ਅਧਿਐਨ ਲੇਖ 23
ਗੀਤ 2 ਯਹੋਵਾਹ ਤੇਰਾ ਨਾਮ
ਤੁਹਾਡੇ ਲਈ ਯਹੋਵਾਹ ਦਾ ਨਾਂ ਕਿੰਨਾ ਕੁ ਮਾਅਨੇ ਰੱਖਦਾ ਹੈ?
“‘ਤੁਸੀਂ ਮੇਰੇ ਗਵਾਹ ਹੋ,’ ਯਹੋਵਾਹ ਐਲਾਨ ਕਰਦਾ ਹੈ।”—ਯਸਾ. 43:10.
ਕੀ ਸਿੱਖਾਂਗੇ?
ਅਸੀਂ ਕਿਵੇਂ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰ ਸਕਦੇ ਹਾਂ ਅਤੇ ਉਸ ʼਤੇ ਲੱਗੇ ਦੋਸ਼ਾਂ ਨੂੰ ਝੂਠਾ ਸਾਬਤ ਕਰ ਸਕਦੇ ਹਾਂ।
1-2. ਸਾਨੂੰ ਕਿੱਦਾਂ ਪਤਾ ਹੈ ਕਿ ਯਿਸੂ ਲਈ ਯਹੋਵਾਹ ਦਾ ਨਾਂ ਬਹੁਤ ਮਾਅਨੇ ਰੱਖਦਾ ਹੈ?
ਯਿਸੂ ਲਈ ਯਹੋਵਾਹ ਦਾ ਨਾਂ ਸਭ ਤੋਂ ਜ਼ਿਆਦਾ ਮਾਅਨੇ ਰੱਖਦਾ ਹੈ ਅਤੇ ਦੂਜਿਆਂ ਨੂੰ ਇਹ ਨਾਂ ਦੱਸਣ ਵਿਚ ਉਸ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ। ਜਿੱਦਾਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਕਿ ਯਿਸੂ ਨੇ ਇਹ ਸਾਬਤ ਕਰਨ ਲਈ ਖ਼ੁਸ਼ੀ-ਖ਼ੁਸ਼ੀ ਆਪਣੀ ਜਾਨ ਤਕ ਦੇ ਦਿੱਤੀ ਕਿ ਯਹੋਵਾਹ ਪਵਿੱਤਰ ਹੈ ਅਤੇ ਉਹ ਜੋ ਕਰਦਾ ਹੈ, ਬਿਲਕੁਲ ਸਹੀ ਕਰਦਾ ਹੈ। (ਮਰ. 14:36; ਇਬ. 10:7-9) ਨਾਲੇ ਭਵਿੱਖ ਵਿਚ ਉਹ ਹੋਰ ਕੀ ਕਰੇਗਾ? ਆਪਣੇ ਹਜ਼ਾਰ ਸਾਲ ਦੇ ਰਾਜ ਤੋਂ ਬਾਅਦ ਯਿਸੂ ਖ਼ੁਸ਼ੀ-ਖ਼ੁਸ਼ੀ ਸਾਰਾ ਅਧਿਕਾਰ ਯਹੋਵਾਹ ਨੂੰ ਸੌਂਪ ਦੇਵੇਗਾ। (1 ਕੁਰਿੰ. 15:26-28) ਯਿਸੂ ਨੇ ਯਹੋਵਾਹ ਦੇ ਨਾਂ ਦੀ ਖ਼ਾਤਰ ਜੋ ਕੁਝ ਕੀਤਾ, ਉਸ ਤੋਂ ਸਾਬਤ ਹੁੰਦਾ ਹੈ ਕਿ ਉਹ ਆਪਣੇ ਪਿਤਾ ਨਾਲ ਕਿੰਨਾ ਪਿਆਰ ਕਰਦਾ ਹੈ!
2 ਯਿਸੂ ਧਰਤੀ ਉੱਤੇ ਆਪਣੇ ਪਿਤਾ ਦੇ ਨਾਂ ʼਤੇ ਆਇਆ ਸੀ। (ਯੂਹੰ. 5:43; 12:13) ਉਸ ਨੇ ਆਪਣੇ ਚੇਲਿਆਂ ਨੂੰ ਆਪਣੇ ਪਿਤਾ ਦੇ ਨਾਂ ਬਾਰੇ ਦੱਸਿਆ। (ਯੂਹੰ. 17:6, 26) ਉਸ ਨੇ ਯਹੋਵਾਹ ਦੇ ਨਾਂ ʼਤੇ ਚਮਤਕਾਰ ਕੀਤੇ ਅਤੇ ਲੋਕਾਂ ਨੂੰ ਸਿਖਾਇਆ। (ਯੂਹੰ. 10:25) ਆਪਣੇ ਚੇਲਿਆਂ ਬਾਰੇ ਉਸ ਨੇ ਯਹੋਵਾਹ ਨੂੰ ਕਿਹਾ ਕਿ ‘ਤੂੰ ਆਪਣੇ ਨਾਂ ਦੀ ਖ਼ਾਤਰ ਉਨ੍ਹਾਂ ਦੀ ਰੱਖਿਆ ਕਰ।’ (ਯੂਹੰ. 17:11) ਯਿਸੂ ਲਈ ਯਹੋਵਾਹ ਦਾ ਨਾਂ ਬਹੁਤ ਮਾਅਨੇ ਰੱਖਦਾ ਸੀ। ਪਰ ਜੇ ਕੋਈ ਵਿਅਕਤੀ ਯਿਸੂ ਦੇ ਪਿਤਾ ਦਾ ਨਾਂ ਨਹੀਂ ਜਾਣਦਾ ਅਤੇ ਨਾ ਹੀ ਇਸ ਨੂੰ ਵਰਤਦਾ ਹੈ, ਤਾਂ ਫਿਰ ਉਹ ਕਿੱਦਾਂ ਕਹਿ ਸਕਦਾ ਹੈ ਕਿ ਉਹ ਯਿਸੂ ਦਾ ਚੇਲਾ ਹੈ?
3. ਇਸ ਲੇਖ ਵਿਚ ਅਸੀਂ ਕੀ ਜਾਣਾਂਗੇ?
3 ਯਿਸੂ ਦੇ ਚੇਲੇ ਹੋਣ ਕਰਕੇ ਅਸੀਂ ਵੀ ਯਹੋਵਾਹ ਦੇ ਨਾਂ ਨੂੰ ਬਹੁਤ ਪਿਆਰ ਕਰਦੇ ਹਾਂ। (1 ਪਤ. 2:21) ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ‘ਰਾਜ ਦੀ ਖ਼ੁਸ਼ ਖ਼ਬਰੀ’ ਸੁਣਾਉਣ ਵਾਲਿਆਂ ਨੂੰ ਯਹੋਵਾਹ ਨੇ ਆਪਣਾ ਨਾਂ ਕਿਉਂ ਦਿੱਤਾ ਹੈ। (ਮੱਤੀ 24:14) ਅਸੀਂ ਇਹ ਵੀ ਜਾਣਾਂਗੇ ਕਿ ਜੇ ਸਾਡੇ ਸਾਰਿਆਂ ਲਈ ਯਹੋਵਾਹ ਦਾ ਨਾਂ ਮਾਅਨੇ ਰੱਖਦਾ ਹੈ, ਤਾਂ ਅਸੀਂ ਕੀ ਕਰਾਂਗੇ?
‘ਆਪਣੇ ਨਾਂ ਲਈ ਲੋਕਾਂ ਨੂੰ ਚੁਣਿਆ’
4. (ੳ) ਸਵਰਗ ਵਾਪਸ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਹੁਕਮ ਦਿੱਤਾ ਸੀ? (ਅ) ਇਸ ਹੁਕਮ ਕਰਕੇ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?
4 ਸਵਰਗ ਵਾਪਸ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਦੋਂ ਪਵਿੱਤਰ ਸ਼ਕਤੀ ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ ਅਤੇ ਤੁਸੀਂ ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।” (ਰਸੂ. 1:8) ਇਸ ਲਈ ਯਿਸੂ ਦੇ ਚੇਲਿਆਂ ਨੇ ਸਿਰਫ਼ ਇਜ਼ਰਾਈਲ ਵਿਚ ਹੀ ਨਹੀਂ, ਸਗੋਂ ਦੁਨੀਆਂ ਦੇ ਕੋਨੇ-ਕੋਨੇ ਵਿਚ ਪ੍ਰਚਾਰ ਕਰਨਾ ਸੀ। ਅਖ਼ੀਰ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਯਿਸੂ ਦੇ ਚੇਲੇ ਬਣਨ ਦਾ ਮੌਕਾ ਮਿਲਣਾ ਸੀ। (ਮੱਤੀ 28:19, 20) ਪਰ ਯਿਸੂ ਨੇ ਕਿਹਾ ਸੀ ਕਿ ਤੁਸੀਂ “ਮੇਰੇ ਬਾਰੇ ਗਵਾਹੀ ਦਿਓਗੇ।” ਸੋ ਕੀ ਉਸ ਦੇ ਕਹਿਣ ਦਾ ਇਹ ਮਤਲਬ ਸੀ ਕਿ ਜਿਨ੍ਹਾਂ ਨੇ ਯਿਸੂ ਦੇ ਚੇਲੇ ਬਣਨਾ ਸੀ, ਉਨ੍ਹਾਂ ਨੇ ਸਿਰਫ਼ ਉਸ ਬਾਰੇ ਹੀ ਗਵਾਹੀ ਦੇਣੀ ਸੀ ਜਾਂ ਉਨ੍ਹਾਂ ਨੂੰ ਯਹੋਵਾਹ ਬਾਰੇ ਵੀ ਜਾਣਨ ਅਤੇ ਉਸ ਬਾਰੇ ਵੀ ਗਵਾਹੀ ਦੇਣ ਦੀ ਲੋੜ ਸੀ? ਇਸ ਸਵਾਲ ਦਾ ਜਵਾਬ ਸਾਨੂੰ ਰਸੂਲਾਂ ਦੇ ਕੰਮ ਅਧਿਆਇ 15 ਤੋਂ ਮਿਲਦਾ ਹੈ।
5. ਰਸੂਲਾਂ ਅਤੇ ਬਜ਼ੁਰਗਾਂ ਦੇ ਫ਼ੈਸਲੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਨਾਂ ਸਾਰੇ ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਸੀ? (ਤਸਵੀਰ ਵੀ ਦੇਖੋ।)
5 ਸੰਨ 49 ਈਸਵੀ ਵਿਚ ਯਰੂਸ਼ਲਮ ਵਿਚ ਰਸੂਲ ਅਤੇ ਬਜ਼ੁਰਗ ਇਸ ਗੱਲ ʼਤੇ ਚਰਚਾ ਕਰਨ ਲਈ ਇਕੱਠੇ ਹੋਏ ਕਿ ਮਸੀਹੀ ਬਣਨ ਲਈ ਗ਼ੈਰ-ਯਹੂਦੀਆਂ ਨੂੰ ਸੁੰਨਤ ਕਰਾਉਣ ਦੀ ਲੋੜ ਹੈ ਜਾਂ ਨਹੀਂ। ਚਰਚਾ ਦੇ ਅਖ਼ੀਰ ਵਿਚ ਯਿਸੂ ਦੇ ਭਰਾ ਯਾਕੂਬ ਨੇ ਕਿਹਾ: “[ਪਤਰਸ] ਨੇ ਖੋਲ੍ਹ ਕੇ ਦੱਸਿਆ ਕਿ ਕਿਵੇਂ ਪਰਮੇਸ਼ੁਰ ਨੇ ਪਹਿਲੀ ਵਾਰ ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਵਿੱਚੋਂ ਆਪਣੇ ਨਾਂ ਲਈ ਲੋਕਾਂ ਨੂੰ ਚੁਣੇ।” ਫਿਰ ਉਸ ਨੇ ਆਮੋਸ ਨਬੀ ਦਾ ਹਵਾਲਾ ਦਿੰਦਿਆਂ ਕਿਹਾ: “ਤਾਂਕਿ ਬਚੇ ਹੋਏ ਲੋਕ ਮੇਰੇ ਨਾਂ ਤੋਂ ਜਾਣੀਆਂ ਜਾਂਦੀਆਂ ਸਾਰੀਆਂ ਕੌਮਾਂ ਦੇ ਲੋਕਾਂ ਨਾਲ ਮਿਲ ਕੇ ਦਿਲੋਂ ਯਹੋਵਾਹ ਦੀ ਭਾਲ ਕਰਨ, ਯਹੋਵਾਹ ਕਹਿੰਦਾ ਹੈ।” (ਰਸੂ. 15:14-18, ਫੁਟਨੋਟ) ਸੋ ਨਵੇਂ ਚੇਲਿਆਂ ਨੂੰ ਨਾ ਸਿਰਫ਼ ਯਹੋਵਾਹ ਬਾਰੇ ਸਿਖਾਇਆ ਜਾਣਾ ਸੀ, ਸਗੋਂ ਉਨ੍ਹਾਂ ਨੇ ‘ਉਸ ਦੇ ਨਾਂ ਤੋਂ ਜਾਣੇ ਜਾਣਾ ਸੀ।’ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਪਛਾਣ ਯਹੋਵਾਹ ਦੇ ਨਾਂ ਤੋਂ ਹੋਣੀ ਸੀ ਅਤੇ ਉਨ੍ਹਾਂ ਨੇ ਯਹੋਵਾਹ ਦਾ ਨਾਂ ਦੂਜਿਆਂ ਨੂੰ ਦੱਸਣਾ ਸੀ।
ਜਦੋਂ ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਦੀ ਮੀਟਿੰਗ ਹੋਈ, ਤਾਂ ਭਰਾ ਸਾਫ਼-ਸਾਫ਼ ਸਮਝ ਗਏ ਕਿ ਮਸੀਹੀਆਂ ਲਈ ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਣਾ ਕਿੰਨਾ ਜ਼ਰੂਰੀ ਹੈ (ਪੈਰਾ 5 ਦੇਖੋ)
6-7. (ੳ) ਯਿਸੂ ਧਰਤੀ ʼਤੇ ਕਿਉਂ ਆਇਆ ਸੀ? (ਅ) ਯਿਸੂ ਦਾ ਧਰਤੀ ʼਤੇ ਆਉਣ ਦਾ ਜ਼ਿਆਦਾ ਜ਼ਰੂਰੀ ਕਾਰਨ ਕਿਹੜਾ ਸੀ?
