ਖ਼ੁਸ਼ ਖ਼ਬਰੀ ਨੂੰ ਹਰ ਜਗ੍ਹਾ ਪ੍ਰਚਾਰ ਕਰੋ
1 ਮੁਢਲੇ ਮਸੀਹੀਆਂ ਨੇ ਖ਼ੁਸ਼ ਖ਼ਬਰੀ ਨੂੰ ਹਰ ਜਗ੍ਹਾ ਪ੍ਰਚਾਰ ਕੀਤਾ। ਉਹ ਇੰਨੇ ਜੋਸ਼ੀਲੇ ਸਨ ਕਿ ਯਿਸੂ ਮਸੀਹ ਦੇ ਪੁਨਰ-ਉਥਾਨ ਤੋਂ 30 ਸਾਲਾਂ ਦੇ ਵਿਚ-ਵਿਚ, ਰਾਜ ਸੰਦੇਸ਼ “ਦਾ ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ” ਜਾ ਚੁੱਕਾ ਸੀ।—ਕੁਲੁ. 1:23.
2 ਅੱਜ ਯਹੋਵਾਹ ਦੇ ਜੋਸ਼ੀਲੇ ਸੇਵਕਾਂ ਦਾ ਵੀ ਇਹੋ ਹੀ ਉਦੇਸ਼ ਹੈ—ਰਾਜ ਦੀ ਖ਼ੁਸ਼ ਖ਼ਬਰੀ ਨਾਲ ਹਰ ਸੰਭਵ ਵਿਅਕਤੀ ਤਕ ਪਹੁੰਚਣਾ। ਕਿਹੜੀ ਚੀਜ਼ ਸਾਨੂੰ ਇਹ ਟੀਚਾ ਹਾਸਲ ਕਰਨ ਲਈ ਮਦਦ ਕਰ ਸਕਦੀ ਹੈ? ਜ਼ਿਆਦਾ ਤੋਂ ਜ਼ਿਆਦਾ ਲੋਕ ਪੂਰਣ-ਕਾਲੀ ਨੌਕਰੀ ਕਰ ਰਹੇ ਹਨ ਅਤੇ ਅਕਸਰ ਘਰ ਨਹੀਂ ਹੁੰਦੇ ਹਨ ਜਦੋਂ ਅਸੀਂ ਉਨ੍ਹਾਂ ਨੂੰ ਮਿਲਣ ਲਈ ਜਾਂਦੇ ਹਾਂ। ਇਹ ਘਰ-ਵਿਖੇ-ਨਹੀਂ ਘਰਾਂ ਦਾ ਚੰਗਾ ਰੀਕਾਰਡ ਰੱਖਣ ਅਤੇ ਉੱਥੇ ਦੁਬਾਰਾ ਜਾਣ ਲਈ ਸਚੇਤ ਰਹਿਣ ਦੀ ਲੋੜ ਉੱਤੇ ਜ਼ੋਰ ਪਾਉਂਦਾ ਹੈ। ਲੇਕਿਨ ਕਦੇ-ਕਦੇ, ਵਾਰ-ਵਾਰ ਜਾਣ ਦੇ ਬਾਵਜੂਦ, ਸਾਨੂੰ ਕੁਝ ਘਰਾਂ ਵਿਚ ਕੋਈ ਨਹੀਂ ਮਿਲਦਾ ਹੈ। ਉਹ ਕਿੱਥੇ ਹਨ? ਜਦੋਂ ਉਹ ਕੰਮ ਤੇ ਨਹੀਂ ਹੁੰਦੇ, ਉਦੋਂ ਉਹ ਸ਼ਾਇਦ ਸਫ਼ਰ ਤੇ ਹੋਣ, ਖ਼ਰੀਦਾਰੀ ਕਰ ਰਹੇ ਹੋਣ, ਜਾਂ ਕਿਸੇ ਪ੍ਰਕਾਰ ਦੇ ਮਨੋਰੰਜਨ ਵਿਚ ਲੱਗੇ ਹੋਣ। ਉਨ੍ਹਾਂ ਵਿੱਚੋਂ ਲਾਇਕ ਵਿਅਕਤੀਆਂ ਤਕ ਰਾਜ ਸੰਦੇਸ਼ ਨਾਲ ਕਿਵੇਂ ਪਹੁੰਚਿਆ ਜਾ ਰਿਹਾ ਹੈ?—ਮੱਤੀ 10:11.
