‘ਮੇਰੇ ਪਿੱਛੇ ਚੱਲੋ’
1 ਬਹੁਤ ਸਾਰੇ ਲੋਕ ਆਪਣੇ ਆਪ ਨੂੰ ਖ਼ੁਸ਼ ਕਰਨ ਵਿਚ ਲੱਗੇ ਰਹਿੰਦੇ ਹਨ, ਫਿਰ ਵੀ ਉਨ੍ਹਾਂ ਨੂੰ ਖ਼ੁਸ਼ੀ ਨਹੀਂ ਮਿਲਦੀ। ਇਸ ਦੇ ਉਲਟ ਯਿਸੂ ਨੇ ਨਿਰਸੁਆਰਥ ਜੀਵਨ ਜੀਣ ਦੀ ਹੱਲਾਸ਼ੇਰੀ ਦਿੱਤੀ ਜਿਸ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ। (ਰਸੂ. 20:35) ਉਸ ਨੇ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ . . . ਮੇਰੇ ਪਿੱਛੇ ਚੱਲੇ।” (ਮਰ. 8:34) ਇਸ ਦਾ ਸਿਰਫ਼ ਇਹੀ ਮਤਲਬ ਨਹੀਂ ਕਿ ਸਾਨੂੰ ਆਪਣੀਆਂ ਕੁਝ ਖ਼ੁਸ਼ੀਆਂ ਨੂੰ ਕੁਰਬਾਨ ਕਰ ਦੇਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਹਰ ਰੋਜ਼ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਜੀਈਏ, ਨਾ ਕਿ ਆਪਣੇ ਆਪ ਨੂੰ ਖ਼ੁਸ਼ ਕਰਨ ਲਈ।—ਰੋਮੀ. 14:8; 15:3.
2 ਪੌਲੁਸ ਰਸੂਲ ਦੀ ਮਿਸਾਲ ਤੇ ਗੌਰ ਕਰੋ। ਉਸ ਨੇ ‘ਮਸੀਹ ਯਿਸੂ ਦੇ ਗਿਆਨ ਦੀ ਉੱਤਮਤਾਈ’ ਦੇ ਕਾਰਨ ਆਪਣੀਆਂ ਖ਼ਾਹਸ਼ਾਂ ਨੂੰ ਤਿਆਗ ਦਿੱਤਾ ਤੇ ਪਰਮੇਸ਼ੁਰ ਦੇ ਕੰਮਾਂ ਵਿਚ ਜੁੱਟ ਗਿਆ। (ਫ਼ਿਲਿ. 3:7, 8) ਉਸ ਨੇ ਕਿਹਾ ਕਿ ਦੂਸਰਿਆਂ ਦੀ ਖ਼ਾਤਰ ‘ਮੈਂ ਬਹੁਤ ਅਨੰਦ ਨਾਲ ਖਰਚ ਕਰਾਂਗਾ ਅਤੇ ਆਪ ਹੀ ਖਰਚ ਹੋ ਜਾਵਾਂਗਾ।’ (2 ਕੁਰਿੰ. 12:15) ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਮੈਂ ਆਪਣਾ ਸਮਾਂ, ਤਾਕਤ, ਕਾਬਲੀਅਤਾਂ ਅਤੇ ਸਾਧਨਾਂ ਨੂੰ ਕਿਵੇਂ ਇਸਤੇਮਾਲ ਕਰ ਰਿਹਾ ਹਾਂ? ਕੀ ਮੈਂ ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨ ਵਿਚ ਲੱਗਾ ਹੋਇਆ ਹਾਂ ਜਾਂ ਕੀ ਮੈਂ ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ?’
