ਸੱਚਾਈ ਦੀ ਸਾਖੀ ਦੇਣ ਵਾਲੇ ਰਸਾਲੇ ਦਿਓ
1. ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਕਿਵੇਂ ਫ਼ਾਇਦੇਮੰਦ ਸਾਬਤ ਹੋਏ ਹਨ?
1 ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਵਿਚ ਸਾਡੀ ਮਦਦ ਕਰਦੇ ਹਨ। (ਮੱਤੀ 24:14; 28:19, 20) ਇਹ ਰਸਾਲੇ ਅਸੀਂ ਪ੍ਰਚਾਰ ਕਰਦੇ ਸਮੇਂ ਅਕਸਰ ਲੋਕਾਂ ਨੂੰ ਦਿੰਦੇ ਹਾਂ।
2. ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਕਿਹੜੀਆਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਅਤੇ ਕਿਉਂ?
2 ਸਮੇਂ ਦੇ ਬੀਤਣ ਨਾਲ ਇਨ੍ਹਾਂ ਰਸਾਲਿਆਂ ਦੇ ਆਕਾਰ ਅਤੇ ਲੇਖਾਂ ਵਿਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਰਸਾਲਿਆਂ ਨੂੰ ਵੰਡਣ ਦੇ ਤਰੀਕੇ ਵੀ ਬਦਲੇ ਹਨ। ਇਹ ਸਭ ਤਬਦੀਲੀਆਂ ਇਸ ਲਈ ਕੀਤੀਆਂ ਗਈਆਂ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਸਾਡੇ ਰਸਾਲੇ ਪੜ੍ਹਨ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਜਾਣ ਸਕਣ। ਇਨ੍ਹਾਂ ਰਸਾਲਿਆਂ ਦੇ ਜ਼ਰੀਏ ਹਰ ਪਿਛੋਕੜ ਦੇ ਲੋਕ ‘ਸਤ ਦਾ ਗਿਆਨ’ ਲੈ ਕੇ ਬਚ ਸਕਦੇ ਹਨ।—1 ਤਿਮੋ. 2:4.
3. ਅਸੀਂ ਲੋਕਾਂ ਨੂੰ ਰਸਾਲੇ ਕਿਵੇਂ ਪੇਸ਼ ਕਰਾਂਗੇ?
3 ਪੰਜਾਬੀ ਦਾ ਜਾਗਰੂਕ ਬਣੋ! ਰਸਾਲਾ ਸਾਲ ਵਿਚ ਚਾਰ ਵਾਰੀ ਛਪਦਾ ਹੈ। ਅਸੀਂ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਪੇਸ਼ ਕਰਨਾ ਸਿੱਖਿਆ ਹੈ। ਇਸੇ ਤਰ੍ਹਾਂ ਹੁਣ ਅਸੀਂ ਪੰਜਾਬੀ ਵਿਚ ਪਹਿਰਾਬੁਰਜ ਦਾ ਹਰ ਤਿੰਨ ਮਹੀਨੇ ਬਾਅਦ ਛਪਣ ਵਾਲਾ ਪਬਲਿਕ ਐਡੀਸ਼ਨ ਹੀ ਲੋਕਾਂ ਨੂੰ ਦਿਆ ਕਰਾਂਗੇ। ਸਾਡੀ ਰਾਜ ਸੇਵਕਾਈ ਦੇ ਆਖ਼ਰੀ ਸਫ਼ੇ ਉੱਤੇ ਹਰ ਰਸਾਲੇ ਨੂੰ ਪੇਸ਼ ਕਰਨ ਸੰਬੰਧੀ ਸੁਝਾਅ ਦਿੱਤਾ ਜਾਵੇਗਾ। ਆਮ ਤੌਰ ਤੇ ਸੁਝਾਅ ਵਿਚ ਰਸਾਲੇ ਦੇ ਪਹਿਲੇ ਦੋ-ਤਿੰਨ ਲੇਖਾਂ ਵਿੱਚੋਂ ਕਿਸੇ ਇਕ ਉੱਤੇ ਗੱਲ ਕੀਤੀ ਜਾਵੇਗੀ, ਪਰ ਕਦੇ-ਕਦੇ ਹੋਰ ਦਿਲਚਸਪ ਲੇਖਾਂ ਨੂੰ ਵੀ ਇਸਤੇਮਾਲ ਕਰਨ ਦੇ ਸੁਝਾਅ ਦਿੱਤੇ ਜਾਣਗੇ। ਇਸ ਸੁਝਾਅ ਨੂੰ ਚੰਗੀ ਤਰ੍ਹਾਂ ਵਰਤਣ ਲਈ ਜ਼ਰੂਰੀ ਹੈ ਕਿ ਅਸੀਂ ਦੱਸੇ ਗਏ ਲੇਖ ਨੂੰ ਚੰਗੀ ਤਰ੍ਹਾਂ ਪੜ੍ਹੀਏ ਅਤੇ ਫਿਰ ਲੋਕਾਂ ਦੀ ਰੁਚੀ ਮੁਤਾਬਕ ਆਪਣੇ ਸ਼ਬਦਾਂ ਵਿਚ ਕੁਝ ਦੱਸ ਕੇ ਰਸਾਲਾ ਪੇਸ਼ ਕਰੀਏ।
4. ਸਾਡੀ ਰਾਜ ਸੇਵਕਾਈ ਵਿਚ ਦਿੱਤੇ ਸੁਝਾਅ ਤੋਂ ਇਲਾਵਾ ਦੂਸਰੇ ਸੁਝਾਅ ਵਰਤਣ ਦੇ ਕੀ ਫ਼ਾਇਦੇ ਹੋ ਸਕਦੇ ਹਨ?
4 ਹਾਲਾਂਕਿ ਸਾਡੀ ਰਾਜ ਸੇਵਕਾਈ ਵਿਚ ਹਰ ਰਸਾਲੇ ਲਈ ਸੁਝਾਅ ਦਿੱਤੇ ਜਾਣਗੇ, ਪਰ ਤੁਸੀਂ ਕੋਈ ਹੋਰ ਸੁਝਾਅ ਵੀ ਵਰਤ ਸਕਦੇ ਹੋ। ਹੋ ਸਕਦਾ ਕਿ ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਲੇਖ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਜ਼ਿਆਦਾ ਪਸੰਦ ਆਵੇਗਾ। ਜਾਂ ਤੁਹਾਨੂੰ ਸ਼ਾਇਦ ਲੱਗੇ ਕਿ ਜਿਸ ਲੇਖ ਨੂੰ ਪੜ੍ਹ ਕੇ ਤੁਹਾਨੂੰ ਮਜ਼ਾ ਆਇਆ ਹੈ, ਉਸ ਲੇਖ ਨੂੰ ਤੁਸੀਂ ਜ਼ਿਆਦਾ ਉਤਸੁਕਤਾ ਨਾਲ ਦੂਸਰਿਆਂ ਨੂੰ ਪੇਸ਼ ਕਰ ਸਕੋਗੇ।
5. ਰਸਾਲੇ ਨੂੰ ਪੇਸ਼ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ?
5 ਆਪਣੇ ਆਪ ਨੂੰ ਤਿਆਰ ਕਰੋ: ਤੁਸੀਂ ਜਿਸ ਲੇਖ ਉੱਤੇ ਗੱਲ ਕਰਨੀ ਚਾਹੁੰਦੇ ਹੋ, ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਲਓ। ਇਹ ਸੱਚ ਹੈ ਕਿ ਰਸਾਲੇ ਦੇ ਹਰੇਕ ਲੇਖ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣਾ ਹਮੇਸ਼ਾ ਸੰਭਵ ਨਹੀਂ ਹੁੰਦਾ। ਪਰ ਜਿਹੜਾ ਲੇਖ ਤੁਸੀਂ ਚੁਣਦੇ ਹੋ, ਉਸ ਨੂੰ ਚੰਗੀ ਤਰ੍ਹਾਂ ਪੜ੍ਹੋ ਤਾਂਕਿ ਤੁਸੀਂ ਉਸ ਲੇਖ ਬਾਰੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਗੱਲ ਕਰ ਸਕੋ।
6. ਆਪਣੇ ਤਰੀਕੇ ਨਾਲ ਰਸਾਲਾ ਪੇਸ਼ ਕਰਨ ਲਈ ਅਸੀਂ ਕਿਵੇਂ ਤਿਆਰੀ ਕਰ ਸਕਦੇ ਹਾਂ?