6 ਯਿਸੂ ਦੇ ਨਾਂ ਦਾ ਮਤਲਬ ਹੈ, “ਯਹੋਵਾਹ ਮੁਕਤੀ ਹੈ।” ਯਹੋਵਾਹ ਨੇ ਯਿਸੂ ਦੇ ਜ਼ਰੀਏ ਉਨ੍ਹਾਂ ਸਾਰਿਆਂ ਨੂੰ ਬਚਾਉਣ ਦਾ ਰਾਹ ਖੋਲ੍ਹਿਆ ਜੋ ਯਹੋਵਾਹ ਅਤੇ ਉਸ ਦੇ ਪੁੱਤਰ ʼਤੇ ਨਿਹਚਾ ਕਰਦੇ ਹਨ। ਧਰਤੀ ʼਤੇ ਆ ਕੇ ਯਿਸੂ ਨੇ ਸਾਰੇ ਇਨਸਾਨਾਂ ਲਈ ਆਪਣੀ ਜਾਨ ਦੇ ਦਿੱਤੀ। (ਮੱਤੀ 20:28) ਰਿਹਾਈ ਦੀ ਕੀਮਤ ਦੇ ਕੇ ਉਸ ਨੇ ਇਨਸਾਨਾਂ ਲਈ ਪਾਪਾਂ ਤੋਂ ਮਾਫ਼ੀ ਪਾਉਣ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੋਲ੍ਹਿਆ।—ਯੂਹੰ. 3:16.
7 ਪਰ ਇਨਸਾਨਾਂ ਨੂੰ ਰਿਹਾਈ ਦੀ ਕੀਮਤ ਦੀ ਲੋੜ ਕਿਉਂ ਸੀ? ਜਿੱਦਾਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਪਹਿਲੇ ਇਨਸਾਨੀ ਜੋੜੇ ਆਦਮ ਤੇ ਹੱਵਾਹ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਅਤੇ ਉਨ੍ਹਾਂ ਨੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਹੱਥੋਂ ਗੁਆ ਲਿਆ ਸੀ। ਇਸ ਲਈ ਯਿਸੂ ਆਦਮ ਤੇ ਹੱਵਾਹ ਦੇ ਬੱਚਿਆਂ ਨੂੰ ਬਚਾਉਣ ਲਈ ਧਰਤੀ ʼਤੇ ਆਇਆ ਸੀ। (ਉਤ. 3:6, 24) ਪਰ ਇਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਇਕ ਕਾਰਨ ਸੀ ਜਿਸ ਕਰਕੇ ਉਹ ਧਰਤੀ ʼਤੇ ਆਇਆ ਸੀ। ਯਾਦ ਕਰੋ ਕਿ ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਯਹੋਵਾਹ ਦੇ ਨਾਂ ʼਤੇ ਝੂਠੇ ਦੋਸ਼ ਲਾਏ ਸਨ। (ਉਤ. 3:4, 5) ਇਸ ਲਈ ਯਹੋਵਾਹ ਦਾ ਨਾਂ ਪਵਿੱਤਰ ਕਰਨਾ ਕਿਤੇ ਜ਼ਿਆਦਾ ਜ਼ਰੂਰੀ ਸੀ। ਯਿਸੂ ਜਾਣਦਾ ਸੀ ਕਿ ਜਦੋਂ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਵੇਗਾ, ਉਦੋਂ ਇਨਸਾਨ ਪੂਰੀ ਤਰ੍ਹਾਂ ਬਚਾਏ ਜਾਣਗੇ। ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ ਵਿਚ ਯਿਸੂ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਕਿਉਂਕਿ ਉਹ ਯਹੋਵਾਹ ਦਾ ਨੁਮਾਇੰਦਾ ਸੀ ਅਤੇ ਉਸ ਦੇ ਨਾਂ ʼਤੇ ਆਇਆ ਸੀ।
ਜੇ ਕੋਈ ਵਿਅਕਤੀ ਯਿਸੂ ਦੇ ਪਿਤਾ ਦਾ ਨਾਂ ਨਹੀਂ ਜਾਣਦਾ ਅਤੇ ਨਾ ਹੀ ਇਸ ਨੂੰ ਵਰਤਦਾ ਹੈ, ਤਾਂ ਫਿਰ ਉਹ ਕਿੱਦਾਂ ਕਹਿ ਸਕਦਾ ਹੈ ਕਿ ਉਹ ਯਿਸੂ ਦਾ ਚੇਲਾ ਹੈ?
8. ਯਿਸੂ ʼਤੇ ਨਿਹਚਾ ਕਰਨ ਵਾਲਿਆਂ ਨੂੰ ਕਿਹੜੀਆਂ ਗੱਲਾਂ ਸਮਝਣ ਦੀ ਲੋੜ ਸੀ?
