ਘੋੜਸਵਾਰ ਫ਼ੌਜ ਦੇ ਹਮਲੇ ਵਿਚ ਤੁਸੀਂ ਵੀ ਸ਼ਾਮਲ ਹੋ
1, 2. ਅੱਜ ਪਰਮੇਸ਼ੁਰ ਦੇ ਸੇਵਕ ਪਰਕਾਸ਼ ਦੀ ਪੋਥੀ 9:13-19 ਵਿਚ ਦਰਜ ਭਵਿੱਖ-ਸੂਚਕ ਦਰਸ਼ਣ ਨੂੰ ਕਿਵੇਂ ਪੂਰਾ ਕਰ ਰਹੇ ਹਨ?
1 “ਛੇਵੇਂ ਦੂਤ ਨੇ ਤੁਰ੍ਹੀ ਵਜਾਈ।” ਉਸ ਤੋਂ ਬਾਅਦ, ‘ਘੋੜ ਚੜ੍ਹਿਆਂ ਦੀਆਂ ਵੀਹ ਕਰੋੜ ਫੌਜਾਂ’ ਦੇ ਆਉਣ ਦਾ ਸ਼ੋਰ ਸੁਣਾਈ ਦਿੰਦਾ ਹੈ। ਇਹ ਕੋਈ ਆਮ ਫ਼ੌਜ ਨਹੀਂ ਹੈ। “ਘੋੜਿਆਂ ਦੇ ਸਿਰ ਬਬਰ ਸ਼ੇਰਾਂ ਦੇ ਸਿਰ ਦੀ ਨਿਆਈਂ ਹਨ।” ਉਹ ਆਪਣੇ ਮੂੰਹਾਂ ਵਿੱਚੋਂ ਅੱਗ, ਧੂੰਆਂ ਅਤੇ ਗੰਧਕ ਉਗਲਦੇ ਹਨ ਅਤੇ ਉਨ੍ਹਾਂ ਦੀਆਂ “ਪੂਛਾਂ ਸੱਪਾਂ ਵਰਗੀਆਂ ਹਨ।” ਇਹ ਲਾਖਣਿਕ ਘੋੜਸਵਾਰ ਫ਼ੌਜ ਬਹੁਤ ਤਬਾਹੀ ਮਚਾਉਂਦੀ ਹੈ। (ਪਰ. 9:13-19) ਕੀ ਤੁਹਾਨੂੰ ਪਤਾ ਕਿ ਤੁਸੀਂ ਇਸ ਭਵਿੱਖ-ਸੂਚਕ ਦਰਸ਼ਣ ਦੀ ਪੂਰਤੀ ਵਿਚ ਕਿਵੇਂ ਸ਼ਾਮਲ ਹੋ?
2 ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ਯਾਨੀ ਹੋਰ ਭੇਡਾਂ ਮਿਲ ਕੇ ਪਰਮੇਸ਼ੁਰ ਦੇ ਨਿਆਵਾਂ ਦੀ ਘੋਸ਼ਣਾ ਕਰਦੇ ਹਨ। ਇਸ ਤਰ੍ਹਾਂ ਉਹ ਅਧਿਆਤਮਿਕ ਤੌਰ ਤੇ ਮਰ ਚੁੱਕੇ ਈਸਾਈ-ਜਗਤ ਦੀ ਅਸਲੀਅਤ ਦਾ ਪਰਦਾ ਫ਼ਾਸ਼ ਕਰਦੇ ਹਨ। ਆਓ ਆਪਾਂ ਇਸ ਭਵਿੱਖ-ਸੂਚਕ ਦਰਸ਼ਣ ਦੇ ਦੋ ਪਹਿਲੂਆਂ ਦੀ ਜਾਂਚ ਕਰੀਏ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਸੇਵਕਾਂ ਦੀ ਸੇਵਕਾਈ ਇੰਨੀ ਅਸਰਕਾਰੀ ਕਿਉਂ ਹੈ।
3. ਅਸਰਕਾਰੀ ਤਰੀਕੇ ਨਾਲ ਪਰਮੇਸ਼ੁਰ ਦਾ ਸੰਦੇਸ਼ ਸੁਣਾਉਣ ਲਈ ਤੁਸੀਂ ਕਿਹੜੀ ਸਿਖਲਾਈ ਹਾਸਲ ਕੀਤੀ ਹੈ?
3 ਪਰਮੇਸ਼ੁਰ ਦਾ ਸੰਦੇਸ਼ ਦੇਣ ਲਈ ਸਿਖਲਾਈ ਅਤੇ ਜ਼ਰੂਰੀ ਸਾਮੱਗਰੀ: ਦੈਵ-ਸ਼ਾਸਕੀ ਸੇਵਕਾਈ ਸਕੂਲ ਅਤੇ ਦੂਜੀਆਂ ਕਲੀਸਿਯਾ ਸਭਾਵਾਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਤਾਂਕਿ ਉਹ ਪੂਰੇ ਭਰੋਸੇ ਨਾਲ ਪਰਮੇਸ਼ੁਰ ਦਾ ਸੰਦੇਸ਼ ਸੁਣਾ ਸਕਣ। ਯਿਸੂ ਅਤੇ ਉਸ ਦੇ ਰਸੂਲਾਂ ਦੀ ਨਕਲ ਕਰਦੇ ਹੋਏ, ਉਹ ਨੇਕਦਿਲ ਲੋਕਾਂ ਨੂੰ ਭਾਲਦੇ ਹਨ ਅਤੇ ਹਰ ਥਾਂ ਜਾ ਕੇ ਲੋਕਾਂ ਨੂੰ ਪ੍ਰਚਾਰ ਕਰਦੇ ਹਨ। (ਮੱਤੀ 10:11; ਮਰ. 1:16; ਲੂਕਾ 4:15; ਰਸੂ. 20:18-20) ਬਾਈਬਲ ਵਿਚ ਦੱਸੇ ਇਸ ਤਰੀਕੇ ਨਾਲ ਪ੍ਰਚਾਰ ਕਰਨਾ ਬਹੁਤ ਅਸਰਕਾਰੀ ਸਾਬਤ ਹੋਇਆ ਹੈ।
4. ਪ੍ਰਚਾਰ ਦਾ ਕੰਮ ਕਰਨ ਲਈ ਬਹੁਤ ਸਾਰੇ ਪ੍ਰਕਾਸ਼ਕਾਂ ਕੋਲ ਕਿਹੜੀ ਸਾਮੱਗਰੀ ਹੈ?
