ਪੈਲੀਆਂ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ ਹਨ
1. ਅੱਜ ਕਿਹੜਾ ਅਹਿਮ ਕੰਮ ਹੋ ਰਿਹਾ ਹੈ?
1 ਯਿਸੂ ਨੇ ਇਕ ਸਾਮਰੀ ਔਰਤ ਨੂੰ ਗਵਾਹੀ ਦੇਣ ਤੋਂ ਬਾਅਦ ਆਪਣੇ ਚੇਲਿਆਂ ਨੂੰ ਕਿਹਾ: “ਆਪਣੀਆਂ ਅੱਖਾਂ ਚੁੱਕੋ ਅਤੇ ਪੈਲੀਆਂ ਨੂੰ ਵੇਖੋ ਜੋ ਓਹ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ” ਹਨ। (ਯੂਹੰ. 4:35, 36) ਪਰਮੇਸ਼ੁਰ ਦੇ ਸੰਦੇਸ਼ ਨੂੰ ਸੁਣਨ ਵਾਲਿਆਂ ਦੀ ਵਾਢੀ ਸ਼ੁਰੂ ਹੋ ਚੁੱਕੀ ਸੀ ਤੇ ਯਿਸੂ ਦੇਖ ਸਕਦਾ ਸੀ ਕਿ ਇਹ ਕੰਮ ਸਾਰੀ ਦੁਨੀਆਂ ਵਿਚ ਕੀਤਾ ਜਾਵੇਗਾ। ਅੱਜ ਵੀ ਸਵਰਗ ਤੋਂ ਯਿਸੂ ਇਸ ਕੰਮ ਵਿਚ ਬਹੁਤ ਦਿਲਚਸਪੀ ਲੈਂਦਾ ਹੈ। (ਮੱਤੀ 28:19, 20) ਸਾਨੂੰ ਕਿੱਦਾਂ ਪਤਾ ਹੈ ਕਿ ਇਹ ਕੰਮ ਤੇਜ਼ੀ ਨਾਲ ਸਿਖਰ ʼਤੇ ਪਹੁੰਚ ਰਿਹਾ ਹੈ?
2. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਦੁਨੀਆਂ ਭਰ ਵਿਚ ਵਾਢੀ ਦਾ ਕੰਮ ਛੇਤੀ-ਛੇਤੀ ਅੱਗੇ ਵਧ ਰਿਹਾ ਹੈ?
2 ਦੁਨੀਆਂ ਭਰ ਵਿਚ ਵਾਢੀ: ਸਾਲ 2009 ਦੇ ਦੌਰਾਨ ਦੁਨੀਆਂ ਭਰ ਵਿਚ ਪਬਲੀਸ਼ਰਾਂ ਦੀ ਗਿਣਤੀ 3.2 ਫੀ ਸਦੀ ਵਧੀ। ਉਨ੍ਹਾਂ ਦੇਸ਼ਾਂ ਵਿਚ ਪਬਲੀਸ਼ਰਾਂ ਦੀ ਗਿਣਤੀ 14 ਫੀ ਸਦੀ ਵਧੀ ਜਿੱਥੇ ਪ੍ਰਚਾਰ ਦੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ। ਹਰ ਮਹੀਨੇ ਰਿਪੋਰਟ ਕੀਤੀਆਂ ਬਾਈਬਲ ਸਟੱਡੀਆਂ ਦੀ ਗਿਣਤੀ 76,19,000 ਤੋਂ ਜ਼ਿਆਦਾ ਸੀ। ਇਹ ਗਿਣਤੀ ਪਬਲੀਸ਼ਰਾਂ ਦੀ ਗਿਣਤੀ ਤੋਂ ਵੀ ਜ਼ਿਆਦਾ ਹੈ ਨਾਲੇ ਪਿੱਛਲੇ ਸਾਲ ਰਿਪੋਰਟ ਕੀਤੀਆਂ ਸਟੱਡੀਆਂ ਦੀ ਗਿਣਤੀ ਨਾਲੋਂ 5 ਲੱਖ ਤੋਂ ਜ਼ਿਆਦਾ ਹੈ! ਕਈ ਇਲਾਕਿਆਂ ਵਿਚ ਪ੍ਰਚਾਰ ਦਾ ਕੰਮ ਵਧਣ ਕਰਕੇ ਤਜਰਬੇਕਾਰ ਪਾਇਨੀਅਰਾਂ ਦੀ ਮੰਗ ਵੀ ਵਧ ਰਹੀ ਹੈ। ਕਈ ਦੇਸ਼ਾਂ ਵਿਚ ਵਿਦੇਸ਼ੀ ਭਾਸ਼ਾਵਾਂ ਬੋਲਣ ਵਾਲੇ ਕਾਫ਼ੀ ਲੋਕ ਸੱਚਾਈ ਵਿਚ ਆ ਰਹੇ ਹਨ। ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਵਾਢੀ ਦੇ ਅੰਤਲੇ ਦਿਨਾਂ ਵਿਚ ਇਸ ਕੰਮ ਨੂੰ ਛੇਤੀ-ਛੇਤੀ ਅਗਾਹਾਂ ਵਧਾ ਰਿਹਾ ਹੈ। (ਯਸਾ. 60:22) ਆਪਣੇ ਇਲਾਕੇ ਦੀਆਂ “ਪੈਲੀਆਂ” ਬਾਰੇ ਤੁਹਾਡਾ ਕੀ ਨਜ਼ਰੀਆ ਹੈ?
3. ਕਈ ਭੈਣ-ਭਰਾ ਆਪਣੇ ਇਲਾਕੇ ਦੀ ਵਾਢੀ ਬਾਰੇ ਕੀ ਸੋਚਦੇ ਹਨ?
3 ਤੁਹਾਡੇ ਇਲਾਕੇ ਦੀ ਵਾਢੀ: ਕੁਝ ਭੈਣ-ਭਰਾ ਕਹਿੰਦੇ ਹਨ ਕਿ “ਸਾਡੇ ਇਲਾਕੇ ਵਿਚ ਤਾਂ ਕੋਈ ਨਹੀਂ ਸੁਣਦਾ।” ਇਹ ਸੱਚ ਹੈ ਕਿ ਕੁਝ ਇਲਾਕਿਆਂ ਵਿਚ ਪਹਿਲਾਂ ਵਾਂਗ ਇੰਨੇ ਲੋਕ ਸਾਡੀ ਗੱਲ ਨਹੀਂ ਸੁਣਦੇ। ਸੋ ਕਈ ਭੈਣ-ਭਰਾ ਸੋਚ ਸਕਦੇ ਹਨ ਕਿ ਇਨ੍ਹਾਂ ਇਲਾਕਿਆਂ ਵਿਚ ਜਿੰਨੀ ਵਾਢੀ ਹੋਣੀ ਸੀ ਉਹ ਹੋ ਚੁੱਕੀ ਹੈ ਤੇ ਹੁਣ ਸੁਣਨ ਵਾਲੇ ਥੋੜ੍ਹੇ ਹੀ ਹਨ। ਪਰ ਕੀ ਇਹ ਗੱਲ ਸੱਚ ਹੈ?
4. ਪ੍ਰਚਾਰ ਦੇ ਕੰਮ ਬਾਰੇ ਸਾਡਾ ਕੀ ਰਵੱਈਆ ਹੋਣਾ ਚਾਹੀਦਾ ਹੈ ਅਤੇ ਕਿਉਂ?
