ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਅਪ੍ਰੈਲ ਸਫ਼ੇ 2-7
  • “ਆਪਣੇ ਲਈ ਚੁਣ ਲਓ ਕਿ ਤੁਸੀਂ ਕਿਸ ਦੀ ਭਗਤੀ ਕਰੋਗੇ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਆਪਣੇ ਲਈ ਚੁਣ ਲਓ ਕਿ ਤੁਸੀਂ ਕਿਸ ਦੀ ਭਗਤੀ ਕਰੋਗੇ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ?
  • ਯਹੋਵਾਹ ਸਾਡੀ ਭਗਤੀ ਦਾ ਹੱਕਦਾਰ ਕਿਉਂ ਹੈ?
  • ਅਸੀਂ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ ਹੈ?
  • ਯਹੋਵਾਹ ਦੀ ਭਗਤੀ ਕਰਦੇ ਰਹੋ
  • ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਯਾਦ ਰੱਖੋ ਕਿ ਯਹੋਵਾਹ “ਜੀਉਂਦਾ ਪਰਮੇਸ਼ੁਰ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਯਹੋਵਾਹ “ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਅਪ੍ਰੈਲ ਸਫ਼ੇ 2-7

ਅਧਿਐਨ ਲੇਖ 14

ਗੀਤ 8 ਯਹੋਵਾਹ ਸਾਡਾ ਸਹਾਰਾ

“ਆਪਣੇ ਲਈ ਚੁਣ ਲਓ ਕਿ ਤੁਸੀਂ ਕਿਸ ਦੀ ਭਗਤੀ ਕਰੋਗੇ”

“ਮੈਂ ਤੇ ਮੇਰਾ ਘਰਾਣਾ ਤਾਂ ਯਹੋਵਾਹ ਦੀ ਹੀ ਭਗਤੀ ਕਰਾਂਗੇ।”​—ਯਹੋ. 24:15.

ਕੀ ਸਿੱਖਾਂਗੇ?

ਅਸੀਂ ਕੁਝ ਗੱਲਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਕਰਕੇ ਅਸੀਂ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ ਹੈ।

1. ਜੇ ਅਸੀਂ ਸੱਚੀਂ ਖ਼ੁਸ਼ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ? (ਯਸਾਯਾਹ 48:17, 18)

ਸਾਡਾ ਸਵਰਗੀ ਪਿਤਾ ਸਾਨੂੰ ਬਹੁਤ ਪਿਆਰ ਕਰਦਾ ਹੈ। ਇਸ ਕਰਕੇ ਉਹ ਚਾਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਖ਼ੁਸ਼ ਰਹੀਏ, ਅੱਜ ਵੀ ਅਤੇ ਭਵਿੱਖ ਵਿਚ ਵੀ। (ਉਪ. 3:12, 13) ਉਸ ਨੇ ਸਾਨੂੰ ਜ਼ਬਰਦਸਤ ਕਾਬਲੀਅਤਾਂ ਨਾਲ ਬਣਾਇਆ ਹੈ। ਪਰ ਉਸ ਨੇ ਸਾਨੂੰ ਇਸ ਤਰ੍ਹਾਂ ਨਹੀਂ ਬਣਾਇਆ ਕਿ ਅਸੀਂ ਇਕ-ਦੂਜੇ ʼਤੇ ਰਾਜ ਕਰੀਏ ਜਾਂ ਇਹ ਤੈਅ ਕਰੀਏ ਕਿ ਸਾਡੇ ਲਈ ਕੀ ਸਹੀ ਹੈ ਤੇ ਕੀ ਗ਼ਲਤ। (ਉਪ. 8:9; ਯਿਰ. 10:23) ਯਹੋਵਾਹ ਜਾਣਦਾ ਹੈ ਕਿ ਜੇ ਅਸੀਂ ਉਸ ਦੇ ਮਿਆਰਾਂ ਅਨੁਸਾਰ ਚੱਲਾਂਗੇ ਅਤੇ ਉਸ ਦੀ ਸੇਵਾ ਕਰਾਂਗੇ, ਤਾਂ ਅਸੀਂ ਸੱਚੀਂ ਖ਼ੁਸ਼ ਰਹਿ ਸਕਾਂਗੇ।​—ਯਸਾਯਾਹ 48:17, 18 ਪੜ੍ਹੋ।

2. ਸ਼ੈਤਾਨ ਨੇ ਕੀ ਦਾਅਵਾ ਕੀਤਾ ਹੈ ਅਤੇ ਯਹੋਵਾਹ ਨੇ ਉਸ ਨੂੰ ਝੂਠਾ ਸਾਬਤ ਕਰਨ ਲਈ ਕੀ ਕੀਤਾ?

2 ਸ਼ੈਤਾਨ ਨੇ ਦਾਅਵਾ ਕੀਤਾ ਹੈ ਕਿ ਇਨਸਾਨ ਯਹੋਵਾਹ ਤੋਂ ਬਗੈਰ ਖ਼ੁਸ਼ ਰਹਿ ਸਕਦੇ ਹਨ ਅਤੇ ਉਹ ਇਕ-ਦੂਜੇ ʼਤੇ ਚੰਗੀ ਤਰ੍ਹਾਂ ਰਾਜ ਕਰ ਸਕਦੇ ਹਨ। (ਉਤ. 3:4, 5) ਉਸ ਦੇ ਇਸ ਦਾਅਵੇ ਨੂੰ ਝੂਠਾ ਸਾਬਤ ਕਰਨ ਲਈ ਯਹੋਵਾਹ ਨੇ ਇਨਸਾਨਾਂ ਨੂੰ ਧਰਤੀ ʼਤੇ ਰਾਜ ਕਰਨ ਲਈ ਕੁਝ ਸਮਾਂ ਦਿੱਤਾ ਹੈ। ਅੱਜ ਅਸੀਂ ਦੇਖ ਸਕਦੇ ਹਾਂ ਕਿ ਇਨਸਾਨਾਂ ਦੇ ਰਾਜ ਕਰਨ ਕਰਕੇ ਕਿੰਨੇ ਬੁਰੇ ਨਤੀਜੇ ਨਿਕਲੇ ਹਨ। ਦੂਜੇ ਪਾਸੇ, ਬਾਈਬਲ ਵਿਚ ਅਜਿਹੇ ਕਈ ਆਦਮੀਆਂ ਅਤੇ ਔਰਤਾਂ ਦੀਆਂ ਮਿਸਾਲਾਂ ਦਰਜ ਹਨ ਜਿਨ੍ਹਾਂ ਨੂੰ ਯਹੋਵਾਹ ਦੀ ਭਗਤੀ ਕਰ ਕੇ ਬਹੁਤ ਖ਼ੁਸ਼ੀ ਮਿਲੀ। ਇਨ੍ਹਾਂ ਵਿੱਚੋਂ ਸਭ ਤੋਂ ਵਧੀਆ ਮਿਸਾਲ ਯਿਸੂ ਮਸੀਹ ਦੀ ਹੈ। ਪਹਿਲਾਂ, ਆਓ ਆਪਾਂ ਦੇਖੀਏ ਕਿ ਯਿਸੂ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ। ਫਿਰ ਅਸੀਂ ਜਾਣਾਂਗੇ ਕਿ ਯਹੋਵਾਹ ਸਾਡੀ ਭਗਤੀ ਦਾ ਹੱਕਦਾਰ ਕਿਉਂ ਹੈ। ਅਖ਼ੀਰ ਵਿਚ ਅਸੀਂ ਦੇਖਾਂਗੇ ਕਿ ਅਸੀਂ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ ਹੈ।

ਯਿਸੂ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ?