3 ਕੁਝ ਵਿਅਕਤੀਆਂ ਨਾਲ ਉਨ੍ਹਾਂ ਦੇ ਕਾਰਜ ਸਥਾਨ ਵਿਖੇ ਸੰਪਰਕ ਕੀਤਾ ਜਾ ਰਿਹਾ ਹੈ। ਛੋਟੇ ਨਗਰਾਂ ਵਿਚ ਵੀ ਕਾਰੋਬਾਰੀ ਇਲਾਕੇ ਹੁੰਦੇ ਹਨ ਜਿੱਥੇ ਅਨੇਕ ਲੋਕ ਆਪਣਾ ਜ਼ਿਆਦਾਤਰ ਸਮਾਂ ਬਿਤਾਉਂਦੇ ਹਨ। ਸ਼ਹਿਰਾਂ ਵਿਚ ਉਦਯੋਗਿਕ ਖੇਤਰਾਂ ਜਾਂ ਦਫ਼ਤਰ ਇਮਾਰਤਾਂ ਵਿਚ ਕੰਮ ਕਰਨ ਵਾਲਿਆਂ ਨੂੰ ਅਤੇ ਭਾਰੀ-ਸੁਰੱਖਿਆ ਵਾਲੇ ਅਪਾਰਟਮੈਂਟਾਂ ਜਾਂ ਕਲੋਨੀਆਂ ਵਿਚ ਰਹਿਣ ਵਾਲਿਆਂ ਨੂੰ ਗਵਾਹੀ ਦਿੱਤੀ ਜਾ ਰਹੀ ਹੈ—ਅਨੇਕਾਂ ਨੂੰ ਪਹਿਲੀ ਵਾਰ। ਸਪਤਾਹ-ਅੰਤ ਤੇ, ਪਾਰਕ ਵਿਖੇ, ਸਮੁੰਦਰ ਤਟ ਤੇ, ਸਿਨਮਾ-ਘਰਾਂ ਬਾਹਰ ਆਰਾਮ ਕਰਦਿਆਂ, ਜਾਂ ਪਾਰਕਿੰਗ ਥਾਵਾਂ ਜਾਂ ਬਾਜ਼ਾਰਾਂ ਵਿਚ ਉਡੀਕ ਕਰਦਿਆਂ ਸੰਪਰਕ ਕੀਤੇ ਗਏ ਕੁਝ ਲੋਕਾਂ ਨੇ ਖ਼ੁਸ਼ ਖ਼ਬਰੀ ਨੂੰ ਚੰਗੀ ਪ੍ਰਤਿਕ੍ਰਿਆ ਦਿਖਾਈ ਹੈ।
4 ਵਧਦੀ ਗਿਣਤੀ ਵਿਚ ਪ੍ਰਕਾਸ਼ਕ ਸਰਬਜਨਕ ਥਾਵਾਂ ਵਿਚ, ਜਿੱਥੇ ਕਿਤੇ ਵੀ ਲੋਕੀ ਮਿਲ ਸਕਣ, ਉੱਥੇ ਗਵਾਹੀ ਦੇਣ ਦਾ ਖ਼ਾਸ ਜਤਨ ਕਰ ਰਹੇ ਹਨ। ਪਹਿਲਾਂ-ਪਹਿਲ, ਇਨ੍ਹਾਂ ਗਵਾਹਾਂ ਨੇ ਹਿਚਕਿਚਾਹਟ ਅਤੇ ਕੁਝ-ਕੁਝ ਘਬਰਾਹਟ ਮਹਿਸੂਸ ਕੀਤੀ, ਕਿਉਂਕਿ ਉਹ ਜ਼ਿਆਦਾ ਰਸਮੀ ਵਾਤਾਵਰਣ ਵਿਚ, ਜਿਵੇਂ ਕਿ ਘਰ-ਘਰ ਵਿਚ, ਪ੍ਰਚਾਰ ਕਰਨ ਦੇ ਆਦੀ ਸਨ। ਹੁਣ ਉਹ ਕਿਵੇਂ ਮਹਿਸੂਸ ਕਰਦੇ ਹਨ?
