ਟੈਲੀਫ਼ੋਨ ਰਾਹੀਂ ਗਵਾਹੀ—ਬਹੁਤੇ ਲੋਕਾਂ ਨਾਲ ਗੱਲ ਕਰਨ ਦਾ ਜ਼ਰੀਆ
1 ਸਾਡੇ ਕੋਲ ਇਸ ਗੱਲ ਦੇ ਕਾਫ਼ੀ ਸਬੂਤ ਹਨ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। (2 ਤਿਮੋ. 3:1) ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਸਮਾਂ ਘਟਾਇਆ ਗਿਆ ਹੈ। ਇਸ ਲਈ, ਸਮੇਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਯਹੋਵਾਹ ਦੇ ਚੰਗੇ ਉਪਾਸਕ ਬਣਨ ਵਿਚ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ।
2 ਪੌਲੁਸ ਰਸੂਲ ਆਪਣੀ ਨਿਹਚਾ ਦੀ ਖੁੱਲ੍ਹੇ-ਆਮ ਘੋਸ਼ਣਾ ਕਰਨ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਸੀ। (ਰੋਮੀ. 10:10) ਉਹ ਜਾਣਦਾ ਸੀ ਕਿ ਪਰਮੇਸ਼ੁਰ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:4) ਸੱਚਾਈ ਦਾ ਗਿਆਨ ਹੋਣ ਕਾਰਨ ਪੌਲੁਸ ਆਪਣੇ ਆਪ ਨੂੰ ਸਾਰਿਆਂ ਦਾ ਕਰਜ਼ਦਾਰ ਸਮਝਦਾ ਸੀ। ਇਸ ਲਈ ਸਮੇਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੇ ਖ਼ੁਸ਼ ਖ਼ਬਰੀ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕੀਤਾ। ਉਸ ਨੇ ਕਿਹਾ: “ਮੈਂ . . . ਖੁਸ਼ ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ। ਮੈਂ ਤਾਂ ਇੰਜੀਲ ਤੋਂ ਸ਼ਰਮਾਉਂਦਾ ਨਹੀਂ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ।”—ਰੋਮੀ. 1:14-17.
3 ਕੀ ਅਸੀਂ ਵੀ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਆਪ ਨੂੰ ਇਸੇ ਤਰ੍ਹਾਂ ਕਰਜ਼ਦਾਰ ਮਹਿਸੂਸ ਕਰਦੇ ਹਾਂ ਅਤੇ ਆਪਣੇ ਇਲਾਕੇ ਵਿਚ ਸਾਰਿਆਂ ਕੋਲ ਪਹੁੰਚਣ ਲਈ ਇਹੋ ਜਿਹਾ ਜੋਸ਼ ਦਿਖਾਉਂਦੇ ਹਾਂ? ਭਾਵੇਂ ਕਿ ਅਸੀਂ ਘਰ-ਘਰ ਅਤੇ ਸੜਕ ਤੇ ਗਵਾਹੀ ਦਿੰਦੇ ਸਮੇਂ ਆਮੋ-ਸਾਮ੍ਹਣੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹਿੱਸਾ ਲੈਣਾ ਚਾਹੁੰਦੇ ਹਾਂ, ਪਰ ਸਾਨੂੰ ਇੱਥੇ ਤਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ। ਇਹ ਮੁਮਕਿਨ ਹੈ ਕਿ ਸਾਡੀ ਕਲੀਸਿਯਾ ਦੇ ਇਲਾਕੇ ਵਿਚ ਕਈ ਲੋਕਾਂ ਦੀ ਯਹੋਵਾਹ ਦੇ ਗਵਾਹਾਂ ਨਾਲ ਕਦੇ ਗੱਲ ਨਹੀਂ ਹੋਈ। ਇਹ ਕਿੱਦਾਂ ਹੋ ਸਕਦਾ ਹੈ?
4 ਜਿਸ ਇਲਾਕੇ ਵਿਚ ਪ੍ਰਚਾਰ ਨਹੀਂ ਕੀਤਾ ਗਿਆ: ਕੀ ਤੁਹਾਡੇ ਇਲਾਕੇ ਵਿਚ ਉੱਚੀਆਂ-ਉੱਚੀਆਂ ਇਮਾਰਤਾਂ ਹਨ ਜਿੱਥੇ ਹਰ ਸਮੇਂ ਚੌਕੀਦਾਰ ਪਹਿਰਾ ਦਿੰਦੇ ਹਨ? ਸ਼ਾਇਦ ਉੱਥੇ ਭਾਰੀ ਸੁਰੱਖਿਆ ਵਾਲੀਆਂ ਰਿਹਾਇਸ਼ੀ ਇਮਾਰਤਾਂ ਹੋਣ ਕਰਕੇ ਘਰਾਂ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਕੀ ਤੁਹਾਡੀ ਕਲੀਸਿਯਾ ਨੂੰ ਉਸ ਇਲਾਕੇ ਵਿਚ ਸਥਿਤ ਮਿਲਟਰੀ ਦੇ ਕੁਆਰਟਰਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ? ਇਹ ਹੋ ਸਕਦਾ ਹੈ ਕਿ ਅਜਿਹੀਆਂ ਥਾਵਾਂ ਤੇ ਰਹਿੰਦੇ ਕੁਝ ਲੋਕਾਂ ਨੇ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਬਾਰੇ ਕਦੇ ਵੀ ਨਾ ਸੁਣਿਆ ਹੋਵੇ। ਕੀ ਅਜਿਹੇ ਲੋਕ ਵੀ ਹਨ ਜਿਹੜੇ ਕਦੇ ਘਰ ਵਿਚ ਮਿਲਦੇ ਹੀ ਨਹੀਂ?