3. ਸ਼ੈਤਾਨ ਨੇ ਯਿਸੂ ਨੂੰ ਕੀ ਕਿਹਾ ਅਤੇ ਯਿਸੂ ਨੇ ਕੀ ਕਰਨ ਦਾ ਫ਼ੈਸਲਾ ਕੀਤਾ?

3 ਧਰਤੀ ʼਤੇ ਹੁੰਦਿਆਂ ਯਿਸੂ ਨੇ ਹਮੇਸ਼ਾ ਦਿਖਾਇਆ ਕਿ ਉਸ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ ਸੀ। ਉਸ ਦੇ ਬਪਤਿਸਮੇ ਤੋਂ ਕੁਝ ਹੀ ਸਮੇਂ ਬਾਅਦ ਸ਼ੈਤਾਨ ਨੇ ਉਸ ਨੂੰ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਦਿਖਾਈਆਂ ਅਤੇ ਉਸ ਨੂੰ ਕਿਹਾ ਕਿ ਜੇ ਉਹ ਸਿਰਫ਼ ਇਕ ਵਾਰ ਉਸ ਨੂੰ ਮੱਥਾ ਟੇਕੇ, ਤਾਂ ਉਹ ਬਦਲੇ ਵਿਚ ਉਸ ਨੂੰ ਇਹ ਸਭ ਕੁਝ ਦੇ ਦੇਵੇਗਾ। ਪਰ ਯਿਸੂ ਨੇ ਉਸ ਨੂੰ ਕਿਹਾ: “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ ਕਿਉਂਕਿ ਇਹ ਲਿਖਿਆ ਹੈ: ‘ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।’” (ਮੱਤੀ 4:8-10) ਯਿਸੂ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ? ਆਓ ਕੁਝ ਕਾਰਨਾਂ ʼਤੇ ਧਿਆਨ ਦੇਈਏ।

4-5. ਯਿਸੂ ਨੇ ਕਿਹੜੇ ਕੁਝ ਕਾਰਨਾਂ ਕਰਕੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ?

4 ਯਹੋਵਾਹ ਦੀ ਭਗਤੀ ਕਰਨ ਦਾ ਸਭ ਤੋਂ ਪਹਿਲਾ ਅਤੇ ਮੁੱਖ ਕਾਰਨ ਇਹ ਹੈ ਕਿ ਯਿਸੂ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸ ਨਾਲ ਗਹਿਰਾ ਲਗਾਅ ਰੱਖਦਾ ਸੀ। (ਯੂਹੰ. 14:31) ਨਾਲੇ ਉਹ ਇਸ ਲਈ ਵੀ ਯਹੋਵਾਹ ਦੀ ਭਗਤੀ ਕੀਤੀ ਕਿਉਂਕਿ ਇੱਦਾਂ ਕਰਨਾ ਸਹੀ ਸੀ। (ਯੂਹੰ. 8:28, 29; ਪ੍ਰਕਾ. 4:11) ਯਿਸੂ ਜਾਣਦਾ ਹੈ ਕਿ ਯਹੋਵਾਹ ਜੀਵਨ ਦਾ ਸੋਮਾ ਹੈ ਅਤੇ ਉਹ ਭਰੋਸੇਮੰਦ ਤੇ ਦਿਆਲੂ ਪਰਮੇਸ਼ੁਰ ਹੈ। (ਜ਼ਬੂ. 33:4; 36:9; ਯਾਕੂ. 1:17) ਇੰਨਾ ਹੀ ਨਹੀਂ, ਯਹੋਵਾਹ ਨੇ ਹਮੇਸ਼ਾ ਯਿਸੂ ਨਾਲ ਸੱਚ ਬੋਲਿਆ ਅਤੇ ਯਿਸੂ ਜਾਣਦਾ ਸੀ ਕਿ ਉਸ ਕੋਲ ਜੋ ਵੀ ਹੈ, ਉਹ ਪਰਮੇਸ਼ੁਰ ਨੇ ਹੀ ਦਿੱਤਾ ਹੈ। (ਯੂਹੰ. 1:14) ਦੂਜੇ ਪਾਸੇ, ਯਿਸੂ ਸ਼ੈਤਾਨ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੂੰ ਪਤਾ ਸੀ ਕਿ ਸ਼ੈਤਾਨ ਕਰਕੇ ਹੀ ਦੁਨੀਆਂ ਵਿਚ ਮੌਤ ਆਈ ਹੈ। ਸ਼ੈਤਾਨ ਝੂਠਾ, ਲਾਲਚੀ ਅਤੇ ਸੁਆਰਥੀ ਹੈ। (ਯੂਹੰ. 8:44) ਇਸ ਲਈ ਯਿਸੂ ਨੇ ਸ਼ੈਤਾਨ ਵਰਗਾ ਬਣਨ ਅਤੇ ਯਹੋਵਾਹ ਖ਼ਿਲਾਫ਼ ਜਾਣ ਬਾਰੇ ਕਦੇ ਸੋਚਿਆ ਵੀ ਨਹੀਂ।​—ਫ਼ਿਲਿ. 2:5-8.

5 ਯਿਸੂ ਨੇ ਹੋਰ ਕਿਹੜੇ ਕਾਰਨ ਕਰਕੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ? ਉਹ ਜਾਣਦਾ ਸੀ ਕਿ ਯਹੋਵਾਹ ਦਾ ਵਫ਼ਾਦਾਰ ਰਹਿਣ ਕਰਕੇ ਬਹੁਤ ਚੰਗੇ ਨਤੀਜੇ ਨਿਕਲਣਗੇ। (ਇਬ. 12:2) ਉਹ ਆਪਣੇ ਪਿਤਾ ਦਾ ਨਾਂ ਪਵਿੱਤਰ ਕਰ ਸਕੇਗਾ। ਨਾਲੇ ਉਹ ਸਾਨੂੰ ਪਾਪ ਅਤੇ ਮੌਤ ਤੋਂ ਵੀ ਛੁਟਕਾਰਾ ਦਿਵਾ ਸਕੇਗਾ ਜੋ ਸ਼ੈਤਾਨ ਕਰਕੇ ਦੁਨੀਆਂ ਵਿਚ ਆਈ ਹੈ।

ਯਹੋਵਾਹ ਸਾਡੀ ਭਗਤੀ ਦਾ ਹੱਕਦਾਰ ਕਿਉਂ ਹੈ?

6-7. ਅੱਜ ਬਹੁਤ ਸਾਰੇ ਲੋਕ ਯਹੋਵਾਹ ਦੀ ਭਗਤੀ ਕਿਉਂ ਨਹੀਂ ਕਰਦੇ, ਪਰ ਉਹ ਸਾਡੀ ਭਗਤੀ ਦਾ ਹੱਕਦਾਰ ਕਿਉਂ ਹੈ?

