ਲੋਕਾਂ ਵਿਚ ਦਿਲਚਸਪੀ ਲਓ—ਦਿਆਲਤਾ ਤੇ ਅਦਬ ਨਾਲ ਪੇਸ਼ ਆਓ
1 ‘ਯਹੋਵਾਹ ਦਯਾਲੂ ਹੈ।’ (ਜ਼ਬੂ. 145:8) ਸਾਰੀ ਦੁਨੀਆਂ ਦਾ ਮਾਲਕ ਹੋਣ ਦੇ ਬਾਵਜੂਦ ਵੀ ਉਹ ਪਾਪੀ ਇਨਸਾਨਾਂ ਨਾਲ ਦਿਆਲਤਾ ਅਤੇ ਅਦਬ ਨਾਲ ਪੇਸ਼ ਆਉਂਦਾ ਹੈ। (ਉਤ. 19:18-21, 29) ਅਸੀਂ ਆਪਣੇ ਦਿਆਲੂ ਪਰਮੇਸ਼ੁਰ ਦੀ ਰੀਸ ਕਰ ਕੇ ਲੋਕਾਂ ਨੂੰ ਵਧੀਆ ਤਰੀਕੇ ਨਾਲ ਖ਼ੁਸ਼ ਖ਼ਬਰੀ ਸੁਣਾ ਸਕਦੇ ਹਾਂ। (ਕੁਲੁ. 4:6) ਇਸ ਦੇ ਲਈ ਸਿਰਫ਼ ਨਿਮਰਤਾ ਅਤੇ ਅਦਬ ਨਾਲ ਬੋਲਣਾ ਹੀ ਕਾਫ਼ੀ ਨਹੀਂ ਹੈ।
2 ਘਰ-ਘਰ ਪ੍ਰਚਾਰ ਕਰਦਿਆਂ: ਜੇ ਅਸੀਂ ਲੋਕਾਂ ਨੂੰ ਉਸ ਵਕਤ ਮਿਲਦੇ ਹਾਂ ਜੋ ਉਨ੍ਹਾਂ ਲਈ ਢੁਕਵਾਂ ਨਹੀਂ ਹੁੰਦਾ ਜਾਂ ਜਦੋਂ ਉਨ੍ਹਾਂ ਕੋਲ ਸਾਡੇ ਨਾਲ ਗੱਲ ਕਰਨ ਦੀ ਵਿਹਲ ਨਹੀਂ ਹੁੰਦੀ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਹਾਲਾਤ ਨੂੰ ਧਿਆਨ ਵਿਚ ਰੱਖ ਕੇ ਆਪਣੀ ਗੱਲ ਛੇਤੀ ਮੁਕਾ ਲੈਣੀ ਚਾਹੀਦੀ ਹੈ ਜਾਂ ਕਿਸੇ ਹੋਰ ਸਮੇਂ ਤੇ ਉਨ੍ਹਾਂ ਨੂੰ ਮਿਲਣ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਜੇ ਉਹ ਸਾਹਿੱਤ ਨਹੀਂ ਲੈਣਾ ਚਾਹੁੰਦੇ, ਤਾਂ ਅਸੀਂ ਉਨ੍ਹਾਂ ਨੂੰ ਸਾਹਿੱਤ ਲੈਣ ਲਈ ਮਜਬੂਰ ਨਹੀਂ ਕਰਾਂਗੇ। ਅਸੀਂ ਲੋਕਾਂ ਨੂੰ ਨੁਕਸਾਨ ਵੀ ਨਹੀਂ ਪਹੁੰਚਾਵਾਂਗੇ। ਉਨ੍ਹਾਂ ਦੇ ਘਰੋਂ ਨਿਕਲਣ ਲੱਗਿਆਂ ਅਸੀਂ ਗੇਟ ਜਾਂ ਦਰਵਾਜ਼ੇ ਭੇੜਾਂਗੇ ਤੇ ਇਹੀ ਅਸੀਂ ਆਪਣੇ ਬੱਚਿਆਂ ਨੂੰ ਸਿਖਾਵਾਂਗੇ। ਜੇ ਅਸੀਂ ਤਾਲਾ ਲੱਗੇ ਘਰਾਂ ਦੇ ਬਾਹਰ ਕੋਈ ਸਾਹਿੱਤ ਛੱਡਦੇ ਹਾਂ, ਤਾਂ ਇਹ ਰਾਹ ਜਾਂਦੇ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਹੋਣਾ ਚਾਹੀਦਾ ਹੈ। ਅਸੀਂ ਹੋਰਨਾਂ ਨਾਲ ਉਸੇ ਤਰ੍ਹਾਂ ਪਿਆਰ ਤੇ ਅਦਬ ਨਾਲ ਪੇਸ਼ ਆਵਾਂਗੇ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਪੇਸ਼ ਆਉਣ।—ਲੂਕਾ 6:31.
