ਯਹੋਵਾਹ ਵਾਂਗ ਨਿਰਪੱਖ ਬਣੋ
1 “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ।” (ਜ਼ਬੂ. 37:28) ਅਸੀਂ ਉਸ ਦਾ ਨਿਆਂ ਇਸ ਗੱਲ ਤੋਂ ਦੇਖ ਸਕਦੇ ਹਾਂ ਕਿ ਭਾਵੇਂ ਯਹੋਵਾਹ ਨੇ ਇਸ ਕੁਧਰਮੀ ਦੁਨੀਆਂ ਨੂੰ ਨਾਸ਼ ਕਰਨ ਦਾ ਫ਼ਰਮਾਨ ਜਾਰੀ ਕੀਤਾ ਹੈ, ਪਰ ਇਸ ਦੇ ਨਾਲ ਹੀ ਉਸ ਨੇ ਚੇਤਾਵਨੀ ਦੇਣ ਦਾ ਇੰਤਜ਼ਾਮ ਵੀ ਕੀਤਾ ਹੈ। (ਮਰ. 13:10) ਇਸ ਨਾਲ ਲੋਕਾਂ ਨੂੰ ਤੋਬਾ ਕਰਨ ਦਾ ਮੌਕਾ ਮਿਲਦਾ ਹੈ ਤਾਂਕਿ ਉਹ ਆਪਣੀਆਂ ਜ਼ਿੰਦਗੀਆਂ ਬਚਾ ਸਕਣ। (2 ਪਤ. 3:9) ਕੀ ਅਸੀਂ ਯਹੋਵਾਹ ਵਾਂਗ ਸਾਰਿਆਂ ਨੂੰ ਬਿਨਾਂ ਪੱਖਪਾਤ ਦੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਕੀ ਅਸੀਂ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਦੇਖ ਕੇ ਉਨ੍ਹਾਂ ਨਾਲ ਪਰਮੇਸ਼ੁਰ ਦੇ ਰਾਜ ਦੀ ਉਮੀਦ ਸਾਂਝੀ ਕਰਨ ਲਈ ਪ੍ਰੇਰਿਤ ਹੁੰਦੇ ਹਾਂ? (ਕਹਾ. 3:27) ਇਨਸਾਫ਼-ਪਸੰਦ ਬਣਨ ਨਾਲ ਸਾਨੂੰ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈਣ ਦੀ ਪ੍ਰੇਰਣਾ ਮਿਲੇਗੀ।
2 ਬਿਨਾਂ ਪੱਖਪਾਤ ਕੀਤਿਆਂ ਪ੍ਰਚਾਰ ਕਰੋ: ਬਿਨਾਂ ਪੱਖਪਾਤ ਕੀਤਿਆਂ ਹਰ ਕਿਸੇ ਨੂੰ ਪਰਮੇਸ਼ੁਰ ਦੇ ਮਕਸਦ ਬਾਰੇ ਦੱਸਣ ਨਾਲ ਅਸੀਂ ‘ਇਨਸਾਫ਼ ਕਰਦੇ ਹਾਂ।’ (ਮੀਕਾ. 6:8) ਸਾਨੂੰ ਲੋਕਾਂ ਦਾ ਬਾਹਰੀ ਰੂਪ ਦੇਖ ਕੇ ਇਹ ਤੈਅ ਨਹੀਂ ਕਰ ਲੈਣਾ ਚਾਹੀਦਾ ਕਿ ਉਹ ਸਾਡੀ ਗੱਲ ਨਹੀਂ ਸੁਣਨਗੇ। (ਯਾਕੂ. 2:1-4, 9) ਯਹੋਵਾਹ ਚਾਹੁੰਦਾ ਹੈ “ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:4) ਪਰਮੇਸ਼ੁਰ ਦੇ ਬਚਨ ਵਿਚ ਦੱਸੀ ਸੱਚਾਈ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪੂਰੀ ਤਰ੍ਹਾਂ ਬਦਲ ਸਕਦੀ ਹੈ। (ਇਬ. 4:12) ਇਸ ਗੱਲ ਨੂੰ ਧਿਆਨ ਵਿਚ ਰੱਖਣ ਨਾਲ ਸਾਨੂੰ ਲੋਕਾਂ ਨਾਲ ਗੱਲ ਕਰਨ ਦਾ ਹੌਸਲਾ ਮਿਲਦਾ ਹੈ। ਅਸੀਂ ਦਲੇਰੀ ਨਾਲ ਉਨ੍ਹਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸ਼ਾਇਦ ਪਹਿਲਾਂ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਸਨ।