6 ਅੱਜ ਬਹੁਤ ਸਾਰੇ ਲੋਕ ਯਹੋਵਾਹ ਦੀ ਭਗਤੀ ਨਹੀਂ ਕਰਦੇ ਕਿਉਂਕਿ ਉਹ ਉਸ ਨੂੰ ਨਹੀਂ ਜਾਣਦੇ। ਉਨ੍ਹਾਂ ਨੂੰ ਨਾ ਤਾਂ ਯਹੋਵਾਹ ਦੇ ਸ਼ਾਨਦਾਰ ਗੁਣਾਂ ਬਾਰੇ ਪਤਾ ਹੈ ਅਤੇ ਨਾ ਹੀ ਇਹ ਪਤਾ ਹੈ ਕਿ ਉਸ ਨੇ ਉਨ੍ਹਾਂ ਲਈ ਕੀ ਕੁਝ ਕੀਤਾ ਹੈ। ਉਹ ਐਥਿਨਜ਼ ਦੇ ਉਨ੍ਹਾਂ ਲੋਕਾਂ ਵਰਗੇ ਹਨ ਜਿਨ੍ਹਾਂ ਨੂੰ ਪੌਲੁਸ ਰਸੂਲ ਨੇ ਪ੍ਰਚਾਰ ਕੀਤਾ ਸੀ। ਉਹ ਲੋਕ ਵੀ ਯਹੋਵਾਹ ਨੂੰ ਨਹੀਂ ਜਾਣਦੇ ਸਨ।​—ਰਸੂ. 17:19, 20, 30, 34.

7 ਪੌਲੁਸ ਨੇ ਐਥਿਨਜ਼ ਦੇ ਲੋਕਾਂ ਨੂੰ ਕਿਹਾ ਕਿ ਸੱਚਾ ਪਰਮੇਸ਼ੁਰ “ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ ਤੇ ਹੋਰ ਸਾਰੀਆਂ ਚੀਜ਼ਾਂ ਬਖ਼ਸ਼ਦਾ ਹੈ।” ਉਸ ਨੇ ਇਹ ਵੀ ਕਿਹਾ: “ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ।” ਪਰਮੇਸ਼ੁਰ ਸਾਡਾ ਸਿਰਜਣਹਾਰ ਹੈ ਜਿਸ ਨੇ “ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ।” ਇਸ ਲਈ ਸਿਰਫ਼ ਯਹੋਵਾਹ ਹੀ ਸਾਡੀ ਭਗਤੀ ਦਾ ਹੱਕਦਾਰ ਹੈ।​—ਰਸੂ. 17:25, 26, 28.

8. ਯਹੋਵਾਹ ਕਦੇ ਵੀ ਕੀ ਨਹੀਂ ਕਰੇਗਾ? ਸਮਝਾਓ।

8 ਯਹੋਵਾਹ ਪੂਰੀ ਕਾਇਨਾਤ ਦਾ ਮਾਲਕ ਅਤੇ ਸਾਡਾ ਸਿਰਜਣਹਾਰ ਹੈ। ਜੇ ਉਹ ਚਾਹੇ, ਤਾਂ ਲੋਕਾਂ ਤੋਂ ਜ਼ਬਰਦਸਤੀ ਆਪਣੀ ਭਗਤੀ ਕਰਵਾ ਸਕਦਾ ਹੈ। ਪਰ ਉਹ ਇੱਦਾਂ ਨਹੀਂ ਕਰਦਾ ਅਤੇ ਨਾ ਹੀ ਇੱਦਾਂ ਕਦੇ ਕਰੇਗਾ। ਇਸ ਤੋਂ ਉਲਟ, ਉਸ ਨੇ ਇਸ ਗੱਲ ਦੇ ਬਹੁਤ ਸਾਰੇ ਸਬੂਤ ਦਿੱਤੇ ਹਨ ਕਿ ਉਹ ਸੱਚ-ਮੁੱਚ ਹੈ ਅਤੇ ਹਰ ਇਨਸਾਨ ਨੂੰ ਬਹੁਤ ਪਿਆਰ ਕਰਦਾ ਹੈ। ਯਹੋਵਾਹ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਹਮੇਸ਼ਾ ਲਈ ਉਸ ਦੇ ਦੋਸਤ ਬਣਨ। (1 ਤਿਮੋ. 2:3, 4) ਇਸ ਲਈ ਉਹ ਸਾਨੂੰ ਸਿਖਲਾਈ ਦਿੰਦਾ ਹੈ ਤਾਂਕਿ ਅਸੀਂ ਲੋਕਾਂ ਨੂੰ ਉਸ ਦੇ ਮਕਸਦਾਂ ਬਾਰੇ ਦੱਸੀਏ ਅਤੇ ਇਹ ਵੀ ਦੱਸੀਏ ਕਿ ਯਹੋਵਾਹ ਭਵਿੱਖ ਵਿਚ ਇਨਸਾਨਾਂ ਲਈ ਕੀ ਕਰੇਗਾ। (ਮੱਤੀ 10:11-13; 28:19, 20) ਉਸ ਨੇ ਮੰਡਲੀਆਂ ਦਾ ਪ੍ਰਬੰਧ ਕੀਤਾ ਹੈ ਜਿੱਥੇ ਅਸੀਂ ਮਿਲ ਕੇ ਉਸ ਦੀ ਭਗਤੀ ਕਰਦੇ ਹਾਂ। ਨਾਲੇ ਉਸ ਨੇ ਬਜ਼ੁਰਗਾਂ ਨੂੰ ਵੀ ਠਹਿਰਾਇਆ ਹੈ ਜੋ ਸਾਡੀ ਪਿਆਰ ਨਾਲ ਦੇਖ-ਭਾਲ ਕਰਦੇ ਹਨ।​—ਰਸੂ. 20:28.

9. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਸਾਰੇ ਇਨਸਾਨਾਂ ਨੂੰ ਬਹੁਤ ਪਿਆਰ ਕਰਦਾ ਹੈ?