8 ਯਿਸੂ ʼਤੇ ਨਿਹਚਾ ਕਰਨ ਵਾਲੇ ਸਾਰੇ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਨੂੰ ਇਹ ਸਮਝਣ ਦੀ ਲੋੜ ਸੀ ਕਿ ਅਸਲ ਵਿਚ ਯਿਸੂ ਦਾ ਪਿਤਾ ਯਹੋਵਾਹ ਪਰਮੇਸ਼ੁਰ ਹੀ ਉਨ੍ਹਾਂ ਨੂੰ ਮੁਕਤੀ ਦਿਵਾਏਗਾ। (ਯੂਹੰ. 17:3) ਨਾਲੇ ਯਿਸੂ ਵਾਂਗ ਉਨ੍ਹਾਂ ਨੇ ਵੀ ਯਹੋਵਾਹ ਦੇ ਨਾਂ ਤੋਂ ਜਾਣੇ ਜਾਣਾ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਇਹ ਵੀ ਸਮਝਣ ਦੀ ਲੋੜ ਸੀ ਕਿ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨਾ ਕਿੰਨਾ ਜ਼ਰੂਰੀ ਹੈ ਅਤੇ ਉਨ੍ਹਾਂ ਦੀ ਮੁਕਤੀ ਇਸੇ ਗੱਲ ʼਤੇ ਨਿਰਭਰ ਕਰਦੀ ਹੈ। (ਰਸੂ. 2:21, 22) ਇਸ ਲਈ ਉਨ੍ਹਾਂ ਨੂੰ ਯਹੋਵਾਹ ਅਤੇ ਯਿਸੂ ਦੋਹਾਂ ਬਾਰੇ ਸਿੱਖਣ ਦੀ ਲੋੜ ਸੀ। ਇਸੇ ਕਰਕੇ ਯੂਹੰਨਾ ਅਧਿਆਇ 17 ਵਿਚ ਜੋ ਪ੍ਰਾਰਥਨਾ ਦਰਜ ਹੈ, ਉਸ ਦੇ ਅਖ਼ੀਰ ਵਿਚ ਯਿਸੂ ਨੇ ਕਿਹਾ: “ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ ਅਤੇ ਦੱਸਦਾ ਰਹਾਂਗਾ ਤਾਂਕਿ ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ, ਉਹ ਵੀ ਉਸੇ ਤਰ੍ਹਾਂ ਪਿਆਰ ਕਰਨ ਅਤੇ ਮੈਂ ਉਨ੍ਹਾਂ ਨਾਲ ਏਕਤਾ ਵਿਚ ਬੱਝਾ ਰਹਾਂ।”—ਯੂਹੰ. 17:26.
“ਤੁਸੀਂ ਮੇਰੇ ਗਵਾਹ ਹੋ”
9. ਸਾਨੂੰ ਕਿਹੜੀ ਗੱਲ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਹੈ?
9 ਹੁਣ ਤਕ ਅਸੀਂ ਜੋ ਚਰਚਾ ਕੀਤੀ ਹੈ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਦੇ ਚੇਲਿਆਂ ਲਈ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨਾ ਜ਼ਰੂਰੀ ਹੈ। (ਮੱਤੀ 6:9, 10) ਸਾਨੂੰ ਯਹੋਵਾਹ ਦੇ ਨਾਂ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਹੈ। ਇਹ ਸਾਡੇ ਕੰਮਾਂ ਤੋਂ ਵੀ ਜ਼ਾਹਰ ਹੋਣਾ ਚਾਹੀਦਾ ਹੈ। ਪਰ ਅਸੀਂ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਿੱਦਾਂ ਕਰ ਸਕਦੇ ਹਾਂ? ਨਾਲੇ ਸ਼ੈਤਾਨ ਦੁਆਰਾ ਉਸ ਦੇ ਨਾਂ ʼਤੇ ਲਾਏ ਦੋਸ਼ਾਂ ਨੂੰ ਕਿੱਦਾਂ ਝੂਠਾ ਸਾਬਤ ਕਰ ਸਕਦੇ ਹਾਂ?
10. ਯਸਾਯਾਹ ਅਧਿਆਇ 42 ਤੋਂ 44 ਵਿਚ ਕਿਸ ਮੁਕੱਦਮੇ ਬਾਰੇ ਦੱਸਿਆ ਗਿਆ ਹੈ? (ਯਸਾਯਾਹ 43:9; 44:7-9) (ਤਸਵੀਰ ਵੀ ਦੇਖੋ।)
10 ਯਸਾਯਾਹ ਅਧਿਆਇ 42 ਤੋਂ 44 ਵਿਚ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਨਾਂ ਪਵਿੱਤਰ ਕਰਨਾ ਕਿੰਨਾ ਜ਼ਰੂਰੀ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ। ਇਨ੍ਹਾਂ ਅਧਿਆਵਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਅਤੇ ਦੂਜੇ ਦੇਵਤਿਆਂ ਵਿਚ ਇਕ ਤਰ੍ਹਾਂ ਦਾ ਮੁਕੱਦਮਾ ਚੱਲ ਰਿਹਾ ਹੈ ਕਿ ਸੱਚਾ ਪਰਮੇਸ਼ੁਰ ਕੌਣ ਹੈ। ਯਹੋਵਾਹ ਉਨ੍ਹਾਂ ਨੂੰ ਕਹਿੰਦਾ ਹੈ ਕਿ ਜੇ ਉਹ ਸੱਚੇ ਹਨ, ਤਾਂ ਇਹ ਸਾਬਤ ਕਰਨ ਲਈ ਗਵਾਹ ਪੇਸ਼ ਕਰਨ। ਪਰ ਉਹ ਇਕ ਵੀ ਗਵਾਹ ਪੇਸ਼ ਨਹੀਂ ਕਰ ਪਾਉਂਦੇ।—ਯਸਾਯਾਹ 43:9; 44:7-9 ਪੜ੍ਹੋ।
ਅੱਜ ਅਸੀਂ ਵੀ ਇਕ ਤਰ੍ਹਾਂ ਦੇ ਮੁਕੱਦਮੇ ਵਿਚ ਸ਼ਾਮਲ ਹਾਂ ਅਤੇ ਸਾਨੂੰ ਯਹੋਵਾਹ ਦਾ ਪੱਖ ਲੈਣਾ ਚਾਹੀਦਾ (ਪੈਰੇ 10-11 ਦੇਖੋ)
11. ਯਸਾਯਾਹ 43:10-12 ਵਿਚ ਯਹੋਵਾਹ ਆਪਣੇ ਲੋਕਾਂ ਨੂੰ ਕੀ ਕਹਿੰਦਾ ਹੈ?
