ਪੇਸ਼ਕਾਰੀਆਂ ਨੂੰ ਕਿਵੇਂ ਵਰਤਣਾ ਹੈ
1. ਸੁਝਾਈਆਂ ਗਈਆਂ ਪੇਸ਼ਕਾਰੀਆਂ ਨੂੰ ਕਿਵੇਂ ਵਰਤਣਾ ਚਾਹੀਦਾ ਹੈ?
1 ਹਰ ਮਹੀਨੇ ਸਾਡੀ ਰਾਜ ਸੇਵਕਾਈ ਵਿਚ ਰਸਾਲੇ ਜਾਂ ਹੋਰ ਸਾਹਿੱਤ ਵੰਡਣ ਸੰਬੰਧੀ ਪੇਸ਼ਕਾਰੀਆਂ ਛਪਦੀਆਂ ਹਨ। ਲੋਕਾਂ ਨਾਲ ਗੱਲ ਕਰਦੇ ਸਮੇਂ ਇਨ੍ਹਾਂ ਪੇਸ਼ਕਾਰੀਆਂ ਨੂੰ ਹੂ-ਬਹੂ ਦੁਹਰਾਉਣਾ ਜ਼ਰੂਰੀ ਨਹੀਂ ਹੈ। ਇਹ ਸਿਰਫ਼ ਨਮੂਨਾ ਹਨ ਕਿ ਅਸੀਂ ਕੀ ਕਹਿ ਸਕਦੇ ਹਾਂ। ਸਾਡੀ ਪੇਸ਼ਕਾਰੀ ਜ਼ਿਆਦਾ ਅਸਰਦਾਰ ਹੋਵੇਗੀ ਜੇ ਅਸੀਂ ਸੁਝਾਈਆਂ ਗਈਆਂ ਪੇਸ਼ਕਾਰੀਆਂ ਨੂੰ ਆਪਣੇ ਸ਼ਬਦਾਂ ਵਿਚ ਕਹੀਏ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਘਰ-ਸੁਆਮੀ ਦੇਖ ਸਕੇਗਾ ਕਿ ਅਸੀਂ ਨਿਸ਼ਕਪਟਤਾ ਅਤੇ ਪੂਰੇ ਯਕੀਨ ਨਾਲ ਉਸ ਨੂੰ ਕੋਈ ਜ਼ਰੂਰੀ ਗੱਲ ਦੱਸਣ ਆਏ ਹਾਂ ਅਤੇ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੋ ਸਕਦਾ ਹੈ।—2 ਕੁਰਿੰ. 2:17; 1 ਥੱਸ. 1:5.
2. ਪੇਸ਼ਕਾਰੀਆਂ ਤਿਆਰ ਕਰਦੇ ਸਮੇਂ ਸਾਨੂੰ ਸਥਾਨਕ ਰਿਵਾਜਾਂ ਦਾ ਕਿਉਂ ਧਿਆਨ ਰੱਖਣਾ ਚਾਹੀਦਾ ਹੈ?
2 ਪੇਸ਼ਕਾਰੀਆਂ ਨੂੰ ਲੋੜ ਮੁਤਾਬਕ ਢਾਲ਼ੋ: ਅਸੀਂ ਲੋਕਾਂ ਨੂੰ ਖ਼ੁਸ਼ ਖ਼ਬਰੀ ਕਿਵੇਂ ਪੇਸ਼ ਕਰਾਂਗੇ, ਇਹ ਕਾਫ਼ੀ ਹੱਦ ਤਕ ਸਥਾਨਕ ਰਿਵਾਜਾਂ ਉੱਤੇ ਨਿਰਭਰ ਕਰਦਾ ਹੈ। ਕੀ ਲੋਕ ਘਰ ਆਏ ਅਜਨਬੀਆਂ ਤੋਂ ਇਹ ਆਸ ਰੱਖਦੇ ਹਨ ਕਿ ਉਹ ਪਹਿਲਾਂ ਹਾਲ-ਚਾਲ ਪੁੱਛਣ, ਫਿਰ ਆਪਣੇ ਆਉਣ ਦਾ ਮਕਸਦ ਦੱਸਣ? ਜਾਂ ਕੀ ਲੋਕ ਤੁਹਾਡੇ ਤੋਂ ਇਹ ਆਸ ਰੱਖਣਗੇ ਕਿ ਤੁਸੀਂ ਇੱਧਰ-ਉੱਧਰ ਦੀ ਗੱਲ ਕੀਤੇ ਬਿਨਾਂ ਮਤਲਬ ਦੀ ਗੱਲ ਕਰੋ? ਵੱਖ-ਵੱਖ ਥਾਵਾਂ ਦੇ, ਇੱਥੋਂ ਤਕ ਕਿ ਹਰ ਵਿਅਕਤੀ ਦੇ ਆਪੋ-ਆਪਣੇ ਅਸੂਲ ਹੋ ਸਕਦੇ ਹਨ। ਸਵਾਲ ਪੁੱਛਣ ਵੇਲੇ ਵੀ ਅਕਲਮੰਦੀ ਵਰਤਣੀ ਜ਼ਰੂਰੀ ਹੈ। ਕੁਝ ਥਾਵਾਂ ਤੇ ਆਮ ਪੁੱਛੇ ਜਾਂਦੇ ਸਵਾਲਾਂ ਨੂੰ ਸ਼ਾਇਦ ਹੋਰ ਥਾਂ ਦੇ ਲੋਕ ਪਸੰਦ ਨਾ ਕਰਨ। ਇਸ ਲਈ ਸਾਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਸਥਾਨਕ ਰਿਵਾਜਾਂ ਅਨੁਸਾਰ ਆਪਣੀ ਪੇਸ਼ਕਾਰੀ ਨੂੰ ਢਾਲ਼ਣਾ ਚਾਹੀਦਾ ਹੈ।
3. ਲੋਕਾਂ ਦੇ ਪਿਛੋਕੜਾਂ ਅਤੇ ਵਿਸ਼ਵਾਸਾਂ ਦਾ ਖ਼ਿਆਲ ਰੱਖਣਾ ਕਿਉਂ ਜ਼ਰੂਰੀ ਹੈ?
3 ਇਸ ਤੋਂ ਇਲਾਵਾ, ਪੇਸ਼ਕਾਰੀ ਤਿਆਰ ਕਰਨ ਵੇਲੇ ਸਾਨੂੰ ਆਪਣੇ ਇਲਾਕੇ ਦੇ ਲੋਕਾਂ ਦੇ ਪਿਛੋਕੜਾਂ ਅਤੇ ਵਿਸ਼ਵਾਸਾਂ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ। ਮਿਸਾਲ ਲਈ, ਅਸੀਂ ਇਕ ਕੈਥੋਲਿਕ ਸ਼ਰਧਾਲੂ ਨਾਲ ਮੱਤੀ 6:9, 10 ਵਿਚ ਦਰਜ ਪ੍ਰਾਰਥਨਾ ਦੇ ਸ਼ਬਦਾਂ ਉੱਤੇ ਜਿੱਦਾਂ ਚਰਚਾ ਕਰਾਂਗੇ, ਉੱਦਾਂ ਅਸੀਂ ਗ਼ੈਰ-ਈਸਾਈ ਧਰਮ ਦੇ ਵਿਅਕਤੀ ਨਾਲ ਨਹੀਂ ਕਰਾਂਗੇ ਜੋ ਇਸ ਪ੍ਰਾਰਥਨਾ ਤੋਂ ਬਿਲਕੁਲ ਅਣਜਾਣ ਹੈ। ਆਪਣੇ ਇਲਾਕੇ ਦੇ ਲੋਕਾਂ ਦੇ ਪਿਛੋਕੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਆਪਣੀਆਂ ਪੇਸ਼ਕਾਰੀਆਂ ਨੂੰ ਢਾਲ਼ਾਂਗੇ ਤਾਂਕਿ ਅਸੀਂ ਵੱਖ-ਵੱਖ ਲੋਕਾਂ ਦੀ ਰੁਚੀ ਜਗਾ ਸਕੀਏ।—1 ਕੁਰਿੰ. 9:20-23.
4. ਚੰਗੀ ਤਿਆਰੀ ਕਰਨੀ ਕਿਉਂ ਲਾਜ਼ਮੀ ਹੈ?
