਾਂ ਅਸੀਂ ਵੀ ਮੰਨਦੇ ਹਾਂ ਕਿ ਪ੍ਰਚਾਰ ਦਾ ਕੰਮ ਅਸੀਂ ਸਿਰਫ਼ “ਪਰਮੇਸ਼ੁਰ ਦੀ ਮੱਦਤ” ਨਾਲ ਹੀ ਪੂਰਾ ਕਰ ਰਹੇ ਹਾਂ। (ਰਸੂ. 26:22) ਸਾਰੀ ਦੁਨੀਆਂ ਵਿਚ ਸਾਡੇ ਤੋਂ ਪ੍ਰਚਾਰ ਕਰਾ ਕੇ ਯਹੋਵਾਹ ਕੌਮਾਂ ਨੂੰ ਹਿਲਾ ਰਿਹਾ ਹੈ ਜੋ ਇਸ ਗੱਲ ਦਾ ਲੱਛਣ ਹੈ ਕਿ ਉਹ ਜਲਦੀ ਹੀ ਇਸ ਦੁਸ਼ਟ ਦੁਨੀਆਂ ਨੂੰ ਚੂਰ-ਚੂਰ ਕਰ ਦੇਵੇਗਾ। (ਹੱਜ. 2:7) ਸਾਡੇ ਕੋਲ ਇਹ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਅਧਿਆਤਮਿਕ ਖੇਤੀ ਦਾ “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਹਾਂ!—1 ਕੁਰਿੰ. 3:6-9.