ਪਰਮੇਸ਼ੁਰ ਦੇ ਨਾਂ ਦਾ ਐਲਾਨ ਕਰੋ
1. ਪਰਮੇਸ਼ੁਰ ਦਾ ਨਾਂ ਜਾਣਨ ਦਾ ਲੋਕਾਂ ਉੱਤੇ ਕੀ ਅਸਰ ਪੈ ਸਕਦਾ ਹੈ?
1 ਜਦੋਂ ਤੁਹਾਨੂੰ ਪਹਿਲੀ ਵਾਰ ਪਰਮੇਸ਼ੁਰ ਦਾ ਨਾਂ ਪਤਾ ਲੱਗਾ, ਤਾਂ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਸੀ? ਬਹੁਤ ਸਾਰੇ ਲੋਕ ਇਸ ਤੀਵੀਂ ਵਾਂਗ ਆਪਣੀ ਦਿਲ ਦੀ ਭਾਵਨਾ ਜ਼ਾਹਰ ਕਰਦੇ ਹਨ ਜਿਸ ਨੇ ਕਿਹਾ: “ਮੈਂ ਜਦੋਂ ਬਾਈਬਲ ਵਿਚ ਪਹਿਲੀ ਵਾਰ ਪਰਮੇਸ਼ੁਰ ਦਾ ਨਾਂ ਪੜ੍ਹਿਆ, ਤਾਂ ਮੈਂ ਰੋਣ ਲੱਗ ਪਈ। ਮੈਨੂੰ ਇਹ ਜਾਣ ਕੇ ਬਹੁਤ ਚੰਗਾ ਲੱਗਾ ਕਿ ਮੈਂ ਪਰਮੇਸ਼ੁਰ ਦਾ ਨਾਂ ਜਾਣ ਸਕਦੀ ਸੀ ਤੇ ਇਸਤੇਮਾਲ ਕਰ ਸਕਦੀ ਸੀ।” ਇਸ ਤੀਵੀਂ ਲਈ ਪਰਮੇਸ਼ੁਰ ਦਾ ਨਾਂ ਜਾਣਨਾ, ਉਸ ਦੀ ਸ਼ਖ਼ਸੀਅਤ ਬਾਰੇ ਜਾਣਨ ਅਤੇ ਉਸ ਨਾਲ ਰਿਸ਼ਤਾ ਕਾਇਮ ਕਰਨ ਦਾ ਪਹਿਲਾ ਕਦਮ ਸੀ।
2. ਯਹੋਵਾਹ ਬਾਰੇ ਦੂਸਰਿਆਂ ਨੂੰ ਦੱਸਣਾ ਸਾਡੇ ਲਈ ਕਿਉਂ ਜ਼ਰੂਰੀ ਹੈ?
2 ਉਸ ਦੇ ਨਾਂ ਦਾ ਐਲਾਨ ਕਿਉਂ ਕਰੀਏ? ਪਰਮੇਸ਼ੁਰ ਦੇ ਨਾਂ ਨੂੰ ਜਾਣਨ ਦਾ ਮਤਲਬ ਹੈ ਉਸ ਦੇ ਗੁਣਾਂ, ਮਕਸਦਾਂ ਅਤੇ ਕੰਮਾਂ ਬਾਰੇ ਜਾਣਨਾ। ਸਾਡੀ ਮੁਕਤੀ ਵੀ ਇਸ ਨਾਂ ਨਾਲ ਜੁੜੀ ਹੋਈ ਹੈ। ਪੌਲੁਸ ਰਸੂਲ ਨੇ ਲਿਖਿਆ: “ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।” ਪਰ ਪੌਲੁਸ ਨੇ ਤਰਕ ਕਰਦੇ ਹੋਏ ਪੁੱਛਿਆ ਕਿ ਜੇ ਲੋਕ ਯਹੋਵਾਹ ਦੇ ਬਾਰੇ ਸਿੱਖ ਕੇ ਉਸ ਉੱਤੇ ਨਿਹਚਾ ਨਹੀਂ ਕਰਦੇ, ਤਾਂ ‘ਓਹ ਉਸ ਦਾ ਨਾਮ ਕਿੱਕੁਰ ਲੈਣ?’ ਇਸ ਲਈ ਮਸੀਹੀਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਦੂਸਰਿਆਂ ਨੂੰ ਪਰਮੇਸ਼ੁਰ ਦੇ ਨਾਂ ਬਾਰੇ ਅਤੇ ਇਸ ਦੇ ਮਤਲਬ ਬਾਰੇ ਦੱਸਣ। (ਰੋਮੀ. 10:13, 14) ਪਰ ਪਰਮੇਸ਼ੁਰ ਦੇ ਨਾਂ ਬਾਰੇ ਦੂਸਰਿਆਂ ਨੂੰ ਦੱਸਣ ਦਾ ਇਸ ਨਾਲੋਂ ਵੀ ਇਕ ਮਹੱਤਵਪੂਰਣ ਕਾਰਨ ਹੈ।
3. ਪ੍ਰਚਾਰ ਕਰਨ ਦਾ ਮੁੱਖ ਕਾਰਨ ਕੀ ਹੈ?
3 ਪਰਮੇਸ਼ੁਰ ਦੇ ਲੋਕਾਂ ਨੇ 1920 ਦੇ ਦਹਾਕੇ ਦੌਰਾਨ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਅਤੇ ਉਸ ਦੇ ਨਾਂ ਦੇ ਪਵਿੱਤਰ ਕੀਤੇ ਜਾਣ ਦੇ ਵਾਦ-ਵਿਸ਼ੇ ਬਾਰੇ ਜਾਣ ਲਿਆ ਸੀ। ਯਹੋਵਾਹ ਦੇ ਨਾਂ ਤੇ ਲੱਗੇ ਦਾਗ਼ ਨੂੰ ਮਿਟਾਉਣ ਲਈ ਉਸ ਦੁਆਰਾ ਦੁਸ਼ਟਾਂ ਦਾ ਖ਼ਾਤਮਾ ਕਰਨ ਤੋਂ ਪਹਿਲਾਂ ਉਸ ਬਾਰੇ ਸੱਚਾਈ ਨੂੰ ‘ਸਾਰੀ ਧਰਤੀ ਵਿੱਚ ਜਾਣੂ’ ਕਰਾਇਆ ਜਾਣਾ ਜ਼ਰੂਰੀ ਹੈ। (ਯਸਾ. 12:4, 5; ਹਿਜ਼. 38:23) ਇਸ ਲਈ ਪ੍ਰਚਾਰ ਕਰਨ ਦਾ ਮੁੱਖ ਕਾਰਨ ਹੈ ਯਹੋਵਾਹ ਦੀ ਮਹਿਮਾ ਕਰਨੀ ਅਤੇ ਸਾਰੇ ਲੋਕਾਂ ਸਾਮ੍ਹਣੇ ਉਸ ਦੇ ਨਾਂ ਨੂੰ ਪਵਿੱਤਰ ਕਰਨਾ। (ਇਬ. 13:15) ਪਰਮੇਸ਼ੁਰ ਅਤੇ ਆਪਣੇ ਗੁਆਂਢੀ ਲਈ ਪਿਆਰ ਸਾਨੂੰ ਪ੍ਰੇਰਿਤ ਕਰੇਗਾ ਕਿ ਅਸੀਂ ਪਰਮੇਸ਼ੁਰ ਦੇ ਇਸ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲਈਏ।
4. ਯਹੋਵਾਹ ਦੇ ਗਵਾਹਾਂ ਨੇ ਆਪਣੀ ਪਛਾਣ ਪਰਮੇਸ਼ੁਰ ਦੇ ਨਾਂ ਤੋਂ ਕਿਵੇਂ ਕਰਵਾਈ ਹੈ?
4 “ਇੱਕ ਪਰਜਾ ਆਪਣੇ ਨਾਮ ਦੇ ਲਈ”: ਸਾਲ 1931 ਵਿਚ ਅਸੀਂ ਯਹੋਵਾਹ ਦੇ ਗਵਾਹ ਨਾਂ ਅਪਣਾ ਲਿਆ। (ਯਸਾ. 43:10) ਉਸ ਸਮੇਂ ਤੋਂ ਪਰਮੇਸ਼ੁਰ ਦੇ ਲੋਕ ਇਸ ਨਾਂ ਦਾ ਇਸ ਹੱਦ ਤਕ ਐਲਾਨ ਕਰਦੇ ਆਏ ਹਨ ਕਿ ਘੋਸ਼ਕ (ਅੰਗ੍ਰੇਜ਼ੀ) ਕਿਤਾਬ, ਸਫ਼ਾ 124 ਉੱਤੇ ਕਿਹਾ ਗਿਆ ਹੈ: “ਪੂਰੀ ਦੁਨੀਆਂ ਵਿਚ ਜਿੱਥੇ ਵੀ ਕੋਈ ਵਿਅਕਤੀ ਖੁੱਲ੍ਹੇ-ਆਮ ਯਹੋਵਾਹ ਦਾ ਨਾਂ ਇਸਤੇਮਾਲ ਕਰਦਾ ਹੈ, ਲੋਕ ਝੱਟ ਪਛਾਣ ਲੈਂਦੇ ਹਨ ਕਿ ਉਹ ਯਹੋਵਾਹ ਦਾ ਗਵਾਹ ਹੈ।” ਕੀ ਲੋਕ ਜਾਣਦੇ ਹਨ ਕਿ ਤੁਸੀਂ ਵੀ ਇਕ ਯਹੋਵਾਹ ਦੇ ਗਵਾਹ ਹੋ? ਯਹੋਵਾਹ ਦੀ ਭਲਿਆਈ ਲਈ ਕਦਰਦਾਨੀ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਹਰ ਮੌਕੇ ਤੇ ਉਸ ਬਾਰੇ ਦੂਜਿਆਂ ਨਾਲ ਗੱਲ ਕਰ ਕੇ ‘ਉਸ ਨਾਮ ਨੂੰ ਮੁਬਾਰਕ ਆਖੀਏ।’—ਜ਼ਬੂ. 20:7; 145:1, 2, 7.