5 ਇਹ ਸੋਚ ਕੇ ਨਿਰਾਸ਼ ਨਾ ਹੋਵੋ ਕਿ ਅਸੀਂ ਇਨ੍ਹਾਂ ਲੋਕਾਂ ਨੂੰ ਤਾਂ ਕਦੇ ਮਿਲ ਹੀ ਨਹੀਂ ਸਕਦੇ। ਯਹੋਵਾਹ ਇਸ ਹਾਲਤ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ? ਪਤਰਸ ਰਸੂਲ ਲਿਖਦਾ ਹੈ: “ਪ੍ਰਭੂ . . . ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ। ਅਤੇ ਸਾਡੇ ਪ੍ਰਭੁ ਦੀ ਧੀਰਜ ਨੂੰ ਮੁਕਤੀ ਸਮਝੋ।” (2 ਪਤ. 3:9, 15) ਲੋਕਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਹੋਣ ਕਰਕੇ ਯਹੋਵਾਹ ਹਰੇਕ ਵਿਚ ਦਿਲਚਸਪੀ ਰੱਖਦਾ ਹੈ। (ਮੱਤੀ 18:14) ਅਸੀਂ ਕਿੱਦਾਂ ਯਹੋਵਾਹ ਵਾਂਗ ਉਨ੍ਹਾਂ ਲੋਕਾਂ ਲਈ ਦਇਆ ਅਤੇ ਰਹਿਮ ਦਿਖਾ ਸਕਦੇ ਹਾਂ? ਅਸੀਂ ਇਹ ਦਇਆ ਤੇ ਰਹਿਮ ਆਪਣੇ ਇਲਾਕੇ ਵਿਚ ਹਰੇਕ ਇਨਸਾਨ ਨੂੰ ਗਵਾਹੀ ਦੇ ਕੇ ਦਿਖਾ ਸਕਦੇ ਹਾਂ।—ਰਸੂ. 20:20, 21; ਪਰ. 14:6, 7.
6 ਚੰਗੀ ਤਰ੍ਹਾਂ ਪ੍ਰਚਾਰ ਕਰਨ ਦੀ ਯੋਜਨਾ ਬਣਾਓ: ਬੀਤੇ ਸਮੇਂ ਵਿਚ ਸੰਸਥਾ ਨੇ ਉਨ੍ਹਾਂ ਭੈਣ-ਭਰਾਵਾਂ ਨੂੰ ਫ਼ੋਨ ਰਾਹੀਂ ਗਵਾਹੀ ਦੇਣ ਲਈ ਉਤਸ਼ਾਹਿਤ ਕੀਤਾ ਜਿਹੜੇ ਕਿਸੇ ਬੀਮਾਰੀ ਜਾਂ ਸਰੀਰਕ ਅੰਗਹੀਣਤਾ ਕਰਕੇ ਥੋੜ੍ਹੇ ਸਮੇਂ ਲਈ ਜਾਂ ਹਮੇਸ਼ਾ ਆਪਣੇ ਘਰਾਂ ਵਿਚ ਹੀ ਰਹਿੰਦੇ ਹਨ। ਜਿਹੜੇ ਭੈਣ-ਭਰਾ ਅਜਿਹੀ ਹਾਲਤ ਵਿਚ ਹਨ, ਉਨ੍ਹਾਂ ਨੂੰ ਇਹ ਚੰਗਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਕਈ ਭੈਣ-ਭਰਾਵਾਂ, ਨਿਯਮਿਤ ਤੇ ਸਹਾਇਕ ਪਾਇਨੀਅਰਾਂ ਵੱਲੋਂ ਵੀ ਰਿਪੋਰਟਾਂ ਮਿਲੀਆਂ ਹਨ ਕਿ ਉਨ੍ਹਾਂ ਨੇ ਘਰ-ਘਰ ਪ੍ਰਚਾਰ ਕਰਨ ਤੋਂ ਇਲਾਵਾ ਫ਼ੋਨ ਰਾਹੀਂ ਗਵਾਹੀ ਦਿੱਤੀ ਹੈ।
7 ਕੁਝ ਕਲੀਸਿਯਾਵਾਂ ਨੇ ਫ਼ੋਨ ਰਾਹੀਂ ਪ੍ਰਚਾਰ ਕਰਨ ਦੇ ਮਿਲ ਕੇ ਜਤਨ ਕੀਤੇ ਹਨ। ਜਦੋਂ ਬਜ਼ੁਰਗ ਪ੍ਰਚਾਰ ਕਰਨ ਲਈ ਖੇਤਰਾਂ ਦਾ ਇੰਤਜ਼ਾਮ ਕਰਨ ਵਿਚ ਅਤੇ ਨਿੱਜੀ ਤੌਰ ਤੇ ਜਾਂ ਦੂਸਰੇ ਪ੍ਰਕਾਸ਼ਕਾਂ ਰਾਹੀਂ ਸਹਿਯੋਗ ਦਿੰਦੇ ਹਨ, ਤਾਂ ਕਾਫ਼ੀ ਸਫ਼ਲਤਾ ਮਿਲਦੀ ਹੈ। ਇਸ ਕੰਮ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਸੇਵਾ ਨਿਗਾਹਬਾਨ ਦੀ ਹੈ। ਫਿਰ ਵੀ ਬਜ਼ੁਰਗਾਂ ਦਾ ਸਮੂਹ ਕਿਸੇ ਯੋਗ ਬਜ਼ੁਰਗ ਜਾਂ ਜ਼ਿੰਮੇਵਾਰ ਸਹਾਇਕ ਸੇਵਕ ਨੂੰ ਚੁਣ ਸਕਦਾ ਹੈ ਕਿ ਉਹ ਇਸ ਕੰਮ ਦਾ ਇੰਤਜ਼ਾਮ ਕਰਨ ਵਿਚ ਸੇਵਾ ਨਿਗਾਹਬਾਨ ਦੀ ਮਦਦ ਕਰੇ।
8 ਜਿਹੜੇ ਪ੍ਰਕਾਸ਼ਕ ਫ਼ੋਨ ਰਾਹੀਂ ਗਵਾਹੀ ਦੇਣ ਵਿਚ ਪਹਿਲਾਂ ਘਬਰਾਉਂਦੇ ਸਨ, ਹੁਣ ਉਨ੍ਹਾਂ ਨੇ ਇਸ ਕੰਮ ਵਿਚ ਮਹਾਰਤ ਹਾਸਲ ਕਰ ਕੇ ਚੰਗੇ ਨਤੀਜੇ ਹਾਸਲ ਕੀਤੇ ਹਨ। ਸ਼ੁਰੂ-ਸ਼ੁਰੂ ਵਿਚ ਸ਼ਾਇਦ ਕਲੀਸਿਯਾ ਦੇ ਕੁਝ ਪ੍ਰਕਾਸ਼ਕ ਤੇ ਪਾਇਨੀਅਰ ਫ਼ੋਨ ਰਾਹੀਂ ਗੱਲ ਕਰ ਸਕਦੇ ਹਨ। ਜਦੋਂ ਉਹ ਇਸ ਤਰੀਕੇ ਨਾਲ ਗਵਾਹੀ ਦੇਣ ਵਿਚ ਮਾਹਰ ਹੋ ਜਾਂਦੇ ਹਨ, ਤਾਂ ਉਹ ਆਰਾਮ ਨਾਲ ਗੱਲ ਕਰਦੇ ਹਨ। ਉਨ੍ਹਾਂ ਦੇ ਜੋਸ਼ੀਲੇ ਅਤੇ ਹੌਸਲਾ ਵਧਾਉਣ ਵਾਲੇ ਤਜਰਬੇ ਦੂਸਰਿਆਂ ਨੂੰ ਸ਼ਾਇਦ ਇਹ ਸਿੱਖਣ ਲਈ ਪ੍ਰੇਰਿਤ ਕਰਨ ਕਿ ਪ੍ਰਚਾਰ ਕਰਨ ਦੇ ਇਸ ਦਿਲਚਸਪ ਕੰਮ ਵਿਚ ਉਹ ਕਿਵੇਂ ਹਿੱਸਾ ਲੈ ਸਕਦੇ ਹਨ।
9 ਕਿੱਥੋਂ ਸ਼ੁਰੂ ਕਰੀਏ: ਰਿਹਾਇਸ਼ੀ ਇਮਾਰਤਾਂ ਵਿਚ ਰਹਿਣ ਵਾਲੇ ਲੋਕਾਂ ਦੇ ਨਾਂ ਇਮਾਰਤ ਦੇ ਮੁੱਖ ਦਰਵਾਜ਼ੇ ਉੱਤੇ ਲੱਗੀਆਂ ਲਿਸਟਾਂ ਵਿੱਚੋਂ ਜਾਂ ਡਾਕ ਬਕਸਿਆਂ ਉੱਤੇ ਲਿਖੇ ਹੋਏ ਮਿਲ ਸਕਦੇ ਹਨ। ਫਿਰ ਟੈਲੀਫ਼ੋਨ ਡਾਇਰੈਕਟਰੀ ਵਿੱਚੋਂ ਉਨ੍ਹਾਂ ਦੇ ਫ਼ੋਨ ਨੰਬਰ ਲੱਭੇ ਜਾ ਸਕਦੇ ਹਨ। ਨਵੀਆਂ ਟੈਲੀਫ਼ੋਨ ਡਾਇਰੈਕਟਰੀਆਂ ਦੀਆਂ ਫ਼ੋਟੋ ਕਾਪੀਆਂ ਪ੍ਰਚਾਰ ਕਰਨ ਲਈ ਇਲਾਕਿਆਂ ਦਾ ਕੰਮ ਦੇ ਸਕਦੀਆਂ ਹਨ। ਇਹ ਇਲਾਕੇ ਛੋਟੇ ਹੋਣੇ ਚਾਹੀਦੇ ਹਨ, ਯਾਨੀ ਇਕ ਸਮੇਂ ਤੇ ਜ਼ਿਆਦਾ ਲੋਕਾਂ ਦੇ ਫ਼ੋਨ ਨੰਬਰ ਨਹੀਂ ਲੈਣੇ ਚਾਹੀਦੇ।
10 ਪ੍ਰਚਾਰ ਕਰਨ ਦੇ ਸਾਰੇ ਤਰੀਕਿਆਂ ਵਿਚ ਸਹੀ ਰਿਕਾਰਡ ਰੱਖਣਾ ਬਹੁਤ ਹੀ ਜ਼ਰੂਰੀ ਹੈ। ਫ਼ੋਨ ਰਾਹੀਂ ਪ੍ਰਚਾਰ ਕਰਦੇ ਸਮੇਂ ਵੀ ਸਹੀ ਰਿਕਾਰਡ ਰੱਖਿਆ ਜਾਣਾ ਚਾਹੀਦਾ ਹੈ। ਘਰ-ਘਰ ਦੇ ਰਿਕਾਰਡ ਉੱਤੇ ਧਿਆਨ ਨਾਲ ਲੋੜੀਂਦੀ ਜਾਣਕਾਰੀ ਲਿਖ ਲਓ ਜਿਵੇਂ ਕਿ ਕਿਸ ਵਿਸ਼ੇ ਉੱਤੇ ਗੱਲ-ਬਾਤ ਹੋਈ, ਉਸ ਵਿਅਕਤੀ ਦੀਆਂ ਰੁਚੀਆਂ ਕੀ ਹਨ ਅਤੇ ਅਗਲੀ ਵਾਰ ਤੁਸੀਂ ਉਸ ਨਾਲ ਕਿਸ ਵਿਸ਼ੇ ਉੱਤੇ ਗੱਲ ਕਰੋਗੇ। ਇਹ ਵੀ ਲਿਖੋ ਕਿ ਅਗਲੀ ਵਾਰ ਦੁਬਾਰਾ ਫ਼ੋਨ ਤੇ ਗੱਲ ਕਰਨੀ ਹੈ ਜਾਂ ਉਸ ਨੂੰ ਖ਼ੁਦ ਜਾ ਕੇ ਮਿਲਣ ਦਾ ਇੰਤਜ਼ਾਮ ਕੀਤਾ ਗਿਆ ਹੈ।
11 ਨਿੱਜੀ ਸਮਾਂ-ਸਾਰਣੀ ਬਣਾਉਣ ਦੀ ਲੋੜ ਹੈ: ਫ਼ੋਨ ਤੇ ਲਗਾਤਾਰ ਪ੍ਰਚਾਰ ਕਰਨ ਨਾਲ ਤੁਹਾਡਾ ਹੌਸਲਾ ਵਧੇਗਾ ਤੇ ਡਰ ਵੀ ਦੂਰ ਹੋਵੇਗਾ। ਚੰਗਾ ਹੋਵੇਗਾ ਜੇ ਤੁਸੀਂ ਲੋਕਾਂ ਨਾਲ ਸ਼ਾਮ ਵੇਲੇ, ਸ਼ਨੀਵਾਰ ਜਾਂ ਐਤਵਾਰ ਨੂੰ ਫ਼ੋਨ ਕਰੋ ਕਿਉਂਕਿ ਉਦੋਂ ਉਹ ਘਰਾਂ ਵਿਚ ਮਿਲ ਸਕਦੇ ਹਨ। ਫ਼ੋਨ ਤੇ ਗੱਲ ਕਰਨ ਲਈ ਹਰ ਹਫ਼ਤੇ ਸਮਾਂ-ਸਾਰਣੀ ਬਣਾਓ। ਕੁਝ ਭੈਣ-ਭਰਾਵਾਂ ਨੇ ਕਲੀਸਿਯਾ ਪੁਸਤਕ ਅਧਿਐਨ ਤੋਂ ਇਕ ਘੰਟਾ ਪਹਿਲਾਂ ਦੇ ਸਮੇਂ ਨੂੰ ਫ਼ਾਇਦੇਮੰਦ ਪਾਇਆ ਹੈ। ਦੇਖੋ ਕਿ ਤੁਹਾਡੇ ਇਲਾਕੇ ਵਿਚ ਕਿਹੜਾ ਸਮਾਂ ਢੁਕਵਾਂ ਹੈ।
12 ਤਿਆਰੀ ਕਿਵੇਂ ਕਰੀਏ: ਉਨ੍ਹਾਂ ਭੈਣ-ਭਰਾਵਾਂ ਨਾਲ ਗੱਲ ਕਰੋ ਜਿਹੜੇ ਫ਼ੋਨ ਦੁਆਰਾ ਪ੍ਰਚਾਰ ਕਰਨ ਵਿਚ ਆਨੰਦ ਮਾਣਦੇ ਹਨ ਤੇ ਉਨ੍ਹਾਂ ਤੋਂ ਸੁਝਾਅ ਲਓ। ਹਮੇਸ਼ਾ ਸਹੀ ਨਜ਼ਰੀਆ ਰੱਖੋ। ਬਲ ਅਤੇ ਤਾਕਤ ਲਈ ਯਹੋਵਾਹ ਉੱਤੇ ਭਰੋਸਾ ਰੱਖੋ ਅਤੇ ਪ੍ਰਾਰਥਨਾ ਰਾਹੀਂ ਉਸ ਤੋਂ ਅਗਵਾਈ ਮੰਗੋ। (ਜ਼ਬੂ. 27:14; ਫ਼ਿਲ. 4:13) ਪ੍ਰਚਾਰ ਕਰਨ ਦੇ ਦੂਜੇ ਤਰੀਕਿਆਂ ਵਾਂਗ ਹੀ ਪੂਰੇ ਦਿਲ ਨਾਲ ਟੈਲੀਫ਼ੋਨ ਗਵਾਹੀ ਦਿਓ।—ਮਰਕੁਸ 12:33 ਦੀ ਤੁਲਨਾ ਕਰੋ।
13 ਤਜਰਬੇ ਸਾਬਤ ਕਰਦੇ ਹਨ ਕਿ ਕੁਰਸੀ ਤੇ ਬੈਠਣਾ ਫ਼ਾਇਦੇਮੰਦ ਹੈ। ਕੁਰਸੀ ਉੱਤੇ ਸਿੱਧੇ ਬੈਠਣ ਨਾਲ ਚੰਗੀ ਤਰ੍ਹਾਂ ਸੋਚਣ ਅਤੇ ਧਿਆਨ ਲਾਉਣ ਵਿਚ ਮਦਦ ਮਿਲਦੀ ਹੈ। ਗਵਾਹੀ ਦੇਣ ਲਈ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਇਸਤੇਮਾਲ ਕਰੋਗੇ, ਉਨ੍ਹਾਂ ਨੂੰ ਆਪਣੇ ਕੋਲ ਮੇਜ਼ ਉੱਤੇ ਰੱਖੋ ਜਿਵੇਂ ਟ੍ਰੈਕਟ, ਮਹੀਨੇ ਦੌਰਾਨ ਵੰਡਿਆ ਜਾਣ ਵਾਲਾ ਸਾਹਿੱਤ, ਨਵੇਂ ਜਾਂ ਕੁਝ ਪੁਰਾਣੇ ਦਿਲਚਸਪ ਰਸਾਲੇ, ਬਾਈਬਲ, ਤਰਕ ਕਰਨਾ ਕਿਤਾਬ (ਅੰਗ੍ਰੇਜ਼ੀ), ਸਭਾਵਾਂ ਦੇ ਸਮੇਂ ਅਤੇ ਕਿੰਗਡਮ ਹਾਲ ਦਾ ਪਤਾ, ਪੈੱਨ ਜਾਂ ਪੈਂਸਿਲ ਅਤੇ ਘਰ-ਘਰ ਦਾ ਰਿਕਾਰਡ ਦੀਆਂ ਪਰਚੀਆਂ ਆਦਿ। ਆਪਣਾ ਸਾਹਿੱਤ ਅਜਿਹੀ ਥਾਂ ਤੇ ਰੱਖੋ, ਜਿੱਥੋਂ ਤੁਸੀਂ ਆਸਾਨੀ ਨਾਲ ਚੁੱਕ ਸਕੋ, ਸ਼ਾਇਦ ਕਿਸੇ ਖ਼ਾਸ ਲੇਖ ਨੂੰ ਖੋਲ੍ਹ ਕੇ ਵੀ ਰੱਖਿਆ ਜਾ ਸਕਦਾ ਹੈ। ਆਪਣੀ ਪੇਸ਼ਕਾਰੀ ਦੀ ਚੰਗੀ ਤਰ੍ਹਾਂ ਰੀਹਰਸਲ ਕਰੋ। ਧਿਆਨ ਰੱਖੋ ਕਿ ਤੁਹਾਡਾ ਮਕਸਦ ਗਵਾਹੀ ਦੇਣਾ ਅਤੇ ਜਿੰਨੀ ਛੇਤੀ ਹੋ ਸਕੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਦੁਬਾਰਾ ਜਾ ਕੇ ਮਿਲਣ ਦਾ ਇੰਤਜ਼ਾਮ ਕਰਨਾ ਹੈ।
14 ਫ਼ੋਨ ਕਰੋ: ਆਰਾਮ ਨਾਲ ਬੈਠੋ। ਅਸਰਦਾਰ ਤਰੀਕੇ ਨਾਲ ਗਵਾਹੀ ਦੇਣ ਲਈ ਫ਼ੋਨ ਤੇ ਨਰਮ ਅਤੇ ਮਿੱਠੀ ਆਵਾਜ਼ ਵਿਚ ਗੱਲ ਕਰੋ। ਤੁਹਾਡੇ ਚਿਹਰੇ ਦੀ ਮੁਸਕਰਾਹਟ ਤੁਹਾਡੀ ਆਵਾਜ਼ ਵਿਚ ਝਲਕੇਗੀ। ਨਾ ਜ਼ਿਆਦਾ ਉੱਚੀ ਬੋਲੋ ਤੇ ਨਾ ਹੀ ਹੌਲੀ। ਸਾਫ਼ ਆਵਾਜ਼ ਵਿਚ ਗੱਲ ਕਰੋ। ਘਰ ਸੁਆਮੀ ਨੂੰ ਇੱਜ਼ਤ ਦਿੰਦੇ ਹੋਏ ਧੀਰਜ ਤੇ ਦੋਸਤਾਨਾ ਅੰਦਾਜ਼ ਵਿਚ ਗੱਲ ਕਰੋ। ਇਸ ਗੱਲ ਤੋਂ ਨਾ ਡਰੋ ਉਹ ਵਿਅਕਤੀ ਤੁਹਾਡੀ ਗੱਲ ਨਹੀਂ ਸੁਣੇਗਾ। ਸਗੋਂ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਸਾਰੇ ਲੋਕ ਤੁਹਾਡੇ ਸੰਦੇਸ਼ ਨੂੰ ਨਹੀਂ ਸੁਣਨਗੇ। ਜਿਵੇਂ ਘਰ-ਘਰ ਪ੍ਰਚਾਰ ਕਰਦੇ ਸਮੇਂ ਕਈ ਲੋਕ ਸਾਡੀ ਗੱਲ ਨਹੀਂ ਸੁਣਦੇ, ਉਸੇ ਤਰ੍ਹਾਂ ਫ਼ੋਨ ਰਾਹੀਂ ਗਵਾਹੀ ਦਿੰਦੇ ਸਮੇਂ ਵੀ ਉਹ ਸਾਡੀ ਗੱਲ ਨਹੀਂ ਸੁਣਨਗੇ।
15 ਆਪਣੀ ਜਾਣ-ਪਛਾਣ ਕਰਾਉਣ ਲੱਗਿਆਂ ਆਪਣਾ ਪੂਰਾ ਨਾਂ ਦੱਸੋ। ਚੰਗਾ ਹੋਵੇਗਾ ਜੇ ਤੁਸੀਂ ਇਹ ਨਾ ਕਹੋ ਕਿ ਤੁਸੀਂ ਇਸ ਖ਼ਾਸ ਇਮਾਰਤ ਜਾਂ ਕੰਪਲੈਕਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਫ਼ੋਨ ਕਰ ਰਹੋ ਹੋ, ਕਿਉਂਕਿ ਅਜਿਹਾ ਕਹਿਣ ਤੇ ਕੋਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ।