5 “ਇਸ ਨੇ ਮੇਰੀ ਸੇਵਕਾਈ ਵਿਚ ਦੁਬਾਰਾ ਜਾਨ ਪਾ ਦਿੱਤੀ ਹੈ!” ਇਕ ਅਨੁਭਵੀ ਭਰਾ ਆਖਦਾ ਹੈ। ਇਕ ਹੋਰ ਭਰਾ ਅੱਗੇ ਕਹਿੰਦਾ ਹੈ: “ਇਹ ਮੇਰੇ ਧਿਆਨ ਨੂੰ ਕੇਂਦ੍ਰਿਤ ਰੱਖਦਾ ਹੈ।” ਇਕ ਵੱਧ ਉਮਰ ਦਾ ਪਾਇਨੀਅਰ ਟਿੱਪਣੀ ਕਰਦਾ ਹੈ: “ਇਹ ਮਾਨਸਿਕ, ਸਰੀਰਕ, ਅਤੇ ਅਧਿਆਤਮਿਕ ਤੌਰ ਤੇ ਜਾਨ-ਪਾਊ ਸਾਬਤ ਹੋਇਆ ਹੈ, . . . ਅਤੇ ਮੈਂ ਅਜੇ ਵੀ ਵੱਧ ਰਿਹਾ ਹਾਂ।” ਨੌਜਵਾਨ ਲੋਕ ਵੀ ਇਸ ਆਨੰਦਮਈ ਕਾਰਜ ਦੇ ਜੋਸ਼ ਵਿਚ ਸ਼ਾਮਲ ਹੋ ਰਹੇ ਹਨ। ਇਕ ਨੌਜਵਾਨ ਆਪਣੇ ਆਪ ਨੂੰ ਇਸ ਤਰ੍ਹਾਂ ਵਿਅਕਤ ਕਰਦਾ ਹੈ: “ਇਸ ਵਿਚ ਮਜ਼ਾ ਆਉਂਦਾ ਹੈ ਕਿਉਂਕਿ ਤੁਹਾਨੂੰ ਇੰਨੇ ਸਾਰੇ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ।” ਦੂਸਰਾ ਕਹਿੰਦਾ ਹੈ: “ਮੈਂ ਅੱਗੇ ਨਾਲੋਂ ਕਿਤੇ ਹੀ ਜ਼ਿਆਦਾ ਸਾਹਿੱਤ ਦੇ ਰਿਹਾ ਹਾਂ!” ਇਹ ਸਭ ਕੁਝ ਉਸ ਖੇਤਰ ਵਿਚ ਵਾਪਰ ਰਿਹਾ ਹੈ ਜਿੱਥੇ ਵਾਰ-ਵਾਰ ਕੰਮ ਕੀਤਾ ਗਿਆ ਹੈ।
6 ਸਫ਼ਰੀ ਨਿਗਾਹਬਾਨ ਅਗਵਾਈ ਲੈ ਰਹੇ ਹਨ: ਇਸ ਗੱਲ ਨੂੰ ਪਛਾਣਦੇ ਹੋਏ ਕਿ “ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ,” ਸੰਸਥਾ ਨੇ ਹਾਲ ਹੀ ਵਿਚ ਸੁਝਾਉ ਦਿੱਤਾ ਕਿ ਸਫ਼ਰੀ ਨਿਗਾਹਬਾਨ ਆਪਣੀ ਖੇਤਰ ਸੇਵਾ ਅਨੁਸੂਚੀ ਨੂੰ ਹਰ ਹਫ਼ਤੇ ਸਮਾਯੋਜਿਤ ਕਰਨ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਖ਼ੁਸ਼ ਖ਼ਬਰੀ ਨਾਲ ਪਹੁੰਚਿਆ ਜਾ ਸਕੇ। (1 ਕੁਰਿੰ. 7:31) ਸਾਲਾਂ ਤੋਂ, ਸਰਕਟ ਨਿਗਾਹਬਾਨ ਸਪਤਾਹ-ਦਿਨਾਂ ਤੇ, ਸਵੇਰ ਦਾ ਸਮਾਂ ਘਰ-ਘਰ ਦੇ ਕਾਰਜ ਵਿਚ ਹਿੱਸਾ ਲੈਣ ਲਈ ਅਲੱਗ ਰੱਖਦੇ ਸਨ, ਜਦ ਕਿ ਦੁਪਹਿਰ ਦਾ ਸਮਾਂ ਪੁਨਰ-ਮੁਲਾਕਾਤ ਕਰਨ ਅਤੇ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕਰਨ ਲਈ ਲਾਇਆ ਜਾਂਦਾ ਸੀ। ਇਸ ਦੇਸ਼ ਦੇ ਅਧਿਕਤਰ ਭਾਗਾਂ ਵਿਚ, ਇਹ ਅਨੁਸੂਚੀ ਸ਼ਾਇਦ ਅਜੇ ਵੀ ਵਿਵਹਾਰਕ ਹੋਵੇ। ਦੂਜੀਆਂ ਥਾਵਾਂ ਵਿਚ, ਸਪਤਾਹ-ਦਿਨ ਦੀ ਸਵੇਰ ਨੂੰ ਘਰ-ਘਰ ਪ੍ਰਚਾਰ ਕਰਨ ਤੋਂ ਸ਼ਾਇਦ ਹੀ ਕੁਝ ਸਫ਼ਲਤਾ ਮਿਲੇ। ਅਜਿਹੇ ਮਾਮਲਿਆਂ ਵਿਚ, ਸਫ਼ਰੀ ਨਿਗਾਹਬਾਨ ਸ਼ਾਇਦ ਫ਼ੈਸਲਾ ਕਰੇ ਕਿ ਸਵੇਰ ਵੇਲੇ ਦੁਕਾਨ-ਦੁਕਾਨ ਕਾਰਜ ਜਾਂ ਸੜਕ ਗਵਾਹੀ ਵਿਚ ਹਿੱਸਾ ਲੈਣਾ ਵਧੀਆ ਹੋਵੇਗਾ। ਜਾਂ ਉਹ ਛੋਟੇ-ਛੋਟੇ ਸਮੂਹਾਂ ਨੂੰ ਦਫ਼ਤਰ ਇਮਾਰਤਾਂ, ਬਾਜ਼ਾਰਾਂ, ਪਾਰਕਿੰਗ ਥਾਵਾਂ, ਜਾਂ ਦੂਜੇ ਸਰਬਜਨਕ ਥਾਵਾਂ ਵਿਖੇ ਗਵਾਹੀ ਦੇਣ ਲਈ ਵਿਵਸਥਿਤ ਕਰੇ। ਜੇਕਰ ਪ੍ਰਕਾਸ਼ਕ ਖੇਤਰ ਸੇਵਾ ਲਈ ਉਪਲਬਧ ਸਮੇਂ ਦੀ ਅਧਿਕ ਪ੍ਰਭਾਵਕਾਰੀ ਵਰਤੋਂ ਕਰਨ, ਤਾਂ ਹੋਰ ਜ਼ਿਆਦਾ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ।
7 ਰਿਪੋਰਟ ਸੰਕੇਤ ਕਰਦੀਆਂ ਹਨ ਕਿ ਇਸ ਸਮਾਯੋਜਨ ਨੂੰ ਸਫ਼ਰੀ ਨਿਗਾਹਬਾਨਾਂ ਅਤੇ ਪ੍ਰਕਾਸ਼ਕਾਂ ਦੋਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਬੂਲ ਕੀਤਾ ਹੈ। ਬਜ਼ੁਰਗਾਂ ਦੇ ਕਈ ਸਮੂਹਾਂ ਨੇ ਸਰਕਟ ਨਿਗਾਹਬਾਨ ਨੂੰ ਕਾਰਜ ਦੇ ਉਨ੍ਹਾਂ ਪਹਿਲੂਆਂ ਵਿਚ ਕੁਝ ਪ੍ਰਕਾਸ਼ਕਾਂ ਨੂੰ ਸਿਖਲਾਈ ਦੇਣ ਲਈ ਸੱਦਾ ਦਿੱਤਾ ਹੈ, ਜਿਨ੍ਹਾਂ ਵੱਲ ਸਥਾਨਕ ਤੌਰ ਤੇ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਪ੍ਰਕਾਸ਼ਕਾਂ ਦਾ ਸਫ਼ਰੀ ਨਿਗਾਹਬਾਨ ਨਾਲ ਜਾਣਾ ਸਹਾਈ ਰਿਹਾ ਹੈ, ਜਿਉਂ-ਜਿਉਂ ਉਹ ਇਨ੍ਹਾਂ ਵਿੱਚੋਂ ਕਿਸੇ ਇਕ ਸਰਗਰਮੀ ਵਿਚ ਹਿੱਸਾ ਲੈਂਦਾ ਹੈ। ਉਹ, ਅੱਗੋਂ ਦੀ, ਦੂਜਿਆਂ ਨੂੰ ਸਿਖਲਾਈ ਦੇਣ ਦੇ ਯੋਗ ਹੋਏ ਹਨ। (2 ਤਿਮੋ. 2:2) ਸਿੱਟੇ ਵਜੋਂ, ਹੁਣ ਖ਼ੁਸ਼ ਖ਼ਬਰੀ ਨਾਲ ਜ਼ਿਆਦਾ ਲੋਕਾਂ ਤਕ ਪਹੁੰਚਿਆ ਜਾ ਰਿਹਾ ਹੈ।
