ਧੀਰਜ ਰੱਖਣ ਨਾਲ ਸਾਨੂੰ ਫ਼ਾਇਦਾ ਹੋਵੇਗਾ
1 “ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ।” (ਲੂਕਾ 21:19) ਇਹ ਸ਼ਬਦ ਯਿਸੂ ਦੁਆਰਾ ਕੀਤੀ “ਜੁਗ ਦੇ ਅੰਤ” ਦੀ ਭਵਿੱਖਬਾਣੀ ਦਾ ਹਿੱਸਾ ਹਨ। ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਵਫ਼ਾਦਾਰ ਰਹਿਣ ਲਈ ਸਾਨੂੰ ਬਹੁਤ ਸਾਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਪਰ ਯਹੋਵਾਹ ਦੀ ਤਾਕਤ ਨਾਲ ਅਸੀਂ ਸਾਰੇ ‘ਅੰਤ ਤੋੜੀ ਸਹਿ’ ਸਕਦੇ ਹਾਂ ਅਤੇ ‘ਬਚਾਏ ਜਾ’ ਸਕਦੇ ਹਾਂ।—ਮੱਤੀ 24:3, 13; ਫ਼ਿਲਿ. 4:13.
2 ਅਤਿਆਚਾਰ, ਮਾੜੀ ਸਿਹਤ, ਪੈਸੇ ਦੀ ਤੰਗੀ ਅਤੇ ਮਾਨਸਿਕ ਪਰੇਸ਼ਾਨੀਆਂ ਜੀਣਾ ਮੁਸ਼ਕਲ ਕਰ ਸਕਦੀਆਂ ਹਨ। ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸ਼ਤਾਨ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਰ ਰੋਜ਼ ਆਪਣੇ ਪਿਤਾ ਪ੍ਰਤੀ ਵਫ਼ਾਦਾਰ ਰਹਿ ਕੇ ਅਸੀਂ ਮੇਹਣਾ ਮਾਰਨ ਵਾਲੇ ਨੂੰ ਮੂੰਹ-ਤੋੜ ਜਵਾਬ ਦਿੰਦੇ ਹਾਂ। ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਅਜ਼ਮਾਇਸ਼ਾਂ ਸਹਿੰਦੇ ਹੋਏ ਅਸੀਂ ਜੋ ਵੀ ‘ਅੰਝੂ’ ਵਹਾਉਂਦੇ ਹਾਂ, ਉਨ੍ਹਾਂ ਨੂੰ ਪਰਮੇਸ਼ੁਰ ਭੁੱਲਦਾ ਨਹੀਂ! ਸਾਡੇ ਅੰਝੂ ਪਰਮੇਸ਼ੁਰ ਲਈ ਬਹੁਤ ਅਨਮੋਲ ਹਨ ਅਤੇ ਸਾਡੀ ਵਫ਼ਾਦਾਰੀ ਦੇਖ ਕੇ ਉਸ ਦਾ ਦਿਲ ਖ਼ੁਸ਼ ਹੁੰਦਾ ਹੈ!—ਜ਼ਬੂ. 56:8; ਕਹਾ. 27:11.
3 ਸ਼ਖ਼ਸੀਅਤ ਵਿਚ ਨਿਖਾਰ: ਮੁਸੀਬਤਾਂ ਆਉਣ ਤੇ ਸਾਨੂੰ ਸ਼ਾਇਦ ਪਤਾ ਲੱਗੇ ਕਿ ਸਾਡੀ ਨਿਹਚਾ ਕਮਜ਼ੋਰ ਹੈ ਜਾਂ ਸਾਡੇ ਵਿਚ ਘਮੰਡ ਜਾਂ ਧੀਰਜ ਦੀ ਘਾਟ ਵਰਗੇ ਔਗੁਣ ਹਨ। ਗ਼ਲਤ ਤਰੀਕਿਆਂ ਨਾਲ ਅਜ਼ਮਾਇਸ਼ਾਂ ਤੋਂ ਬਚਣ ਜਾਂ ਇਨ੍ਹਾਂ ਨੂੰ ਰੋਕਣ ਦੀ ਬਜਾਇ, ਸਾਨੂੰ ਪਰਮੇਸ਼ੁਰ ਦੇ ਬਚਨ ਦੀ ਇਸ ਸਲਾਹ ਨੂੰ ਮੰਨਣਾ ਚਾਹੀਦਾ ਹੈ: “ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ।” ਕਿਉਂ? ਕਿਉਂਕਿ ਵਫ਼ਾਦਾਰੀ ਨਾਲ ਅਜ਼ਮਾਇਸ਼ਾਂ ਨੂੰ ਸਹਿਣ ਨਾਲ ਅਸੀਂ ‘ਸਿੱਧ ਅਤੇ ਸੰਪੂਰਨ ਹੋਵਾਂਗੇ।’ (ਯਾਕੂ. 1:2-4) ਧੀਰਜ ਸਾਡੀ ਅਨਮੋਲ ਗੁਣ ਵਿਕਸਿਤ ਕਰਨ ਵਿਚ ਮਦਦ ਕਰ ਸਕਦਾ ਹੈ ਜਿਵੇਂ ਕਿ ਸਮਝਦਾਰੀ, ਰਹਿਮਦਿਲੀ ਅਤੇ ਦਇਆ।—ਰੋਮੀ. 12:15.
4 ਪਰਖੀ ਹੋਈ ਨਿਹਚਾ: ਜਦੋਂ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਸਾਡੀ ਨਿਹਚਾ ਪਰਮੇਸ਼ੁਰ ਲਈ ਅਨਮੋਲ ਬਣ ਜਾਂਦੀ ਹੈ। (1 ਪਤ. 1:6, 7) ਮਜ਼ਬੂਤ ਨਿਹਚਾ ਸਾਨੂੰ ਭਵਿੱਖ ਵਿਚ ਆਉਣ ਵਾਲੇ ਪਰਤਾਵਿਆਂ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੰਦੀ ਹੈ। ਇਸ ਤੋਂ ਇਲਾਵਾ, ਸਾਡੇ ਵੱਲੋਂ ਧੀਰਜ ਧਰਨ ਨਾਲ ਯਹੋਵਾਹ ਸਾਡੇ ਤੋਂ ਖ਼ੁਸ਼ ਹੁੰਦਾ ਹੈ। ਇਹ ਜਾਣ ਕੇ ਸਾਡੀ ਉਮੀਦ ਹੋਰ ਪੱਕੀ ਹੁੰਦੀ ਹੈ।—ਰੋਮੀ. 5:3-5.
5 ਧੀਰਜ ਦੇ ਸਭ ਤੋਂ ਵੱਡੇ ਫ਼ਾਇਦੇ ਬਾਰੇ ਯਾਕੂਬ 1:12 ਵਿਚ ਦੱਸਿਆ ਗਿਆ ਹੈ: “ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ ਕਿਉਂਕਿ ਜਾਂ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ . . . ਮੁਕਟ ਪਰਾਪਤ ਹੋਵੇਗਾ।” ਇਸ ਲਈ ਆਓ ਆਪਾਂ ਪੱਕੇ ਇਰਾਦੇ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ ਅਤੇ ਭਰੋਸਾ ਰੱਖੀਏ ਕਿ ਉਹ “ਆਪਣਿਆਂ ਪ੍ਰੇਮੀਆਂ” ਨੂੰ ਇਨਾਮ ਦੇਵੇਗਾ।