ਯਹੋਵਾਹ ਦੇ ਪ੍ਰਤਾਪ ਦਾ ਵਰਣਨ ਕਰੋ
1 ਜ਼ਬੂਰਾਂ ਦੇ ਲਿਖਾਰੀ ਨੇ ਐਲਾਨ ਕੀਤਾ: “ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ! . . . ਕੌਮਾਂ ਦੇ ਵਿੱਚ ਉਹ ਦੇ ਪਰਤਾਪ ਦਾ, ਅਤੇ ਸਾਰੇ ਲੋਕਾਂ ਵਿੱਚ ਉਹ ਦੇ ਅਚਰਜ ਕੰਮਾਂ ਦਾ ਵਰਨਣ ਕਰੋ।” ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਸਾਡੇ ਲਈ ਕੀ ਕੁਝ ਕੀਤਾ ਹੈ, ਕਰ ਰਿਹਾ ਹੈ ਤੇ ਭਵਿੱਖ ਵਿਚ ਕੀ ਕਰੇਗਾ, ਤਾਂ ਅਸੀਂ ਦਿਲੋਂ ਉਸ ਦੇ ਪ੍ਰਤਾਪ ਦਾ ਐਲਾਨ ਕਰਨ ਲਈ ਪ੍ਰੇਰਿਤ ਹੁੰਦੇ ਹਾਂ!—ਜ਼ਬੂ. 96:1, 3.
2 ਸੇਵਕਾਈ ਵਿਚ: ਯਹੋਵਾਹ ਦੇ ਗਵਾਹਾਂ ਨੂੰ ਸਾਰੀ ਧਰਤੀ ਉੱਤੇ ਪਰਮੇਸ਼ੁਰ ਦੇ ਨਾਂ ਦਾ ਐਲਾਨ ਕਰਨ ਤੇ ਇਸ ਦੀ ਉਸਤਤ ਕਰਨ ਦਾ ਸਨਮਾਨ ਮਿਲਿਆ ਹੈ। (ਮਲਾ. 1:11) ਈਸਾਈ-ਜਗਤ ਦੇ ਪਾਦਰੀ ਬਿਲਕੁਲ ਉਲਟ ਕਰਦੇ ਹਨ। ਉਹ ਆਪਣੀਆਂ ਬਾਈਬਲਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢਣ ਦੀ ਗੁਸਤਾਖ਼ੀ ਕਰਦੇ ਹਨ! ਲੋਕਾਂ ਨੂੰ ਪਰਮੇਸ਼ੁਰ ਦੇ ਨਾਂ ਤੋਂ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਿਹਚਾ ਨਾਲ ਪਰਮੇਸ਼ੁਰ ਦਾ ਨਾਂ ਲੈ ਕੇ ਹੀ ਉਹ ਆਉਣ ਵਾਲੇ ਵੱਡੇ ਕਸ਼ਟ ਵਿੱਚੋਂ ਬਚ ਸਕਦੇ ਹਨ। (ਰੋਮੀ. 10:13-15) ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਠਹਿਰਾਉਣ ਦੁਆਰਾ ਹੀ ਸਾਰੀ ਧਰਤੀ ਤੇ ਸ਼ਾਂਤੀ ਕਾਇਮ ਹੋ ਸਕਦੀ ਹੈ ਅਤੇ ਧਰਤੀ ਦੇ ਵਾਸੀ ਸ਼ਾਂਤੀ ਨਾਲ ਰਹਿ ਸਕਦੇ ਹਨ। ਦਰਅਸਲ, ਪਰਮੇਸ਼ੁਰ ਦੇ ਸਾਰੇ ਕੰਮ ਉਸ ਦੇ ਨਾਂ ਨਾਲ ਜੁੜੇ ਹੋਏ ਹਨ।