16 ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਵਿਚ ਕਈ ਪੇਸ਼ਕਾਰੀਆਂ ਦਿੱਤੀਆਂ ਗਈਆਂ ਹਨ, ਤੁਸੀਂ ਉਨ੍ਹਾਂ ਨੂੰ ਉਸੇ ਤਰ੍ਹਾਂ ਗੱਲ-ਬਾਤ ਕਰਨ ਦੇ ਤਰੀਕੇ ਨਾਲ ਪੜ੍ਹ ਸਕਦੇ ਹੋ। ਉਦਾਹਰਣ ਲਈ ਤੁਸੀਂ ਇਹ ਕਹਿ ਕੇ ਆਪਣੀ ਪਛਾਣ ਕਰਵਾ ਸਕਦੇ ਹੋ: “ਹੈਲੋ, ਮੇਰਾ ਨਾਂ _____________ ਹੈ। ਮੈਂ ਤੁਹਾਨੂੰ ਇਸ ਲਈ ਫ਼ੋਨ ਕੀਤਾ ਹੈ ਕਿਉਂਕਿ ਮੈਂ ਤੁਹਾਨੂੰ ਖ਼ੁਦ ਆ ਕੇ ਨਹੀਂ ਮਿਲ ਸਕਦਾ।” ਫਿਰ ਬਿਨਾਂ ਰੁਕੇ ਪੁੱਛੋ: “ਮੈਂ ਇਸ ਗੱਲ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ ਕਿ ਕੀ ਕਦੇ ਸਾਡਾ ਜੀਵਨ-ਪੱਧਰ ਸੁਧਰੇਗਾ ਜਾਂ ਨਹੀਂ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਖ਼ੁਸ਼ ਹਨ ਕਿ ਉਹ ਜ਼ਿੰਦਾ ਹਨ, ਪਰ ਕਈ ਲੋਕ ਸੋਚਦੇ ਹਨ ਕਿ ‘ਕੀ ਅਸੀਂ ਆਪਣੀ ਜ਼ਿੰਦਗੀ ਵਿਚ ਸੱਚ-ਮੁੱਚ ਖ਼ੁਸ਼ੀਆਂ ਪਾ ਸਕਦੇ ਹਾਂ?’ ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਤੁਹਾਡੇ ਖ਼ਿਆਲ ਵਿਚ ਜਦੋਂ ਅਸੀਂ ਖ਼ੁਸ਼ੀਆਂ ਮਾਣਨਾ ਚਾਹੁੰਦੇ ਹਾਂ, ਤਾਂ ਸਾਡੇ ਰਾਹ ਵਿਚ ਅੱਜ ਸਭ ਤੋਂ ਵੱਡੀ ਮੁਸ਼ਕਲ ਕਿਹੜੀ ਆਉਂਦੀ ਹੈ?” ਨਹੀਂ ਤਾਂ ਉੱਪਰ ਦੱਸੇ ਤਰੀਕੇ ਨਾਲ ਆਪਣੀ ਪਛਾਣ ਕਰਾਉਣ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ: “ਮੈਂ ਇਕ ਅੰਤਰਰਾਸ਼ਟਰੀ ਸਵੈ-ਸੇਵਕ ਹਾਂ ਤੇ ਜ਼ਿੰਦਗੀ ਦੇ ਮਕਸਦ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ। ਜਿਉਂ-ਜਿਉਂ ਸਾਲ ਬੀਤਦੇ ਜਾਂਦੇ ਹਨ, ਸਾਨੂੰ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਕਿੰਨੀ ਛੋਟੀ ਹੈ। ਕੀ ਇਹੀ ਜ਼ਿੰਦਗੀ ਹੈ? ਤੁਸੀਂ ਇਸ ਬਾਰੇ ਕੀ ਸੋਚਦੇ ਹੋ?” (ਬਾਈਬਲ ਚਰਚੇ ਨਾਮਕ ਪੁਸਤਿਕਾ ਦੇ ਸਫ਼ਾ 3 ਉੱਤੇ ਸਿਰਲੇਖ “ਜੀਵਨ/ਖ਼ੁਸ਼ੀ” ਦੇਖੋ।) ਫ਼ੋਨ ਰਾਹੀਂ ਗਵਾਹੀ ਦੇਣ ਲਈ ਪੇਸ਼ਕਾਰੀਆਂ ਨੂੰ ਇਸਤੇਮਾਲ ਕਰਨ ਅਤੇ ਗੱਲ ਟੋਕਣ ਵਾਲਿਆਂ ਨੂੰ ਜਵਾਬ ਦੇਣ ਸੰਬੰਧੀ ਜੁਲਾਈ 1990 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਸਫ਼ਾ 4 ਉੱਤੇ ਦਿੱਤੇ ਸੁਝਾਵਾਂ ਤੇ ਮੁੜ ਵਿਚਾਰ ਕਰਨ ਨਾਲ ਸਾਨੂੰ ਕਾਫ਼ੀ ਜਾਣਕਾਰੀ ਮਿਲੇਗੀ।