8 ਨਿਰਸੰਦੇਹ, ਤੁਹਾਨੂੰ ਪ੍ਰਚਾਰ ਕਰਨ ਦੇ ਇਨ੍ਹਾਂ ਦੂਜੇ ਤਰੀਕਿਆਂ ਵਿੱਚੋਂ ਕੁਝ ਨੂੰ ਅਜ਼ਮਾਉਣ ਲਈ ਸਰਕਟ ਨਿਗਾਹਬਾਨ ਦੀ ਮੁਲਾਕਾਤ ਲਈ ਉਡੀਕ ਕਰਨ ਦੀ ਲੋੜ ਨਹੀਂ ਹੈ। ਇੱਥੇ ਵਿਭਿੰਨ ਤਰੀਕੇ ਹਨ ਜੋ ਤੁਸੀਂ ਸ਼ਾਇਦ ਆਪਣੇ ਖੇਤਰ ਵਿਚ ਵਿਵਹਾਰਕ ਪਾਓ:
9 ਸੜਕ ਗਵਾਹੀ: ‘ਸਾਰੇ ਲੋਕੀ ਕਿੱਥੇ ਹਨ?’ ਕਦੇ-ਕਦੇ ਅਸੀਂ ਇਹ ਸੋਚਦੇ ਹਾਂ ਜਦੋਂ ਅਸੀਂ ਕਿਸੇ ਸਪਤਾਹ-ਦਿਨ ਦੀ ਸਵੇਰ ਨੂੰ ਇਕ ਵਿਰਾਨ ਰਿਹਾਇਸ਼ੀ ਇਲਾਕੇ ਵਿਚ ਜਾਂਦੇ ਹਾਂ। ਕਈ ਤਾਂ ਕਿਸੇ ਕੰਮ ਤੇ ਇੱਥੇ-ਉੱਥੇ ਜਾਂਦੇ ਹੋਏ ਜਾਂ ਖ਼ਰੀਦਾਰੀ ਕਰਦੇ ਹੋਏ ਪਾਏ ਜਾ ਸਕਦੇ ਹਨ। ਕੀ ਤੁਸੀਂ ਸੜਕ ਗਵਾਹੀ ਕਾਰਜ ਦੁਆਰਾ ਉਨ੍ਹਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ? ਜਦੋਂ ਇਹ ਸਹੀ ਢੰਗ ਨਾਲ ਕੀਤਾ ਜਾਂਦਾ ਹੈ, ਤਾਂ ਸੇਵਕਾਈ ਦਾ ਇਹ ਪਹਿਲੂ ਬਹੁਤ ਹੀ ਉਪਜਾਊ ਹੋ ਸਕਦਾ ਹੈ। ਰਸਾਲਿਆਂ ਨਾਲ ਇਕ ਥਾਂ ਤੇ ਖੜ੍ਹੇ ਹੋਣ ਦੀ ਬਜਾਇ, ਲੋਕਾਂ ਕੋਲ ਜਾ ਕੇ ਦੋਸਤਾਨਾ ਗੱਲਬਾਤ ਸ਼ੁਰੂ ਕਰਨਾ ਸਭ ਤੋਂ ਵਧੀਆ ਹੈ। ਹਰੇਕ ਰਾਹਗੀਰ ਨੂੰ ਗਵਾਹੀ ਦੇਣੀ ਜ਼ਰੂਰੀ ਨਹੀਂ ਹੈ। ਉਨ੍ਹਾਂ ਨਾਲ ਗੱਲਾਂ ਕਰੋ ਜਿਨ੍ਹਾਂ ਨੂੰ ਕਾਹਲੀ ਨਹੀਂ ਹੈ, ਜਿਵੇਂ ਕਿ ਦੁਕਾਨਾਂ ਦੀ ਸੈਰ ਕਰਦੇ ਲੋਕ, ਖੜ੍ਹੀਆਂ ਕਾਰਾਂ ਵਿਚ ਬੈਠੇ ਲੋਕ, ਜਾਂ ਪਬਲਿਕ ਵਾਹਣ ਦੀ ਉਡੀਕ ਕਰਦੇ ਲੋਕ। ਸ਼ੁਰੂ ਵਿਚ, ਤੁਸੀਂ ਕੇਵਲ ਦੋਸਤਾਨਾ ਨਮਸਕਾਰ ਕਹਿ ਕੇ ਪ੍ਰਤਿਕ੍ਰਿਆ ਦੀ ਉਡੀਕ ਕਰ ਸਕਦੇ ਹੋ। ਜੇਕਰ ਵਿਅਕਤੀ ਗੱਲ ਕਰਨ ਲਈ ਰਜ਼ਾਮੰਦ ਹੈ, ਤਾਂ ਅਜਿਹੇ ਇਕ ਵਿਸ਼ੇ ਉੱਤੇ ਉਸ ਦੀ ਰਾਇ ਮੰਗੋ ਜੋ ਤੁਸੀਂ ਮਹਿਸੂਸ ਕਰਦੇ ਹੋ ਕਿ ਉਸ ਨੂੰ ਦਿਲਚਸਪ ਲੱਗ ਸਕਦਾ ਹੈ।