3 ਸੜਕਾਂ ਤੇ ਗਵਾਹੀ ਦਿੰਦਿਆਂ: ਸੜਕ ਤੇ ਗਵਾਹੀ ਦਿੰਦਿਆਂ ਅਸੀਂ ਲੋਕਾਂ ਦੀ ਪਰਵਾਹ ਕਰਦੇ ਹੋਏ ਆਉਣ-ਜਾਣ ਵਾਲਿਆਂ ਦੇ ਰਾਹ ਵਿਚ ਨਹੀਂ ਖੜ੍ਹਾਂਗੇ ਤੇ ਦੁਕਾਨਾਂ ਦੇ ਸਾਮ੍ਹਣੇ ਇਕੱਠੇ ਨਹੀਂ ਹੋਵਾਂਗੇ। ਅਸੀਂ ਲੋਕਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਿਰਫ਼ ਉਨ੍ਹਾਂ ਨਾਲ ਗੱਲ ਕਰਾਂਗੇ ਜਿਨ੍ਹਾਂ ਕੋਲ ਸਾਡੀ ਗੱਲ ਸੁਣਨ ਦਾ ਸਮਾਂ ਹੋਵੇ। ਅਸੀਂ ਉਨ੍ਹਾਂ ਨੂੰ ਨਹੀਂ ਰੋਕਾਂਗੇ ਜੋ ਸੱਚ-ਮੁੱਚ ਜਲਦੀ ਵਿਚ ਹਨ। ਸੜਕਾਂ ਤੇ ਸ਼ੋਰ ਹੋਣ ਕਾਰਨ ਕਈ ਵਾਰ ਸਾਨੂੰ ਉੱਚੀ ਆਵਾਜ਼ ਵਿਚ ਬੋਲਣਾ ਪੈ ਸਕਦਾ ਹੈ। ਪਰ ਅਸੀਂ ਇੰਨਾ ਵੀ ਚਿਲਾ-ਚਿਲਾ ਕੇ ਗੱਲ ਨਹੀਂ ਕਰਾਂਗੇ ਕਿ ਹੋਰਨਾਂ ਲੋਕਾਂ ਦਾ ਧਿਆਨ ਸਾਡੇ ਵੱਲ ਖਿੱਚਿਆ ਜਾਵੇ।—ਮੱਤੀ 12:19.
4 ਫ਼ੋਨ ਤੇ ਗਵਾਹੀ ਦਿੰਦਿਆਂ: ਹੋਰਨਾਂ ਲਈ ਪਰਵਾਹ ਦਿਖਾਉਂਦੇ ਹੋਏ ਅਸੀਂ ਅਜਿਹੀ ਥਾਂ ਤੋਂ ਫ਼ੋਨ ਤੇ ਗਵਾਹੀ ਦੇਵਾਂਗੇ ਜਿੱਥੇ ਸ਼ੋਰ-ਸ਼ਰਾਬਾ ਨਾ ਹੋਵੇ। ਸਲੀਕੇ ਨਾਲ ਪੇਸ਼ ਆਉਂਦਿਆਂ ਅਸੀਂ ਲੋਕਾਂ ਨੂੰ ਫਟਾਫਟ ਆਪਣੀ ਪਛਾਣ ਕਰਾਉਂਦੇ ਹਾਂ ਤੇ ਉਨ੍ਹਾਂ ਨੂੰ ਫ਼ੋਨ ਕਰਨ ਦਾ ਮਕਸਦ ਦੱਸਦੇ ਹਾਂ। ਫ਼ੋਨ ਦੇ ਨੇੜੇ ਹੋ ਕੇ ਮਿੱਠੀ ਆਵਾਜ਼ ਵਿਚ ਬੋਲਣ ਨਾਲ ਹੋ ਸਕਦਾ ਹੈ ਕਿ ਲੋਕ ਸਾਡੇ ਨਾਲ ਬਾਈਬਲ ਵਿਸ਼ਿਆਂ ਤੇ ਗੱਲ ਕਰਨ ਲਈ ਤਿਆਰ ਹੋ ਜਾਣ। (1 ਕੁਰਿੰ. 14:8, 9) ਇਨ੍ਹਾਂ ਵੱਖੋ-ਵੱਖਰੇ ਤਰੀਕਿਆਂ ਨਾਲ ਦਿਆਲਤਾ, ਪਰਵਾਹ ਅਤੇ ਅਦਬ ਦਿਖਾਉਣ ਨਾਲ ਅਸੀਂ ਆਪਣੇ ਦਿਆਲੂ ਪਰਮੇਸ਼ੁਰ ਯਹੋਵਾਹ ਦੀ ਰੀਸ ਕਰ ਰਹੇ ਹੋਵਾਂਗੇ।