9 ਯਹੋਵਾਹ ਉਨ੍ਹਾਂ ਲੋਕਾਂ ਨੂੰ ਵੀ ਪਿਆਰ ਕਰਦਾ ਹੈ ਜਿਹੜੇ ਉਸ ਦੀ ਹੋਂਦ ਨੂੰ ਨਹੀਂ ਮੰਨਦੇ। ਜ਼ਰਾ ਸੋਚੋ, ਸ਼ੁਰੂ ਤੋਂ ਲੈ ਕੇ ਹੁਣ ਤਕ ਲੱਖਾਂ ਹੀ ਲੋਕਾਂ ਨੇ ਯਹੋਵਾਹ ਦੇ ਮਿਆਰਾਂ ਅਨੁਸਾਰ ਚੱਲਣ ਦੀ ਬਜਾਇ ਆਪਣੀ ਮਰਜ਼ੀ ਅਨੁਸਾਰ ਜ਼ਿੰਦਗੀ ਬਤੀਤ ਕੀਤੀ ਹੈ। ਫਿਰ ਵੀ ਯਹੋਵਾਹ ਨੇ ਉਨ੍ਹਾਂ ਨੂੰ ਉਹ ਹਰ ਚੀਜ਼ ਦਿੱਤੀ ਹੈ ਜਿਸ ਨਾਲ ਉਹ ਜੀਉਂਦੇ ਰਹਿ ਸਕਦੇ ਹਨ ਅਤੇ ਖ਼ੁਸ਼ ਰਹਿ ਸਕਦੇ ਹਨ। (ਮੱਤੀ 5:44, 45; ਰਸੂ. 14:16, 17) ਯਹੋਵਾਹ ਦੀ ਬਦੌਲਤ ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਨ, ਜਿਵੇਂ ਉਹ ਦੋਸਤ ਬਣਾ ਸਕਦੇ ਹਨ, ਪਰਿਵਾਰਕ ਰਿਸ਼ਤਿਆਂ ਦਾ ਆਨੰਦ ਮਾਣ ਸਕਦੇ ਹਨ ਅਤੇ ਆਪਣੇ ਕੰਮ ਤੋਂ ਖ਼ੁਸ਼ੀ ਪਾ ਸਕਦੇ ਹਨ। (ਜ਼ਬੂ. 127:3; ਉਪ. 2:24) ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਰੇ ਇਨਸਾਨਾਂ ਨੂੰ ਬਹੁਤ ਪਿਆਰ ਕਰਦਾ ਹੈ। (ਕੂਚ 34:6) ਹੁਣ ਆਓ ਗੌਰ ਕਰੀਏ ਕਿ ਅਸੀਂ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ ਹੈ ਅਤੇ ਉਹ ਸਾਨੂੰ ਕਿਹੜੀਆਂ ਬਰਕਤਾਂ ਦਿੰਦਾ ਹੈ।

ਅਸੀਂ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ ਹੈ?

10. (ੳ) ਯਹੋਵਾਹ ਦੀ ਭਗਤੀ ਕਰਨ ਦਾ ਮੁੱਖ ਕਾਰਨ ਕੀ ਹੈ? (ਮੱਤੀ 22:37) (ਅ) ਯਹੋਵਾਹ ਨੇ ਤੁਹਾਡੇ ਨਾਲ ਧੀਰਜ ਕਿਵੇਂ ਰੱਖਿਆ ਹੈ? (ਜ਼ਬੂਰ 103:13, 14)

10 ਯਿਸੂ ਵਾਂਗ ਅਸੀਂ ਵੀ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਸ ਨਾਲ ਗਹਿਰਾ ਲਗਾਅ ਰੱਖਦੇ ਹਾਂ। ਇਸ ਲਈ ਅਸੀਂ ਉਸ ਦੀ ਭਗਤੀ ਕਰਦੇ ਹਾਂ। (ਮੱਤੀ 22:37 ਪੜ੍ਹੋ।) ਜਦੋਂ ਅਸੀਂ ਉਸ ਦੇ ਗੁਣਾਂ ਬਾਰੇ ਜਾਣਿਆ, ਤਾਂ ਅਸੀਂ ਉਸ ਵੱਲ ਖਿੱਚੇ ਗਏ। ਮਿਸਾਲ ਲਈ, ਜ਼ਰਾ ਸੋਚੋ ਕਿ ਯਹੋਵਾਹ ਇਨਸਾਨਾਂ ਨਾਲ ਕਿੰਨਾ ਧੀਰਜ ਰੱਖਦਾ ਹੈ। ਜਦੋਂ ਇਜ਼ਰਾਈਲੀਆਂ ਨੇ ਵਾਰ-ਵਾਰ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਗੁਜ਼ਾਰਸ਼ ਕੀਤੀ: “ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਤੋਂ ਮੁੜੋ।” (ਯਿਰ. 18:11) ਯਹੋਵਾਹ ਯਾਦ ਰੱਖਦਾ ਹੈ ਕਿ ਅਸੀਂ ਬੱਸ ਮਿੱਟੀ ਹੀ ਹਾਂ ਅਤੇ ਸਾਡੇ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ। (ਜ਼ਬੂਰ 103:13, 14 ਪੜ੍ਹੋ।) ਜਦੋਂ ਤੁਸੀਂ ਯਹੋਵਾਹ ਦੇ ਧੀਰਜ ਅਤੇ ਉਸ ਦੇ ਹੋਰ ਗੁਣਾਂ ਬਾਰੇ ਸੋਚਦੇ ਹੋ, ਤਾਂ ਕੀ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਹਮੇਸ਼ਾ ਉਸ ਦੀ ਭਗਤੀ ਕਰੋ?

11. ਅਸੀਂ ਹੋਰ ਕਿਹੜੇ ਕਾਰਨਾਂ ਕਰਕੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ ਹੈ?

11 ਅਸੀਂ ਹੋਰ ਕਿਹੜੇ ਕਾਰਨਾਂ ਕਰਕੇ ਯਹੋਵਾਹ ਦੀ ਭਗਤੀ ਕਰਦੇ ਹਾਂ? ਕਿਉਂਕਿ ਅਸੀਂ ਜਾਣਦੇ ਹਾਂ ਕਿ ਇੱਦਾਂ ਕਰਨਾ ਸਹੀ ਹੈ। (ਮੱਤੀ 4:10) ਇਸ ਤੋਂ ਇਲਾਵਾ, ਅਸੀਂ ਜਾਣਦੇ ਹਾਂ ਕਿ ਜੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਾਂਗੇ, ਤਾਂ ਇਸ ਦੇ ਵਧੀਆ ਨਤੀਜੇ ਨਿਕਲਣਗੇ। ਅਸੀਂ ਪਰਮੇਸ਼ੁਰ ਦਾ ਨਾਂ ਪਵਿੱਤਰ ਕਰ ਸਕਾਂਗੇ, ਸ਼ੈਤਾਨ ਨੂੰ ਝੂਠਾ ਸਾਬਤ ਕਰ ਸਕਾਂਗੇ ਅਤੇ ਆਪਣੇ ਸਵਰਗੀ ਪਿਤਾ ਦਾ ਦਿਲ ਖ਼ੁਸ਼ ਕਰ ਸਕਾਂਗੇ। ਇੰਨਾ ਹੀ ਨਹੀਂ, ਜੇ ਅਸੀਂ ਅੱਜ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਰਦੇ ਹਾਂ, ਤਾਂ ਅਸੀਂ ਹਮੇਸ਼ਾ-ਹਮੇਸ਼ਾ ਲਈ ਉਸ ਦੀ ਭਗਤੀ ਕਰਦੇ ਰਹਿ ਸਕਾਂਗੇ।​—ਯੂਹੰ. 17:3.

12-13. ਅਸੀਂ ਭੈਣ ਜੇਨ ਅਤੇ ਪੈਮ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?