5. ਸਾਡੇ ਆਚਰਣ ਦਾ ਪਰਮੇਸ਼ੁਰ ਦੇ ਨਾਂ ਨਾਲ ਕੀ ਸੰਬੰਧ ਹੈ?
5 ‘ਉਸ ਦੇ ਨਾਮ ਦੇ ਲਈ ਪਰਜਾ’ ਹੋਣ ਦੇ ਨਾਤੇ ਅਸੀਂ ਉਸ ਦੇ ਮਿਆਰਾਂ ਉੱਤੇ ਚੱਲਦੇ ਹਾਂ। (ਰਸੂ. 15:14; 2 ਤਿਮੋ. 2:19) ਲੋਕ ਅਕਸਰ ਸਭ ਤੋਂ ਪਹਿਲਾਂ ਯਹੋਵਾਹ ਦੇ ਗਵਾਹਾਂ ਦੇ ਚੰਗੇ ਆਚਰਣ ਵੱਲ ਧਿਆਨ ਦਿੰਦੇ ਹਨ। (1 ਪਤ. 2:12) ਅਸੀਂ ਕਦੀ ਵੀ ਉਸ ਦੇ ਧਰਮੀ ਅਸੂਲਾਂ ਨੂੰ ਤੋੜ ਕੇ ਜਾਂ ਆਪਣੀ ਜ਼ਿੰਦਗੀ ਵਿਚ ਉਸ ਦੀ ਸੇਵਾ ਨੂੰ ਦੂਜੀ ਥਾਂ ਦੇ ਕੇ ਉਸ ਦਾ ਨਾਂ ਬਦਨਾਮ ਨਹੀਂ ਕਰਨਾ ਚਾਹਾਂਗੇ। (ਲੇਵੀ. 22:31, 32; ਮਲਾ. 1:6-8, 12-14) ਇਸ ਦੀ ਬਜਾਇ, ਆਓ ਆਪਾਂ ਆਪਣੀ ਜ਼ਿੰਦਗੀ ਦੇ ਤੌਰ-ਤਰੀਕਿਆਂ ਤੋਂ ਦਿਖਾਈਏ ਕਿ ਅਸੀਂ ਯਹੋਵਾਹ ਦੇ ਨਾਂ ਤੋਂ ਪਛਾਣੇ ਜਾਣ ਦੇ ਸਨਮਾਨ ਦੀ ਕਿੰਨੀ ਕਦਰ ਕਰਦੇ ਹਾਂ।
6. ਸਾਡੇ ਕੋਲ ਹੁਣ ਕਿਹੜਾ ਸਨਮਾਨ ਹੈ ਜੋ ਹਮੇਸ਼ਾ ਲਈ ਸਾਡਾ ਹੋ ਸਕਦਾ ਹੈ?
6 ਅੱਜ ਅਸੀਂ ਯਹੋਵਾਹ ਦੇ ਇਸ ਐਲਾਨ ਨੂੰ ਪੂਰਾ ਹੁੰਦਾ ਦੇਖਦੇ ਹਾਂ: “ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੀਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ।” (ਮਲਾ. 1:11) ਆਓ ਆਪਾਂ ਯਹੋਵਾਹ ਬਾਰੇ ਸੱਚਾਈ ਦੱਸਦੇ ਰਹੀਏ ਅਤੇ ‘ਉਹ ਦੇ ਪਵਿੱਤਰ ਨਾਮ ਨੂੰ ਜੁੱਗੋ ਜੁੱਗ ਮੁਬਾਰਕ ਆਖਦੇ ਰਹੀਏ।’—ਜ਼ਬੂ. 145:21.