ਤੁਹਾਡੀ ਮਦਦ ਦੀ ਸਖ਼ਤ ਲੋੜ ਹੈ
1 “ਤੁਸੀਂ ਸਾਡੇ ਸਾਰਿਆਂ ਲਈ ਇੰਨੀ ਮਿਹਨਤ ਕਰਦੇ ਹੋ ਜਿਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਤੁਹਾਡੀ ਮਦਦ ਨਾਲ ਸਾਡੀਆਂ ਜ਼ਿੰਦਗੀਆਂ ਉੱਤੇ ਚੰਗਾ ਪ੍ਰਭਾਵ ਪੈਂਦਾ ਹੈ।” ਇਹ ਟਿੱਪਣੀ ਕਰਨ ਵਾਲੇ ਭਰਾ ਵਾਂਗ ਅਸੀਂ ਸਾਰੇ ਆਪਣੇ ਮਸੀਹੀ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਦੀ ਬਹੁਤ ਕਦਰ ਕਰਦੇ ਹਾਂ। ਅੱਜ ਪਰਮੇਸ਼ੁਰ ਦਾ ਸੰਗਠਨ ਵੱਡਾ ਹੁੰਦਾ ਜਾ ਰਿਹਾ ਹੈ ਅਤੇ ਸੰਸਾਰ ਭਰ ਵਿਚ ਲਗਭਗ 1,00,000 ਕਲੀਸਿਯਾਵਾਂ ਹਨ। ਇਨ੍ਹਾਂ ਕਲੀਸਿਯਾਵਾਂ ਵਿਚ ਸੇਵਾ ਕਰਨ ਲਈ ਪਰਿਪੱਕ ਭਰਾਵਾਂ ਦੀ ਸਖ਼ਤ ਲੋੜ ਹੈ। ਇਸ ਲਈ ਜੇ ਤੁਸੀਂ ਬਪਤਿਸਮਾ-ਪ੍ਰਾਪਤ ਭਰਾ ਹੋ, ਤਾਂ ਕਲੀਸਿਯਾ ਨੂੰ ਤੁਹਾਡੀ ਮਦਦ ਦੀ ਲੋੜ ਹੈ।
2 ਅੱਗੇ ਆਓ: ਤੁਸੀਂ ਸਹਾਇਕ ਸੇਵਕ ਜਾਂ ਬਜ਼ੁਰਗ ਦੇ ਤੌਰ ਤੇ ਸੇਵਾ ਕਰਨ ਦੇ ਯੋਗ ਕਿਵੇਂ ਬਣ ਸਕਦੇ ਹੋ? (1 ਤਿਮੋ. 3:1) ਜ਼ਿੰਦਗੀ ਦੇ ਹਰ ਪਹਿਲੂ ਵਿਚ ਦੂਸਰਿਆਂ ਲਈ ਚੰਗੀ ਮਿਸਾਲ ਬਣ ਕੇ। (1 ਤਿਮੋ. 4:12; ਤੀਤੁ. 2:6-8; 1 ਪਤ. 5:3) ਪ੍ਰਚਾਰ ਦੇ ਕੰਮ ਵਿਚ ਪੂਰਾ-ਪੂਰਾ ਹਿੱਸਾ ਲਓ ਅਤੇ ਦੂਸਰਿਆਂ ਦੀ ਵੀ ਇਸ ਤਰ੍ਹਾਂ ਕਰਨ ਵਿਚ ਮਦਦ ਕਰੋ। (2 ਤਿਮੋ. 4:5) ਭੈਣਾਂ-ਭਰਾਵਾਂ ਦੀਆਂ ਲੋੜਾਂ ਪ੍ਰਤੀ ਸੁਚੇਤ ਰਹੋ। (ਰੋਮੀ. 12:13) ਪਰਮੇਸ਼ੁਰ ਦੇ ਬਚਨ ਦਾ ਬਾਕਾਇਦਾ ਅਧਿਐਨ ਕਰੋ ਅਤੇ “ਸਿੱਖਿਆ” ਦੇਣ ਦੀ ਕਲਾ ਵਿਕਸਿਤ ਕਰੋ। (ਤੀਤੁ. 1:9; 1 ਤਿਮੋ. 4:13) ਜੇ ਬਜ਼ੁਰਗ ਤੁਹਾਨੂੰ ਕੋਈ ਕੰਮ ਕਰਨ ਲਈ ਦਿੰਦੇ ਹਨ, ਤਾਂ ਉਸ ਨੂੰ ਦਿਲੋ-ਜਾਨ ਨਾਲ ਕਰੋ। (1 ਤਿਮੋ. 3:10) ਜੇ ਤੁਹਾਡਾ ਪਰਿਵਾਰ ਹੈ, ਤਾਂ ‘ਆਪਣੇ ਘਰ ਦਾ ਚੰਗੀ ਤਰ੍ਹਾਂ ਪਰਬੰਧ ਕਰੋ।’—1 ਤਿਮੋ. 3:4, 5, 12.
