ਮਸਕੀਨਾਂ ਨੂੰ ਪਰਮੇਸ਼ੁਰ ਦੇ ਰਾਹਾਂ ਤੇ ਚੱਲਣਾ ਸਿਖਾਓ
1. ਚੇਲੇ ਬਣਾਉਣ ਵਿਚ ਕੀ ਕੁਝ ਸ਼ਾਮਲ ਹੈ?
1 ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਦੇ ਧਰਮ ਨੂੰ “ਮਾਰਗ” ਕਿਹਾ ਜਾਂਦਾ ਸੀ। (ਰਸੂ. 9:2, ਈਜ਼ੀ ਟੂ ਰੀਡ ਵਰਯਨ) ਸੱਚੇ ਮਸੀਹੀ ਧਰਮ ਨੂੰ ਮੰਨਣ ਵਾਲਾ ਇਨਸਾਨ ਹਰ ਗੱਲ ਵਿਚ ਪਰਮੇਸ਼ੁਰ ਦੇ ਰਾਹਾਂ ਤੇ ਚੱਲਦਾ ਹੈ। (ਕਹਾ. 3:5, 6) ਇਸ ਲਈ ਜਦੋਂ ਅਸੀਂ ਬਾਈਬਲ ਸਟੱਡੀਆਂ ਕਰਾਉਂਦੇ ਹਾਂ, ਤਾਂ ਸਾਨੂੰ ਬਾਈਬਲ ਦੀਆਂ ਸਿੱਖਿਆਵਾਂ ਦਾ ਸਹੀ ਗਿਆਨ ਦੇਣ ਦੇ ਨਾਲ-ਨਾਲ ਹੋਰ ਵੀ ਕੁਝ ਕਰਨ ਦੀ ਲੋੜ ਹੈ। ਸਾਨੂੰ ਆਪਣੇ ਬਾਈਬਲ ਵਿਦਿਆਰਥੀਆਂ ਦੀ ਯਹੋਵਾਹ ਦੇ ਰਾਹ ਤੇ ਚੱਲਣ ਵਿਚ ਵੀ ਮਦਦ ਕਰਨੀ ਚਾਹੀਦੀ ਹੈ।—ਜ਼ਬੂ. 25:8, 9.
2. ਕਿਹੜੀ ਚੀਜ਼ ਬਾਈਬਲ ਵਿਦਿਆਰਥੀ ਨੂੰ ਪਰਮੇਸ਼ੁਰ ਦੇ ਹੁਕਮ ਮੰਨਣ ਲਈ ਪ੍ਰੇਰਿਤ ਕਰੇਗੀ?
2 ਯਹੋਵਾਹ ਤੇ ਯਿਸੂ ਲਈ ਪਿਆਰ ਪੈਦਾ ਕਰੋ: ਸਾਡੇ ਵਰਗੇ ਪਾਪੀ ਇਨਸਾਨਾਂ ਲਈ ਆਪਣੀ ਸੋਚ, ਰਵੱਈਏ, ਬੋਲੀ ਅਤੇ ਚਾਲ-ਚਲਣ ਨੂੰ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਢਾਲ਼ਣਾ ਬਹੁਤ ਵੱਡੀ ਚੁਣੌਤੀ ਹੈ। (ਰੋਮੀ. 7:21-23; ਅਫ਼. 4:22-24) ਪਰ ਫਿਰ ਵੀ ਪਰਮੇਸ਼ੁਰ ਤੇ ਉਸ ਦੇ ਪੁੱਤਰ ਲਈ ਪਿਆਰ ਮਸਕੀਨ ਲੋਕਾਂ ਨੂੰ ਇਹ ਚੁਣੌਤੀ ਸਵੀਕਾਰ ਕਰਨ ਲਈ ਪ੍ਰੇਰਦਾ ਹੈ। (ਯੂਹੰ. 14:15; 1 ਯੂਹੰ. 5:3) ਇਹ ਪਿਆਰ ਪੈਦਾ ਕਰਨ ਵਿਚ ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
3. ਯਹੋਵਾਹ ਅਤੇ ਯਿਸੂ ਲਈ ਪਿਆਰ ਪੈਦਾ ਕਰਨ ਵਿਚ ਅਸੀਂ ਵਿਦਿਆਰਥੀਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ?