12 ਛੋਟੀ ਉਮਰ ਤੋਂ ਹੀ ਅਸੀਂ ਯਹੋਵਾਹ ਨੂੰ ਪਿਆਰ ਕਰਨਾ ਸਿੱਖ ਸਕਦੇ ਹਾਂ। ਫਿਰ ਜਿੱਦਾਂ-ਜਿੱਦਾਂ ਅਸੀਂ ਵੱਡੇ ਹੋਵਾਂਗੇ, ਯਹੋਵਾਹ ਲਈ ਸਾਡਾ ਪਿਆਰ ਹੋਰ ਵੀ ਗਹਿਰਾ ਹੁੰਦਾ ਜਾਵੇਗਾ। ਦੋ ਸਕੀਆਂ ਭੈਣਾਂ ਜੇਨ ਅਤੇ ਪੈਮ ਦੇ ਤਜਰਬੇ ʼਤੇ ਗੌਰ ਕਰੋ।a ਜਦੋਂ ਜੇਨ 11 ਸਾਲਾਂ ਦੀ ਅਤੇ ਪੈਮ 10 ਸਾਲਾਂ ਦੀ ਸੀ, ਤਾਂ ਉਨ੍ਹਾਂ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਦੇ ਮਾਪੇ ਗਵਾਹਾਂ ਨਾਲ ਸਟੱਡੀ ਨਹੀਂ ਕਰਨਾ ਚਾਹੁੰਦੇ ਸਨ। ਪਰ ਉਨ੍ਹਾਂ ਨੇ ਜੇਨ ਅਤੇ ਪੈਮ ਨੂੰ ਸਟੱਡੀ ਕਰਨ ਦੀ ਇਜਾਜ਼ਤ ਦੇ ਦਿੱਤੀ। ਬੱਸ ਉਨ੍ਹਾਂ ਦੀ ਇਕ ਸ਼ਰਤ ਸੀ ਕਿ ਜੇਨ ਅਤੇ ਪੈਮ ਨੂੰ ਉਨ੍ਹਾਂ ਨਾਲ ਹਰ ਹਫ਼ਤੇ ਚਰਚ ਵੀ ਜਾਣਾ ਪਵੇਗਾ। ਜੇਨ ਕਹਿੰਦੀ ਹੈ: “ਗਵਾਹਾਂ ਨਾਲ ਸਟੱਡੀ ਕਰ ਕੇ ਮੇਰੀ ਬਹੁਤ ਮਦਦ ਹੋਈ। ਜਦੋਂ ਸਕੂਲ ਵਿਚ ਬੱਚੇ ਮੈਨੂੰ ਡ੍ਰੱਗਜ਼ ਲੈਣ ਅਤੇ ਅਨੈਤਿਕ ਕੰਮ ਕਰਨ ਲਈ ਕਹਿੰਦੇ ਸਨ, ਤਾਂ ਮੈਂ ਉਨ੍ਹਾਂ ਨੂੰ ਸਾਫ਼ ਨਾਂਹ ਕਹਿ ਸਕੀ।”

13 ਕੁਝ ਸਾਲਾਂ ਬਾਅਦ ਉਨ੍ਹਾਂ ਨੇ ਬਪਤਿਸਮਾ ਲੈ ਲਿਆ। ਫਿਰ ਉਨ੍ਹਾਂ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ-ਨਾਲ ਉਹ ਆਪਣੇ ਬਜ਼ੁਰਗ ਮਾਪਿਆਂ ਦੀ ਵੀ ਦੇਖ-ਭਾਲ ਕਰਦੀਆਂ ਸਨ। ਯਹੋਵਾਹ ਨੇ ਉਨ੍ਹਾਂ ਲਈ ਜੋ ਵੀ ਕੀਤਾ, ਉਸ ਬਾਰੇ ਜੇਨ ਕਹਿੰਦੀ ਹੈ: “ਮੈਂ ਦੇਖਿਆ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਵਫ਼ਾਦਾਰ ਦੋਸਤਾਂ ਦਾ ਖ਼ਿਆਲ ਰੱਖਦਾ ਹੈ, ਜਿਵੇਂ 2 ਤਿਮੋਥਿਉਸ 2:19 ਵਿਚ ਲਿਖਿਆ ਹੈ: ‘ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ।’” ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਹਮੇਸ਼ਾ ਉਨ੍ਹਾਂ ਦਾ ਖ਼ਿਆਲ ਰੱਖਦਾ ਹੈ ਜੋ ਪਿਆਰ ਕਰਕੇ ਉਸ ਦੀ ਭਗਤੀ ਕਰਨ ਦਾ ਫ਼ੈਸਲਾ ਕਰਦੇ ਹਨ।

14. ਅਸੀਂ ਯਹੋਵਾਹ ਦੇ ਨਾਂ ʼਤੇ ਲੱਗੇ ਦੋਸ਼ ਨੂੰ ਕਿਵੇਂ ਮਿਟਾ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)

14 ਅਸੀਂ ਯਹੋਵਾਹ ਦੇ ਨਾਂ ʼਤੇ ਲੱਗੇ ਦੋਸ਼ ਨੂੰ ਮਿਟਾਉਣਾ ਚਾਹੁੰਦੇ ਹਾਂ। ਇਸ ਲਈ ਅਸੀਂ ਲੋਕਾਂ ਨੂੰ ਉਸ ਬਾਰੇ ਸੱਚਾਈ ਦੱਸਦੇ ਹਾਂ। ਮੰਨ ਲਓ, ਤੁਹਾਡਾ ਇਕ ਜਿਗਰੀ ਦੋਸਤ ਹੈ ਜੋ ਸਾਰਿਆਂ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦਾ ਹੈ। ਉਹ ਸਾਰਿਆਂ ਦੀ ਮਦਦ ਕਰਦਾ ਹੈ ਅਤੇ ਜਲਦੀ ਹੀ ਮਾਫ਼ ਕਰ ਦਿੰਦਾ ਹੈ। ਪਰ ਇਕ ਦਿਨ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਉਸ ʼਤੇ ਝੂਠਾ ਇਲਜ਼ਾਮ ਲਾਇਆ ਹੈ ਕਿ ਉਹ ਬਹੁਤ ਬੁਰਾ ਅਤੇ ਬੇਈਮਾਨ ਇਨਸਾਨ ਹੈ। ਫਿਰ ਤੁਸੀਂ ਕੀ ਕਰੋਗੇ? ਤੁਸੀਂ ਸਾਰਿਆਂ ਨੂੰ ਦੱਸੋਗੇ ਕਿ ਤੁਹਾਡਾ ਦੋਸਤ ਇੱਦਾਂ ਦਾ ਨਹੀਂ ਹੈ। ਉਸੇ ਤਰ੍ਹਾਂ ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲੇ ਯਹੋਵਾਹ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ ਅਤੇ ਉਸ ਨੂੰ ਬਦਨਾਮ ਕਰਦੇ ਹਨ। ਇਸ ਲਈ ਅਸੀਂ ਲੋਕਾਂ ਨੂੰ ਯਹੋਵਾਹ ਬਾਰੇ ਸੱਚਾਈ ਦੱਸਦੇ ਹਾਂ ਅਤੇ ਉਸ ਦੇ ਨਾਂ ʼਤੇ ਲੱਗੇ ਦੋਸ਼ ਮਿਟਾਉਂਦੇ ਹਾਂ। (ਜ਼ਬੂ. 34:1; ਯਸਾ. 43:10) ਇਸ ਤਰ੍ਹਾਂ ਅਸੀਂ ਆਪਣੀ ਕਹਿਣੀ ਅਤੇ ਕਰਨੀ ਰਾਹੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਜੀ-ਜਾਨ ਲਾ ਕੇ ਉਸ ਦੀ ਭਗਤੀ ਕਰਨੀ ਚਾਹੁੰਦੇ ਹਾਂ।

