“ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ”
1 ਸਾਰੇ ਮਸੀਹੀਆਂ ਉੱਤੇ ਮੁਸੀਬਤਾਂ ਆਉਂਦੀਆਂ ਹਨ। (2 ਤਿਮੋ. 3:12) ਇਹ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ ਜਿਵੇਂ ਖ਼ਰਾਬ ਸਿਹਤ, ਪੈਸੇ ਪੱਖੋਂ ਤੰਗੀ, ਗ਼ਲਤ ਕੰਮ ਕਰਨ ਦਾ ਪਰਤਾਵਾ, ਅਤਿਆਚਾਰ ਆਦਿ। ਸ਼ਤਾਨ ਸਾਡੇ ਲਈ ਸਮੱਸਿਆਵਾਂ ਖੜ੍ਹੀਆਂ ਕਰਦਾ ਹੈ ਤਾਂਕਿ ਅਸੀਂ ਢਿੱਲੇ ਪੈ ਜਾਈਏ, ਮਸੀਹੀ ਸੇਵਕਾਈ ਨੂੰ ਅਣਗੌਲਿਆਂ ਕਰੀਏ ਜਾਂ ਪਰਮੇਸ਼ੁਰ ਦੀ ਸੇਵਾ ਕਰਨੀ ਹੀ ਛੱਡ ਦੇਈਏ। (ਅੱਯੂ. 1:9-11) ਪਰਤਾਵੇ ਤੇ ਮੁਸ਼ਕਲਾਂ ਸਹਿਣ ਵਾਲਿਆਂ ਨੂੰ ਧੰਨ ਕਿਉਂ ਕਿਹਾ ਗਿਆ ਹੈ?—2 ਪਤ. 2:9.
2 ਪਰਤਾਵੇ ਸਹਿਣ ਲਈ ਤਿਆਰ ਰਹੋ: ਯਹੋਵਾਹ ਨੇ ਆਪਣਾ ਬਚਨ ਸਾਨੂੰ ਦਿੱਤਾ ਹੈ ਜਿਸ ਵਿਚ ਯਿਸੂ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਬਾਰੇ ਦੱਸਿਆ ਗਿਆ ਹੈ। ਯਿਸੂ ਦੀਆਂ ਸਿੱਖਿਆਵਾਂ ਨੂੰ ਸੁਣ ਕੇ ਤੇ ਉਨ੍ਹਾਂ ਉੱਤੇ ਚੱਲ ਕੇ ਅਸੀਂ ਆਪਣੀ ਨਿਹਚਾ ਦੀ ਮਜ਼ਬੂਤ ਨੀਂਹ ਧਰਦੇ ਹਾਂ ਤੇ ਮੁਸੀਬਤਾਂ ਸਹਿਣ ਲਈ ਤਿਆਰ ਹੁੰਦੇ ਹਾਂ। (ਲੂਕਾ 6:47-49) ਸਾਨੂੰ ਆਪਣੇ ਮਸੀਹੀ ਭੈਣਾਂ-ਭਰਾਵਾਂ, ਸਭਾਵਾਂ ਅਤੇ ਮਾਤਬਰ ਤੇ ਬੁੱਧਵਾਨ ਨੌਕਰ ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਤੋਂ ਵੀ ਹੌਸਲਾ ਮਿਲਦਾ ਹੈ। ਪਰਮੇਸ਼ੁਰ ਨਾਲ ਪ੍ਰਾਰਥਨਾ ਵਿਚ ਵਾਰ-ਵਾਰ ਗੱਲਾਂ ਕਰ ਕੇ ਵੀ ਸਾਨੂੰ ਤਾਕਤ ਮਿਲਦੀ ਹੈ।—ਮੱਤੀ 6:13.
