ਸਾਡੀ ਸੇਵਕਾਈ ਦੇ ਫ਼ਾਇਦੇ
1. ਯਹੋਵਾਹ ਦੀ ਨਜ਼ਰ ਵਿਚ ਸਾਡੀ ਸੇਵਕਾਈ ਕਿਹੋ ਜਿਹੀ ਹੈ ਤੇ ਲੋਕ ਇਸ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਂਦੇ ਹਨ?
1 ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਮਸੀਹੀ ਯਹੋਵਾਹ ਦੀ ਸੇਵਾ ਵਿਚ ਇੰਜ ਫ਼ਖ਼ਰ ਨਾਲ ਅੱਗੇ ਵਧ ਰਹੇ ਹਨ ਜਿਵੇਂ ਜੇਤੂ ਫ਼ੌਜੀ ਆਪਣੇ ਫਤਹਿ ਦੇ ਜਲੂਸ ਵਿਚ ਮਾਰਚ ਕਰਦੇ ਹੋਣ। (2 ਕੁਰਿੰ. 2:14-16) ਅਸੀਂ ਪਰਮੇਸ਼ੁਰ ਦਾ ਗਿਆਨ ਫੈਲਾਉਂਦੇ ਹਾਂ ਜਿਸ ਕਰਕੇ ਸਾਡੀ ਸੇਵਕਾਈ ਸੁਗੰਧੀ ਦੀ ਤਰ੍ਹਾਂ ਯਹੋਵਾਹ ਨੂੰ ਖ਼ੁਸ਼ ਕਰਦੀ ਹੈ। ਕੁਝ ਲੋਕ ਖ਼ੁਸ਼ ਖ਼ਬਰੀ ਦੀ ਤਾਜ਼ਾ ਦਮ ਕਰ ਦੇਣ ਵਾਲੀ ਸੁਗੰਧ ਵੱਲ ਖਿੱਚੇ ਚਲੇ ਆਉਂਦੇ ਹਨ ਜਦ ਕਿ ਹੋਰ ਲੋਕ ਇਸ ਨੂੰ ਪਸੰਦ ਨਹੀਂ ਕਰਦੇ। ਪਰ ਜ਼ਿਆਦਾਤਰ ਲੋਕਾਂ ਦੁਆਰਾ ਖ਼ੁਸ਼ ਖ਼ਬਰੀ ਨੂੰ ਠੁਕਰਾਉਣ ਦਾ ਇਹ ਮਤਲਬ ਨਹੀਂ ਕਿ ਸਾਡਾ ਕੰਮ ਵਿਅਰਥ ਹੈ। ਧਿਆਨ ਦਿਓ ਕਿ ਸਾਡੀ ਸੇਵਕਾਈ ਦੇ ਕਿਹੜੇ ਕੁਝ ਫ਼ਾਇਦੇ ਹਨ।
2. ਸਾਡੀ ਸੇਵਕਾਈ ਸਾਨੂੰ ਕੀ ਦਿਖਾਉਣ ਦਾ ਮੌਕਾ ਦਿੰਦੀ ਹੈ?
2 ਯਹੋਵਾਹ ਦੀ ਮਹਿਮਾ ਹੁੰਦੀ ਹੈ: ਸ਼ਤਾਨ ਦਾ ਦਾਅਵਾ ਹੈ ਕਿ ਮਨੁੱਖ ਯਹੋਵਾਹ ਦੀ ਸੇਵਾ ਸੁਆਰਥ ਲਈ ਕਰਦੇ ਹਨ। (ਅੱਯੂ. 1:9-11) ਸਾਡੀ ਸੇਵਕਾਈ ਸਾਨੂੰ ਇਹ ਦਿਖਾਉਣ ਦਾ ਮੌਕਾ ਦਿੰਦੀ ਹੈ ਕਿ ਅਸੀਂ ਸੱਚੇ ਦਿਲੋਂ ਉਸ ਦੀ ਭਗਤੀ ਕਰਦੇ ਹਾਂ। ਕਈ ਪ੍ਰਕਾਸ਼ਕ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਪ੍ਰਚਾਰ ਕਰਨ ਤੇ ਚੇਲੇ ਬਣਾਉਣ ਦੇ ਹੁਕਮ ਦੀ ਪਾਲਣਾ ਕਰਨੀ ਜਾਰੀ ਰੱਖਦੇ ਹਨ ਭਾਵੇਂ ਲੋਕ ਉਨ੍ਹਾਂ ਦੀ ਗੱਲ ਸੁਣਨ ਜਾਂ ਨਾ ਸੁਣਨ। ਅਜਿਹੀ ਵਫ਼ਾਦਾਰੀ ਤੋਂ ਯਹੋਵਾਹ ਦਾ ਦਿਲ ਖ਼ੁਸ਼ ਹੁੰਦਾ ਹੈ!—ਕਹਾ. 27:11.
3. ਪਰਮੇਸ਼ੁਰ ਦੇ ਨਾਂ ਤੇ ਉਸ ਦੇ ਮਕਸਦ ਬਾਰੇ ਦੱਸਦੇ ਰਹਿਣਾ ਕਿਉਂ ਇੰਨਾ ਜ਼ਰੂਰੀ ਹੈ?
3 ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਵਿਚ ਸਾਡੀ ਸੇਵਕਾਈ ਦੀ ਭੂਮਿਕਾ ਹੈ। ਸ਼ਤਾਨ ਦੀ ਦੁਨੀਆਂ ਦੇ ਨਾਸ਼ ਦੇ ਸੰਬੰਧ ਵਿਚ ਯਹੋਵਾਹ ਕਹਿੰਦਾ ਹੈ: ‘ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ।’ (ਹਿਜ਼. 39:7) ਕੌਮਾਂ ਲਈ ਇਹ ਜਾਣਨ ਵਾਸਤੇ ਜ਼ਰੂਰੀ ਹੈ ਕਿ ਪਰਮੇਸ਼ੁਰ ਦੇ ਸੇਵਕ “ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ” ਨੂੰ ਉਸ ਦੇ ਨਾਂ ਬਾਰੇ ਦੱਸਦੇ ਰਹਿਣ।—ਪਰ. 14:6, 7.
4. ਪ੍ਰਚਾਰ ਦਾ ਕੰਮ ਨਿਆਂ ਦਾ ਆਧਾਰ ਕਿਵੇਂ ਬਣਦਾ ਹੈ?
4 ਨਿਆਂ ਦਾ ਆਧਾਰ: ਖ਼ੁਸ਼ ਖ਼ਬਰੀ ਦਾ ਪ੍ਰਚਾਰ ਨਿਆਂ ਦਾ ਆਧਾਰ ਵੀ ਬਣਦਾ ਹੈ। ਪੌਲੁਸ ਰਸੂਲ ਨੇ ਕਿਹਾ ਕਿ ਮਸੀਹ ਯਿਸੂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ।” (2 ਥੱਸ. 1:8, 9) ਲੋਕਾਂ ਦਾ ਨਿਆਂ ਇਸ ਆਧਾਰ ਤੇ ਹੋਵੇਗਾ ਕਿ ਉਹ ਖ਼ੁਸ਼ ਖ਼ਬਰੀ ਨੂੰ ਮੰਨਦੇ ਹਨ ਜਾਂ ਨਹੀਂ। ਇਸ ਕਾਰਨ ਪਰਮੇਸ਼ੁਰ ਦੇ ਸੇਵਕਾਂ ਉੱਤੇ ਭਾਰੀ ਜ਼ਿੰਮੇਵਾਰੀ ਹੈ! ਲਹੂ ਦੇ ਦੋਸ਼ੀ ਬਣਨ ਤੋਂ ਬਚਣ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਜ਼ਿੰਦਗੀਆਂ ਬਚਾਉਣ ਵਾਲਾ ਸੰਦੇਸ਼ ਦੇਣ ਤੋਂ ਪਿਛਾਂਹ ਨਾ ਹਟੀਏ।—ਰਸੂ. 20:26, 27.
5. ਸਾਡੀ ਸੇਵਕਾਈ ਤੋਂ ਪਰਮੇਸ਼ੁਰ ਦੀ ਦਇਆ ਦਾ ਸਬੂਤ ਕਿਵੇਂ ਮਿਲਦਾ ਹੈ?
5 ਯਹੋਵਾਹ ਦੀ ਮਿਹਰ ਪਾਉਣ ਵਿਚ ਲੋਕਾਂ ਦੀ ਮਦਦ ਕਰਨ ਵਾਸਤੇ ਕੀਤੇ ਜਾਂਦੇ ਸਾਡੇ ਜਤਨ ਯਹੋਵਾਹ ਦੀ ਦਇਆ ਦਾ ਸਬੂਤ ਹਨ। (1 ਤਿਮੋ. 2:3, 4) ਅਸੀਂ ਜਾਣਦੇ ਹਾਂ ਕਿ ਲੋਕਾਂ ਦੇ ਹਾਲਾਤ ਬਦਲਦੇ ਰਹਿੰਦੇ ਹਨ, ਇਸ ਲਈ ਜਦ ਤਕ ਸਮਾਂ ਹੈ, ਅਸੀਂ ਵਾਰ-ਵਾਰ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਨੂੰ ਯਹੋਵਾਹ ਨੂੰ ਭਾਲਣ ਲਈ ਕਹਿੰਦੇ ਹਾਂ। ਅਸੀਂ ਲੋਕਾਂ ਉੱਤੇ ‘ਵੱਡਾ ਰਹਮ’ ਕਰ ਕੇ ਆਪਣੇ ਪਰਮੇਸ਼ੁਰ ਦੀ ਰੀਸ ਕਰਦੇ ਹਾਂ ‘ਜੋ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।’—ਲੂਕਾ 1:78; 2 ਪਤ. 3:9.
6. ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
6 ਸਾਨੂੰ ਫ਼ਾਇਦਾ ਹੁੰਦਾ ਹੈ: ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣ ਨਾਲ ਸਾਡੀ ਰਾਖੀ ਹੁੰਦੀ ਹੈ। ਇਸ ਨਾਲ ਸਾਨੂੰ ‘ਯਹੋਵਾਹ ਦੇ ਦਿਨ ਨੂੰ ਉਡੀਕਣ’ ਅਤੇ ਅੱਜ ਦੀ ਬੁਰੀ ਦੁਨੀਆਂ ਨਾਲ ਭ੍ਰਿਸ਼ਟ ਹੋਣ ਤੋਂ ਬਚਣ ਵਿਚ ਮਦਦ ਮਿਲਦੀ ਹੈ। (2 ਪਤ. 3:11-14; ਤੀਤੁ. 2:11, 12) ਇਸ ਲਈ ਆਓ ਆਪਾਂ ਇਹ ਜਾਣਦੇ ਹੋਏ ‘ਇਸਥਿਰ ਅਤੇ ਅਡੋਲ ਹੋਈਏ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਈਏ’ ਕਿ ਮਸੀਹੀ ਸੇਵਕਾਈ ਵਿਚ ਸਾਡੀ ਮਿਹਨਤ ਵਿਅਰਥ ਨਹੀਂ ਹੈ।—1 ਕੁਰਿੰ. 15:58.