4 ਵਾਢੀ ਦਾ ਸਮਾਂ ਸ਼ੁਰੂ ਤੋਂ ਲੈ ਕੇ ਅੰਤ ਤਕ ਬੜੀ ਮਿਹਨਤ ਦਾ ਸਮਾਂ ਹੁੰਦਾ ਹੈ। ਧਿਆਨ ਦਿਓ ਕਿ ਯਿਸੂ ਨੇ ਇਸ ਕੰਮ ʼਤੇ ਕਿੰਨਾ ਜ਼ੋਰ ਦਿੱਤਾ ਸੀ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।” (ਮੱਤੀ 9:37, 38) ਵਾਢੀ ਦਾ ਮਾਲਕ, ਯਹੋਵਾਹ ਹੀ ਜ਼ਿੰਮੇਵਾਰ ਹੈ ਕਿ ਵਾਢੀ ਕਦੋਂ ਅਤੇ ਕਿੱਥੇ ਕੀਤੀ ਜਾਵੇਗੀ। (ਯੂਹੰ. 6:44; 1 ਕੁਰਿੰ. 3:6-8) ਸਾਡੀ ਕੀ ਜ਼ਿੰਮੇਵਾਰੀ ਬਣਦੀ ਹੈ? ਬਾਈਬਲ ਇਸ ਦਾ ਜਵਾਬ ਦਿੰਦੀ ਹੈ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ।” (ਉਪ. 11:4-6) ਜੀ ਹਾਂ, ਵਾਢੀ ਦਾ ਵੇਲਾ ਢਿੱਲ-ਮੱਠ ਕਰਨ ਦਾ ਸਮਾਂ ਨਹੀਂ ਹੈ!
5. ਸਾਨੂੰ ਉਨ੍ਹਾਂ ਇਲਾਕਿਆਂ ਵਿਚ ਕਿਉਂ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ ਜਿੱਥੇ ਲੱਗਦਾ ਹੈ ਕਿ ਹੋਰ ਕੋਈ ਵੀ ਨਹੀਂ ਸੁਣੇਗਾ?
5 ਵਾਢੀ ਕਰੀ ਜਾਓ: ਜੇ ਸਾਡੇ ਇਲਾਕੇ ਵਿਚ ਵਾਰ-ਵਾਰ ਪ੍ਰਚਾਰ ਹੋ ਚੁੱਕਾ ਹੈ ਅਤੇ ਲੱਗਦਾ ਹੈ ਕਿ ਹੋਰ ਕੋਈ ਵੀ ਸਾਡੀ ਨਹੀਂ ਸੁਣੇਗਾ, ਫਿਰ ਵੀ ਜੋਸ਼ ਨਾਲ ਅਤੇ ਸਮੇਂ ਨੂੰ ਧਿਆਨ ਵਿਚ ਰੱਖ ਕੇ ਪ੍ਰਚਾਰ ਕਰਨ ਦੇ ਚੰਗੇ ਕਾਰਨ ਹਨ। (2 ਤਿਮੋ. 4:2) ਦੁਨੀਆਂ ਵਿਚ ਫੈਲੀ ਗੜਬੜੀ ਨੂੰ ਦੇਖ ਕੇ ਕਈ ਲੋਕ ਆਪਣੇ ਭਵਿੱਖ ਬਾਰੇ ਪਹਿਲਾਂ ਨਾਲੋਂ ਜ਼ਿਆਦਾ ਸੋਚਣ ਲੱਗ ਪੈਂਦੇ ਹਨ। ਬੱਚੇ ਵੱਡੇ ਹੋ ਕੇ ਆਪਣੀ ਸੁਰੱਖਿਆ ਚਾਹੁੰਦੇ ਹਨ ਅਤੇ ਮਨ ਦੀ ਸ਼ਾਂਤੀ ਭਾਲਦੇ ਹਨ। ਪ੍ਰਚਾਰ ਕਰਦੇ ਰਹਿਣ ਨਾਲ ਅਸੀਂ ਕਈਆਂ ʼਤੇ ਚੰਗਾ ਅਸਰ ਪਾ ਸਕਦੇ ਹਾਂ। ਜੀ ਹਾਂ, ਜਿਹੜੇ ਲੋਕ ਪਹਿਲਾਂ ਕਦੇ ਸਾਡੀ ਗੱਲ ਨਹੀਂ ਸੁਣਦੇ ਸਨ ਉਹ ਸ਼ਾਇਦ ਹੁਣ ਸਾਡੀ ਗੱਲ ਸੁਣਨ। ਇਸ ਤੋਂ ਇਲਾਵਾ, ਸਾਨੂੰ ਉਨ੍ਹਾਂ ਲੋਕਾਂ ਨੂੰ ਵੀ ਚੇਤਾਵਨੀ ਦੇਣ ਦੀ ਲੋੜ ਹੈ ਜਿਹੜੇ ਜਾਣ-ਬੁੱਝ ਕੇ ਸਾਡੇ ਸੰਦੇਸ਼ ਨੂੰ ਰੱਦ ਕਰਦੇ ਹਨ। ਪਰ ਜੇ ਉਹ ਸਾਡੀ ਗੱਲ ਨਾ ਸੁਣਨ ਦੇ ਨਾਲ-ਨਾਲ ਸਾਡਾ ਹੱਦੋਂ-ਵਧ ਵਿਰੋਧ ਕਰਨ, ਤਾਂ ਸਾਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ।—ਹਿਜ਼. 2:4, 5; 3:19.
6. ਜੇ ਸਾਡੇ ਇਲਾਕੇ ਵਿਚ ਪ੍ਰਚਾਰ ਕਰਨਾ ਮੁਸ਼ਕਲ ਹੈ, ਤਾਂ ਜੋਸ਼ ਬਣਾਈ ਰੱਖਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ?
6 ਜੇ ਸਾਡੇ ਇਲਾਕੇ ਵਿਚ ਪ੍ਰਚਾਰ ਕਰਨਾ ਮੁਸ਼ਕਲ ਹੈ, ਤਾਂ ਅਸੀਂ ਆਪਣਾ ਜੋਸ਼ ਕਿੱਦਾਂ ਬਣਾਈ ਰੱਖ ਸਕਦੇ ਹਾਂ? ਅਸੀਂ ਘਰ-ਘਰ ਪ੍ਰਚਾਰ ਕਰਨ ਤੋਂ ਇਲਾਵਾ ਹੋਰ ਤਰੀਕੇ ਵੀ ਵਰਤ ਸਕਦੇ ਹਾਂ ਜਿਵੇਂ ਕਿ ਦੁਕਾਨਾਂ ਤੇ ਜਾ ਕੇ ਜਾਂ ਟੈਲੀਫ਼ੋਨ ਕਰ ਕੇ ਗਵਾਹੀ ਦੇਣੀ। ਅਸੀਂ ਵੱਖੋ-ਵੱਖਰੀਆਂ ਪੇਸ਼ਕਾਰੀਆਂ ਕਰ ਕੇ ਆਪਣੀ ਸੇਵਾ ਵਿਚ ਨਵਾਂਪਣ ਲਿਆ ਸਕਦੇ ਹਾਂ। ਅਸੀਂ ਨੇਕਦਿਲ ਲੋਕਾਂ ਨੂੰ ਲੱਭਣ ਲਈ ਸੂਝ-ਬੂਝ ਅਤੇ ਸਮਝਦਾਰੀ ਵਰਤ ਸਕਦੇ ਹਾਂ। ਅਸੀਂ ਸ਼ਾਮ ਨੂੰ ਜਾਂ ਕਿਸੇ ਹੋਰ ਸਮੇਂ ਪ੍ਰਚਾਰ ਕਰ ਸਕਦੇ ਹਾਂ ਜਦੋਂ ਜ਼ਿਆਦਾ ਲੋਕ ਘਰ ਹੋਣ। ਅਸੀਂ ਨਵੀਂ ਭਾਸ਼ਾ ਸਿੱਖ ਸਕਦੇ ਹਾਂ ਤਾਂਕਿ ਅਸੀਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕੀਏ। ਅਸੀਂ ਰੈਗੂਲਰ ਪਾਇਨੀਅਰਿੰਗ ਕਰ ਕੇ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈ ਸਕਦੇ ਹਾਂ। ਜਾਂ ਅਸੀਂ ਉਸ ਜਗ੍ਹਾ ਜਾ ਸਕਦੇ ਹਾਂ ਜਿੱਥੇ ਵਾਢਿਆਂ ਦੀ ਜ਼ਿਆਦਾ ਲੋੜ ਹੋਵੇ। ਜੇ ਅਸੀਂ ਵਾਢੀ ਬਾਰੇ ਸਹੀ ਰਵੱਈਆ ਰੱਖਾਂਗੇ, ਤਾਂ ਅਸੀਂ ਇਸ ਅਹਿਮ ਕੰਮ ਵਿਚ ਪੂਰਾ-ਪੂਰਾ ਹਿੱਸਾ ਲਵਾਂਗੇ।
7. ਸਾਨੂੰ ਕਦੋਂ ਤਕ ਵਾਢੀ ਦੇ ਕੰਮ ਵਿਚ ਲੱਗੇ ਰਹਿਣਾ ਚਾਹੀਦਾ ਹੈ?
7 ਫ਼ਸਲ ਇਕੱਠੀ ਕਰਨ ਲਈ ਕਿਸਾਨਾਂ ਕੋਲ ਥੋੜ੍ਹਾ ਹੀ ਸਮਾਂ ਹੁੰਦਾ ਹੈ। ਇਸ ਕਰਕੇ ਉਹ ਕੰਮ ਖ਼ਤਮ ਹੋਣ ਤਕ ਹੱਥ ਉੱਤੇ ਹੱਥ ਧਰ ਕੇ ਨਹੀਂ ਬੈਠੇ ਰਹਿੰਦੇ। ਵਾਢੀ ਦਾ ਕੰਮ ਕੋਈ ਘੱਟ ਅਹਿਮੀਅਤ ਨਹੀਂ ਰੱਖਦਾ। ਪਰ ਸਾਨੂੰ ਕਦ ਤਕ ਇਹ ਕੰਮ ਕਰਦੇ ਰਹਿਣਾ ਚਾਹੀਦਾ ਹੈ? “ਜੁਗ ਦੇ ਅੰਤ” ਤਕ। (ਮੱਤੀ 24:14; 28:20) ਯਹੋਵਾਹ ਦੇ ਸਭ ਤੋਂ ਮੁੱਖ ਸੇਵਕ ਯਿਸੂ ਦੀ ਤਰ੍ਹਾਂ ਅਸੀਂ ਵੀ ਸੌਂਪੇ ਗਏ ਕੰਮ ਨੂੰ ਪੂਰਾ ਕਰਨਾ ਚਾਹੁੰਦੇ ਹਾਂ। (ਯੂਹੰ. 4:34; 17:4) ਆਓ ਆਪਾਂ ਅੰਤ ਤਕ ਖ਼ੁਸ਼ੀ-ਖ਼ੁਸ਼ੀ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਦੇ ਰਹੀਏ। (ਮੱਤੀ 24:13) ਵਾਢੀ ਦਾ ਸਮਾਂ ਅਜੇ ਖ਼ਤਮ ਨਹੀਂ ਹੋਇਆ!
[ਸਫ਼ਾ 2 ਉੱਤੇ ਸੁਰਖੀ]
ਵਾਢੀ ਦਾ ਸਮਾਂ ਸ਼ੁਰੂ ਤੋਂ ਲੈ ਕੇ ਅੰਤ ਤਕ ਬੜੀ ਮਿਹਨਤ ਦਾ ਸਮਾਂ ਹੁੰਦਾ ਹੈ