11 ਯਸਾਯਾਹ 43:10-12 ਪੜ੍ਹੋ। ਯਹੋਵਾਹ ਆਪਣੇ ਲੋਕਾਂ ਬਾਰੇ ਕਹਿੰਦਾ ਹੈ: “ਤੁਸੀਂ ਮੇਰੇ ਗਵਾਹ ਹੋ, . . . ਅਤੇ ਮੈਂ ਪਰਮੇਸ਼ੁਰ ਹਾਂ।” ਫਿਰ ਉਹ ਉਨ੍ਹਾਂ ਤੋਂ ਇਕ ਸਵਾਲ ਪੁੱਛਦਾ ਹੈ: “ਕੀ ਮੇਰੇ ਤੋਂ ਸਿਵਾਇ ਕੋਈ ਹੋਰ ਪਰਮੇਸ਼ੁਰ ਹੈ?” (ਯਸਾ. 44:8) ਜ਼ਰਾ ਸੋਚੋ, ਸਾਨੂੰ ਇਸ ਸਵਾਲ ਦਾ ਜਵਾਬ ਦੇਣ ਦਾ ਮੌਕਾ ਮਿਲਿਆ ਹੈ। ਅਸੀਂ ਆਪਣੀ ਕਹਿਣੀ ਅਤੇ ਕਰਨੀ ਰਾਹੀਂ ਸਾਬਤ ਕਰਦੇ ਹਾਂ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਉਸ ਦਾ ਨਾਂ ਸਭ ਤੋਂ ਮਹਾਨ ਹੈ। ਅਸੀਂ ਆਪਣੇ ਜੀਉਣ ਦੇ ਤਰੀਕੇ ਤੋਂ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਹਾਂ ਅਤੇ ਉਸ ਦੇ ਵਫ਼ਾਦਾਰ ਰਹਿੰਦੇ ਹਾਂ, ਫਿਰ ਚਾਹੇ ਸ਼ੈਤਾਨ ਸਾਡੇ ʼਤੇ ਜਿਹੜੀਆਂ ਮਰਜ਼ੀ ਮੁਸ਼ਕਲਾਂ ਲਿਆਵੇ। ਇੱਦਾਂ ਅਸੀਂ ਉਸ ਦੇ ਨਾਂ ਨੂੰ ਪਵਿੱਤਰ ਕਰਦੇ ਹਾਂ।
12. ਯਸਾਯਾਹ 40:3, 5 ਵਿਚ ਦਰਜ ਭਵਿੱਖਬਾਣੀ ਕਿਵੇਂ ਪੂਰੀ ਹੋਈ?
12 ਯਸਾਯਾਹ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਇਕ ਸ਼ਖ਼ਸ ਆਵੇਗਾ ਜੋ “ਯਹੋਵਾਹ ਦਾ ਰਸਤਾ ਪੱਧਰਾ” [ਜਾਂ “ਤਿਆਰ,” ਫੁਟਨੋਟ] ਕਰੇਗਾ। (ਯਸਾ. 40:3) ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ? ਅਸੀਂ ਜਾਣਦੇ ਹਾਂ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਲਈ ਰਾਹ ਤਿਆਰ ਕੀਤਾ ਸੀ। ਯਿਸੂ ਯਹੋਵਾਹ ਦੇ ਨਾਂ ʼਤੇ ਆਇਆ ਅਤੇ ਉਸ ਨੇ ਇਹ ਨਾਂ ਦੂਜਿਆਂ ਨੂੰ ਵੀ ਦੱਸਿਆ ਸੀ। ਇਸ ਲਈ ਦੇਖਿਆ ਜਾਵੇ ਤਾਂ ਯੂਹੰਨਾ ਨੇ ਯਹੋਵਾਹ ਦਾ ਹੀ ਰਸਤਾ ਤਿਆਰ ਕੀਤਾ। (ਮੱਤੀ 3:3; ਮਰ. 1:2-4; ਲੂਕਾ 3:3-6) ਇਸੇ ਭਵਿੱਖਬਾਣੀ ਵਿਚ ਇਹ ਵੀ ਦੱਸਿਆ ਗਿਆ ਹੈ: “ਯਹੋਵਾਹ ਦਾ ਪ੍ਰਤਾਪ ਜ਼ਾਹਰ ਹੋਵੇਗਾ।” (ਯਸਾ. 40:5) ਯਹੋਵਾਹ ਦਾ ਪ੍ਰਤਾਪ ਕਿੱਦਾਂ ਜ਼ਾਹਰ ਹੋਇਆ? ਜਦੋਂ ਯਿਸੂ ਧਰਤੀ ʼਤੇ ਆਇਆ, ਤਾਂ ਉਸ ਨੇ ਹੂ-ਬਹੂ ਆਪਣੇ ਪਿਤਾ ਦੀ ਰੀਸ ਕੀਤੀ। ਇਹ ਇੱਦਾਂ ਸੀ ਜਿੱਦਾਂ ਯਹੋਵਾਹ ਖ਼ੁਦ ਧਰਤੀ ʼਤੇ ਆ ਗਿਆ ਹੋਵੇ।—ਯੂਹੰ. 12:45.
13. ਅਸੀਂ ਯਿਸੂ ਦੀ ਰੀਸ ਕਿੱਦਾਂ ਕਰ ਸਕਦੇ ਹਾਂ?
