ਯਹੋਵਾਹ ਉਸ ਉੱਤੇ ਭਰੋਸਾ ਕਰਨ ਵਾਲਿਆਂ ਦੀ ਮਦਦ ਕਰਦਾ ਹੈ
1 ਬਹੁਤ ਸਾਰੇ ਲੋਕ ਪੈਸੇ, ਤਾਕਤ ਅਤੇ ਆਪਣੇ ਹੁਨਰ ਨੂੰ ਹੀ ਸਫ਼ਲਤਾ ਦੀ ਕੁੰਜੀ ਸਮਝਦੇ ਹਨ। (ਜ਼ਬੂ. 12:4; 33:16, 17; 49:6) ਪਰ ਜੋ ਲੋਕ ਯਹੋਵਾਹ ਦਾ ਡਰ ਮੰਨਦੇ ਹਨ ਅਤੇ ਉਸ ਉੱਤੇ ਭਰੋਸਾ ਕਰਦੇ ਹਨ, ਉਨ੍ਹਾਂ ਨੂੰ ਬਾਈਬਲ ਭਰੋਸਾ ਦਿਵਾਉਂਦੀ ਹੈ ਕਿ ‘ਯਹੋਵਾਹ ਓਹਨਾਂ ਦਾ ਸਹਾਇਕ ਤੇ ਓਹਨਾਂ ਦੀ ਢਾਲ ਹੈ।’ (ਜ਼ਬੂ. 115:11) ਆਓ ਆਪਾਂ ਵਿਚਾਰ ਕਰੀਏ ਕਿ ਅਸੀਂ ਕਿਨ੍ਹਾਂ ਦੋ ਗੱਲਾਂ ਵਿਚ ਯਹੋਵਾਹ ਉੱਤੇ ਆਪਣੇ ਭਰੋਸੇ ਦਾ ਸਬੂਤ ਦੇ ਸਕਦੇ ਹਾਂ।
2 ਮਸੀਹੀ ਸੇਵਕਾਂ ਵਜੋਂ: ਕਲੀਸਿਯਾ ਜਾਂ ਖੇਤਰ ਸੇਵਕਾਈ ਵਿਚ ਸਿੱਖਿਆ ਦਿੰਦੇ ਸਮੇਂ ਸਾਨੂੰ ਆਪਣੇ ਪਰਮੇਸ਼ੁਰ ਤੇ ਭਰੋਸਾ ਰੱਖਣਾ ਚਾਹੀਦਾ ਹੈ। ਯਿਸੂ ਦੀ ਮਿਸਾਲ ਹੀ ਲੈ ਲਓ। ਹਾਲਾਂਕਿ ਉਹ ਪਰਮੇਸ਼ੁਰ ਦਾ ਪੁੱਤਰ ਸੀ, ਫਿਰ ਵੀ ਉਸ ਨੇ ਆਪਣੀ ਬੁੱਧ ਜਾਂ ਕਾਬਲੀਅਤ ਤੇ ਭਰੋਸਾ ਨਹੀਂ ਕੀਤਾ, ਸਗੋਂ ਪੂਰੀ ਤਰ੍ਹਾਂ ਆਪਣੇ ਸਵਰਗੀ ਪਿਤਾ ਉੱਤੇ ਭਰੋਸਾ ਰੱਖਿਆ। (ਯੂਹੰ. 12:49; 14:10) ਤਾਂ ਫਿਰ ਸਾਨੂੰ ਤਾਂ ਪਰਮੇਸ਼ੁਰ ਉੱਤੇ ਹੋਰ ਵੀ ਜ਼ਿਆਦਾ ਭਰੋਸਾ ਰੱਖਣ ਦੀ ਲੋੜ ਹੈ! (ਕਹਾ. 3:5-7) ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ਅਸੀਂ ਉਸ ਦੀ ਮਹਿਮਾ ਕਰ ਸਕਦੇ ਹਾਂ ਤੇ ਦੂਜਿਆਂ ਨੂੰ ਫ਼ਾਇਦਾ ਪਹੁੰਚਾ ਸਕਦੇ ਹਾਂ।—ਜ਼ਬੂ. 127:1, 2.
