ਕੀ ਤੁਸੀਂ ਮਦਦ ਕਰ ਸਕਦੇ ਹੋ?
1 ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀ ਮਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦਾ ਹੈ। (2 ਇਤ. 16:9; ਯਸਾ. 41:10, 13) ਯਸਾਯਾਹ ਨੇ ਯਹੋਵਾਹ ਦੀ ਤੁਲਨਾ ਚੰਗੇ ਚਰਵਾਹੇ ਨਾਲ ਕਰਦੇ ਹੋਏ ਲਿਖਿਆ: “ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ ਹੌਲੀ ਤੋਰੇਗਾ।” (ਯਸਾ. 40:11) ਆਓ ਆਪਾਂ ਦੇਖੀਏ ਕਿ ਦੂਸਰਿਆਂ ਦੀ ਮਦਦ ਕਰਨ ਦੇ ਮਾਮਲੇ ਵਿਚ ਅਸੀਂ ਯਹੋਵਾਹ ਦੀ ਕਿਵੇਂ ਰੀਸ ਕਰ ਸਕਦੇ ਹਾਂ।
2 ਨਵਿਆਂ ਵੱਲ ਦੋਸਤੀ ਦਾ ਹੱਥ ਵਧਾਓ: ਅਸੀਂ ਨਵੇਂ ਲੋਕਾਂ ਨਾਲ ਸੰਗਤ ਕਰ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। (ਕਹਾ. 13:20) ਇਕ ਭਰਾ ਯਾਦ ਕਰਦਾ ਹੈ ਕਿ ਜਦੋਂ ਉਹ ਨਵਾਂ-ਨਵਾਂ ਕਲੀਸਿਯਾ ਵਿਚ ਆਇਆ ਸੀ, ਤਾਂ ਦੂਸਰੇ ਉਸ ਨਾਲ ਬਹੁਤ ਪਿਆਰ ਨਾਲ ਪੇਸ਼ ਆਏ ਸਨ। ਉਹ ਦੱਸਦਾ ਹੈ: “ਇਕ ਪਰਿਵਾਰ ਨੇ ਆਪਣੇ ਪਰਿਵਾਰਕ ਅਧਿਐਨ ਵਿਚ ਮੈਨੂੰ ਕਈ ਵਾਰ ਸ਼ਾਮਲ ਕੀਤਾ। ਜਦੋਂ ਮੈਂ ਸੱਚਾਈ ਵਿਚ ਤਰੱਕੀ ਕੀਤੀ, ਤਾਂ ਇਕ ਜਵਾਨ ਪਾਇਨੀਅਰ ਜੋੜਾ ਮੈਨੂੰ ਨਿਯਮਿਤ ਤੌਰ ਤੇ ਖੇਤਰ ਸੇਵਕਾਈ ਵਿਚ ਲੈ ਕੇ ਜਾਂਦਾ ਸੀ। ਅਸੀਂ ਪੂਰਾ-ਪੂਰਾ ਦਿਨ ਪ੍ਰਚਾਰ ਕਰਦੇ ਸੀ। ਉਨ੍ਹਾਂ ਨਾਲ ਹੋਈਆਂ ਅਧਿਆਤਮਿਕ ਗੱਲਾਂ-ਬਾਤਾਂ ਤੋਂ ਮੈਨੂੰ ਬਹੁਤ ਉਤਸ਼ਾਹ ਮਿਲਿਆ।” ਫਿਰ ਉਹ ਅੱਗੇ ਕਹਿੰਦਾ ਹੈ: “ਮਸੀਹੀ ਬਣਨ ਤੋਂ ਪਹਿਲਾਂ ਮੈਂ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤ ਪਾਰਟੀਆਂ ਵਿਚ ਲੰਘਾ ਦਿੰਦਾ ਸੀ। ਪਰ ਭਰਾਵਾਂ ਨਾਲ ਸਮਾਂ ਬਿਤਾ ਕੇ ਮੈਨੂੰ ਇੰਨਾ ਮਜ਼ਾ ਆਇਆ ਕਿ ਮੈਨੂੰ ਹੋਰ ਦਿਲ-ਪਰਚਾਵੇ ਦੀ ਲੋੜ ਮਹਿਸੂਸ ਨਹੀਂ ਹੋਈ।” ਜੀ ਹਾਂ, ਕਲੀਸਿਯਾ ਦੇ ਮੈਂਬਰਾਂ ਦੇ ਪਿਆਰ ਅਤੇ ਮਦਦ ਨਾਲ ਇਸ ਭਰਾ ਨੇ ਨਿਹਚਾ ਵਿਚ ਜੜ੍ਹ ਫੜੀ ਤੇ ਦ੍ਰਿੜ੍ਹ ਹੋਇਆ। ਉਹ ਹੁਣ ਬੈਥਲ ਵਿਚ ਸੇਵਾ ਕਰਦਾ ਹੈ।—ਕੁਲੁ. 2:6, 7.