13 ਜਦੋਂ ਅਸੀਂ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਦੇ ਹਾਂ, ਉਦੋਂ ਅਸੀਂ ਯਿਸੂ ਦੀ ਰੀਸ ਕਰ ਰਹੇ ਹੁੰਦੇ ਹਾਂ। ਯਿਸੂ ਵਾਂਗ ਅਸੀਂ ਵੀ ਯਹੋਵਾਹ ਦੇ ਗਵਾਹ ਹਾਂ। ਅਸੀਂ ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਹਾਂ ਅਤੇ ਉਸ ਦੇ ਸ਼ਾਨਦਾਰ ਕੰਮਾਂ ਬਾਰੇ ਸਾਰਿਆਂ ਨੂੰ ਦੱਸਦੇ ਹਾਂ। ਪਰ ਉਸ ਦੇ ਨਾਂ ਬਾਰੇ ਚੰਗੀ ਤਰ੍ਹਾਂ ਗਵਾਹੀ ਦੇਣ ਲਈ ਸਾਨੂੰ ਲੋਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਯਹੋਵਾਹ ਦਾ ਨਾਂ ਪਵਿੱਤਰ ਕਰਨ ਲਈ ਯਿਸੂ ਨੇ ਕਿਹੜੀ ਅਹਿਮ ਭੂਮਿਕਾ ਨਿਭਾਈ ਹੈ। (ਰਸੂ. 1:8) ਯਿਸੂ ਯਹੋਵਾਹ ਦਾ ਪਹਿਲਾ ਗਵਾਹ ਹੈ ਅਤੇ ਅਸੀਂ ਉਸ ਦੀ ਰੀਸ ਕਰਦੇ ਹਾਂ। (ਪ੍ਰਕਾ. 1:5) ਅਸੀਂ ਹੋਰ ਕਿੱਦਾਂ ਦਿਖਾ ਸਕਦੇ ਹਾਂ ਕਿ ਯਹੋਵਾਹ ਦਾ ਨਾਂ ਸਾਡੇ ਲਈ ਬਹੁਤ ਮਾਅਨੇ ਰੱਖਦਾ ਹੈ?
ਯਹੋਵਾਹ ਦਾ ਨਾਂ ਸਾਡੇ ਲਈ ਬਹੁਤ ਮਾਅਨੇ ਰੱਖਦਾ ਹੈ
14. ਜਿੱਦਾਂ ਜ਼ਬੂਰ 105:3 ਵਿਚ ਦੱਸਿਆ ਗਿਆ ਹੈ, ਅਸੀਂ ਯਹੋਵਾਹ ਦੇ ਨਾਂ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ?
14 ਅਸੀਂ ਯਹੋਵਾਹ ਦੇ ਨਾਂ ʼਤੇ ਮਾਣ ਕਰਦੇ ਹਾਂ। (ਜ਼ਬੂਰ 105:3 ਪੜ੍ਹੋ।) ਯਹੋਵਾਹ ਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਉਸ ਦੇ ਨਾਂ ʼਤੇ ਸ਼ੇਖ਼ੀਆਂ ਮਾਰਦੇ ਹਾਂ। (ਯਿਰ. 9:23, 24; 1 ਕੁਰਿੰ. 1:31; 2 ਕੁਰਿੰ. 10:17) ਅਸੀਂ ਲੋਕਾਂ ਨੂੰ ਮਾਣ ਨਾਲ ਦੱਸਦੇ ਹਾਂ ਕਿ ਯਹੋਵਾਹ ਪਵਿੱਤਰ ਪਰਮੇਸ਼ੁਰ ਹੈ ਅਤੇ ਉਹ ਜੋ ਵੀ ਕਰਦਾ ਹੈ, ਸਹੀ ਕਰਦਾ ਹੈ। ਸਾਨੂੰ ਕੰਮ ʼਤੇ, ਸਕੂਲ ਵਿਚ, ਗੁਆਂਢੀਆਂ ਅਤੇ ਹੋਰਾਂ ਨੂੰ ਇਹ ਦੱਸਣ ਵਿਚ ਕਦੇ ਵੀ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ। ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਨੂੰ ਯਹੋਵਾਹ ਦੇ ਨਾਂ ਬਾਰੇ ਦੱਸਣਾ ਛੱਡ ਦੇਈਏ। (ਯਿਰ. 11:21; ਪ੍ਰਕਾ. 12:17) ਉਹ ਅਤੇ ਉਸ ਦੇ ਝੂਠੇ ਨਬੀ ਤਾਂ ਚਾਹੁੰਦੇ ਹਨ ਕਿ ਲੋਕ ਯਹੋਵਾਹ ਦਾ ਨਾਂ ਭੁੱਲ ਜਾਣ। (ਯਿਰ. 23:26, 27) ਪਰ ਯਹੋਵਾਹ ਦੇ ਨਾਂ ਨਾਲ ਪਿਆਰ ਹੋਣ ਕਰਕੇ ਅਸੀਂ ‘ਸਾਰਾ-ਸਾਰਾ ਦਿਨ ਖ਼ੁਸ਼ੀਆਂ ਮਨਾਉਂਦੇ ਹਾਂ।’—ਜ਼ਬੂ. 5:11; 89:16.
15. ਯਹੋਵਾਹ ਦਾ ਨਾਂ ਲੈਣ ਦਾ ਕੀ ਮਤਲਬ ਹੈ?
15 ਅਸੀਂ ਹਮੇਸ਼ਾ ਯਹੋਵਾਹ ਦਾ ਨਾਂ ਲੈਂਦੇ ਹਾਂ। (ਯੋਏ. 2:32; ਰੋਮੀ. 10:13, 14) ਪਰਮੇਸ਼ੁਰ ਦਾ ਨਾਂ ਲੈਣ ਦਾ ਸਿਰਫ਼ ਇਹੀ ਮਤਲਬ ਨਹੀਂ ਹੈ ਕਿ ਅਸੀਂ ਉਸ ਦਾ ਨਾਂ ਜਾਣੀਏ ਅਤੇ ਉਸ ਨੂੰ ਵਰਤੀਏ। ਪਰ ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਜਾਣੀਏ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ, ਉਸ ʼਤੇ ਭਰੋਸਾ ਕਰੀਏ ਅਤੇ ਮਦਦ ਤੇ ਸੇਧ ਲਈ ਉਸ ਵੱਲ ਦੇਖੀਏ। (ਜ਼ਬੂ. 20:7; 99:6; 116:4; 145:18) ਇਸ ਤੋਂ ਇਲਾਵਾ, ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਦੂਜਿਆਂ ਨੂੰ ਉਸ ਦੇ ਨਾਂ ਅਤੇ ਗੁਣਾਂ ਬਾਰੇ ਦੱਸੀਏ। ਨਾਲੇ ਉਨ੍ਹਾਂ ਨੂੰ ਤੋਬਾ ਕਰਨ ਅਤੇ ਸਹੀ ਕਦਮ ਚੁੱਕਣ ਦੀ ਹੱਲਾਸ਼ੇਰੀ ਦੇਈਏ ਤਾਂਕਿ ਉਹ ਯਹੋਵਾਹ ਦੀ ਮਨਜ਼ੂਰੀ ਪਾ ਸਕਣ।—ਯਸਾ. 12:4; ਰਸੂ. 2:21, 38.