4 ਪ੍ਰਚਾਰ ਕਰਨ ਲਈ ਪਰਮੇਸ਼ੁਰ ਦੇ ਸੇਵਕਾਂ ਨੇ ਅਰਬਾਂ ਬਾਈਬਲਾਂ, ਕਿਤਾਬਾਂ, ਬਰੋਸ਼ਰ ਅਤੇ ਰਸਾਲੇ ਵੰਡੇ ਹਨ। ਇਹ ਪ੍ਰਕਾਸ਼ਨ ਤਕਰੀਬਨ 400 ਭਾਸ਼ਾਵਾਂ ਵਿਚ ਛਾਪੇ ਗਏ ਹਨ ਜਿਨ੍ਹਾਂ ਵਿਚ ਬਹੁਤ ਸਾਰੇ ਵੱਖੋ-ਵੱਖਰੇ ਵਿਸ਼ਿਆਂ ਉੱਤੇ ਚਰਚਾ ਕੀਤੀ ਗਈ ਹੁੰਦੀ ਹੈ। ਲੇਖ ਇੰਨੇ ਵਧੀਆ ਤਰੀਕੇ ਨਾਲ ਲਿਖੇ ਹੁੰਦੇ ਹਨ ਕਿ ਇਹ ਹਰ ਕਿਸਮ ਦੇ ਲੋਕਾਂ ਨੂੰ ਪਸੰਦ ਆਉਂਦੇ ਹਨ। ਕੀ ਤੁਸੀਂ ਇਨ੍ਹਾਂ ਪ੍ਰਕਾਸ਼ਨਾਂ ਦੀ ਚੰਗੀ ਵਰਤੋਂ ਕਰ ਰਹੇ ਹੋ?
5, 6. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਲੋਕਾਂ ਨੂੰ ਪਰਮੇਸ਼ੁਰੀ ਮਦਦ ਹਾਸਲ ਹੈ?
5 ਸਵਰਗ ਤੋਂ ਅਗਵਾਈ ਅਤੇ ਮਦਦ: ਭਵਿੱਖ-ਸੂਚਕ ਦਰਸ਼ਣ ਤੋਂ ਇਹ ਵੀ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਲਾਖਣਿਕ ਘੋੜਸਵਾਰ ਫ਼ੌਜ ਦੇ ਹਮਲੇ ਉੱਤੇ ਪਰਮੇਸ਼ੁਰ ਦੀ ਬਰਕਤ ਹੈ। (ਪਰ. 9:13-15) ਇਸ ਫ਼ੌਜ ਦਾ ਹਮਲਾ ਅੱਜ ਹੋ ਰਹੇ ਪ੍ਰਚਾਰ ਦੇ ਕੰਮ ਨੂੰ ਦਰਸਾਉਂਦਾ ਹੈ। ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਮਨੁੱਖੀ ਬੁੱਧ ਜਾਂ ਤਾਕਤ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਪੂਰਾ ਹੋ ਰਿਹਾ ਹੈ। (ਜ਼ਕ. 4:6) ਯਹੋਵਾਹ ਇਸ ਕੰਮ ਵਿਚ ਦੂਤਾਂ ਨੂੰ ਵਰਤ ਰਿਹਾ ਹੈ। (ਪਰ. 14:6) ਇਸ ਤਰ੍ਹਾਂ, ਯਹੋਵਾਹ ਨੇਕਦਿਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਆਪਣੇ ਮਨੁੱਖੀ ਗਵਾਹਾਂ ਨੂੰ ਤਾਂ ਵਰਤਦਾ ਹੀ ਹੈ, ਪਰ ਨਾਲ ਹੀ ਉਹ ਆਪਣੇ ਸੇਵਕਾਂ ਦੀ ਮਦਦ ਕਰਨ ਲਈ ਆਪਣੇ ਸਵਰਗੀ ਦੂਤਾਂ ਨੂੰ ਵੀ ਇਸਤੇਮਾਲ ਕਰਦਾ ਹੈ।—ਯੂਹੰ. 6:45, 65.
6 ਪਰਮੇਸ਼ੁਰ ਦਾ ਸੰਦੇਸ਼ ਸੁਣਾਉਣ ਲਈ ਪੂਰੀ ਤਰ੍ਹਾਂ ਤਿਆਰ ਅਤੇ ਦੂਤਾਂ ਦੀ ਨਿਗਰਾਨੀ ਅਧੀਨ ਪ੍ਰਚਾਰ ਕਰ ਰਹੇ ਯਹੋਵਾਹ ਦੇ ਲੋਕਾਂ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਲਈ, ਆਓ ਆਪਾਂ ਇਸ ਭਵਿੱਖ-ਸੂਚਕ ਦਰਸ਼ਣ ਦੀ ਪੂਰਤੀ ਵਿਚ ਆਪਣਾ ਹਿੱਸਾ ਪਾਉਣਾ ਜਾਰੀ ਰੱਖੀਏ।