17 ਚਰਚਾ ਕਰਦੇ ਸਮੇਂ ਜਿੰਨੀ ਛੇਤੀ ਹੋ ਸਕੇ, ਬਾਈਬਲ ਦਾ ਇਸਤੇਮਾਲ ਕਰੋ। ਗੱਲ-ਬਾਤ ਕਰਦੇ ਸਮੇਂ ਜਦੋਂ ਠੀਕ ਲੱਗੇ, ਉਦੋਂ ਦੱਸੋ ਕਿ ਤੁਸੀਂ ਇਕ ਯਹੋਵਾਹ ਦੇ ਗਵਾਹ ਹੋ। ਘਰ ਸੁਆਮੀ ਨੂੰ ਗੱਲ ਕਰਨ ਦਾ ਮੌਕਾ ਦਿਓ। ਜੇ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਹੈ, ਤਾਂ ਸੁਣਨ ਤੋਂ ਨਾ ਡਰੋ। ਉਸ ਦੇ ਵਿਚਾਰਾਂ ਲਈ ਉਸ ਦਾ ਧੰਨਵਾਦ ਕਰੋ। ਉਸ ਦੀ ਤਾਰੀਫ਼ ਕਰੋ। ਪਰ ਜੇ ਉਹ ਵਿਅਕਤੀ ਖ਼ੁਦ ਹੀ ਜ਼ਿਆਦਾ ਗੱਲ ਕਰਨੀ ਜਾਂ ਬਹਿਸ ਕਰਨ ਲੱਗ ਪੈਂਦਾ ਹੈ, ਤਾਂ ਸਮਝਦਾਰੀ ਨਾਲ ਗੱਲ ਖ਼ਤਮ ਕਰੋ। ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਦੀ ਆਤਮਾ ਤੁਹਾਡੇ ਜਤਨਾਂ ਨੂੰ ਨਿਰਦੇਸ਼ਿਤ ਕਰੇ ਅਤੇ ਨੇਕਦਿਲ ਲੋਕਾਂ ਨੂੰ ਲੱਭਣ ਵਿਚ ਤੁਹਾਡੀ ਮਦਦ ਕਰੇ।
18 ਇਸ ਦੀ ਬਜਾਇ ਕਿ ਘਰ ਸੁਆਮੀ ਗੱਲ ਖ਼ਤਮ ਕਰੇ ਚੰਗਾ ਹੋਵੇਗਾ ਜੇ ਤੁਸੀਂ ਗੱਲ ਖ਼ਤਮ ਕਰਨ ਵਿਚ ਪਹਿਲ ਕਰੋ। ਤੁਸੀਂ ਉਸ ਵਿਅਕਤੀ ਨੂੰ ਕਿੰਗਡਮ ਹਾਲ ਦਾ ਪਤਾ ਅਤੇ ਸਭਾਵਾਂ ਦਾ ਸਮਾਂ ਦੱਸ ਕੇ ਜਨਤਕ ਭਾਸ਼ਣ ਲਈ ਬੁਲਾ ਕੇ ਗੱਲ ਖ਼ਤਮ ਕਰ ਸਕਦੇ ਹੋ। ਤੁਸੀਂ ਉਸ ਨੂੰ ਇਹ ਵੀ ਪੁੱਛ ਸਕਦੇ ਹੋ ਕਿ ਅੱਗੋਂ ਚਰਚਾ ਕਰਨ ਵਾਸਤੇ ਕੀ ਤੁਸੀਂ ਉਸ ਦੇ ਘਰ ਆ ਸਕਦੇ ਹੋ। ਫ਼ੋਨ ਉੱਤੇ ਵੀ ਤੁਸੀਂ ਸਾਹਿੱਤ ਪੇਸ਼ ਕਰ ਸਕਦੇ ਹੋ। ਮੈਗਜ਼ੀਨ ਰੂਟ ਸ਼ੁਰੂ ਕਰਨ ਦੇ ਟੀਚੇ ਨਾਲ ਤੁਸੀਂ ਰਸਾਲੇ ਪੇਸ਼ ਕਰ ਸਕਦੇ ਹੋ।