3 ਦੁਕਾਨ ਵਿਚ ਕੰਮ ਕਰਦੀ ਇਕ ਭੈਣ ਇਕ ਗਾਹਕ ਦੀ ਸ਼ਕਲ-ਸੂਰਤ ਨੂੰ ਦੇਖ ਕੇ ਉਸ ਨਾਲ ਗੱਲ ਕਰਨ ਤੋਂ ਥੋੜ੍ਹਾ ਡਰਦੀ ਸੀ। ਇਹ ਗਾਹਕ ਅਕਸਰ ਦੁਕਾਨ ਤੇ ਆਉਂਦਾ ਸੀ। ਪਰ ਇਕ ਢੁਕਵੇਂ ਮੌਕੇ ਤੇ ਉਸ ਨੇ ਉਸ ਗਾਹਕ ਨੂੰ ਫਿਰਦੌਸ ਬਾਰੇ ਗਵਾਹੀ ਦੇਣ ਦੀ ਕੋਸ਼ਿਸ਼ ਕੀਤੀ। ਉਸ ਗਾਹਕ ਨੇ ਰੁੱਖੇ ਢੰਗ ਨਾਲ ਜਵਾਬ ਦਿੱਤਾ ਕਿ ਉਹ ਖ਼ਿਆਲੀ ਕਹਾਣੀਆਂ ਨੂੰ ਨਹੀਂ ਮੰਨਦਾ ਅਤੇ ਨਾਲੇ ਉਹ ਹਿੱਪੀ ਹੈ ਤੇ ਨਸ਼ੇ-ਪੱਤੇ ਕਰਦਾ ਹੈ। ਪਰ ਭੈਣ ਨੇ ਹਾਰ ਨਹੀਂ ਮੰਨੀ। ਇਕ ਦਿਨ ਜਦੋਂ ਉਸ ਗਾਹਕ ਨੇ ਆਪਣੇ ਲੰਬੇ ਵਾਲਾਂ ਬਾਰੇ ਭੈਣ ਦੀ ਰਾਇ ਪੁੱਛੀ, ਤਾਂ ਭੈਣ ਨੇ ਬੜੀ ਸਮਝਦਾਰੀ ਨਾਲ ਇਸ ਬਾਰੇ ਬਾਈਬਲ ਵਿੱਚੋਂ ਦੱਸਿਆ। (1 ਕੁਰਿੰ. 11:14) ਅਗਲੇ ਦਿਨ ਭੈਣ ਨੂੰ ਇਹ ਦੇਖ ਕੇ ਬੜੀ ਹੈਰਾਨੀ ਤੇ ਖ਼ੁਸ਼ੀ ਵੀ ਹੋਈ ਕਿ ਉਸ ਗਾਹਕ ਨੇ ਸ਼ੇਵ ਕੀਤੀ ਹੋਈ ਸੀ ਤੇ ਵਾਲ ਕਟਾ ਲਏ ਸਨ! ਉਸ ਗਾਹਕ ਨੇ ਬਾਈਬਲ ਦਾ ਅਧਿਐਨ ਕਰਨ ਦੀ ਇੱਛਾ ਪ੍ਰਗਟਾਈ ਤੇ ਇਕ ਭਰਾ ਨੇ ਉਸ ਨੂੰ ਅਧਿਐਨ ਕਰਾਉਣਾ ਸ਼ੁਰੂ ਕਰ ਦਿੱਤਾ। ਇਸ ਗਾਹਕ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। ਇਸ ਆਦਮੀ ਵਾਂਗ ਅੱਜ ਯਹੋਵਾਹ ਦੀ ਸੇਵਾ ਕਰਨ ਵਾਲੇ ਬਹੁਤ ਸਾਰੇ ਲੋਕ ਇਸ ਗੱਲ ਲਈ ਧੰਨਵਾਦੀ ਹਨ ਕਿ ਉਨ੍ਹਾਂ ਨੂੰ ਰਾਜ ਦਾ ਸੰਦੇਸ਼ ਸੁਣਾਉਣ ਵਾਲੇ ਭੈਣ-ਭਰਾਵਾਂ ਨੇ ਉਨ੍ਹਾਂ ਨਾਲ ਪੱਖਪਾਤ ਨਹੀਂ ਕੀਤਾ ਤੇ ਹਾਰ ਨਹੀਂ ਮੰਨੀ।
4 ਯਹੋਵਾਹ ਜਲਦੀ ਹੀ ਇਸ ਧਰਤੀ ਉੱਤੋਂ ਬੁਰਾਈ ਨੂੰ ਖ਼ਤਮ ਕਰਨ ਵਾਲਾ ਹੈ। (2 ਪਤ. 3:10, 13) ਇਸ ਲਈ, ਆਓ ਆਪਾਂ ਬਾਕੀ ਰਹਿੰਦੇ ਸਮੇਂ ਵਿਚ ਯਹੋਵਾਹ ਦੀ ਮਿਸਾਲ ਦੀ ਰੀਸ ਕਰਦੇ ਹੋਏ ਸਾਰਿਆਂ ਨੂੰ ਬਿਨਾਂ ਪੱਖਪਾਤ ਕੀਤੇ ਸ਼ਤਾਨ ਦੀ ਕੁਧਰਮੀ ਦੁਨੀਆਂ ਦੇ ਨਾਸ਼ ਵਿੱਚੋਂ ਬਚਣ ਦਾ ਮੌਕਾ ਦੇਈਏ।—1 ਯੂਹੰ. 2:17.