3 “ਯਹੋਵਾਹ ਤਾਂ ਮਹਾਨ ਹੈ ਅਤੇ ਅੱਤ ਉਸਤਤ ਜੋਗ ਵੀ ਹੈ।” ਪਰ ਜੇ ਲੋਕਾਂ ਨੇ ‘ਯਹੋਵਾਹ ਦੇ ਨਾਮ ਦਾ ਪਰਤਾਪ ਮੰਨਣਾ’ ਹੈ, ਤਾਂ ਉਨ੍ਹਾਂ ਨੂੰ ਯਹੋਵਾਹ ਬਾਰੇ ਸੱਚਾਈ ਪਤਾ ਹੋਣੀ ਚਾਹੀਦੀ ਹੈ। (ਜ਼ਬੂ. 96:4, 8) ਕੁਝ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਹੈ ਹੀ ਨਹੀਂ। (ਜ਼ਬੂ. 14:1) ਕਈ ਉਸ ਨੂੰ ਬੇਬੱਸ ਕਹਿ ਕੇ ਉਸ ਨੂੰ ਬਦਨਾਮ ਕਰਦੇ ਹਨ ਜਾਂ ਕਹਿੰਦੇ ਹਨ ਕਿ ਉਸ ਨੂੰ ਮਨੁੱਖਜਾਤੀ ਦੇ ਮਾਮਲਿਆਂ ਵਿਚ ਕੋਈ ਦਿਲਚਸਪੀ ਨਹੀਂ ਹੈ। ਆਪਣੇ ਸਿਰਜਣਹਾਰ ਦੇ ਮਕਸਦਾਂ ਅਤੇ ਸ਼ਖ਼ਸੀਅਤ ਬਾਰੇ ਸਹੀ ਗਿਆਨ ਲੈਣ ਵਿਚ ਨੇਕਦਿਲ ਲੋਕਾਂ ਦੀ ਮਦਦ ਕਰ ਕੇ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ।
4 ਆਪਣੇ ਚਾਲ-ਚਲਣ ਦੁਆਰਾ: ਯਹੋਵਾਹ ਦੇ ਧਰਮੀ ਮਿਆਰਾਂ ਅਨੁਸਾਰ ਜੀਣ ਨਾਲ ਉਸ ਦੀ ਮਹਿਮਾ ਹੁੰਦੀ ਹੈ। ਸਾਡਾ ਚੰਗਾ ਚਾਲ-ਚਲਣ ਦੂਜਿਆਂ ਤੋਂ ਲੁਕਿਆ ਨਹੀਂ ਰਹਿੰਦਾ। (1 ਪਤ. 2:12) ਮਿਸਾਲ ਲਈ, ਸਾਡੀ ਸਾਫ਼-ਸੁਥਰੀ ਦਿੱਖ ਨੂੰ ਦੇਖ ਕੇ ਲੋਕ ਸਾਡੀ ਤਾਰੀਫ਼ ਕਰਨਗੇ ਅਤੇ ਇਸ ਨਾਲ ਸਾਨੂੰ ਇਹ ਦੱਸਣ ਦਾ ਮੌਕਾ ਮਿਲੇਗਾ ਕਿ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਸਿਧਾਂਤਾਂ ਅਨੁਸਾਰ ਜੀਣ ਦੇ ਬਹੁਤ ਸਾਰੇ ਫ਼ਾਇਦੇ ਹਨ। (1 ਤਿਮੋ. 2:9, 10) ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਦੂਸਰੇ ‘ਸਾਡੇ ਸ਼ੁਭ ਕਰਮ ਵੇਖ ਕੇ ਸਾਡੇ ਪਿਤਾ ਦੀ ਜਿਹੜਾ ਸੁਰਗ ਵਿਚ ਹੈ ਵਡਿਆਈ ਕਰਦੇ ਹਨ’!—ਮੱਤੀ 5:16.
5 ਆਓ ਆਪਾਂ ਹਰ ਰੋਜ਼ ਆਪਣੀ ਕਹਿਣੀ ਤੇ ਕਰਨੀ ਦੁਆਰਾ ਆਪਣੇ ਮਹਾਨ ਪਰਮੇਸ਼ੁਰ ਦੀ ਮਹਿਮਾ ਕਰੀਏ ਤੇ ਇਸ ਖ਼ੁਸ਼ੀ-ਭਰੇ ਸੱਦੇ ਨੂੰ ਸਵੀਕਾਰ ਕਰੀਏ: “ਯਹੋਵਾਹ ਲਈ ਗਾਓ ਉਹ ਦੇ ਨਾਮ ਨੂੰ ਮੁਬਾਰਕ ਆਖੋ, ਉਹ ਦੀ ਮੁਕਤੀ ਦਾ ਦਿਨੋ ਦਿਨ ਪਰਚਾਰ ਕਰੋ!”—ਜ਼ਬੂ. 96:2.