19 ਫ਼ੋਨ ਰਾਹੀਂ ਗਵਾਹੀ ਦੇਣ ਦੇ ਆਨੰਦ ਵਿਚ ਹਿੱਸਾ ਲਓ: ਕੀ ਸਾਰੇ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਹੋ ਸਕਦੀ ਹੈ? ਨਹੀਂ, ਪਰ ਕੁਝ ਕੁ ਸਟੱਡੀਆਂ ਸ਼ੁਰੂ ਹੋ ਸਕਦੀਆਂ ਹਨ। ਉਦਾਹਰਣ ਲਈ, ਇਕ ਭੈਣ ਨੇ ਮਹੀਨੇ ਵਿਚ 300 ਵਾਰੀ ਫ਼ੋਨ ਤੇ ਗਵਾਹੀ ਦਿੱਤੀ। ਆਪਣੀ ਪਛਾਣ ਕਰਾਉਣ ਤੋਂ ਬਾਅਦ ਉਸ ਨੇ ਦੱਸਿਆ ਕਿ ਉਹ ਕਿਉਂ ਉਨ੍ਹਾਂ ਦੇ ਘਰ ਆ ਕੇ ਮਿਲਣ ਦੀ ਬਜਾਇ ਫ਼ੋਨ ਰਾਹੀਂ ਗੱਲ ਕਰ ਰਹੀ ਹੈ। ਫਿਰ ਉਸ ਨੇ ਛੋਟੀ ਜਿਹੀ ਪੇਸ਼ਕਾਰੀ ਦਿੱਤੀ। ਇਸ ਨਾਲ ਉਸ ਨੂੰ 12 ਚੰਗੇ ਲੋਕ ਮਿਲੇ। ਉਨ੍ਹਾਂ ਵਿੱਚੋਂ ਤਿੰਨ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨਾਲ ਉਹ ਫ਼ੋਨ ਉੱਤੇ ਅਜੇ ਵੀ ਗੱਲ ਕਰਦੀ ਹੈ ਅਤੇ ਹੋਰ ਚਾਰ ਵਿਅਕਤੀਆਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਮਿਲ ਸਕਦੀ ਹੈ।
20 ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ “ਧਰਤੀ ਦੇ ਬੰਨੇ ਤੀਕੁਰ” ਪ੍ਰਚਾਰ ਦਾ ਕੰਮ ਵਧਾਉਣ। (ਰਸੂ. 1:8) ਕੁਝ ਇਲਾਕਿਆਂ ਵਿਚ ਇਸ ਹੁਕਮ ਨੂੰ ਪੂਰਾ ਕਰਨ ਦਾ ਜ਼ਰੀਆ ਹੈ ਟੈਲੀਫ਼ੋਨ। ਉੱਪਰ ਦੱਸੀਆਂ ਗੱਲਾਂ ਉੱਤੇ ਵਿਚਾਰ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਪੁੱਛੋ: ‘ਕੀ ਮੈਂ ਆਪਣੀ ਕਲੀਸਿਯਾ ਦੇ ਇਲਾਕੇ ਵਿਚ ‘ਸਾਰੇ ਮਨੁੱਖਾਂ’ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹੋਰ ਜ਼ਿਆਦਾ ਸਮਾਂ ਬਿਤਾ ਸਕਦਾ ਹਾਂ, ਇੱਥੋਂ ਤਕ ਕਿ ਉਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਵੀ ਜਿੱਥੇ ਪਹਿਲਾਂ ਕਦੀ ਪ੍ਰਚਾਰ ਨਹੀਂ ਕੀਤਾ ਗਿਆ?’ ਜਿਨ੍ਹਾਂ ਭਰਾਵਾਂ ਨੇ ਇਨ੍ਹਾਂ ਸੁਝਾਵਾਂ ਨੂੰ ਮੰਨਿਆ ਹੈ, ਉਨ੍ਹਾਂ ਨੂੰ ਇਸ ਦੇ ਚੰਗੇ ਨਤੀਜਿਆਂ ਤੋਂ ਕਾਫ਼ੀ ਹੌਸਲਾ ਮਿਲਿਆ ਹੈ। ਉਨ੍ਹਾਂ ਨੇ ਪਾਇਆ ਕਿ ਫ਼ੋਨ ਰਾਹੀਂ ਗਵਾਹੀ ਦੇਣੀ “ਆਪਣੀ ਸੇਵਾ ਦੀ ਵਡਿਆਈ” ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। (ਰੋਮੀ. 11:13) ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਫ਼ੋਨ ਰਾਹੀਂ ਗਵਾਹੀ ਦੇਣ ਦਾ ਇਹੋ ਜਿਹਾ ਆਨੰਦ ਮਾਣੋ।