ਦੂਸਰਿਆਂ ਨਾਲ ਤਰਕ ਕਰਨ ਦਾ ਹੁਨਰ ਪੈਦਾ ਕਰੋ
1. ਅਸੀਂ ਬਾਈਬਲ ਦੇ ਕਿਹੜੇ ਬਿਰਤਾਂਤ ਉੱਤੇ ਗੌਰ ਕਰਾਂਗੇ ਅਤੇ ਕਿਉਂ?
1 ਪੌਲੁਸ ਰਸੂਲ ਨੇ ਪਿਸਿਦਿਯਾ ਜ਼ਿਲ੍ਹੇ ਦੇ ਅੰਤਾਕਿਯਾ ਸ਼ਹਿਰ ਵਿਚ ਯਹੂਦੀ ਸਭਾ ਘਰ ਵਿਚ ਇਕ ਉਪਦੇਸ਼ ਦਿੱਤਾ ਸੀ ਜੋ ਰਸੂਲਾਂ ਦੇ ਕਰਤੱਬ 13:16-41 ਵਿਚ ਦਰਜ ਹੈ। ਇਹ ਉਪਦੇਸ਼ ਦੂਸਰਿਆਂ ਨਾਲ ਤਰਕ ਕਰਨ ਦੀ ਵਧੀਆ ਮਿਸਾਲ ਹੈ। ਪੌਲੁਸ ਨੇ ਆਪਣੇ ਸਰੋਤਿਆਂ ਦੇ ਪਿਛੋਕੜ ਅਤੇ ਸੋਚ ਨੂੰ ਧਿਆਨ ਵਿਚ ਰੱਖ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਇਸ ਬਿਰਤਾਂਤ ਤੇ ਗੌਰ ਕਰ ਕੇ ਅਸੀਂ ਦੇਖਾਂਗੇ ਕਿ ਅਸੀਂ ਪ੍ਰਚਾਰ ਕਰਦੇ ਵੇਲੇ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ।
2. ਪੌਲੁਸ ਨੇ ਜਿਸ ਤਰ੍ਹਾਂ ਉਪਦੇਸ਼ ਦੇਣਾ ਸ਼ੁਰੂ ਕੀਤਾ ਸੀ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
2 ਸਾਂਝੇ ਵਿਸ਼ੇ ਤੇ ਗੱਲ ਕਰੋ: ਭਾਵੇਂ ਪੌਲੁਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਮਕਸਦ ਦੇ ਪੂਰਾ ਹੋਣ ਵਿਚ ਯਿਸੂ ਦੀ ਅਹਿਮ ਭੂਮਿਕਾ ਬਾਰੇ ਦੱਸਣਾ ਸੀ, ਪਰ ਉਸ ਨੇ ਇਸ ਨਾਲ ਗੱਲ ਸ਼ੁਰੂ ਨਹੀਂ ਕੀਤੀ। ਉਸ ਨੇ ਆਪਣੇ ਯਹੂਦੀ ਸਰੋਤਿਆਂ ਨਾਲ ਇਕ ਸਾਂਝੇ ਵਿਸ਼ੇ ਯਾਨੀ ਯਹੂਦੀ ਇਤਿਹਾਸ ਬਾਰੇ ਗੱਲ ਕੀਤੀ। (ਰਸੂ. 13:16-22) ਇਸੇ ਤਰ੍ਹਾਂ ਲੋਕ ਸਾਡੀ ਗੱਲ ਵੀ ਧਿਆਨ ਨਾਲ ਸੁਣਨਗੇ ਜੇ ਅਸੀਂ ਉਨ੍ਹਾਂ ਨਾਲ ਕਿਸੇ ਸਾਂਝੇ ਵਿਸ਼ੇ ਉੱਤੇ ਗੱਲ ਕਰਾਂਗੇ। ਇਸ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਨੂੰ ਸੋਚ-ਸਮਝ ਕੇ ਸਵਾਲ ਪੁੱਛੀਏ ਅਤੇ ਫਿਰ ਉਨ੍ਹਾਂ ਦੇ ਦਿਲ ਦੀ ਗੱਲ ਜਾਣਨ ਲਈ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀਏ।
3. ਪੌਲੁਸ ਦੇ ਸਰੋਤਿਆਂ ਲਈ ਯਿਸੂ ਨੂੰ ਵਾਅਦਾ ਕੀਤਾ ਹੋਇਆ ਮਸੀਹਾ ਸਵੀਕਾਰ ਕਰਨਾ ਔਖਾ ਕਿਉਂ ਸੀ?
