ਵਫ਼ਾਦਾਰ ਬਿਰਧ ਭੈਣ-ਭਰਾਵਾਂ ਨੂੰ ਨਾ ਭੁੱਲੋ
1 ਚੁਰਾਸੀ ਸਾਲਾਂ ਦੀ ਆੱਨਾ ਇਕ ਵਿਧਵਾ ਸੀ, ਪਰ ਵਧਦੀ ਉਮਰ ਦੇ ਬਾਵਜੂਦ ਵੀ ਉਹ “ਹੈਕਲ ਨੂੰ ਨਾ ਛੱਡਦੀ” ਸੀ। ਉਸ ਦੀ ਵਫ਼ਾਦਾਰੀ ਨੂੰ ਦੇਖ ਕੇ ਯਹੋਵਾਹ ਨੇ ਉਸ ਨੂੰ ਇਕ ਵੱਡੀ ਬਰਕਤ ਦਿੱਤੀ। (ਲੂਕਾ 2:36-38) ਅੱਜ ਵੀ ਬਹੁਤ ਸਾਰੇ ਭੈਣ-ਭਰਾ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆੱਨਾ ਵਰਗੀ ਮਨੋਬਿਰਤੀ ਦਿਖਾਉਂਦੇ ਹਨ। ਜਦੋਂ ਇਹ ਵਫ਼ਾਦਾਰ ਭੈਣ-ਭਰਾ ਬੁਢਾਪੇ ਕਰਕੇ ਬੀਮਾਰੀਆਂ ਜਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ, ਤਾਂ ਉਹ ਕਦੇ-ਕਦੇ ਨਿਰਾਸ਼ ਹੋ ਸਕਦੇ ਹਨ। ਆਓ ਆਪਾ ਕੁਝ ਤਰੀਕਿਆਂ ਉੱਤੇ ਗੌਰ ਕਰੀਏ ਜਿਨ੍ਹਾਂ ਨਾਲ ਅਸੀਂ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਾਂ ਅਤੇ ਅਧਿਆਤਮਿਕ ਕੰਮਾਂ ਵਿਚ ਰੁੱਝੇ ਰਹਿਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ।
2 ਸਭਾਵਾਂ ਅਤੇ ਪ੍ਰਚਾਰ ਦਾ ਕੰਮ: ਕਈ ਵਫ਼ਾਦਾਰ ਬਿਰਧ ਭੈਣ-ਭਰਾਵਾਂ ਲਈ ਉਦੋਂ ਮਸੀਹੀ ਸਭਾਵਾਂ ਵਿਚ ਬਾਕਾਇਦਾ ਆਉਣਾ ਜ਼ਿਆਦਾ ਆਸਾਨ ਹੁੰਦਾ ਹੈ ਜਦੋਂ ਦੂਸਰੇ ਭੈਣ-ਭਰਾ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਜਾਣ ਦਾ ਪ੍ਰਬੰਧ ਕਰਦੇ ਹਨ। ਸਭਾਵਾਂ ਵਿਚ ਆਉਣ ਨਾਲ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਇਹ ਭੈਣ-ਭਰਾ ਅਧਿਆਤਮਿਕ ਤੌਰ ਤੇ ਮਜ਼ਬੂਤ ਹੁੰਦੇ ਹਨ ਅਤੇ ਉਨ੍ਹਾਂ ਦੀ ਮੌਜੂਦਗੀ ਤੋਂ ਕਲੀਸਿਯਾ ਨੂੰ ਵੀ ਲਾਭ ਹੁੰਦਾ ਹੈ। ਕੀ ਤੁਸੀਂ ਇਸ ਭਲੇ ਕੰਮ ਵਿਚ ਹਿੱਸਾ ਲਿਆ ਹੈ?—ਇਬ. 13:16.
3 ਬਾਕਾਇਦਾ ਪ੍ਰਚਾਰ ਕਰਨ ਨਾਲ ਸੱਚੇ ਮਸੀਹੀਆਂ ਨੂੰ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ। ਪਰ ਬਿਰਧ ਅਤੇ ਬੀਮਾਰ ਭੈਣ-ਭਰਾਵਾਂ ਲਈ ਬਾਕਾਇਦਾ ਪ੍ਰਚਾਰ ਵਿਚ ਜਾਣਾ ਬਹੁਤ ਔਖਾ ਹੋ ਸਕਦਾ ਹੈ। ਕੀ ਤੁਸੀਂ ‘ਆਪਣੇ ਨਾਲ ਦੇ ਕੰਮ ਕਰਨ ਵਾਲੇ’ ਇਨ੍ਹਾਂ ਪਿਆਰੇ ਭੈਣ-ਭਰਾਵਾਂ ਵਿੱਚੋਂ ਕਿਸੇ ਇਕ ਦੀ ਮਦਦ ਕਰ ਸਕਦੇ ਹੋ, ਤਾਂਕਿ ਉਹ ਵੀ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਸਕੇ? (ਰੋਮੀ. 16:3, 9, 21) ਸ਼ਾਇਦ ਤੁਸੀਂ ਫ਼ੋਨ ਰਾਹੀਂ ਪ੍ਰਚਾਰ ਕਰਨ, ਪੁਨਰ-ਮੁਲਾਕਾਤ ਕਰਨ ਜਾਂ ਬਾਈਬਲ ਸਟੱਡੀ ਕਰਨ ਵਿਚ ਉਸ ਨੂੰ ਸ਼ਾਮਲ ਕਰ ਸਕਦੇ ਹੋ। ਜੇ ਕੋਈ ਬਜ਼ੁਰਗ ਭੈਣ ਜਾਂ ਭਰਾ ਘਰੋਂ ਬਾਹਰ ਨਹੀਂ ਜਾ ਸਕਦਾ, ਤਾਂ ਕੀ ਤੁਸੀਂ ਆਪਣੇ ਬਾਈਬਲ ਵਿਦਿਆਰਥੀ ਨੂੰ ਉਸ ਦੇ ਘਰ ਬੁਲਾ ਕੇ ਸਟੱਡੀ ਕਰਾ ਸਕਦੇ ਹੋ?
