ਤਰੋਤਾਜ਼ਾ ਕਰ ਦੇਣ ਵਾਲਾ ਸੰਗੀਤ
1 ਗੀਤ ਅਤੇ ਸੰਗੀਤ ਸੱਚੀ ਭਗਤੀ ਦਾ ਅਟੁੱਟ ਹਿੱਸਾ ਹਨ। ਪੁਰਾਣੇ ਜ਼ਮਾਨੇ ਵਿਚ ਇਸਰਾਏਲ ਵਿਚ ਆਸਾਫ਼ ਅਤੇ ਉਸ ਦੇ ਭਰਾਵਾਂ ਨੇ ਗਾਇਆ: “ਯਹੋਵਾਹ ਦਾ ਧੰਨਵਾਦ ਕਰੋ, . . . ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦਿਆਂ ਸਾਰਿਆਂ ਅਸਚਰਜ ਕੰਮਾਂ ਉੱਤੇ ਧਿਆਨ ਕਰੋ।” (1 ਇਤ. 16:8, 9) ਅੱਜ ਅਸੀਂ ਹਰ ਹਫ਼ਤੇ ਕਲੀਸਿਯਾ ਦੀਆਂ ਸਭਾਵਾਂ ਵਿਚ ਯਹੋਵਾਹ ਦੇ ਗੁਣ ਗਾਉਂਦੇ ਹਾਂ। (ਅਫ਼. 5:19) ਉਸ ਦੇ ਨਾਮ ਦੀ ਉਸਤਤ ਕਰਨ ਦਾ ਇਹ ਕਿੰਨਾ ਵਧੀਆ ਮੌਕਾ ਹੈ!—ਜ਼ਬੂ. 69:30.
2 ਕਿੰਗਡਮ ਮੈਲੋਡੀਜ਼ (ਵੱਖੋ-ਵੱਖਰੇ ਸਾਜ਼ਾਂ ਨਾਲ ਤਿਆਰ ਕੀਤਾ ਭਗਤੀ ਸੰਗੀਤ) ਸੁਣ ਕੇ ਸਾਡਾ ਮਨ ਅਧਿਆਤਮਿਕ ਵਿਚਾਰਾਂ ਨਾਲ ਭਰ ਜਾਂਦਾ ਹੈ। ਇਕ ਭੈਣ ਨੇ ਕਿਹਾ: “ਸੰਗੀਤ ਸੁਣਦਿਆਂ ਹੀ ਮੇਰੇ ਮਨ ਵਿਚ ਗੀਤ ਦੇ ਬੋਲ ਗੂੰਜਣ ਲੱਗਦੇ ਹਨ। ਸੰਗੀਤ ਦਾ ਆਨੰਦ ਮਾਣਨ ਦੇ ਨਾਲ-ਨਾਲ ਯਹੋਵਾਹ ਨੂੰ ਆਪਣੇ ਮਨ ਵਿਚ ਰੱਖਣ ਦਾ ਇਹ ਬਹੁਤ ਵਧੀਆ ਤਰੀਕਾ ਹੈ।”—ਫ਼ਿਲਿ. 4:8.
3 ਇਨ੍ਹਾਂ ਦਾ ਆਨੰਦ ਲੈਣ ਦੇ ਮੌਕੇ: ਘਰ ਵਿਚ ਕਿੰਗਡਮ ਮੈਲੋਡੀਜ਼ ਸੁਣਨ ਨਾਲ ਵਧੀਆ ਤੇ ਅਧਿਆਤਮਿਕ ਮਾਹੌਲ ਪੈਦਾ ਹੁੰਦਾ ਹੈ ਜਿਸ ਨਾਲ ਪਰਿਵਾਰ ਵਿਚ ਸ਼ਾਂਤੀ ਵਧਦੀ ਹੈ। ਇਕ ਪਰਿਵਾਰ ਨੇ ਲਿਖਿਆ: ‘ਅਸੀਂ ਦਿਲ ਨੂੰ ਛੋਹ ਲੈਣ ਵਾਲਾ ਇਹ ਸੰਗੀਤ ਘਰ ਅਤੇ ਕਾਰ ਵਿਚ ਵਾਰ-ਵਾਰ ਸੁਣਦੇ ਹਾਂ ਤੇ ਕਦੇ ਵੀ ਬੋਰ ਨਹੀਂ ਹੁੰਦੇ। ਮਸੀਹੀ ਸਭਾਵਾਂ ਲਈ ਤਿਆਰ ਹੁੰਦਿਆਂ ਜਾਂ ਅਸੈਂਬਲੀ ਤੇ ਜਾਂਦੇ ਸਮੇਂ ਕਿੰਗਡਮ ਮੈਲੋਡੀਜ਼ ਸੁਣਨ ਨਾਲ ਮਨ ਖ਼ੁਸ਼ ਰਹਿੰਦਾ ਹੈ।’ ਇਕ ਭੈਣ ਨੇ ਕਿਹਾ: ‘ਘਰ ਦਾ ਕੰਮ ਕਰਦਿਆਂ ਮੈਲੋਡੀਜ਼ ਸੁਣਨ ਨਾਲ ਮੈਂ ਖ਼ੁਸ਼ ਰਹਿੰਦੀ ਹਾਂ। ਕੋਈ ਵੀ ਯਕੀਨ ਨਹੀਂ ਕਰ ਸਕਦਾ ਕਿ ਮੈਂ ਕੱਪੜਿਆਂ ਦੀਆਂ ਤਹਿਆਂ ਲਾਉਣ ਵਰਗੇ ਬੋਰਿੰਗ ਕੰਮ ਕਰਦੇ ਸਮੇਂ ਵੀ ਖ਼ੁਸ਼ ਰਹਿੰਦੀ ਹਾਂ। ਜਦੋਂ ਮੈਂ ਉਦਾਸ ਹੁੰਦੀ ਹਾਂ, ਤਾਂ ਮੈਂ ਇਹ ਸੰਗੀਤ ਸੁਣਦੀ ਹਾਂ। ਇਹ ਸੰਗੀਤ ਸੁਣ ਕੇ ਮੇਰੇ ਵਿਚ ਜਾਨ ਆ ਜਾਂਦੀ ਹੈ! ਹਰ ਗੀਤ ਦਿਲ ਨੂੰ ਖ਼ੁਸ਼ ਕਰ ਦਿੰਦਾ ਹੈ।’ ਕੀ ਅਜਿਹੇ ਕੁਝ ਮੌਕੇ ਹਨ ਜਿਨ੍ਹਾਂ ਤੇ ਤੁਸੀਂ ਇਹ ਤਰੋਤਾਜ਼ਾ ਕਰ ਦੇਣ ਵਾਲਾ ਸੰਗੀਤ ਸੁਣ ਸਕਦੇ ਹੋ?
4 ਅੱਜ ਜ਼ਿਆਦਾਤਰ ਸੰਗੀਤ ਵਿਚ ਦੁਨੀਆਂ ਦੀ ਸੋਚ ਝਲਕਦੀ ਹੈ। ਮਾਪੇ ਕਿੰਗਡਮ ਮੈਲੋਡੀਜ਼ ਰਾਹੀਂ ਆਪਣੇ ਬੱਚਿਆਂ ਵਿਚ ਚੰਗਾ ਸੰਗੀਤ ਸੁਣਨ ਦਾ ਸ਼ੌਕ ਪੈਦਾ ਕਰ ਸਕਦੇ ਹਨ। ਯਹੋਵਾਹ ਦੀ ਮਹਿਮਾ ਅਤੇ ਦਿਲ ਨੂੰ ਖ਼ੁਸ਼ ਕਰਨ ਵਾਲੇ ਇਸ ਸੁਹਾਵਣੇ ਅਧਿਆਤਮਿਕ ਸੰਗੀਤ ਨੂੰ ਸੁਣ ਕੇ ਕਈ ਬਾਈਬਲ ਵਿਦਿਆਰਥੀ ਅਤੇ ਦਿਲਚਸਪੀ ਰੱਖਣ ਵਾਲੇ ਲੋਕ ਵੀ ਸ਼ਾਇਦ ਬਹੁਤ ਖ਼ੁਸ਼ ਹੋਣਗੇ।—ਜ਼ਬੂ. 47:1, 2, 6, 7.