3 ਯਹੂਦੀ ਇਤਿਹਾਸ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਆਪਣੇ ਸਰੋਤਿਆਂ ਨੂੰ ਯਾਦ ਕਰਾਇਆ ਕਿ ਪਰਮੇਸ਼ੁਰ ਨੇ ਦਾਊਦ ਦੇ ਵੰਸ਼ ਵਿੱਚੋਂ ਇਕ ਮੁਕਤੀਦਾਤਾ ਖੜ੍ਹਾ ਕਰਨ ਦਾ ਵਾਅਦਾ ਕੀਤਾ ਸੀ। ਪਰ ਬਹੁਤ ਸਾਰੇ ਯਹੂਦੀ ਕਿਸੇ ਫ਼ੌਜੀ ਹੀਰੋ ਦੀ ਉਡੀਕ ਵਿਚ ਸਨ ਜੋ ਯਹੂਦੀ ਕੌਮ ਨੂੰ ਰੋਮ ਦੀ ਗ਼ੁਲਾਮੀ ਤੋਂ ਆਜ਼ਾਦ ਕਰਾ ਕੇ ਦੂਸਰੀਆਂ ਕੌਮਾਂ ਤੋਂ ਉੱਚਾ ਕਰੇਗਾ। ਉਹ ਇਹ ਗੱਲ ਜਾਣਦੇ ਸਨ ਕਿ ਯਰੂਸ਼ਲਮ ਵਿਚ ਯਹੂਦੀ ਧਾਰਮਿਕ ਆਗੂਆਂ ਨੇ ਯਿਸੂ ਨੂੰ ਮੁਕਤੀਦਾਤਾ ਸਵੀਕਾਰ ਨਹੀਂ ਕੀਤਾ ਸੀ ਅਤੇ ਉਸ ਨੂੰ ਰੋਮੀਆਂ ਦੇ ਹੱਥੋਂ ਖ਼ਤਮ ਕਰਵਾ ਦਿੱਤਾ ਸੀ। ਪੌਲੁਸ ਨੇ ਉਨ੍ਹਾਂ ਨੂੰ ਕਿਸ ਤਰ੍ਹਾਂ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹਾ ਸੀ?
4. ਪੌਲੁਸ ਨੇ ਆਪਣੇ ਯਹੂਦੀ ਸਰੋਤਿਆਂ ਨਾਲ ਕਿਵੇਂ ਵਧੀਆ ਤਰੀਕੇ ਨਾਲ ਤਰਕ ਕੀਤਾ?