ਇਕ ਲੇਵੀ ਮੰਦਰ ਵਿਚ ਤਾਂਬੇ ਦੀ ਵੇਦੀ ਅਤੇ ਦਲਾਨ ਵਿਚਕਾਰ ਖੜ੍ਹਾ ਹੈ।

ਕੀ ਤੁਸੀਂ ਯਹੋਵਾਹ ਦੇ ਨਾਂ ʼਤੇ ਲੱਗਾ ਦੋਸ਼ ਮਿਟਾਓਗੇ? (ਪੈਰਾ 14 ਦੇਖੋ)b


15. ਪੌਲੁਸ ਰਸੂਲ ਨੂੰ ਆਪਣੀ ਜ਼ਿੰਦਗੀ ਵਿਚ ਬਦਲਾਅ ਕਰਨ ਦੇ ਕਿਹੜੇ ਫ਼ਾਇਦੇ ਹੋਏ? (ਫ਼ਿਲਿੱਪੀਆਂ 3:7, 8)

15 ਯਹੋਵਾਹ ਨੂੰ ਖ਼ੁਸ਼ ਕਰਨ ਅਤੇ ਹੋਰ ਵਧ-ਚੜ੍ਹ ਕੇ ਉਸ ਦੀ ਸੇਵਾ ਕਰਨ ਲਈ ਅਸੀਂ ਕੋਈ ਵੀ ਬਦਲਾਅ ਕਰਨ ਲਈ ਤਿਆਰ ਰਹਿੰਦੇ ਹਾਂ। ਪੌਲੁਸ ਰਸੂਲ ਨੇ ਵੀ ਇੱਦਾਂ ਹੀ ਕੀਤਾ ਸੀ। ਸਮਾਜ ਵਿਚ ਉਸ ਦਾ ਵੱਡਾ ਨਾਂ ਤੇ ਰੁਤਬਾ ਸੀ। ਪਰ ਮਸੀਹ ਦਾ ਚੇਲਾ ਬਣਨ ਅਤੇ ਯਹੋਵਾਹ ਦੀ ਭਗਤੀ ਕਰਨ ਲਈ ਉਸ ਨੇ ਇਹ ਸਭ ਕੁਝ ਛੱਡ ਦਿੱਤਾ। (ਗਲਾ. 1:14) ਇਸ ਕਰਕੇ ਉਸ ਨੂੰ ਬੇਸ਼ੁਮਾਰ ਬਰਕਤਾਂ ਮਿਲੀਆਂ। ਨਾਲੇ ਉਸ ਨੂੰ ਸਵਰਗ ਵਿਚ ਯਿਸੂ ਨਾਲ ਰਾਜ ਕਰਨ ਦਾ ਮੌਕਾ ਵੀ ਮਿਲਿਆ। ਯਹੋਵਾਹ ਦੀ ਭਗਤੀ ਕਰਨ ਦੇ ਆਪਣੇ ਫ਼ੈਸਲੇ ʼਤੇ ਉਸ ਨੂੰ ਕਦੇ ਵੀ ਅਫ਼ਸੋਸ ਨਹੀਂ ਹੋਇਆ ਅਤੇ ਨਾ ਹੀ ਸਾਨੂੰ ਕਦੇ ਹੋਵੇਗਾ।​—ਫ਼ਿਲਿੱਪੀਆਂ 3:7, 8 ਪੜ੍ਹੋ।

16. ਅਸੀਂ ਜੂਲੀਆ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)

16 ਜੇ ਅਸੀਂ ਵੀ ਯਹੋਵਾਹ ਦੀ ਭਗਤੀ ਨੂੰ ਜ਼ਿੰਦਗੀ ਵਿਚ ਪਹਿਲੀ ਥਾਂ ਦੇਈਏ, ਤਾਂ ਸਾਨੂੰ ਅੱਜ ਵੀ ਬਰਕਤਾਂ ਮਿਲਣਗੀਆਂ ਅਤੇ ਭਵਿੱਖ ਵਿਚ ਵੀ। ਜ਼ਰਾ ਜੂਲੀਆ ਦੀ ਮਿਸਾਲ ʼਤੇ ਧਿਆਨ ਦਿਓ। ਛੋਟੇ ਹੁੰਦਿਆਂ ਉਹ ਚਰਚ ਵਿਚ ਗਾਣਾ ਗਾਉਂਦੀ ਹੁੰਦੀ ਸੀ। ਉਸ ਦਾ ਗਾਣਾ ਸੁਣ ਕੇ ਇਕ ਗਾਇਕ ਨੇ ਦੇਖਿਆ ਕਿ ਉਹ ਇਕ ਚੰਗੀ ਗਾਇਕਾ ਬਣ ਸਕਦੀ ਹੈ। ਇਸ ਲਈ ਉਸ ਨੇ ਉਸ ਨੂੰ ਸਿਖਲਾਈ ਦਿੱਤੀ। ਥੋੜ੍ਹੇ ਸਮੇਂ ਵਿਚ ਹੀ ਜੂਲੀਆ ਨੇ ਸੰਗੀਤ ਦੀ ਦੁਨੀਆਂ ਵਿਚ ਵੱਡਾ ਨਾਂ ਕਮਾ ਲਿਆ ਅਤੇ ਉਹ ਮਸ਼ਹੂਰ ਥਾਵਾਂ ʼਤੇ ਜਾ ਕੇ ਗਾਣੇ ਗਾਉਣ ਲੱਗ ਪਈ। ਜਦੋਂ ਉਹ ਇਕ ਮੰਨੇ-ਪ੍ਰਮੰਨੇ ਸਕੂਲ ਵਿਚ ਸੰਗੀਤ ਸਿੱਖ ਰਹੀ ਸੀ, ਤਾਂ ਉੱਥੇ ਇਕ ਮੁੰਡੇ ਨੇ ਉਸ ਨੂੰ ਪਰਮੇਸ਼ੁਰ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਇਸ ਤੋਂ ਜਲਦੀ ਬਾਅਦ ਜੂਲੀਆ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਉਹ ਹਫ਼ਤੇ ਵਿਚ ਦੋ ਵਾਰ ਬਾਈਬਲ ਸਟੱਡੀ ਕਰਦੀ ਹੁੰਦੀ ਸੀ। ਕੁਝ ਹੀ ਸਮੇਂ ਬਾਅਦ ਉਸ ਨੇ ਫ਼ੈਸਲਾ ਕੀਤਾ ਕਿ ਉਹ ਸੰਗੀਤ ਦੀ ਦੁਨੀਆਂ ਛੱਡ ਕੇ ਯਹੋਵਾਹ ਦੀ ਸੇਵਾ ਕਰੇਗੀ। ਪਰ ਉਸ ਲਈ ਇਹ ਫ਼ੈਸਲਾ ਲੈਣਾ ਬਿਲਕੁਲ ਵੀ ਸੌਖਾ ਨਹੀਂ ਸੀ। ਉਹ ਦੱਸਦੀ ਹੈ: “ਕਈ ਲੋਕਾਂ ਨੇ ਮੈਨੂੰ ਕਿਹਾ ਕਿ ਮੈਂ ਆਪਣਾ ਹੁਨਰ ਬਰਬਾਦ ਕਰ ਰਹੀ ਹਾਂ। ਪਰ ਮੈਂ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾਉਣਾ ਚਾਹੁੰਦੀ ਸੀ।” ਯਹੋਵਾਹ ਦੀ ਸੇਵਾ ਕਰਦਿਆਂ ਜੂਲੀਆ ਨੂੰ 30 ਤੋਂ ਵੀ ਜ਼ਿਆਦਾ ਸਾਲ ਹੋ ਚੁੱਕੇ ਹਨ। ਉਹ ਆਪਣੇ ਇਸ ਫ਼ੈਸਲੇ ਬਾਰੇ ਅੱਜ ਕਿੱਦਾਂ ਮਹਿਸੂਸ ਕਰਦੀ ਹੈ? ਉਹ ਕਹਿੰਦੀ ਹੈ: “ਮੈਨੂੰ ਇਹ ਸੋਚ ਕੇ ਬਹੁਤ ਸਕੂਨ ਮਿਲਦਾ ਹੈ ਕਿ ਮੈਂ ਸਹੀ ਫ਼ੈਸਲਾ ਕੀਤਾ। ਮੈਨੂੰ ਪੂਰਾ ਭਰੋਸਾ ਹੈ ਕਿ ਭਵਿੱਖ ਵਿਚ ਯਹੋਵਾਹ ਮੇਰੇ ਦਿਲ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰੇਗਾ।”​—ਜ਼ਬੂ. 145:16.

ਤਸਵੀਰਾਂ: ਜੂਲੀਆ ਨੇ ਜੋ ਫ਼ੈਸਲਾ ਕੀਤਾ, ਉਸ ਦਾ ਪ੍ਰਦਰਸ਼ਨ। 1. ਉਹ ਸਟੇਜ ʼਤੇ ਲੋਕਾਂ ਸਾਮ੍ਹਣੇ ਗਾ ਰਹੀ ਹੈ। 2. ਉਹ ਆਪਣੇ ਪਤੀ ਨਾਲ ਸਭਾ ਵਿਚ ਗੀਤ ਗਾ ਰਹੀ ਹੈ।

ਜਦੋਂ ਅਸੀਂ ਯਹੋਵਾਹ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦੇ ਹਾਂ, ਤਾਂ ਸਾਨੂੰ ਬਰਕਤਾਂ ਮਿਲਦੀਆਂ ਹਨ (ਪੈਰਾ 16 ਦੇਖੋ)c


ਯਹੋਵਾਹ ਦੀ ਭਗਤੀ ਕਰਦੇ ਰਹੋ

17. (ੳ) ਜਿਨ੍ਹਾਂ ਨੇ ਹਾਲੇ ਤਕ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਨਹੀਂ ਕੀਤਾ, ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ? (ਅ) ਜਿਨ੍ਹਾਂ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਰ ਲਿਆ ਹੈ, ਉਹ ਕੀ ਜਾਣਦੇ ਹਨ?

17 ਇਸ ਦੁਨੀਆਂ ਦਾ ਅੰਤ ਬਹੁਤ ਹੀ ਨੇੜੇ ਆ ਗਿਆ ਹੈ। ਪੌਲੁਸ ਰਸੂਲ ਨੇ ਲਿਖਿਆ: “ਹੁਣ ‘ਬਹੁਤ ਥੋੜ੍ਹਾ ਸਮਾਂ’ ਰਹਿ ਗਿਆ ਹੈ ਅਤੇ ‘ਉਹ ਜਿਹੜਾ ਆ ਰਿਹਾ ਹੈ, ਜ਼ਰੂਰ ਆਵੇਗਾ ਅਤੇ ਉਹ ਦੇਰ ਨਹੀਂ ਕਰੇਗਾ।’” (ਇਬ. 10:37) ਇਸ ਦਾ ਕੀ ਮਤਲਬ ਹੈ? ਜਿਨ੍ਹਾਂ ਨੇ ਹਾਲੇ ਤਕ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਨਹੀਂ ਕੀਤਾ, ਉਨ੍ਹਾਂ ਨੂੰ ਜਲਦ ਤੋਂ ਜਲਦ ਇਹ ਫ਼ੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਹੁਣ ਸਮਾਂ ਬਹੁਤ ਹੀ ਘੱਟ ਰਹਿ ਗਿਆ ਹੈ। (1 ਕੁਰਿੰ. 7:29) ਨਾਲੇ ਜੇ ਅਸੀਂ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਰ ਲਿਆ ਹੈ, ਤਾਂ ਅਸੀਂ ਜਾਣਦੇ ਹਾਂ ਕਿ ਸਾਨੂੰ ਜੋ ਅਜ਼ਮਾਇਸ਼ਾਂ ਸਹਿਣੀਆਂ ਪੈਣਗੀਆਂ, ਉਹ ਬੱਸ ‘ਥੋੜ੍ਹੇ ਸਮੇਂ’ ਲਈ ਹੀ ਹੋਣਗੀਆਂ।

18. ਯਿਸੂ ਅਤੇ ਯਹੋਵਾਹ ਸਾਡੇ ਤੋਂ ਕੀ ਚਾਹੁੰਦੇ ਹਨ?

18 ਯਿਸੂ ਨੇ ਆਪਣੇ ਚੇਲਿਆਂ ਨੂੰ ਸਿਰਫ਼ ਇਹੀ ਨਹੀਂ ਕਿਹਾ ਕਿ ਮੇਰੇ ਪਿੱਛੇ-ਪਿੱਛੇ ਚੱਲੋ, ਸਗੋਂ ਉਸ ਨੇ ਉਨ੍ਹਾਂ ਨੂੰ ਪਿੱਛੇ-ਪਿੱਛੇ ਚੱਲਦੇ ਰਹਿਣ ਲਈ ਕਿਹਾ। (ਮੱਤੀ 16:24) ਜੇ ਅਸੀਂ ਸਾਲਾਂ ਤੋਂ ਯਹੋਵਾਹ ਦੀ ਭਗਤੀ ਕਰ ਰਹੇ ਹਾਂ, ਤਾਂ ਆਓ ਆਪਾਂ ਹਮੇਸ਼ਾ ਇੱਦਾਂ ਕਰਦੇ ਰਹੀਏ। ਸਾਨੂੰ ਆਪਣੇ ਇਸ ਫ਼ੈਸਲੇ ʼਤੇ ਡਟੇ ਰਹਿਣ ਲਈ ਮਿਹਨਤ ਕਰਨੀ ਚਾਹੀਦੀ ਹੈ। ਸ਼ਾਇਦ ਇੱਦਾਂ ਕਰਨਾ ਇੰਨਾ ਸੌਖਾ ਤਾਂ ਨਹੀਂ ਹੈ, ਪਰ ਜੇ ਅਸੀਂ ਉਸ ਦੀ ਭਗਤੀ ਕਰਦੇ ਰਹੀਏ, ਤਾਂ ਸਾਨੂੰ ਅੱਜ ਤੇ ਭਵਿੱਖ ਵਿਚ ਬੇਸ਼ੁਮਾਰ ਬਰਕਤਾਂ ਅਤੇ ਸੱਚੀ ਖ਼ੁਸ਼ੀ ਮਿਲੇਗੀ!​—ਜ਼ਬੂ. 35:27.

