ਕੀ ਤੁਸੀਂ ਦੂਸਰਿਆਂ ਦੀ ਮਦਦ ਕਰਨੀ ‘ਚਾਹੁੰਦੇ’ ਹੋ?
1 ਯਿਸੂ ਸੱਚੇ ਦਿਲੋਂ ਲੋਕਾਂ ਦੀ ਚਿੰਤਾ ਕਰਦਾ ਸੀ। ਜਦੋਂ ਇਕ ਕੋੜ੍ਹੀ ਨੇ ਉਸ ਨੂੰ ਮਦਦ ਲਈ ਬੇਨਤੀ ਕੀਤੀ, ਤਾਂ ਯਿਸੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੋਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।” (ਟੇਢੇ ਟਾਈਪ ਸਾਡੇ।) (ਮਰ. 1:40-42) ਅਸੀਂ ਯਿਸੂ ਦੀ ਰੀਸ ਕਰਦੇ ਹੋਏ ਕਿਹੜੇ ਤਰੀਕਿਆਂ ਨਾਲ ਦੂਸਰਿਆਂ ਦੀ ਮਦਦ ਕਰ ਸਕਦੇ ਹਾਂ?
2 ਰੁਚੀ ਰੱਖਣ ਵਾਲੇ ਲੋਕ: ਜਦੋਂ ਲੋਕ ਸੱਚਾਈ ਵਿਚ ਦਿਲਚਸਪੀ ਲੈਂਦੀ ਹਨ, ਤਾਂ ਕਲੀਸਿਯਾ ਦੇ ਸਾਰੇ ਮੈਂਬਰ ਉਨ੍ਹਾਂ ਦੀ ਮਦਦ ਕਰ ਸਕਦੇ ਹਨ ਤਾਂਕਿ ਉਹ ਵੀ ਯਹੋਵਾਹ ਦੇ ਉਪਾਸਕ ਬਣ ਸਕਣ। ਸਭਾਵਾਂ ਵਿਚ ਆਏ ਨਵੇਂ ਲੋਕਾਂ ਦਾ ਸੁਆਗਤ ਕਰੋ ਤੇ ਜਾਣ-ਪਛਾਣ ਵਧਾਓ। ਉਨ੍ਹਾਂ ਨੂੰ ਉਤਸ਼ਾਹ ਦੇਣ ਦੇ ਤਰੀਕੇ ਲੱਭੋ। ਉਨ੍ਹਾਂ ਦੀਆਂ ਟਿੱਪਣੀਆਂ ਲਈ ਉਨ੍ਹਾਂ ਦੀ ਸ਼ਲਾਘਾ ਕਰੋ। ਜੇ ਉਹ ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਸਿਧਾਂਤ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਉਨ੍ਹਾਂ ਦੀ ਪ੍ਰਸ਼ੰਸਾ ਕਰੋ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਦਿਲਾਓ ਕਿ ਉਹ ਕਲੀਸਿਯਾ ਵਿਚ ਸੱਚੇ ਦੋਸਤ ਬਣਾ ਸਕਦੇ ਹਨ।
3 ਸਾਥੀ ਮਸੀਹੀ: ਸਾਨੂੰ ਖ਼ਾਸਕਰ “ਨਿਹਚਾਵਾਨਾਂ” ਦੀ ਹਰ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ। (ਗਲਾ. 6:10) ਕਈ ਭੈਣ-ਭਰਾ ਬੀਮਾਰ ਹੋਣ ਕਰਕੇ ਦੁਖੀ ਹਨ। ਅਸੀਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਉਨ੍ਹਾਂ ਨੂੰ ਜਾ ਕੇ ਮਿਲ ਸਕਦੇ ਹਾਂ ਜਾਂ ਅਸੀਂ ਕੁਝ ਵਿਵਹਾਰਕ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਉਹ ਭੈਣ-ਭਰਾਵਾਂ ਨਾਲ ਬਾਕਾਇਦਾ ਸੰਗਤੀ ਕਰ ਸਕਣਗੇ। ਕੁਝ ਭੈਣ-ਭਰਾ ਸ਼ਾਇਦ ਦੂਸਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹੋਣ। ਉਨ੍ਹਾਂ ਦੀ ਪਰਵਾਹ ਕਰੋ ਅਤੇ ਸਮਾਂ ਕੱਢ ਕੇ ਉਨ੍ਹਾਂ ਦੀ ਗੱਲ ਸੁਣੋ ਤੇ ਉਨ੍ਹਾਂ ਦਾ ਹੌਸਲਾ ਵਧਾਓ। (1 ਥੱਸ. 5:14) ਬਜ਼ੁਰਗਾਂ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਸਾਡੇ ਸਹਿਯੋਗ ਦੀ ਲੋੜ ਹੁੰਦੀ ਹੈ। (ਇਬ. 13:17) ਆਪਣੇ ਸਾਥੀ ਮਸੀਹੀਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣ ਨਾਲ ਅਸੀਂ ਉਨ੍ਹਾਂ ਨੂੰ “ਤਸੱਲੀ” ਦੇ ਸਕਾਂਗੇ।—ਕੁਲੁ. 4:11.
4 ਪਰਿਵਾਰ ਦੇ ਮੈਂਬਰ: ਸਾਨੂੰ ਯਿਸੂ ਦੀ ਨਕਲ ਕਰਦੇ ਹੋਏ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਵੀ ਚਿੰਤਾ ਕਰਨੀ ਚਾਹੀਦੀ ਹੈ। ਮਾਪੇ ਆਪਣੇ ਬੱਚਿਆਂ ਦੀ ਡੂੰਘੀ ਚਿੰਤਾ ਕਰਦੇ ਹਨ, ਇਸ ਲਈ ਉਹ ‘ਆਪਣੇ ਬਾਲਕਾਂ ਦੀ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਪਾਲਨਾ ਕਰਦੇ ਹਨ।’ (ਅਫ਼. 6:4) ਬੱਚੇ ਵੀ ਪਰਿਵਾਰਕ ਅਧਿਐਨ, ਕਲੀਸਿਯਾ ਸਭਾਵਾਂ ਜਾਂ ਪ੍ਰਚਾਰ ਦੇ ਕੰਮ ਲਈ ਸਮੇਂ ਸਿਰ ਤਿਆਰ ਹੋ ਕੇ ਮਾਪਿਆਂ ਦੀ ਮਦਦ ਕਰ ਸਕਦੇ ਹਨ। ਵੱਡੇ ਹੋ ਚੁੱਕੇ ਬੱਚੇ ਯਿਸੂ ਦੀ ਦਇਆ ਦੀ ਰੀਸ ਕਰਦੇ ਹੋਏ ਬੜੇ ਪਿਆਰ ਨਾਲ ਆਪਣੇ ਮਾਪਿਆਂ ਦੀ ਦੇਖ-ਭਾਲ ਕਰਦੇ ਹਨ ਤਾਂਕਿ ਉਹ ਵਧਦੀ ਉਮਰ ਦੀਆਂ ਸਮੱਸਿਆਵਾਂ ਨਾਲ ਜੂਝ ਸਕਣ। ਅਜਿਹੇ ਕਈ ਤਰੀਕਿਆਂ ਨਾਲ ਅਸੀਂ ਸਾਰੇ ‘ਆਪਣੇ ਘਰਾਣੇ ਨਾਲ ਧਰਮ ਕਮਾ’ ਸਕਦੇ ਹਾਂ।—1 ਤਿਮੋ. 5:4.
5 ਜਦੋਂ ਅਸੀਂ ਯਿਸੂ ਦੀ ਰੀਸ ਕਰ ਕੇ ਦੂਸਰਿਆਂ ਦੀ ਮਦਦ ਕਰਦੇ ਹਾਂ, ਤਾਂ ਇਸ ਨਾਲ ਸਾਡੇ ਪਰਿਵਾਰ ਵਿਚ ਅਤੇ ਕਲੀਸਿਯਾ ਵਿਚ ਸਮੱਸਿਆਵਾਂ ਘੱਟ ਸਕਦੀਆਂ ਹਨ ਅਤੇ ਸਾਰਿਆਂ ਵਿਚ ਆਪਸੀ ਪਿਆਰ ਵਧੇਗਾ। ਅਤੇ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ‘ਦਿਆਲਗੀਆਂ ਦੇ ਪਿਤਾ’ ਯਹੋਵਾਹ ਦੀ ਮਹਿਮਾ ਹੁੰਦੀ ਹੈ।—2 ਕੁਰਿੰ. 1:3.