3 ਆਪਣੇ ਵਿਦਿਆਰਥੀ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ। ਇਕ ਭਰਾ ਨੇ ਕਿਹਾ, “ਲੋਕ ਉਸ ਵਿਅਕਤੀ ਨੂੰ ਪਿਆਰ ਨਹੀਂ ਕਰ ਸਕਦੇ ਜਿਸ ਨੂੰ ਉਹ ਜਾਣਦੇ ਹੀ ਨਹੀਂ, ਇਸ ਲਈ ਮੈਂ ਪਹਿਲੀ ਵਾਰ ਸਟੱਡੀ ਕਰਾਉਣ ਲੱਗਿਆਂ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਦਿਖਾਉਂਦਾ ਹਾਂ ਅਤੇ ਯਹੋਵਾਹ ਦੇ ਗੁਣਾਂ ਬਾਰੇ ਸਿਖਾਉਂਦਾ ਹਾਂ।” ਯਹੋਵਾਹ ਦੀ ਸ਼ਖ਼ਸੀਅਤ ਤੋਂ ਜਾਣੂ ਕਰਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਯਿਸੂ ਦੀ ਮਿਸਾਲ ਉੱਤੇ ਜ਼ੋਰ ਦੇਣਾ। (ਯੂਹੰ. 1:14; 14:9) ਇਸ ਤੋਂ ਇਲਾਵਾ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਹਰ ਅਧਿਆਇ ਦੇ ਅਖ਼ੀਰ ਵਿਚ ਦਿੱਤੀ ਡੱਬੀ ਵਰਤ ਕੇ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੇ ਗੁਣਾਂ ਤੇ ਸੋਚ-ਵਿਚਾਰ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੋ।
4. (ੳ) ਕਈ ਵਿਦਿਆਰਥੀਆਂ ਨੂੰ ਪ੍ਰਚਾਰ ਕਰਨਾ ਔਖਾ ਕਿਉਂ ਲੱਗਦਾ ਹੈ? (ਅ) ਸੇਵਕਾਈ ਵਿਚ ਹਿੱਸਾ ਲੈਣਾ ਸ਼ੁਰੂ ਕਰਨ ਵਿਚ ਅਸੀਂ ਆਪਣੇ ਵਿਦਿਆਰਥੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
4 ਚੰਗੀ ਮਿਸਾਲ ਬਣੋ: ਅਸੀਂ ਨਾ ਸਿਰਫ਼ ਵਿਦਿਆਰਥੀਆਂ ਨੂੰ ਪਰਮੇਸ਼ੁਰ ਦੇ ਰਾਹਾਂ ਬਾਰੇ ਸਿਖਾਉਂਦੇ ਹਾਂ, ਸਗੋਂ ਆਪਣੇ ਕੰਮਾਂ ਰਾਹੀਂ ਉਨ੍ਹਾਂ ਰਾਹਾਂ ਤੇ ਚੱਲਣ ਵਿਚ ਉਨ੍ਹਾਂ ਦਾ ਮਾਰਗ-ਦਰਸ਼ਨ ਵੀ ਕਰਦੇ ਹਾਂ। (1 ਕੁਰਿੰ. 10:33) ਮਿਸਾਲ ਲਈ, ਜ਼ਿਆਦਾਤਰ ਬਾਈਬਲ ਵਿਦਿਆਰਥੀ ਆਪਣੇ ਵਿਸ਼ਵਾਸਾਂ ਬਾਰੇ ਅਜਨਬੀਆਂ ਨਾਲ ਗੱਲ ਕਰਨ ਦੇ ਆਦੀ ਨਹੀਂ ਹੁੰਦੇ। ਇਸ ਲਈ, ਸਾਨੂੰ ਧੀਰਜ ਅਤੇ ਕੁਸ਼ਲਤਾ ਨਾਲ ਪਿਆਰ, ਨਿਹਚਾ ਅਤੇ ਦਲੇਰੀ ਆਦਿ ਗੁਣ ਪੈਦਾ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਲੋੜ ਹੈ ਕਿਉਂਕਿ ਇਹ ਗੁਣ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਲਈ ਬਹੁਤ ਜ਼ਰੂਰੀ ਹਨ। (2 ਕੁਰਿੰ. 4:13; 1 ਥੱਸ. 2:2) ਅਸੀਂ ਹਰ ਕਦਮ ਤੇ ਆਪਣੇ ਵਿਦਿਆਰਥੀਆਂ ਦੀ ਮਦਦ ਕਰਨੀ ਚਾਹਾਂਗੇ, ਇਸ ਲਈ ਅਸੀਂ ਉਦੋਂ ਉਨ੍ਹਾਂ ਦੇ ਨਾਲ ਜਾਵਾਂਗੇ ਜਦੋਂ ਉਹ ਸੇਵਕਾਈ ਕਰਨੀ ਸ਼ੁਰੂ ਕਰਨਗੇ।
5. ਤੁਹਾਡੀ ਚੰਗੀ ਮਿਸਾਲ ਤੋਂ ਵਿਦਿਆਰਥੀਆਂ ਨੂੰ ਇਹ ਦੇਖਣ ਵਿਚ ਕਿਵੇਂ ਮਦਦ ਮਿਲ ਸਕਦੀ ਹੈ ਕਿ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਵਿਚ ਕੀ ਕੁਝ ਸ਼ਾਮਲ ਹੈ?