16. ਅਸੀਂ ਸ਼ੈਤਾਨ ਨੂੰ ਝੂਠਾ ਕਿਵੇਂ ਸਾਬਤ ਕਰ ਸਕਦੇ ਹਾਂ?
16 ਅਸੀਂ ਯਹੋਵਾਹ ਦੇ ਨਾਂ ਦੀ ਖ਼ਾਤਰ ਮੁਸ਼ਕਲਾਂ ਝੱਲਣ ਲਈ ਤਿਆਰ ਹਾਂ। (ਯਾਕੂ. 5:10, 11) ਮੁਸ਼ਕਲਾਂ ਵਿਚ ਵੀ ਯਹੋਵਾਹ ਦੇ ਵਫ਼ਾਦਾਰ ਰਹਿ ਕੇ ਅਸੀਂ ਸ਼ੈਤਾਨ ਨੂੰ ਝੂਠਾ ਸਾਬਤ ਕਰਦੇ ਹਾਂ। ਜਦੋਂ ਅੱਯੂਬ ਜੀਉਂਦਾ ਸੀ, ਤਾਂ ਸ਼ੈਤਾਨ ਨੇ ਉਸ ਉੱਤੇ ਅਤੇ ਯਹੋਵਾਹ ਦੇ ਸਾਰੇ ਸੇਵਕਾਂ ʼਤੇ ਦੋਸ਼ ਲਾਇਆ ਕਿ “ਇਨਸਾਨ ਆਪਣੀ ਜਾਨ ਦੇ ਬਦਲੇ ਆਪਣਾ ਸਭ ਕੁਝ ਦੇ ਦੇਵੇਗਾ।” (ਅੱਯੂ. 2:4) ਉਸ ਨੇ ਦਾਅਵਾ ਕੀਤਾ ਸੀ ਕਿ ਲੋਕ ਸਿਰਫ਼ ਚੰਗੇ ਸਮੇਂ ਵਿਚ ਹੀ ਯਹੋਵਾਹ ਦੀ ਸੇਵਾ ਕਰਨਗੇ ਅਤੇ ਮੁਸ਼ਕਲਾਂ ਆਉਣ ਤੇ ਉਹ ਯਹੋਵਾਹ ਨੂੰ ਛੱਡ ਦੇਣਗੇ। ਅੱਯੂਬ ਨੇ ਵਫ਼ਾਦਾਰ ਰਹਿ ਕੇ ਸ਼ੈਤਾਨ ਨੂੰ ਝੂਠਾ ਸਾਬਤ ਕੀਤਾ। ਅੱਜ ਸਾਡੇ ਕੋਲ ਵੀ ਸ਼ੈਤਾਨ ਨੂੰ ਝੂਠਾ ਸਾਬਤ ਕਰਨ ਦਾ ਮੌਕਾ ਹੈ। ਚਾਹੇ ਸ਼ੈਤਾਨ ਸਾਡੇ ʼਤੇ ਜਿਹੜੀਆਂ ਮਰਜ਼ੀ ਮੁਸ਼ਕਲਾਂ ਲਿਆਵੇ, ਪਰ ਅਸੀਂ ਯਹੋਵਾਹ ਤੋਂ ਕਦੇ ਵੀ ਮੂੰਹ ਨਹੀਂ ਮੋੜਾਂਗੇ ਅਤੇ ਭਰੋਸਾ ਰੱਖਾਂਗੇ ਕਿ ਉਹ ਆਪਣੇ ਨਾਂ ਦੀ ਖ਼ਾਤਰ ਸਾਡੀ ਰੱਖਿਆ ਕਰੇਗਾ।—ਯੂਹੰ. 17:11.
17. ਪਹਿਲਾ ਪਤਰਸ 2:12 ਮੁਤਾਬਕ ਅਸੀਂ ਹੋਰ ਕਿਹੜੇ ਤਰੀਕੇ ਰਾਹੀਂ ਯਹੋਵਾਹ ਦੇ ਨਾਂ ਦੀ ਮਹਿਮਾ ਕਰ ਸਕਦੇ ਹਾਂ?
17 ਅਸੀਂ ਜੋ ਕੁਝ ਕਰਦੇ ਹਾਂ, ਉਸ ਰਾਹੀਂ ਯਹੋਵਾਹ ਦੇ ਨਾਂ ਦੀ ਮਹਿਮਾ ਹੁੰਦੀ ਹੈ। (ਕਹਾ. 30:9; ਯਿਰ. 7:8-11) ਅਸੀਂ ਯਹੋਵਾਹ ਦੇ ਨਾਂ ਤੋਂ ਅਤੇ ਉਸ ਦੇ ਗਵਾਹਾਂ ਵਜੋਂ ਜਾਣੇ ਜਾਂਦੇ ਹਾਂ। ਇਸ ਕਰਕੇ ਅਸੀਂ ਜਾਂ ਤਾਂ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ ਜਾਂ ਉਸ ਦੀ ਬਦਨਾਮੀ। (1 ਪਤਰਸ 2:12 ਪੜ੍ਹੋ।) ਇਸ ਲਈ ਅਸੀਂ ਆਪਣੀ ਕਹਿਣੀ ਤੇ ਕਰਨੀ ਰਾਹੀਂ ਹਮੇਸ਼ਾ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੇ ਹਾਂ। ਇੱਦਾਂ ਕਰ ਕੇ ਅਸੀਂ ਨਾਮੁਕੰਮਲ ਹੋਣ ਦੇ ਬਾਵਜੂਦ ਵੀ ਯਹੋਵਾਹ ਦੇ ਨਾਂ ਦੀ ਮਹਿਮਾ ਕਰਾਂਗੇ।
18. ਅਸੀਂ ਹੋਰ ਕਿੱਦਾਂ ਦਿਖਾ ਸਕਦੇ ਹਾਂ ਕਿ ਯਹੋਵਾਹ ਦਾ ਨਾਂ ਸਾਡੇ ਲਈ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ? (ਫੁਟਨੋਟ ਵੀ ਦੇਖੋ।)
18 ਸਾਨੂੰ ਆਪਣੇ ਨਾਂ ਨਾਲੋਂ ਜ਼ਿਆਦਾ ਯਹੋਵਾਹ ਦੇ ਨਾਂ ਦੀ ਚਿੰਤਾ ਹੈ। (ਜ਼ਬੂ. 138:2) ਕਈ ਵਾਰ ਇੱਦਾਂ ਹੋ ਸਕਦਾ ਹੈ ਕਿ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਕਰਕੇ ਲੋਕ ਸਾਡੇ ਬਾਰੇ ਬੁਰਾ-ਭਲਾ ਕਹਿਣ।a ਉਸ ਸਮੇਂ ਅਸੀਂ ਯਿਸੂ ਦੀ ਮਿਸਾਲ ਯਾਦ ਰੱਖ ਸਕਦੇ ਹਾਂ। ਉਹ ਇਕ ਅਪਰਾਧੀ ਦੀ ਮੌਤ ਮਰਨ ਲਈ ਤਿਆਰ ਸੀ ਕਿਉਂਕਿ ਉਹ ਯਹੋਵਾਹ ਦੇ ਨਾਂ ਦੀ ਮਹਿਮਾ ਕਰਨੀ ਚਾਹੁੰਦਾ ਸੀ। ਇਸ ਵਾਸਤੇ ਉਸ ਨੇ ਨਾ ਤਾਂ ਆਪਣੀ “ਬੇਇੱਜ਼ਤੀ ਦੀ ਪਰਵਾਹ” ਕੀਤੀ ਤੇ ਨਾ ਹੀ ਇਸ ਗੱਲ ਦੀ ਚਿੰਤਾ ਕੀਤੀ ਕਿ ਲੋਕ ਉਸ ਬਾਰੇ ਕੀ ਸੋਚਣਗੇ। (ਇਬ. 12:2-4) ਇਸ ਦੀ ਬਜਾਇ, ਉਸ ਨੇ ਆਪਣਾ ਪੂਰਾ ਧਿਆਨ ਯਹੋਵਾਹ ਦੀ ਮਰਜ਼ੀ ਪੂਰੀ ਕਰਨ ʼਤੇ ਲਾਈ ਰੱਖਿਆ।—ਮੱਤੀ 26:39.
