ਰਾਜ ਦੇ ਗੀਤਾਂ ਦਾ ਆਨੰਦ ਲੈਣ ਦਾ ਵਧੀਆ ਤਰੀਕਾ
ਪਰਮੇਸ਼ੁਰ ਦੇ ਭਗਤ ਸੰਗੀਤ ਨੂੰ ਯਹੋਵਾਹ ਵੱਲੋਂ ਇਕ ਵਧੀਆ ਦਾਤ ਮੰਨਦੇ ਹਨ। (ਯਾਕੂ. 1:17) ਆਪਣੀਆਂ ਮੀਟਿੰਗਾਂ ਦੇ ਸ਼ੁਰੂ ਅਤੇ ਸਮਾਪਤ ਹੋਣ ਤੇ ਕਈ ਮੰਡਲੀਆਂ ਰਾਜ ਦੇ ਗੀਤਾਂ ਦਾ ਆਨੰਦ ਲੈਂਦੀਆਂ ਹਨ। ਪਰਮੇਸ਼ੁਰ ਦੀ ਭਗਤੀ ਸੰਬੰਧੀ ਸੰਗੀਤ ਵਜਾਉਣ ਨਾਲ ਮੀਟਿੰਗਾਂ ਵਿਚ ਸਾਡਾ ਨਿੱਘਾ ਸੁਆਗਤ ਹੁੰਦਾ ਹੈ। ਇਹ ਸੁਣ ਕੇ ਸਾਡਾ ਦਿਲ-ਦਿਮਾਗ਼ ਭਗਤੀ ਕਰਨ ਲਈ ਤਿਆਰ ਹੁੰਦਾ ਹੈ। ਇਸ ਤੋਂ ਇਲਾਵਾ, ਨਵੀਂ ਗੀਤ ਪੁਸਤਕ ਤੋਂ ਨਵੀਆਂ ਧੁਨਾਂ ਵਜਾਉਣ ਨਾਲ ਅਸੀਂ ਉਨ੍ਹਾਂ ਨਾਲ ਵਾਕਫ਼ ਹੋ ਸਕਦੇ ਹਾਂ ਅਤੇ ਚੰਗੀ ਤਰ੍ਹਾਂ ਗੀਤ ਗਾ ਸਕਦੇ ਹਾਂ। ਮੀਟਿੰਗ ਤੋਂ ਬਾਅਦ ਅਜਿਹਾ ਸੰਗੀਤ ਮਾਹੌਲ ਨੂੰ ਵਧੀਆ ਬਣਾਈ ਰੱਖਦਾ ਹੈ ਜਿਸ ਵਿਚ ਅਸੀਂ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਹਾਂ। ਬਜ਼ੁਰਗਾਂ ਦੇ ਸਮੂਹ ਨੂੰ ਮੀਟਿੰਗ ਤੋਂ ਪਹਿਲਾਂ ਅਤੇ ਬਾਅਦ ਵਿਚ ਸੰਗੀਤ ਵਾਲੀ ਸੀ.ਡੀ. (Sing to Jehovah—Piano Accompaniment) ਲਾਉਣ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਸਿਰਫ਼ ਸੰਸਥਾ ਦੁਆਰਾ ਤਿਆਰ ਕੀਤੇ ਗਏ ਸੰਗੀਤ ਦੀ ਰਿਕਾਰਡਿੰਗ ਹੀ ਵਰਤੀ ਜਾਣੀ ਚਾਹੀਦੀ ਹੈ। ਬਜ਼ੁਰਗਾਂ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਆਵਾਜ਼ ਇੰਨੀ ਉੱਚੀ ਨਾ ਹੋਵੇ ਕਿ ਭੈਣ-ਭਰਾ ਇਕ-ਦੂਜੇ ਦੀ ਗੱਲ ਨਾ ਸੁਣ ਸਕਣ।