6 ਹਾਲਾਤ ਦੇ ਮੁਤਾਬਕ ਗੱਲ ਕਰੋ। ਗੱਲਬਾਤ ਸ਼ੁਰੂ ਕਰਨ ਲਈ ਤੁਸੀਂ ਰਸਾਲੇ ਨਾਲ ਜੁੜਿਆ ਕੋਈ ਦਿਲਚਸਪ ਸਵਾਲ ਪੁੱਛ ਸਕਦੇ ਹੋ। ਪਰਮੇਸ਼ੁਰ ਦੇ ਬਚਨ ਦਾ ਸਹਾਰਾ ਲਓ ਜੋ ਲੋਕਾਂ ਦੇ ਦਿਲਾਂ ਨੂੰ ਛੂਹ ਸਕਦਾ ਹੈ। (ਇਬ. 4:12) ਆਪਣੇ ਵਿਸ਼ੇ ਮੁਤਾਬਕ ਕੋਈ ਆਇਤ ਚੁਣੋ। ਹੋ ਸਕੇ ਤਾਂ ਲੇਖ ਵਿਚ ਦਿੱਤੀ ਗਈ ਕੋਈ ਆਇਤ ਚੁਣੋ। ਫਿਰ ਸੋਚੋ ਕਿ ਤੁਸੀਂ ਇਸ ਆਇਤ ਨੂੰ ਲੇਖ ਨਾਲ ਕਿਵੇਂ ਜੋੜੋਗੇ।
7. ਅਸੀਂ ਹਾਲਾਤ ਮੁਤਾਬਕ ਰਸਾਲੇ ਉੱਤੇ ਗੱਲ ਕਰਨ ਵਿਚ ਮਾਹਰ ਕਿਵੇਂ ਬਣ ਸਕਦੇ ਹਾਂ?
7 ਹਰ ਮੌਕੇ ਤੇ: ਕੋਈ ਵੀ ਸੁਝਾਅ ਤਾਹੀਓਂ ਫ਼ਾਇਦੇਮੰਦ ਹੁੰਦਾ ਹੈ ਜੇ ਇਸ ਨੂੰ ਅਮਲ ਵਿਚ ਲਿਆਂਦਾ ਜਾਵੇ। ਸੋ ਹਰ ਸ਼ਨੀਵਾਰ ਨੂੰ ਰਸਾਲੇ ਵੰਡਣ ਦੇ ਕਲੀਸਿਯਾ ਦੇ ਪ੍ਰੋਗ੍ਰਾਮ ਵਿਚ ਹਿੱਸਾ ਲਓ। ਜਿਨ੍ਹਾਂ ਲੋਕਾਂ ਨੇ ਪਹਿਲਾਂ ਸਾਡਾ ਕੋਈ ਸਾਹਿੱਤ ਲਿਆ ਹੈ, ਉਨ੍ਹਾਂ ਨੂੰ ਵੀ ਰਸਾਲੇ ਦਿਓ। ਆਪਣੇ ਬਾਈਬਲ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਰਸਾਲੇ ਦਿਓ ਜਿਨ੍ਹਾਂ ਨੂੰ ਤੁਸੀਂ ਦੁਬਾਰਾ ਮਿਲਣ ਜਾਂਦੇ ਹੋ। ਜਾਂ ਤੁਸੀਂ ਬਾਜ਼ਾਰ ਵਿਚ ਚੀਜ਼ਾਂ ਖ਼ਰੀਦਦਿਆਂ, ਸਫ਼ਰ ਕਰਦਿਆਂ ਜਾਂ ਡਾਕਟਰ ਦੀ ਕਲਿਨਿਕ ਵਿਚ ਇੰਤਜ਼ਾਰ ਕਰਦਿਆਂ ਲੋਕਾਂ ਨੂੰ ਰਸਾਲੇ ਦੇ ਸਕਦੇ ਹੋ। ਪੂਰੇ ਮਹੀਨੇ ਦੌਰਾਨ ਜਿਉਂ-ਜਿਉਂ ਤੁਸੀਂ ਵੱਖ-ਵੱਖ ਲੋਕਾਂ ਨੂੰ ਰਸਾਲੇ ਦਿਓਗੇ, ਤਾਂ ਤੁਸੀਂ ਹਾਲਾਤ ਮੁਤਾਬਕ ਰਸਾਲੇ ਉੱਤੇ ਗੱਲ ਕਰਨ ਵਿਚ ਮਾਹਰ ਬਣ ਜਾਓਗੇ।
8. ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦੂਸਰੇ ਰਸਾਲਿਆਂ ਤੋਂ ਕਿਵੇਂ ਵੱਖਰੇ ਹਨ?
