ਜਿਉਂ-ਜਿਉਂ ਅੰਤ ਨੇੜੇ ਆਉਂਦਾ ਜਾਂਦਾ ਹੈ, ਗਵਾਹੀ ਦੇਣ ਦੇ ਕੰਮ ਨੂੰ ਵਧਾਓ
1 ਵਾਢੀ ਦਾ ਸਮਾਂ ਖ਼ੁਸ਼ੀਆਂ ਭਰਿਆ ਸਮਾਂ ਹੁੰਦਾ ਹੈ। ਇਹ ਸਖ਼ਤ ਮਿਹਨਤ ਕਰਨ ਦਾ ਵੀ ਸਮਾਂ ਹੁੰਦਾ ਹੈ। ਫ਼ਸਲਾਂ ਨੂੰ ਇਕੱਠਾ ਕਰਨ ਲਈ ਸੀਮਿਤ ਸਮਾਂ ਹੁੰਦਾ ਹੈ। ਇਸ ਲਈ ਕਾਮਿਆਂ ਨੂੰ ਆਪਣੇ ਕੰਮ ਵਿਚ ਵਿਹਲੇ ਨਹੀਂ ਫਿਰਨਾ ਚਾਹੀਦਾ।
2 ਲਾਖਣਿਕ ਤੌਰ ਤੇ, ਯਿਸੂ ਨੇ ‘ਜੁਗ ਦੇ ਅੰਤ’ ਦੀ ਤੁਲਨਾ ਵਾਢੀ ਦੇ ਸਮੇਂ ਨਾਲ ਕੀਤੀ। (ਮੱਤੀ 13:39) ਅਸੀਂ ਇਸ ਰੀਤੀ-ਵਿਵਸਥਾ ਦੇ ਅੰਤ ਵਿਚ ਰਹਿ ਰਹੇ ਹਾਂ, ਜਿਸ ਵਿਚ ਸਾਡੇ ਕੋਲ “ਸਾਰੀ ਦੁਨੀਆ” ਵਿਚ ਗਵਾਹੀ ਦੇਣ ਲਈ ਸੀਮਿਤ ਸਮਾਂ ਬਚਿਆ ਹੈ। (ਮੱਤੀ 24:14) ਜਿਉਂ-ਜਿਉਂ ਅੰਤ ਨੇੜੇ ਆਉਂਦਾ ਜਾਂਦਾ ਹੈ, ਸਾਨੂੰ ਸੇਵਕਾਈ ਵਿਚ ਆਪਣੇ ਯੋਗਦਾਨ ਨੂੰ ਵਧਾਉਣ ਦੀ ਲੋੜ ਹੈ। ਕਿਉਂ? ਯਿਸੂ ਨੇ ਦੱਸਿਆ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ।”—ਮੱਤੀ 9:37, 38; ਰੋਮੀ. 12:11.
3 ਸਮੇਂ ਦੀ ਲੋੜ ਨੂੰ ਪਛਾਣਦੇ ਹੋਏ ਕੰਮ ਕਰੋ: ਜਦੋਂ ਯਿਸੂ ਨੇ ਆਪਣੇ ਮਹਾਨ ਪ੍ਰਚਾਰ ਕੰਮ ਨੂੰ ਸ਼ੁਰੂ ਕੀਤਾ, ਤਾਂ ਇਸ ਕੰਮ ਨੂੰ ਪੂਰਾ ਕਰਨ ਲਈ ਉਸ ਕੋਲ ਸਿਰਫ਼ ਸਾਢੇ ਤਿੰਨ ਸਾਲ ਦਾ ਸਮਾਂ ਸੀ। ਉਸ ਨੇ ਸਮੇਂ ਦੀ ਲੋੜ ਨੂੰ ਪਛਾਣ ਕੇ ਪ੍ਰਚਾਰ ਕਰਦੇ ਹੋਏ ਕਿਹਾ: ‘ਮੈਨੂੰ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ਖ਼ਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।’—ਲੂਕਾ 4:43.
4 ਯਿਸੂ ਨੇ ਆਪਣੇ ਚੇਲਿਆਂ ਨੂੰ ਵੀ ਇਸੇ ਤਰ੍ਹਾਂ ਹੀ ਸਮੇਂ ਦੀ ਲੋੜ ਨੂੰ ਪਛਾਣਨ ਲਈ ਕਿਹਾ। (ਮਰ. 13:32-37) ਇਸੇ ਕਰਕੇ “ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖ਼ੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ।” (ਰਸੂ. 5:42) ਉਨ੍ਹਾਂ ਨੇ ਆਪਣੇ ਜੀਵਨ ਵਿਚ ਘੱਟ ਮਹੱਤਵ ਵਾਲੀਆਂ ਚੀਜ਼ਾਂ ਨੂੰ ਪਹਿਲ ਨਹੀਂ ਦਿੱਤੀ। ਭਾਵੇਂ ਉਹ ਗਿਣਤੀ ਵਿਚ ਥੋੜ੍ਹੇ ਸਨ, ਉਹ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਸਫ਼ਲ ਹੋਏ।—ਕੁਲੁ. 1:23.
5 ਸਾਨੂੰ ਵੀ ਹੁਣ ਇਸੇ ਤਰ੍ਹਾਂ ਹੀ ਸਮੇਂ ਦੀ ਲੋੜ ਨੂੰ ਪਛਾਣਨ ਦੀ ਹੋਰ ਜ਼ਿਆਦਾ ਲੋੜ ਹੈ ਜਿਉਂ-ਜਿਉਂ “ਸਭਨਾਂ ਵਸਤਾਂ ਦਾ ਅੰਤ ਨੇੜੇ ਹੈ।” (1 ਪਤ. 4:7) ਯਹੋਵਾਹ ਨੇ ਇਸ ਰੀਤੀ ਵਿਵਸਥਾ ਦਾ ਅੰਤ ਕਰਨ ਲਈ ਦਿਨ ਅਤੇ ਘੜੀ ਨਿਯਤ ਕੀਤੀ ਹੈ। (ਮੱਤੀ 24:36) ਬਾਕੀ ਬਚੇ ਸਮੇਂ ਵਿਚ ਪ੍ਰਚਾਰ ਦਾ ਕੰਮ ਖ਼ਤਮ ਕੀਤਾ ਜਾਣਾ ਹੈ। ਇਸ ਕਰਕੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਜਤਨਾਂ ਨੂੰ ਵਧਾਉਂਦੇ ਜਾਵਾਂਗੇ।
6 ਜਿਉਂ-ਜਿਉਂ ਅੰਤ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਆਪਣੇ ਗਵਾਹੀ ਦੇਣ ਦੇ ਕੰਮ ਨੂੰ ਵਧਾਉਣ ਦੁਆਰਾ, ਅਸੀਂ ਯਿਸੂ ਵਾਂਗ ਯਹੋਵਾਹ ਨੂੰ ਸੰਤੁਸ਼ਟਤਾ ਨਾਲ ਕਹਿ ਸਕਾਂਗੇ: ‘ਅਸੀਂ ਉਹ ਕੰਮ ਪੂਰਾ ਕੀਤਾ ਜਿਹੜਾ ਤੈਂ ਸਾਨੂੰ ਕਰਨ ਲਈ ਦਿੱਤਾ ਸੀ।’—ਯੂਹੰ. 17:4.