4 ਜੇ ਅਸੀਂ ਕਿਸੇ ਸੁਝਾਈ ਪੇਸ਼ਕਾਰੀ ਨੂੰ ਹੂ-ਬਹੂ ਦੁਹਰਾਉਣ ਦੀ ਸੋਚ ਰਹੇ ਹਾਂ, ਤਾਂ ਵੀ ਚੰਗੀ ਤਿਆਰੀ ਕਰਨੀ ਜ਼ਰੂਰੀ ਹੈ। ਸਾਨੂੰ ਪੇਸ਼ਕਾਰੀ ਨਾਲ ਸੰਬੰਧਿਤ ਲੇਖ ਜਾਂ ਅਧਿਆਇ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਅਤੇ ਉਸ ਵਿੱਚੋਂ ਦਿਲਚਸਪ ਮੁੱਦੇ ਲੱਭਣੇ ਚਾਹੀਦੇ ਹਨ। ਫਿਰ ਆਪਣੀ ਪੇਸ਼ਕਾਰੀ ਨੂੰ ਇਨ੍ਹਾਂ ਮੁੱਦਿਆਂ ਨਾਲ ਜੋੜੋ। ਰਸਾਲਿਆਂ ਜਾਂ ਕਿਤਾਬਾਂ ਵਿਚ ਦਿੱਤੀ ਵਧੀਆ ਜਾਣਕਾਰੀ ਤੋਂ ਜਾਣੂ ਹੋਣ ਨਾਲ ਹੀ ਅਸੀਂ ਲੋਕਾਂ ਨੂੰ ਆਪਣਾ ਸੰਦੇਸ਼ ਜੋਸ਼ ਨਾਲ ਦੇ ਸਕਾਂਗੇ।
5. ਸੁਝਾਈਆਂ ਪੇਸ਼ਕਾਰੀਆਂ ਤੋਂ ਇਲਾਵਾ ਹੋਰ ਪੇਸ਼ਕਾਰੀ ਕਿਉਂ ਇਸਤੇਮਾਲ ਕੀਤੀ ਜਾ ਸਕਦੀ ਹੈ ਅਤੇ ਅਸੀਂ ਨਵੀਂ ਪੇਸ਼ਕਾਰੀ ਦੀ ਕਿਵੇਂ ਤਿਆਰੀ ਕਰ ਸਕਦੇ ਹਾਂ?
5 ਹੋਰ ਪੇਸ਼ਕਾਰੀਆਂ: ਕੀ ਸਾਨੂੰ ਸਿਰਫ਼ ਸੁਝਾਈਆਂ ਪੇਸ਼ਕਾਰੀਆਂ ਹੀ ਵਰਤਣੀਆਂ ਚਾਹੀਦੀਆਂ ਹਨ? ਨਹੀਂ। ਜੇ ਤੁਹਾਨੂੰ ਹੋਰ ਕੋਈ ਪੇਸ਼ਕਾਰੀ ਜਾਂ ਬਾਈਬਲ ਆਇਤ ਵਰਤਣੀ ਜ਼ਿਆਦਾ ਆਸਾਨ ਲੱਗਦੀ ਹੈ, ਤਾਂ ਇਸ ਨੂੰ ਵਰਤੋ। ਸੇਵਕਾਈ ਵਿਚ ਮਿਲਣ ਵਾਲੇ ਲੋਕਾਂ ਦੀ ਦਿਲਚਸਪੀ ਅਨੁਸਾਰ ਤੁਸੀਂ ਰਸਾਲਿਆਂ ਵਿਚ ਛਪੇ ਛੋਟੇ-ਛੋਟੇ ਲੇਖਾਂ ਵੱਲ ਵੀ ਧਿਆਨ ਖਿੱਚ ਸਕਦੇ ਹੋ। ਸੇਵਾ ਸਭਾ ਵਿਚ ਪੇਸ਼ਕਾਰੀਆਂ ਪ੍ਰਦਰਸ਼ਿਤ ਕਰਨ ਲਈ ਹੋਰ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ ਜੋ ਸਥਾਨਕ ਇਲਾਕੇ ਵਿਚ ਜ਼ਿਆਦਾ ਅਸਰਦਾਰ ਸਾਬਤ ਹੋਣਗੀਆਂ। ਇਸ ਤਰ੍ਹਾਂ ਸਾਰੇ ਭੈਣ-ਭਰਾ ਖ਼ੁਸ਼ ਖ਼ਬਰੀ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨਾ ਸਿੱਖ ਸਕਣਗੇ।