19. ਤੁਸੀਂ ਯਹੋਵਾਹ ਦੇ ਨਾਂ ਬਾਰੇ ਕਿੱਦਾਂ ਮਹਿਸੂਸ ਕਰਦੇ ਹੋ ਅਤੇ ਕਿਉਂ?
19 ਸਾਨੂੰ ਇਸ ਗੱਲ ʼਤੇ ਮਾਣ ਹੈ ਕਿ ਅਸੀਂ ਯਹੋਵਾਹ ਦੇ ਨਾਂ ਅਤੇ ਉਸ ਦੇ ਗਵਾਹਾਂ ਵਜੋਂ ਜਾਣੇ ਜਾਂਦੇ ਹਾਂ। ਇਸ ਕਰਕੇ ਅਸੀਂ ਹਰ ਤਰ੍ਹਾਂ ਦੀ ਬੇਇੱਜ਼ਤੀ ਝੱਲਣ ਲਈ ਤਿਆਰ ਹਾਂ। ਸਾਡੇ ਨਾਂ ਨਾਲੋਂ ਯਹੋਵਾਹ ਦਾ ਨਾਂ ਕਿਤੇ ਜ਼ਿਆਦਾ ਮਾਅਨੇ ਰੱਖਦਾ ਹੈ। ਇਸ ਲਈ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਚਾਹੇ ਸ਼ੈਤਾਨ ਸਾਡੇ ਉੱਤੇ ਜਿਹੜੀ ਮਰਜ਼ੀ ਮੁਸ਼ਕਲ ਲਿਆਵੇ, ਪਰ ਅਸੀਂ ਲਗਾਤਾਰ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਰਹਾਂਗੇ। ਇਸ ਤਰੀਕੇ ਨਾਲ ਅਸੀਂ ਸਾਬਤ ਕਰਾਂਗੇ ਕਿ ਯਿਸੂ ਵਾਂਗ ਸਾਡੇ ਲਈ ਵੀ ਯਹੋਵਾਹ ਦਾ ਨਾਂ ਸਭ ਤੋਂ ਜ਼ਿਆਦਾ ਮਾਅਨੇ ਰੱਖਦਾ ਹੈ।
ਗੀਤ 10 ਯਹੋਵਾਹ ਦੀ ਜੈ-ਜੈ ਕਾਰ ਕਰੋ!
a ਅੱਯੂਬ ਯਹੋਵਾਹ ਦਾ ਵਫ਼ਾਦਾਰ ਸੀ। ਯਾਦ ਕਰੋ, ਜਦੋਂ ਉਸ ਦੇ ਬੱਚੇ ਮਾਰੇ ਗਏ ਅਤੇ ਉਸ ਦਾ ਸਭ ਕੁਝ ਲੁੱਟ ਲਿਆ ਗਿਆ ਸੀ, ਉਦੋਂ “ਅੱਯੂਬ ਨੇ ਪਾਪ ਨਹੀਂ ਕੀਤਾ ਤੇ ਨਾ ਹੀ ਪਰਮੇਸ਼ੁਰ ਉੱਤੇ ਕੁਝ ਗ਼ਲਤ ਕਰਨ ਦਾ ਦੋਸ਼ ਲਾਇਆ।” (ਅੱਯੂ. 1:22; 2:10) ਪਰ ਇਕ ਸਮੇਂ ਤੇ ਉਹ ਵੀ ਖ਼ੁਦ ਬਾਰੇ ਜ਼ਿਆਦਾ ਸੋਚਣ ਲੱਗ ਪਿਆ ਸੀ। ਜਦੋਂ ਉਸ ਦੇ ਤਿੰਨ ਸਾਥੀਆਂ ਨੇ ਉਸ ʼਤੇ ਝੂਠੇ ਦੋਸ਼ ਲਾਏ ਅਤੇ ਉਸ ਦਾ ਨਾਂ ਖ਼ਰਾਬ ਕੀਤਾ, ਤਾਂ ਉਹ “ਜਲਦਬਾਜ਼ੀ ਵਿਚ” ਆਪਣੇ ਬਾਰੇ ਸਫ਼ਾਈ ਦੇਣ ਲੱਗ ਪਿਆ। ਪਰਮੇਸ਼ੁਰ ਦਾ ਨਾਂ ਪਵਿੱਤਰ ਕਰਨ ਅਤੇ ਉਸ ਦਾ ਪੱਖ ਲੈਣ ਦੀ ਬਜਾਇ ਉਹ ਆਪਣੇ ਨਾਂ ਤੇ ਇੱਜ਼ਤ ਬਾਰੇ ਸੋਚਣ ਲੱਗ ਪਿਆ ਸੀ।—ਅੱਯੂ. 6:3, ਫੁਟਨੋਟ; 13:4, 5; 32:2; 34:5.