4 ਅਧਿਐਨ ਅਤੇ ਸੰਗਤੀ: ਕੁਝ ਭੈਣ-ਭਰਾ ਸਮੇਂ-ਸਮੇਂ ਤੇ ਆਪਣੇ ਪਰਿਵਾਰਕ ਅਧਿਐਨ ਵਿਚ ਕਿਸੇ ਬਿਰਧ ਜਾਂ ਬੀਮਾਰ ਭੈਣ ਜਾਂ ਭਰਾ ਨੂੰ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਨ। ਕਈ ਤਾਂ ਉਨ੍ਹਾਂ ਦੇ ਘਰ ਜਾ ਕੇ ਅਧਿਐਨ ਕਰਦੇ ਹਨ। ਇਕ ਮਾਤਾ ਆਪਣੇ ਦੋ ਛੋਟੇ ਬੱਚਿਆਂ ਨੂੰ ਇਕ ਬਿਰਧ ਭੈਣ ਦੇ ਘਰ ਲੈ ਕੇ ਜਾਂਦੀ ਸੀ ਅਤੇ ਉੱਥੇ ਉਨ੍ਹਾਂ ਨਾਲ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਵਿੱਚੋਂ ਸਟੱਡੀ ਕਰਦੀ ਸੀ। ਇਸ ਸੰਗਤੀ ਤੋਂ ਉਨ੍ਹਾਂ ਨੂੰ ਅਤੇ ਬਿਰਧ ਭੈਣ ਨੂੰ ਵੀ ਲਾਭ ਹੋਇਆ। ਬਿਰਧ ਭੈਣ-ਭਰਾਵਾਂ ਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਉਨ੍ਹਾਂ ਨੂੰ ਭੈਣ-ਭਰਾ ਆਪਣੇ ਘਰ ਖਾਣੇ ਤੇ ਬੁਲਾਉਂਦੇ ਹਨ ਜਾਂ ਹੋਰ ਕਿਸੇ ਮੌਕੇ ਤੇ ਸੱਦਦੇ ਹਨ। ਜੇ ਬੀਮਾਰ ਭੈਣ-ਭਰਾ ਇੰਨੇ ਕਮਜ਼ੋਰ ਹਨ ਕਿ ਉਹ ਜ਼ਿਆਦਾ ਦੇਰ ਤਕ ਉੱਠ-ਬੈਠ ਨਹੀਂ ਸਕਦੇ, ਤਾਂ ਤੁਸੀਂ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਕੁਝ ਪੜ੍ਹ ਕੇ ਸੁਣਾ ਸਕਦੇ ਹੋ, ਉਨ੍ਹਾਂ ਨਾਲ ਪ੍ਰਾਰਥਨਾ ਕਰ ਸਕਦੇ ਹੋ ਜਾਂ ਉਨ੍ਹਾਂ ਨੂੰ ਕੋਈ ਵਧੀਆ ਤਜਰਬਾ ਸੁਣਾ ਸਕਦੇ ਹੋ।—ਰੋਮੀ. 1:11, 12.
5 ਯਹੋਵਾਹ ਆਪਣੇ ਵਫ਼ਾਦਾਰ ਬਿਰਧ ਸੇਵਕਾਂ ਦੀ ਬਹੁਤ ਕਦਰ ਕਰਦਾ ਹੈ। (ਇਬ. 6:10, 11) ਅਸੀਂ ਵੀ ਉਨ੍ਹਾਂ ਪ੍ਰਤੀ ਕਦਰਦਾਨੀ ਦਿਖਾ ਕੇ ਅਤੇ ਅਧਿਆਤਮਿਕ ਕੰਮਾਂ ਵਿਚ ਰੁੱਝੇ ਰਹਿਣ ਵਿਚ ਉਨ੍ਹਾਂ ਦੀ ਮਦਦ ਕਰ ਕੇ ਯਹੋਵਾਹ ਦੀ ਰੀਸ ਕਰ ਸਕਦੇ ਹਾਂ।