19. ਅਸੀਂ ਭਰਾ ਜੀਨ ਦੇ ਤਜਰਬੇ ਤੋਂ ਕੀ ਸਿੱਖਦੇ ਹਾਂ?

19 ਕੁਝ ਲੋਕਾਂ ਨੂੰ ਲੱਗਦਾ ਹੈ ਕਿ ਜੇ ਉਹ ਯਹੋਵਾਹ ਦੀ ਭਗਤੀ ਕਰਨਗੇ, ਤਾਂ ਉਹ ਜ਼ਿੰਦਗੀ ਦਾ ਮਜ਼ਾ ਨਹੀਂ ਲੈ ਸਕਣਗੇ। ਜੇ ਤੁਸੀਂ ਨੌਜਵਾਨ ਹੋ, ਤਾਂ ਕੀ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ? ਭਰਾ ਜੀਨ ਕਹਿੰਦਾ ਹੈ: “ਮੈਨੂੰ ਲੱਗਦਾ ਸੀ ਕਿ ਯਹੋਵਾਹ ਦਾ ਗਵਾਹ ਹੋਣ ਕਰਕੇ ਮੈਂ ਆਪਣੀ ਜ਼ਿੰਦਗੀ ਦਾ ਮਜ਼ਾ ਨਹੀਂ ਲੈ ਪਾ ਰਿਹਾ। ਦੂਜੇ ਬੱਚੇ ਜਦੋਂ ਦੇਖੋ ਪਾਰਟੀਆਂ ਕਰਦੇ ਹਨ, ਕੁੜੀਆਂ ਨਾਲ ਘੁੰਮਦੇ ਹਨ ਜਾਂ ਹਿੰਸਕ ਗੇਮਾਂ ਖੇਡਦੇ ਹਨ। ਪਰ ਮੈਂ ਬੱਸ ਸਭਾਵਾਂ ਤੇ ਪ੍ਰਚਾਰ ਵਿਚ ਹੀ ਜਾਂਦਾ ਹਾਂ।” ਇਸ ਸੋਚ ਦਾ ਜੀਨ ʼਤੇ ਕੀ ਅਸਰ ਪਿਆ? ਉਹ ਦੱਸਦਾ ਹੈ: “ਮੈਂ ਬਾਕੀ ਬੱਚਿਆਂ ਵਾਂਗ ਮਜ਼ੇ ਕਰਨ ਲੱਗ ਪਿਆ। ਇੱਦਾਂ ਕਰ ਕੇ ਮੈਨੂੰ ਖ਼ੁਸ਼ੀ ਤਾਂ ਮਿਲੀ, ਪਰ ਇਹ ਖ਼ੁਸ਼ੀ ਸਿਰਫ਼ ਥੋੜ੍ਹੇ ਸਮੇਂ ਲਈ ਹੀ ਸੀ। ਫਿਰ ਮੈਂ ਬਾਈਬਲ ਦੀਆਂ ਉਨ੍ਹਾਂ ਗੱਲਾਂ ਬਾਰੇ ਗਹਿਰਾਈ ਨਾਲ ਸੋਚਣ ਲੱਗਾ ਜੋ ਮੈਂ ਨਹੀਂ ਮੰਨ ਰਿਹਾ ਸੀ। ਫਿਰ ਮੈਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਮੈਂ ਉਦੋਂ ਤੋਂ ਲੈ ਕੇ ਹੁਣ ਤਕ ਦੇਖਿਆ ਹੈ ਕਿ ਯਹੋਵਾਹ ਨੇ ਮੇਰੀ ਹਰ ਪ੍ਰਾਰਥਨਾ ਦਾ ਜਵਾਬ ਦਿੱਤਾ ਹੈ।”

20. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

20 ਜ਼ਬੂਰਾਂ ਦੇ ਇਕ ਲਿਖਾਰੀ ਨੇ ਆਪਣੇ ਗੀਤ ਵਿਚ ਯਹੋਵਾਹ ਨੂੰ ਕਿਹਾ: “ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਚੁਣਦਾ ਅਤੇ ਆਪਣੇ ਨੇੜੇ ਲਿਆਉਂਦਾ ਹੈਂ ਤਾਂਕਿ ਉਹ ਤੇਰੇ ਘਰ ਦੇ ਵਿਹੜਿਆਂ ਵਿਚ ਵੱਸੇ।” (ਜ਼ਬੂ. 65:4) ਆਓ ਆਪਾਂ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਪੱਕਾ ਇਰਾਦਾ ਕਰੀਏ। ਫਿਰ ਅਸੀਂ ਵੀ ਯਹੋਸ਼ੁਆ ਵਾਂਗ ਕਹਿ ਸਕਾਂਗੇ: “ਮੈਂ ਤੇ ਮੇਰਾ ਘਰਾਣਾ ਤਾਂ ਯਹੋਵਾਹ ਦੀ ਹੀ ਭਗਤੀ ਕਰਾਂਗੇ।”​—ਯਹੋ. 24:15.

ਤੁਸੀਂ ਕੀ ਜਵਾਬ ਦਿਓਗੇ?

  • ਯਿਸੂ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ?

  • ਯਹੋਵਾਹ ਸਾਡੀ ਭਗਤੀ ਦਾ ਹੱਕਦਾਰ ਕਿਉਂ ਹੈ?

  • ਤੁਸੀਂ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ ਹੈ?

ਗੀਤ 28 ਯਹੋਵਾਹ ਨਾਲ ਦੋਸਤੀ ਕਰੋ

a ਕੁਝ ਨਾਂ ਬਦਲੇ ਗਏ ਹਨ।

b ਤਸਵੀਰਾਂ ਬਾਰੇ ਜਾਣਕਾਰੀ: ਕੁਝ ਵਿਰੋਧੀ ਸੰਮੇਲਨ ਦੀ ਜਗ੍ਹਾ ਦੇ ਬਾਹਰ ਖੜ੍ਹੇ ਸਾਡੇ ਖ਼ਿਲਾਫ਼ ਗੱਲਾਂ ਕਹਿ ਰਹੇ ਹਨ। ਇਕ ਔਰਤ ਉੱਥੋਂ ਦੀ ਲੰਘਦੀ ਹੋਈ ਉਨ੍ਹਾਂ ਵੱਲ ਦੇਖ ਰਹੀ ਹੈ। ਫਿਰ ਉਹ ਨੇੜੇ ਲੱਗੀ ਸਾਡੀ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਕੋਲ ਜਾਂਦੀ ਹੈ ਅਤੇ ਗਵਾਹ ਉਸ ਨੂੰ ਬਾਈਬਲ ਵਿੱਚੋਂ ਸੱਚਾਈ ਦੱਸਦੇ ਹਨ।

c ਤਸਵੀਰ ਬਾਰੇ ਜਾਣਕਾਰੀ: ਤਸਵੀਰ ਵਿਚ ਦਿਖਾਇਆ ਗਿਆ ਹੈ ਕਿ ਯਹੋਵਾਹ ਦੀ ਸੇਵਾ ਕਰਨ ਲਈ ਜੂਲੀਆ ਨੇ ਕਿਹੜਾ ਬਦਲਾਅ ਕੀਤਾ। ਤਸਵੀਰ ਵਿਚ ਦਿਖਾਈ ਔਰਤ ਜੂਲੀਆ ਨਹੀਂ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