10 ਇਕ ਸਫ਼ਰੀ ਨਿਗਾਹਬਾਨ ਨੇ ਛੇ ਪ੍ਰਕਾਸ਼ਕਾਂ ਨੂੰ ਉਸ ਨਾਲ ਅਤੇ ਉਸ ਦੀ ਪਤਨੀ ਨਾਲ ਸੜਕ ਗਵਾਹੀ ਵਾਸਤੇ ਜਾਣ ਲਈ ਸੱਦਿਆ। ਸਿੱਟਾ ਕੀ ਨਿਕਲਿਆ? “ਸਾਡੀ ਸਵੇਰ ਬਹੁਤ ਹੀ ਵਧੀਆ ਰਹੀ!” ਉਹ ਰਿਪੋਰਟ ਕਰਦਾ ਹੈ। “ਉੱਥੇ ਕੋਈ ਵੀ ਘਰ-ਵਿਖੇ-ਨਹੀਂ ਘਰ ਨਹੀਂ ਸਨ। ਅੱਸੀ ਰਸਾਲੇ ਅਤੇ ਅਨੇਕ ਟ੍ਰੈਕਟ ਦਿੱਤੇ ਗਏ। ਕਈਆਂ ਨਾਲ ਉਤੇਜਕ ਗੱਲਬਾਤ ਹੋਈ। ਇਕ ਪ੍ਰਕਾਸ਼ਕ, ਜੋ ਪਹਿਲੀ ਵਾਰ ਸੜਕ ਕਾਰਜ ਵਿਚ ਭਾਗ ਲੈ ਰਿਹਾ ਸੀ, ਨੇ ਆਖਿਆ: ‘ਮੈਂ ਕਈ ਸਾਲਾਂ ਤੋਂ ਸੱਚਾਈ ਵਿਚ ਹਾਂ ਅਤੇ ਹੁਣ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਿਹੜੀ ਚੀਜ਼ ਨੂੰ ਖੁੰਝ ਰਿਹਾ ਸੀ!’ ਹਫ਼ਤੇ ਦੇ ਅੰਤ ਤਕ, ਉਸ ਕਲੀਸਿਯਾ ਦੀ ਵਾਧੂ ਰਸਾਲਾ ਸਪਲਾਈ ਖਾਲੀ ਹੋ ਚੁੱਕੀ ਸੀ।”
11 ਅਗਲੀ ਕਲੀਸਿਯਾ ਦੀ ਸੇਵਾ ਕਰਦੇ ਸਮੇਂ, ਇਹੋ ਸਫ਼ਰੀ ਨਿਗਾਹਬਾਨ ਨੂੰ ਪਤਾ ਲੱਗਾ ਕਿ ਕਈ ਪ੍ਰਕਾਸ਼ਕਾਂ ਨੇ ਤੜਕੇ ਇਕ ਸਵੇਰ ਨੂੰ ਸੜਕ ਗਵਾਹੀ ਵਿਚ ਹਿੱਸਾ ਲਿਆ ਸੀ, ਲੇਕਿਨ ਉਨ੍ਹਾਂ ਨੂੰ ਘੱਟ ਹੀ ਸਫ਼ਲਤਾ ਮਿਲੀ। ਇਕ ਭੈਣ ਨੇ ਸਮੁੱਚੇ ਗਵਾਹੀ ਸਮੇਂ ਦੌਰਾਨ ਕੇਵਲ ਦੋ ਹੀ ਵਿਅਕਤੀਆਂ ਨਾਲ ਗੱਲ ਕੀਤੀ, ਕਿਉਂਕਿ ਬਾਕੀ ਸਾਰੇ ਲੋਕ ਕੰਮ ਨੂੰ ਜਾਣ ਦੀ ਕਾਹਲੀ ਵਿਚ ਸਨ। ਸਫ਼ਰੀ ਨਿਗਾਹਬਾਨ ਨੇ ਸੁਝਾਉ ਦਿੱਤਾ ਕਿ ਉਹ ਸਾਰੇ ਉਸੇ ਸੜਕ ਤੇ ਸਵੇਰੇ ਥੋੜ੍ਹੀ ਦੇਰ ਬਾਅਦ ਵਾਪਸ ਜਾਣ। ਉਹ ਗਏ, ਅਤੇ ਉਹ ਦੁਪਹਿਰ ਤਕ ਉੱਥੇ ਰਹੇ। ਉਹ ਭੈਣ ਜਿਸ ਨੇ ਪਹਿਲਾਂ ਸਵੇਰ ਨੂੰ ਕੇਵਲ ਦੋ ਵਿਅਕਤੀਆਂ ਨਾਲ ਗੱਲਬਾਤ ਕੀਤੀ ਸੀ, ਨੇ ਜ਼ਿਆਦਾ ਸਫ਼ਲਤਾ ਹਾਸਲ ਕੀਤੀ ਜਦੋਂ ਉਹ ਵਾਪਸ ਗਈ। ਉਸ ਨੇ 31 ਰਸਾਲੇ ਅਤੇ 15 ਵੱਡੀਆਂ ਪੁਸਤਿਕਾਵਾਂ ਦਿੱਤੀਆਂ, ਸੱਤ ਵਿਅਕਤੀਆਂ ਦੇ ਨਾਂ ਅਤੇ ਪਤੇ ਲਏ, ਅਤੇ ਦੋ ਗ੍ਰਹਿ ਬਾਈਬਲ ਅਧਿਐਨ ਆਰੰਭ ਕੀਤੇ! ਉਸ ਸਮੂਹ ਵਿਚ ਹੋਰਨਾਂ ਨੇ ਵੀ ਸਮਾਨ ਉਤਸ਼ਾਹਜਨਕ ਨਤੀਜੇ ਹਾਸਲ ਕੀਤੇ।