5 ਤੁਹਾਡੀ ਮਿਸਾਲ ਤੋਂ ਵਿਦਿਆਰਥੀ ਮਸੀਹੀ ਜ਼ਿੰਦਗੀ ਦੇ ਹੋਰਨਾਂ ਜ਼ਰੂਰੀ ਪਹਿਲੂਆਂ ਬਾਰੇ ਵੀ ਸਿੱਖ ਸਕਦੇ ਹਨ। ਜਦੋਂ ਤੁਸੀਂ ਕਿਸੇ ਬੀਮਾਰ ਭੈਣ-ਭਰਾ ਨੂੰ ਮਿਲਣ ਜਾਂਦੇ ਹੋ ਜਾਂ ਸਭਾਵਾਂ ਵਿਚ ਹੋਰਨਾਂ ਨੂੰ ਪਿਆਰ ਨਾਲ ਮਿਲਦੇ ਹੋ, ਤਾਂ ਉਨ੍ਹਾਂ ਨੂੰ ਮਸੀਹੀ ਪਿਆਰ ਦਾ ਸਬੂਤ ਮਿਲੇਗਾ। (ਯੂਹੰ. 15:12) ਜਦੋਂ ਤੁਸੀਂ ਕਿੰਗਡਮ ਹਾਲ ਦੀ ਸਫ਼ਾਈ ਕਰਨ ਵਿਚ ਹਿੱਸਾ ਪਾਉਂਦੇ ਹੋ ਜਾਂ ਦੂਜਿਆਂ ਦੀ ਮਦਦ ਕਰਦੇ ਹੋ, ਤਾਂ ਤੁਸੀਂ ਵਿਦਿਆਰਥੀਆਂ ਨੂੰ ਹੋਰਨਾਂ ਦੀ ਸੇਵਾ ਕਰਨੀ ਸਿਖਾ ਰਹੇ ਹੋਵੋਗੇ। (ਯੂਹੰ. 13:12-15) ਜਦੋਂ ਉਹ ਤੁਹਾਨੂੰ ਸਾਦੀ ਜ਼ਿੰਦਗੀ ਜੀਉਂਦੇ ਦੇਖਣਗੇ, ਤਾਂ ਉਹ ਸਮਝ ਜਾਣਗੇ ਕਿ ‘ਪਹਿਲਾਂ ਰਾਜ ਨੂੰ ਭਾਲਣ’ ਦਾ ਕੀ ਮਤਲਬ ਹੈ।—ਮੱਤੀ 6:33.
6. ਯਹੋਵਾਹ ਦੀ ਸੇਵਾ ਕਰਨ ਵਿਚ ਮਸਕੀਨਾਂ ਦੀ ਮਦਦ ਕਰਨ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
6 ਹੋਰਨਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣੀ ਅਤੇ ਚੇਲੇ ਬਣਾਉਣਾ ਬਹੁਤ ਮਿਹਨਤ ਦਾ ਕੰਮ ਹੈ। ਪਰ ਮਸਕੀਨਾਂ ਨੂੰ “ਸਚਿਆਈ ਉੱਤੇ ਚੱਲਦੇ” ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ!—3 ਯੂਹੰਨਾ 4.