3 ਦੇਣ ਦੇ ਮੌਕੇ: ਹਰ ਸਾਲ ਪਰਮੇਸ਼ੁਰ ਦੇ ਲੋਕ ਪ੍ਰਚਾਰ ਦੇ ਕੰਮ ਵਿਚ ਇਕ ਅਰਬ ਤੋਂ ਜ਼ਿਆਦਾ ਘੰਟੇ ਬਿਤਾਉਂਦੇ ਹਨ। ਕਲੀਸਿਯਾ ਵਿਚ ਵੱਡੇ-ਛੋਟੇ ਸਾਰੇ ਮਸੀਹੀ ਅਜਿਹੇ ਕਈ ਵੱਖੋ-ਵੱਖਰੇ ਕੰਮ ਕਰਦੇ ਹਨ ਜਿਨ੍ਹਾਂ ਤੋਂ ਹੋਰਨਾਂ ਨੂੰ ਫ਼ਾਇਦਾ ਹੁੰਦਾ ਹੈ। ਉਹ ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਵਿਚ ਵੀ ਬਹੁਤ ਮਦਦ ਕਰਦੇ ਹਨ। ਇਸ ਤੋਂ ਇਲਾਵਾ, ਸੱਚੀ ਭਗਤੀ ਲਈ ਵਰਤੀਆਂ ਜਾਂਦੀਆਂ ਇਮਾਰਤਾਂ ਦੀ ਉਸਾਰੀ ਅਤੇ ਮੁਰੰਮਤ ਸੰਬੰਧੀ ਵੀ ਕਾਫ਼ੀ ਕੰਮ ਕੀਤਾ ਜਾਂਦਾ ਹੈ। ਅਸੀਂ ਉਨ੍ਹਾਂ ਭਰਾਵਾਂ ਨੂੰ ਵੀ ਨਹੀਂ ਭੁੱਲਦੇ ਜੋ ਹਸਪਤਾਲ ਸੰਪਰਕ ਕਮੇਟੀਆਂ (Hospital Liaison Committees) ਵਿਚ ਸੇਵਾ ਕਰਦੇ ਹਨ। ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਨੂੰ ਮਿਲਣ ਜਾਣ ਲਈ ਨਿਯੁਕਤ ਕੀਤੇ ਗਏ ਭਰਾ (Patient Visitation Groups) ਵੀ ਕਾਫ਼ੀ ਮਦਦ ਕਰਦੇ ਹਨ। ਭਰਾਵਾਂ ਦੇ ਇਹ ਆਤਮ-ਬਲੀਦਾਨੀ ਜਤਨ ਸਾਡੇ ਮਸੀਹੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਦੇ ਹਨ।—ਜ਼ਬੂ. 110:3.
4 ਕੁਦਰਤੀ ਤਬਾਹੀ ਜਾਂ ਸੰਕਟ ਆਉਣ ਤੇ ਅਸੀਂ ਕਈ ਤਰੀਕਿਆਂ ਨਾਲ ਭੈਣਾਂ-ਭਰਾਵਾਂ ਨੂੰ ਮਦਦ ਦੇ ਸਕਦੇ ਹਾਂ। ਪਰ ਉੱਦਾਂ ਵੀ ਭੈਣਾਂ-ਭਰਾਵਾਂ ਨੂੰ ਮਦਦ ਜਾਂ ਹੌਸਲਾ-ਅਫ਼ਜ਼ਾਈ ਦੀ ਲੋੜ ਹੋ ਸਕਦੀ ਹੈ। (ਕਹਾ. 17:17) ਜਦ ਅਸੀਂ ਖ਼ੁਸ਼ੀ ਨਾਲ ਦੂਸਰਿਆਂ ਦੀ ਸੇਵਾ ਕਰਨ ਅਤੇ ਪਰਮੇਸ਼ੁਰ ਦੇ ਰਾਜ ਦਾ ਕੰਮ ਕਰਨ ਲਈ ਅੱਗੇ ਆਉਂਦੇ ਹਾਂ, ਤਾਂ ਅਸੀਂ ਯਿਸੂ ਦੀ ਮਿਸਾਲ ਤੇ ਚੱਲਦੇ ਹਾਂ। (ਫ਼ਿਲਿ. 2:5-8) ਆਓ ਆਪਾਂ ਇਸ ਤਰ੍ਹਾਂ ਕਰਦੇ ਰਹੀਏ।