ਸਮੇਂ ਦੀ ਨਜ਼ਾਕਤ ਨੂੰ ਸਮਝੋ!
1 ਧਰਤੀ ਉੱਤੇ ਰਹਿੰਦਿਆਂ ਯਿਸੂ ਜਾਣਦਾ ਸੀ ਕਿ ਆਪਣੇ ਪਿਤਾ ਦਾ ਕੰਮ ਪੂਰਾ ਕਰਨ ਲਈ ਉਸ ਕੋਲ ਸੀਮਿਤ ਸਮਾਂ ਸੀ। (ਯੂਹੰ. 9:4) ਇਸ ਲਈ ਉਸ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਪੂਰੇ ਜੋਸ਼ ਨਾਲ ਪ੍ਰਚਾਰ ਕੀਤਾ ਤੇ ਆਪਣੇ ਚੇਲਿਆਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਸਿਖਲਾਈ ਦਿੱਤੀ। (ਲੂਕਾ 4:42-44; 8:1; 10:2-4) ਯਿਸੂ ਨੇ ਆਪਣੇ ਆਰਾਮ ਦੀ ਪਰਵਾਹ ਨਾ ਕਰਦੇ ਹੋਏ ਹਮੇਸ਼ਾ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿੱਤੀ। (ਮੱਤੀ 8:20) ਇਸ ਤਰ੍ਹਾਂ ਉਹ ਯਹੋਵਾਹ ਦੇ ਕੰਮ ਨੂੰ ਪੂਰਾ ਕਰ ਸਕਿਆ।—ਯੂਹੰ. 17:4.
2 ਸੀਮਿਤ ਸਮਾਂ: ਅੱਜ “ਸਾਰੀ ਦੁਨੀਆ” ਵਿਚ ਖ਼ੁਸ਼ ਖ਼ਬਰੀ ਸੁਣਾਉਣ ਲਈ ਸਾਡੇ ਕੋਲ ਵੀ ਸੀਮਿਤ ਸਮਾਂ ਹੈ। (ਮੱਤੀ 24:14) ਬਾਈਬਲ ਦੀ ਭਵਿੱਖਬਾਣੀ ਮੁਤਾਬਕ ਅਸੀਂ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ। ਜਿਹੜੇ ਲੋਕ “ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ,” ਜਲਦੀ ਹੀ ‘ਓਹ ਸਜ਼ਾ ਭੋਗਣਗੇ ਅਰਥਾਤ ਸਦਾ ਦਾ ਵਿਨਾਸ।’ (2 ਥੱਸ. 1:6-9) ਇਹ ਨਿਆਂ ਦਾ ਦਿਨ ਕਿਸੇ ਵੀ ਵੇਲੇ ਆ ਸਕਦਾ ਹੈ। (ਲੂਕਾ 21:34, 35; 1 ਥੱਸ. 5:2, 3) ਲੋਕਾਂ ਨੂੰ ਇਸ ਖ਼ਤਰਨਾਕ ਸਥਿਤੀ ਬਾਰੇ ਸੁਚੇਤ ਕਰਨ ਦੀ ਲੋੜ ਹੈ। ਜਦੋਂ ਤਕ ਸਮਾਂ ਹੈ, ਸਾਨੂੰ ਯਹੋਵਾਹ ਦੀ ਮਿਹਰ ਹਾਸਲ ਕਰਨ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।—ਸਫ਼. 2:2, 3.
3 ਪੂਰੀ ਕੋਸ਼ਿਸ਼ ਕਰੋ: ਪਰਮੇਸ਼ੁਰ ਦੇ ਸੇਵਕ ਪੂਰੇ ਜੋਸ਼ ਨਾਲ ਪ੍ਰਚਾਰ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ‘ਸਮਾ ਘੱਟ’ ਹੈ। (1 ਕੁਰਿੰ. 7:29-31; ਮੱਤੀ 6:33) ਕਈਆਂ ਨੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਾਉਣ ਲਈ ਚੰਗੀਆਂ ਨੌਕਰੀਆਂ ਜਾਂ ਤਰੱਕੀ ਦੇ ਮੌਕਿਆਂ ਨੂੰ ਠੁਕਰਾ ਦਿੱਤਾ। (ਮਰ. 10:29, 30) ਹੋਰ ਭੈਣ-ਭਰਾ ਅਜ਼ਮਾਇਸ਼ਾਂ ਦੇ ਬਾਵਜੂਦ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਂਦੇ’ ਹਨ। (1 ਕੁਰਿੰ. 15:58) ਕਈ ਭੈਣ-ਭਰਾ ਦਹਾਕਿਆਂ ਤੋਂ ਵਫ਼ਾਦਾਰੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। (ਇਬ. 10:23) ਪਰਮੇਸ਼ੁਰ ਦੇ ਰਾਜ ਦੇ ਹਿੱਤ ਵਿਚ ਕੀਤੀਆਂ ਇਨ੍ਹਾਂ ਕੁਰਬਾਨੀਆਂ ਦੀ ਯਹੋਵਾਹ ਬਹੁਤ ਕਦਰ ਪਾਉਂਦਾ ਹੈ।—ਇਬ. 6:10.
4 ਯਹੋਵਾਹ ਦੀ ਭਗਤੀ ਅਤੇ ਪ੍ਰਚਾਰ ਦੇ ਕੰਮ ਨੂੰ ਜ਼ਿੰਦਗੀ ਵਿਚ ਪਹਿਲੀ ਥਾਂ ਦੇਣ ਨਾਲ ਅਸੀਂ ਯਹੋਵਾਹ ਦੇ ਨਿਆਂ ਦੇ ਦਿਨ ਨੂੰ ਹਰ ਵੇਲੇ ਚੇਤੇ ਰੱਖਦੇ ਹਾਂ। ਇਸ ਤਰ੍ਹਾਂ ਕਰਕੇ ਅਸੀਂ ਸ਼ਤਾਨ ਦੀ ਦੁਨੀਆਂ ਦੇ ਫੰਦਿਆਂ ਵਿਚ ਨਹੀਂ ਫਸਦੇ, ਸਗੋਂ ਪਵਿੱਤਰ ਚਾਲ-ਚਲਣ ਰੱਖਣ ਦਾ ਸਾਡਾ ਫ਼ੈਸਲਾ ਹੋਰ ਦ੍ਰਿੜ੍ਹ ਹੁੰਦਾ ਹੈ। (2 ਪਤ. 3:11-14) ਜੀ ਹਾਂ, ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਪੂਰੇ ਜੋਸ਼ ਨਾਲ ਪ੍ਰਚਾਰ ਕਰਨ ਨਾਲ ਅਸੀਂ ਆਪਣੀ ਜਾਨ ਅਤੇ ਸਾਡੀ ਗੱਲ ਸੁਣਨ ਵਾਲਿਆਂ ਦੀ ਜਾਨ ਬਚਾ ਸਕਦੇ ਹਾਂ।—1 ਤਿਮੋ. 4:16.