4 ਆਪਣੇ ਤਰੀਕੇ ਬਦਲੋ: ਆਪਣੇ ਸਰੋਤਿਆਂ ਦੀ ਸੋਚ ਨੂੰ ਜਾਣਦੇ ਹੋਏ ਪੌਲੁਸ ਨੇ ਪਵਿੱਤਰ ਲਿਖਤਾਂ ਵਿੱਚੋਂ ਹਵਾਲਾ ਦਿੱਤਾ ਅਤੇ ਉਨ੍ਹਾਂ ਗੱਲਾਂ ਦੇ ਆਧਾਰ ਤੇ ਤਰਕ ਕੀਤਾ ਜਿਨ੍ਹਾਂ ਨੂੰ ਉਹ ਮੰਨਦੇ ਸਨ। ਉਦਾਹਰਣ ਲਈ, ਉਸ ਨੇ ਕਿਹਾ ਕਿ ਯਿਸੂ ਦਾਊਦ ਦੇ ਵੰਸ਼ ਵਿੱਚੋਂ ਸੀ ਅਤੇ ਪਰਮੇਸ਼ੁਰ ਦੇ ਨਬੀ ਵਜੋਂ ਸਵੀਕਾਰੇ ਜਾਂਦੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਵੀ ਉਸ ਦੀ ਪਛਾਣ ਮਸੀਹਾ ਦੇ ਤੌਰ ਤੇ ਕਰਾਈ ਸੀ। (ਰਸੂ. 13:23-25) ਪੌਲੁਸ ਨੇ ਦੱਸਿਆ ਕਿ ਯਿਸੂ ਨੂੰ ਮਸੀਹਾ ਸਵੀਕਾਰ ਨਾ ਕਰ ਕੇ ਅਤੇ ਮੌਤ ਦੇ ਘਾਟ ਉਤਾਰ ਕੇ ਧਾਰਮਿਕ ਆਗੂਆਂ ਨੇ ‘ਨਬੀਆਂ ਦੇ ਬਚਨਾਂ ਨੂੰ ਪੂਰਿਆਂ ਕੀਤਾ।’ (ਰਸੂ. 13:26-28) ਫਿਰ ਉਸ ਨੇ ਸਮਝਾਇਆ ਕਿ ਕਈ ਲੋਕਾਂ ਨੇ ਮੁੜ ਜੀ ਉੱਠੇ ਯਿਸੂ ਨੂੰ ਆਪਣੀ ਅੱਖੀਂ ਦੇਖਿਆ ਅਤੇ ਉਨ੍ਹਾਂ ਲਿਖਤਾਂ ਵੱਲ ਧਿਆਨ ਖਿੱਚਿਆ ਜੋ ਉਸ ਦੇ ਮੁੜ ਜੀ ਉੱਠਣ ਨਾਲ ਪੂਰੀਆਂ ਹੋਈਆਂ।—ਰਸੂ. 13:29-37.
5. (ੳ) ਯੂਨਾਨੀ ਸਰੋਤਿਆਂ ਨਾਲ ਗੱਲ ਕਰਦੇ ਹੋਏ ਪੌਲੁਸ ਨੇ ਆਪਣੀ ਪੇਸ਼ਕਾਰੀ ਨੂੰ ਕਿਵੇਂ ਬਦਲਿਆ? (ਅ) ਆਪਣੇ ਇਲਾਕੇ ਵਿਚ ਪ੍ਰਚਾਰ ਕਰਦੇ ਹੋਏ ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
5 ਦੂਸਰੇ ਪਾਸੇ, ਅਥੇਨੈ ਦੇ ਅਰਿਯੁਪਗੁਸ ਵਿਚ ਯੂਨਾਨੀ ਸਰੋਤਿਆਂ ਨਾਲ ਪੌਲੁਸ ਨੇ ਵੱਖਰੇ ਤਰੀਕੇ ਨਾਲ ਗੱਲ ਸ਼ੁਰੂ ਕੀਤੀ। (ਰਸੂ. 17:22-31) ਪਰ ਉਸ ਨੇ ਉਹੀ ਸੰਦੇਸ਼ ਉਨ੍ਹਾਂ ਨੂੰ ਵੀ ਦਿੱਤਾ ਅਤੇ ਦੋਵੇਂ ਮੌਕਿਆਂ ਤੇ ਇਸ ਦੇ ਚੰਗੇ ਨਤੀਜੇ ਨਿਕਲੇ। (ਰਸੂ. 13:42, 43; 17:34) ਇਸੇ ਤਰ੍ਹਾਂ ਅੱਜ ਅਸੀਂ ਵੀ ਚੰਗੇ ਤਰੀਕੇ ਨਾਲ ਪ੍ਰਚਾਰ ਕਰ ਸਕਾਂਗੇ ਜੇ ਅਸੀਂ ਆਪਣੇ ਸਰੋਤਿਆਂ ਨਾਲ ਕਿਸੇ ਸਾਂਝੇ ਵਿਸ਼ੇ ਉੱਤੇ ਗੱਲ ਕਰੀਏ ਅਤੇ ਉਨ੍ਹਾਂ ਦੇ ਪਿਛੋਕੜ ਅਤੇ ਸੋਚ ਨੂੰ ਧਿਆਨ ਵਿਚ ਰੱਖੀਏ।