8 ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦੂਸਰੇ ਰਸਾਲਿਆਂ ਤੋਂ ਵੱਖਰੇ ਹਨ। ਇਹ ਪੂਰੇ ਜਹਾਨ ਦੇ ਮਾਲਕ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਕਰਦੇ ਹਨ। (ਰਸੂ. 4:24) ਇਹ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਿੰਦੇ ਹਨ ਅਤੇ ਉਨ੍ਹਾਂ ਨੂੰ ਯਿਸੂ ਮਸੀਹ ਵਿਚ ਨਿਹਚਾ ਕਰਨ ਦੀ ਪ੍ਰੇਰਣਾ ਦਿੰਦੇ ਹਨ। (ਮੱਤੀ 24:14; ਰਸੂ. 10:43) ਇਸ ਤੋਂ ਇਲਾਵਾ, ਇਹ ਸੰਸਾਰ ਵਿਚ ਵਾਪਰ ਰਹੀਆਂ ਘਟਨਾਵਾਂ ਤੇ ਨਜ਼ਰ ਰੱਖਦੇ ਹਨ ਅਤੇ ਸਮਝਾਉਂਦੇ ਹਨ ਕਿ ਇਨ੍ਹਾਂ ਦਾ ਬਾਈਬਲ ਦੀਆਂ ਭਵਿੱਖਬਾਣੀਆਂ ਨਾਲ ਕੀ ਸੰਬੰਧ ਹੈ। (ਮੱਤੀ 25:13) ਸੋ ਹਰ ਮੌਕੇ ਤੇ ਲੋਕਾਂ ਨੂੰ ਇਹ ਰਸਾਲੇ ਦੇਣ ਦੀ ਚੰਗੀ ਤਿਆਰੀ ਕਰੋ ਤਾਂਕਿ ਦੂਸਰੇ ਵੀ ਇਨ੍ਹਾਂ ਰਸਾਲਿਆਂ ਤੋਂ ਲਾਭ ਲੈ ਸਕਣ।
9. ਕਿਸੇ ਨੂੰ ਦੁਬਾਰਾ ਮਿਲਣ ਅਤੇ ਹੋਰ ਗਿਆਨ ਦੇਣ ਲਈ ਅਸੀਂ ਕੀ ਕਰ ਸਕਦੇ ਹਾਂ?
9 ਕਿਸੇ ਨੂੰ ਰਸਾਲਾ ਦੇਣ ਜਾਂ ਉਸ ਨਾਲ ਗੱਲਬਾਤ ਕਰਨ ਤੋਂ ਬਾਅਦ ਕੋਈ ਸਵਾਲ ਪੁੱਛੋ ਜਾਂ ਅਜਿਹੀ ਗੱਲ ਕਹੋ ਜਿਸ ਬਾਰੇ ਉਹ ਹੋਰ ਜਾਣਨਾ ਚਾਹੇਗਾ। ਇਸ ਤਰ੍ਹਾਂ ਤੁਹਾਨੂੰ ਉਸ ਨੂੰ ਦੁਬਾਰਾ ਮਿਲਣ ਅਤੇ ਗੱਲ ਨੂੰ ਅੱਗੇ ਤੋਰਨ ਦਾ ਮੌਕਾ ਮਿਲੇਗਾ। ਦੂਸਰਿਆਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਲਈ ਹਮੇਸ਼ਾ ਤਿਆਰ ਰਹਿ ਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੀ ਕਿਰਪਾ ਨਾਲ ਨੇਕਦਿਲ ਲੋਕ ਉਸ ਬਾਰੇ ਜ਼ਰੂਰ ਸਿੱਖਣਗੇ ਅਤੇ ਉਸ ਦੇ ਸੇਵਕ ਬਣਨਗੇ।—1 ਕੁਰਿੰ. 3:6.