3 ਅਸੀਂ ਅਗਵਾਈ ਅਤੇ ਪਵਿੱਤਰ ਆਤਮਾ ਲਈ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਉਸ ਉੱਤੇ ਆਪਣੇ ਭਰੋਸੇ ਦਾ ਸਬੂਤ ਦਿੰਦੇ ਹਾਂ। (ਜ਼ਬੂ. 105:4; ਲੂਕਾ 11:13) ਇਸ ਤੋਂ ਇਲਾਵਾ, ਸਿੱਖਿਆ ਦੇਣ ਵੇਲੇ ਉਸ ਦੇ ਬਚਨ ਬਾਈਬਲ ਨੂੰ ਵਰਤਣ ਦੁਆਰਾ ਵੀ ਅਸੀਂ ਉਸ ਉੱਤੇ ਆਪਣਾ ਭਰੋਸਾ ਜ਼ਾਹਰ ਕਰਦੇ ਹਾਂ। ਬਾਈਬਲ ਦੇ ਸੰਦੇਸ਼ ਵਿਚ ਲੋਕਾਂ ਦੇ ਦਿਲਾਂ ਨੂੰ ਛੋਹਣ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲਣ ਦੀ ਤਾਕਤ ਹੈ। (ਇਬ. 4:12) ਜਦੋਂ ਅਸੀਂ ‘ਓਸ ਸਮਰੱਥਾ ਦੇ ਅਨੁਸਾਰ ਟਹਿਲ ਕਰਦੇ ਹਾਂ ਜੋ ਪਰਮੇਸ਼ੁਰ ਦਿੰਦਾ ਹੈ,’ ਤਾਂ ਇਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ।—1 ਪਤ. 4:11.
4 ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵੇਲੇ: ਜਦੋਂ ਅਸੀਂ ਦਬਾਵਾਂ ਅਤੇ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਉਸ ਵੇਲੇ ਵੀ ਸਾਨੂੰ ਯਹੋਵਾਹ ਦੀ ਮਦਦ ਦੀ ਲੋੜ ਹੁੰਦੀ ਹੈ। (ਜ਼ਬੂ. 46:1) ਮਿਸਾਲ ਲਈ, ਸਾਡਾ ਮਾਲਕ ਸ਼ਾਇਦ ਸਾਨੂੰ ਅਸੈਂਬਲੀ ਵਿਚ ਜਾਣ ਲਈ ਛੁੱਟੀ ਦੇਣ ਤੋਂ ਇਨਕਾਰ ਕਰ ਦੇਵੇ ਜਾਂ ਸਾਡੇ ਪਰਿਵਾਰ ਵਿਚ ਹੀ ਕੋਈ ਸਮੱਸਿਆ ਉੱਠ ਸਕਦੀ ਹੈ। ਇਸ ਬਾਰੇ ਅਸੀਂ ਦਿਲੋਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਅਤੇ ਉਸ ਦੇ ਬਚਨ ਅਤੇ ਸੰਗਠਨ ਦੁਆਰਾ ਦਿੱਤੀ ਸਲਾਹ ਨੂੰ ਲਾਗੂ ਕਰ ਕੇ ਉਸ ਉੱਤੇ ਆਪਣੇ ਭਰੋਸੇ ਦਾ ਸਬੂਤ ਦਿੰਦੇ ਹਾਂ। (ਜ਼ਬੂ. 62:8; 119:143, 173) ਇਸ ਤਰ੍ਹਾਂ ਕਰਨ ਨਾਲ ਯਹੋਵਾਹ ਦੇ ਸੇਵਕਾਂ ਦਾ ਭਰੋਸਾ ਪੱਕਾ ਹੁੰਦਾ ਹੈ ਕਿ ਉਹ ਉਨ੍ਹਾਂ ਦੀ ਮਦਦ ਕਰਦਾ ਹੈ।—ਜ਼ਬੂ. 37:5; 118:13, 16.
5 ਯਹੋਵਾਹ ਖ਼ੁਦ ਸਾਨੂੰ ਭਰੋਸਾ ਦਿਵਾਉਂਦਾ ਹੈ: “ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ, ਜਿਹ ਦਾ ਭਰੋਸਾ ਯਹੋਵਾਹ ਹੈ!” (ਯਿਰ. 17:7) ਆਓ ਆਪਾਂ ਹਰ ਗੱਲ ਵਿਚ ਯਹੋਵਾਹ ਉੱਤੇ ਆਪਣੇ ਭਰੋਸੇ ਦਾ ਸਬੂਤ ਦੇਈਏ!—ਜ਼ਬੂ. 146:5.