3 ਇਕ ਦੂਸਰੇ ਨੂੰ ਮਜ਼ਬੂਤ ਕਰੋ: ਜਦੋਂ ਸਾਡੇ ਭਰਾ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਨ, ਤਾਂ ਸਾਡੇ ਕੋਲ ਉਨ੍ਹਾਂ ਦੀ ਮਦਦ ਕਰਨ ਦਾ ਵਧੀਆ ਮੌਕਾ ਹੁੰਦਾ ਹੈ। ਜੇ ਕੋਈ ਭੈਣ ਜਾਂ ਭਰਾ ਮਾੜੀ ਸਿਹਤ ਕਰਕੇ ਖੇਤਰ ਸੇਵਕਾਈ ਵਿਚ ਨਹੀਂ ਜਾ ਸਕਦਾ, ਤਾਂ ਕੀ ਤੁਸੀਂ ਉਸ ਨਾਲ ਮਿਲ ਕੇ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਦਾ ਪ੍ਰਬੰਧ ਕਰ ਸਕਦੇ ਹੋ? ਕੀ ਤੁਸੀਂ ਉਸ ਨੂੰ ਆਪਣੇ ਨਾਲ ਬਾਈਬਲ ਸਟੱਡੀਆਂ ਤੇ ਲਿਜਾ ਸਕਦੇ ਹੋ ਜਾਂ ਬਾਈਬਲ ਵਿਦਿਆਰਥੀ ਨੂੰ ਉਸ ਦੇ ਘਰ ਬੁਲਾ ਸਕਦੇ ਹੋ? ਜੇ ਕਿਸੇ ਭੈਣ ਜਾਂ ਭਰਾ ਦੇ ਛੋਟੇ-ਛੋਟੇ ਬੱਚੇ ਹਨ, ਤਾਂ ਕੀ ਤੁਸੀਂ ਖੇਤਰ ਸੇਵਕਾਈ ਦੌਰਾਨ ਉਸ ਦੇ ਬੱਚਿਆਂ ਨੂੰ ਸਾਂਭਣ ਵਿਚ ਮਦਦ ਕਰ ਸਕਦੇ ਹੋ? ਜੇ ਕੋਈ ਪ੍ਰਕਾਸ਼ਕ ਪੁਨਰ-ਮੁਲਾਕਾਤਾਂ ਕਰਨ ਤੋਂ ਡਰਦਾ ਹੈ, ਤਾਂ ਕੀ ਤੁਸੀਂ ਇਸ ਕੰਮ ਵਿਚ ਜਾਂ ਸੇਵਕਾਈ ਦੇ ਕਿਸੇ ਹੋਰ ਪਹਿਲੂ ਵਿਚ ਉਸ ਦੀ ਮਦਦ ਕਰ ਸਕਦੇ ਹੋ? ਜੇ ਅਸੀਂ ਪਿਆਰ ਨਾਲ ਭਰਾਵਾਂ ਵਿਚ ਦਿਲਚਸਪੀ ਲਈਏ, ਤਾਂ ਸਾਨੂੰ ਉਨ੍ਹਾਂ ਦਾ ਹੌਸਲਾ ਵਧਾਉਣ ਦੇ ਕਈ ਮੌਕੇ ਨਜ਼ਰ ਆਉਣਗੇ।—ਰੋਮੀ. 14:19.
4 ਯਹੋਵਾਹ ਆਪਣੇ ਸੇਵਕਾਂ ਦੀ ਬਹੁਤ ਪਰਵਾਹ ਕਰਦਾ ਹੈ। ਉਸ ਦੀ ਰੀਸ ਕਰਦੇ ਹੋਏ ਅਸੀਂ ਵੀ ਇਕ ਦੂਸਰੇ ਨੂੰ ਮਜ਼ਬੂਤ ਕਰਾਂਗੇ, ਕਲੀਸਿਯਾ ਵਿਚ ਪਿਆਰ ਵਧਾਵਾਂਗੇ ਅਤੇ ਆਪਣੇ ਪਿਤਾ ਪਰਮੇਸ਼ੁਰ ਦੀ ਸ਼ੋਭਾ ਵਧਾਵਾਂਗੇ।—ਅਫ਼. 4:16.