3 ਸਹਾਇਕ ਸੇਵਕ ਜਾਂ ਬਜ਼ੁਰਗ ਦੀ ਹੈਸੀਅਤ ਵਿਚ ਸੇਵਾ ਕਰਨੀ ਬਹੁਤ ਹੀ ਮਿਹਨਤ ਦਾ ਕੰਮ ਹੈ ਜਿਸ ਨੂੰ ਕਰਨ ਲਈ ਆਤਮ-ਬਲੀਦਾਨੀ ਹੋਣਾ ਜ਼ਰੂਰੀ ਹੁੰਦਾ ਹੈ। (1 ਤਿਮੋ. 5:17) ਇਸ ਲਈ, ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਲਈ ਹੁਣੇ ਤੋਂ ਹੀ ਹਲੀਮੀ ਨਾਲ ਦੂਸਰਿਆਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰੋ। (ਮੱਤੀ 20:25-28; ਯੂਹੰ. 13:3-5, 12-17) ਤਿਮੋਥਿਉਸ ਦੇ ਸੁਭਾਅ ਅਤੇ ਮਨੋਬਿਰਤੀ ਉੱਤੇ ਗੌਰ ਕਰੋ ਅਤੇ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰੋ। (ਫ਼ਿਲਿ. 2:20-22) ਇਸ ਤਰ੍ਹਾਂ ਤੁਹਾਡਾ ਚੰਗਾ ਆਚਰਣ ਤੁਹਾਡੀ ਯੋਗਤਾ ਦੀ ਗਵਾਹੀ ਦੇਵੇਗਾ। (ਰਸੂ. 16:1, 2) ਸਹਾਇਕ ਸੇਵਕ ਜਾਂ ਬਜ਼ੁਰਗ ਦੇ ਤੌਰ ਤੇ ਸੇਵਾ ਕਰਨ ਲਈ ਅਧਿਆਤਮਿਕ ਗੁਣ ਪੈਦਾ ਕਰੋ। ਜੇ ਤੁਹਾਨੂੰ ਕਿਸੇ ਪੱਖੋਂ ਸੁਧਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਇਸ ਨੂੰ ਗ੍ਰਹਿਣ ਕਰੋ। ਇਸ ਤਰ੍ਹਾਂ ਕਰਨ ਨਾਲ ‘ਤੁਹਾਡੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇਗੀ।’—1 ਤਿਮੋ. 4:15.
4 ਮਾਪਿਓ, ਆਪਣੇ ਬੱਚਿਆਂ ਨੂੰ ਮਦਦ ਕਰਨੀ ਸਿਖਾਓ: ਬੱਚੇ ਛੋਟੀ ਉਮਰ ਤੋਂ ਹੀ ਕਲੀਸਿਯਾ ਵਿਚ ਮਦਦ ਕਰਨੀ ਸਿੱਖ ਸਕਦੇ ਹਨ। ਉਨ੍ਹਾਂ ਨੂੰ ਸਭਾਵਾਂ ਵਿਚ ਚੁੱਪ ਕਰ ਕੇ ਬੈਠਣਾ, ਪ੍ਰਚਾਰ ਕਰਨਾ ਅਤੇ ਕਿੰਗਡਮ ਹਾਲ ਤੇ ਸਕੂਲ ਵਿਚ ਸਲੀਕੇ ਨਾਲ ਪੇਸ਼ ਆਉਣਾ ਸਿਖਾਓ। ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਕਰਨ, ਬੁੱਢੇ ਭੈਣ-ਭਰਾਵਾਂ ਦੀ ਮਦਦ ਕਰਨ ਤੇ ਇਸ ਤਰ੍ਹਾਂ ਦੇ ਹੋਰ ਕੰਮਾਂ ਵਿਚ ਹੱਥ ਵਟਾਉਣਾ ਸਿਖਾਓ। ਇਸ ਤਰ੍ਹਾਂ ਉਹ ਦੂਸਰਿਆਂ ਦੀ ਮਦਦ ਕਰ ਕੇ ਆਪ ਅਨੁਭਵ ਕਰ ਸਕਣਗੇ ਕਿ ‘ਦੇਣਾ ਮੁਬਾਰਕ ਹੈ।’ (ਰਸੂ. 20:35) ਅਜਿਹੀ ਸਿਖਲਾਈ ਮਿਲਣ ਤੇ ਬੱਚੇ ਵੱਡੇ ਹੋ ਕੇ ਪਾਇਨੀਅਰ, ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਦੇ ਯੋਗ ਹੋਣਗੇ।