3 ਯਹੋਵਾਹ ਨੇ ਸਾਨੂੰ ਉਮੀਦ ਵੀ ਦਿੱਤੀ ਹੈ। ਯਹੋਵਾਹ ਦੇ ਵਾਅਦਿਆਂ ਉੱਤੇ ਪੂਰਾ ਭਰੋਸਾ ਕਰਨ ਨਾਲ ਸਾਡੀ ਉਮੀਦ “ਸਾਡੀ ਜਾਨ ਦਾ ਲੰਗਰ” ਬਣ ਜਾਂਦੀ ਹੈ “ਜਿਹੜਾ ਅਚੱਲ ਅਤੇ ਇਸਥਿਰ ਹੈ।” (ਇਬ. 6:19) ਪੁਰਾਣੇ ਜ਼ਮਾਨਿਆਂ ਵਿਚ ਕੋਈ ਵੀ ਸਮੁੰਦਰੀ ਬੇੜਾ ਲੰਗਰ ਤੋਂ ਬਿਨਾਂ ਸਮੁੰਦਰ ਵਿਚ ਨਹੀਂ ਜਾਂਦਾ ਸੀ, ਭਾਵੇਂ ਮੌਸਮ ਠੀਕ ਹੀ ਕਿਉਂ ਨਾ ਹੋਵੇ। ਅਚਾਨਕ ਤੂਫ਼ਾਨ ਆਉਣ ਤੇ ਲੰਗਰ ਪਾਣੀ ਵਿਚ ਸੁੱਟਿਆ ਜਾਂਦਾ ਸੀ ਜਿਸ ਕਰਕੇ ਬੇੜਾ ਹਨੇਰੀ ਨਾਲ ਵਹਿ ਕੇ ਚਟਾਨਾਂ ਨਾਲ ਟਕਰਾਉਣ ਤੋਂ ਬਚ ਜਾਂਦਾ ਸੀ। ਇਸੇ ਤਰ੍ਹਾਂ, ਹੁਣ ਯਹੋਵਾਹ ਦੇ ਵਾਅਦਿਆਂ ਉੱਤੇ ਭਰੋਸਾ ਰੱਖਣ ਨਾਲ ਸਾਡੀ ਪੱਕੀ ਉਮੀਦ ਸਾਨੂੰ ਮੁਸੀਬਤਾਂ ਵੇਲੇ ਸੰਭਾਲੀ ਰੱਖੇਗੀ। ਮੁਸ਼ਕਲਾਂ ਅਚਾਨਕ ਖੜ੍ਹੀਆਂ ਹੋ ਸਕਦੀਆਂ ਹਨ। ਮਿਸਾਲ ਲਈ, ਲੁਸਤ੍ਰਾ ਵਿਚ ਪਹਿਲਾਂ-ਪਹਿਲ ਲੋਕਾਂ ਨੇ ਪੌਲੁਸ ਅਤੇ ਬਰਨਬਾਸ ਦੇ ਸੰਦੇਸ਼ ਨੂੰ ਖ਼ੁਸ਼ੀ ਨਾਲ ਸੁਣਿਆ, ਪਰ ਯਹੂਦੀ ਵਿਰੋਧੀਆਂ ਦੇ ਆਉਣ ਤੇ ਸਥਿਤੀ ਇਕਦਮ ਬਦਲ ਗਈ।—ਰਸੂ. 14:8-19.
4 ਪਰਤਾਵੇ ਸਹਿਣ ਨਾਲ ਖ਼ੁਸ਼ੀ ਮਿਲਦੀ ਹੈ: ਵਿਰੋਧ ਦੇ ਬਾਵਜੂਦ ਪ੍ਰਚਾਰ ਵਿਚ ਲੱਗੇ ਰਹਿਣ ਨਾਲ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ। ਸਾਨੂੰ ਇਸ ਗੱਲ ਦੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਮਸੀਹ ਦੇ ਲਈ ਬੇਇੱਜ਼ਤ ਹੁੰਦੇ ਹਾਂ। (ਰਸੂ. 5:40, 41) ਔਕੜਾਂ ਸਹਿਣ ਨਾਲ ਸਾਡੇ ਅੰਦਰ ਨਿਮਰਤਾ, ਆਗਿਆਕਾਰਤਾ ਅਤੇ ਧੀਰਜ ਪੈਦਾ ਹੁੰਦਾ ਹੈ। (ਬਿਵ. 8:16; ਇਬ. 5:8; ਯਾਕੂ. 1:2, 3) ਪਰਤਾਵਿਆਂ ਵਿਚ ਅਸੀਂ ਯਹੋਵਾਹ ਉੱਤੇ ਨਿਰਭਰ ਕਰਨਾ, ਉਸ ਦੇ ਵਾਅਦਿਆਂ ਉੱਤੇ ਭਰੋਸਾ ਰੱਖਣਾ ਤੇ ਉਸ ਦੀ ਪਨਾਹ ਵਿਚ ਆਉਣਾ ਸਿੱਖਦੇ ਹਾਂ।—ਕਹਾ. 18:10.
5 ਅਸੀਂ ਜਾਣਦੇ ਹਾਂ ਕਿ ਅਜ਼ਮਾਇਸ਼ਾਂ ਹਮੇਸ਼ਾ ਲਈ ਨਹੀਂ ਰਹਿੰਦੀਆਂ। (2 ਕੁਰਿੰ. 4:17, 18) ਪਰਤਾਵਿਆਂ ਵਿਚ ਸਾਨੂੰ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਯਹੋਵਾਹ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ। ਪਰਤਾਵੇ ਸਹਿ ਕੇ ਅਸੀਂ ਸ਼ਤਾਨ ਦੇ ਦੋਸ਼ਾਂ ਦਾ ਜਵਾਬ ਦਿੰਦੇ ਹਾਂ। ਇਸ ਲਈ ਅਸੀਂ ਹਾਰ ਨਹੀਂ ਮੰਨਦੇ। ‘ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ ਕਿਉਂਕਿ ਜਾਂ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਮੁਕਟ ਪਰਾਪਤ ਹੋਵੇਗਾ।’—ਯਾਕੂ. 1:12.