12 ਜਦੋਂ ਤੁਹਾਨੂੰ ਕੋਈ ਮਿਲਦਾ ਹੈ ਜੋ ਰੁਚੀ ਦਿਖਾਉਂਦਾ ਹੈ, ਤਾਂ ਉਸ ਵਿਅਕਤੀ ਦਾ ਨਾਂ ਅਤੇ ਪਤਾ ਜਾਂ ਫੋਨ ਨੰਬਰ ਹਾਸਲ ਕਰਨ ਦੀ ਕੋਸ਼ਿਸ਼ ਕਰੋ। ਇਸ ਜਾਣਕਾਰੀ ਨੂੰ ਸਿੱਧਾ ਮੰਗਣ ਦੀ ਬਜਾਇ, ਤੁਸੀਂ ਕਹਿ ਸਕਦੇ ਹੋ: “ਮੈਨੂੰ ਇਹ ਗੱਲਬਾਤ ਕਰ ਕੇ ਬਹੁਤ ਖ਼ੁਸ਼ੀ ਹੋਈ ਹੈ। ਕੀ ਅਸੀਂ ਕਿਸੇ ਤਰੀਕੇ ਨਾਲ ਇਸ ਗੱਲਬਾਤ ਨੂੰ ਕਿਸੇ ਹੋਰ ਵੇਲੇ ਜਾਰੀ ਰੱਖ ਸਕਦੇ ਹਾਂ?” ਜਾਂ ਪੁੱਛੋ: “ਕੀ ਮੈਂ ਕਿਸੇ ਤਰ੍ਹਾਂ ਤੁਹਾਡੇ ਨਾਲ ਘਰ ਵਿਖੇ ਸੰਪਰਕ ਕਰ ਸਕਦਾ ਹਾਂ?” ਇਸ ਤਰ੍ਹਾਂ ਸੰਪਰਕ ਕੀਤੇ ਗਏ ਅਨੇਕ ਵਿਅਕਤੀ ਪੁਨਰ-ਮੁਲਾਕਾਤ ਲਈ ਸਹਿਮਤ ਹੁੰਦੇ ਹਨ। ਨਿਸ਼ਚੇ ਹੀ ਆਪਣੇ ਕੋਲ ਟ੍ਰੈਕਟਾਂ ਦੀ ਚੋਖੀ ਸਪਲਾਈ ਰੱਖੋ ਅਤੇ ਜਿਉਂ-ਜਿਉਂ ਤੁਸੀਂ ਰੁਚੀ ਦਿਖਾਉਣ ਵਾਲਿਆਂ ਨੂੰ ਸਾਡੀਆਂ ਸਭਾਵਾਂ ਲਈ ਆਉਣ ਦਾ ਸੱਦਾ ਦਿੰਦੇ ਹੋ, ਤਾਂ ਛੇਤੀ ਨਾਲ, ਸ਼ਾਇਦ ਇਕ ਟ੍ਰੈਕਟ ਉੱਤੇ, ਸਭ ਤੋਂ ਨੇੜਲੇ ਸਭਾ ਸਥਾਨ ਅਤੇ ਸਭਾਵਾਂ ਦਾ ਸਮਾਂ ਲਿਖਣ ਲਈ ਤਿਆਰ ਰਹੋ।
13 ਜੇਕਰ ਤੁਸੀਂ ਰੁਚੀ ਰੱਖਣ ਵਾਲੇ ਅਜਿਹੇ ਵਿਅਕਤੀ ਨਾਲ ਗੱਲ ਕਰਦੇ ਹੋ ਜੋ ਦੂਸਰੀ ਕਲੀਸਿਯਾ ਨੂੰ ਨਿਯੁਕਤ ਖੇਤਰ ਵਿਚ ਰਹਿੰਦਾ ਹੈ, ਤਾਂ ਤੁਹਾਨੂੰ ਇਹ ਜਾਣਕਾਰੀ ਉੱਥੇ ਦਿਆਂ ਭਰਾਵਾਂ ਨੂੰ ਦੇ ਦੇਣੀ ਚਾਹੀਦੀ ਹੈ ਤਾਂਕਿ ਉਹ ਰੁਚੀ ਰੱਖਣ ਵਾਲੇ ਉਸ ਵਿਅਕਤੀ ਨਾਲ ਪੁਨਰ-ਮੁਲਾਕਾਤ ਕਰ ਸਕਣ। ਕੀ ਸੜਕ ਗਵਾਹੀ ਕਾਰਜ ਤੁਹਾਡੇ ਖੇਤਰ ਵਿਚ ਖ਼ੁਸ਼ ਖ਼ਬਰੀ ਫੈਲਾਉਣ ਦਾ ਇਕ ਪ੍ਰਭਾਵਕਾਰੀ ਤਰੀਕਾ ਹੋਵੇਗਾ? ਜੇਕਰ ਹਾਂ, ਤਾਂ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਜੁਲਾਈ 1994 ਅੰਕ ਵਿਚ “ਪ੍ਰਭਾਵਕਾਰੀ ਸੜਕ ਗਵਾਹੀ ਦੁਆਰਾ ਰੁਚੀ ਰੱਖਣ ਵਾਲਿਆਂ ਨੂੰ ਲੱਭਣਾ” ਲੇਖ ਦਾ ਪੁਨਰ-ਵਿਚਾਰ ਕਰੋ। ਫਿਰ ਦਿਨ ਦੇ ਅਜਿਹੇ ਉਪਯੁਕਤ ਸਮੇਂ ਤੇ ਸੜਕ ਗਵਾਹੀ ਕਰਨ ਦਾ ਪ੍ਰਬੰਧ ਕਰੋ, ਜੋ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਣ ਵਿਚ ਯੋਗ ਕਰੇਗਾ।
14 ਪਬਲਿਕ ਵਾਹਣ ਵਿਚ ਗਵਾਹੀ ਦੇਣਾ: ਇਕ ਸਵੇਰ ਨੂੰ ਕਈ ਪਾਇਨੀਅਰਾਂ ਨੇ ਉਨ੍ਹਾਂ ਲੋਕਾਂ ਨੂੰ ਗਵਾਹੀ ਦੇਣ ਦਾ ਫ਼ੈਸਲਾ ਕੀਤਾ ਜੋ ਇਕ ਸਥਾਨਕ ਕਾਲਜ ਦੇ ਨਜ਼ਦੀਕ ਬੱਸ ਲਈ ਉਡੀਕ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਦੀ ਕੁਝ ਵਿਅਕਤੀਆਂ ਨਾਲ ਸੁਖਾਵੀਂ ਗੱਲਬਾਤ ਹੋਈ, ਉੱਥੇ ਇਕ ਸਮੱਸਿਆ ਸੀ। ਜਦੋਂ ਗੱਲਬਾਤ ਚੰਗੀ-ਭਲੀ ਚੱਲ ਰਹੀ ਹੁੰਦੀ, ਤਾਂ ਬੱਸ ਆ ਜਾਂਦੀ, ਅਤੇ ਗੱਲਬਾਤ ਵਿੱਚੋਂ ਹੀ ਕੱਟ ਜਾਂਦੀ। ਪਾਇਨੀਅਰਾਂ ਨੇ ਇਸ ਸਮੱਸਿਆ ਨੂੰ ਇਸ ਤਰ੍ਹਾਂ ਸੁਲਝਾਇਆ ਕਿ ਉਹ ਵੀ ਬੱਸ ਉੱਤੇ ਸਵਾਰ ਹੋ ਜਾਂਦੇ ਅਤੇ ਨਗਰ ਵਿੱਚੋਂ ਸਫ਼ਰ ਕਰਦੇ ਹੋਏ, ਉਹ ਸਵਾਰੀਆਂ ਨੂੰ ਗਵਾਹੀ ਦੇਣੀ ਜਾਰੀ ਰੱਖਦੇ। ਸਫ਼ਰ ਦੇ ਅੰਤ ਤੇ, ਪਾਇਨੀਅਰ ਵਾਪਸੀ ਬੱਸ ਸਫ਼ਰ ਕਰਦੇ, ਅਤੇ ਸਫ਼ਰ ਦੌਰਾਨ ਗਵਾਹੀ ਦਿੰਦੇ ਜਾਂਦੇ। ਕਈ ਵਾਰ ਅੱਗੇ-ਪਿੱਛੇ ਸਫ਼ਰ ਕਰਨ ਮਗਰੋਂ, ਉਨ੍ਹਾਂ ਨੇ ਆਪਣੇ ਜਤਨਾਂ ਦਾ ਕੁੱਲ ਜੋੜ ਕੱਢਿਆ: 200 ਤੋਂ ਵੱਧ ਰਸਾਲੇ ਦਿੱਤੇ ਗਏ ਅਤੇ ਛੇ ਬਾਈਬਲ ਅਧਿਐਨ ਸ਼ੁਰੂ ਕੀਤੇ ਗਏ। ਕੁਝ ਸਵਾਰੀਆਂ ਨੇ ਖ਼ੁਸ਼ੀ ਨਾਲ ਆਪਣਾ ਪਤਾ ਅਤੇ ਫੋਨ ਨੰਬਰ ਦਿੱਤਾ ਤਾਂ ਜੋ ਉਨ੍ਹਾਂ ਨਾਲ ਘਰੇ ਮਿਲਿਆ ਜਾ ਸਕੇ। ਅਗਲੇ ਹਫ਼ਤੇ, ਪਾਇਨੀਅਰ ਫਿਰ ਬੱਸ ਅੱਡੇ ਤੇ ਗਏ ਅਤੇ ਫਿਰ ਤੋਂ ਉਹੋ ਹੀ ਤਰੀਕਾ ਅਪਣਾਇਆ। ਉਨ੍ਹਾਂ ਨੇ 164 ਰਸਾਲੇ ਦਿੱਤੇ ਅਤੇ ਇਕ ਹੋਰ ਬਾਈਬਲ ਅਧਿਐਨ ਸ਼ੁਰੂ ਕੀਤਾ। ਇਕ ਬੱਸ ਅੱਡੇ ਤੇ ਇਕ ਵਿਅਕਤੀ ਬੱਸ ਤੇ ਚੜ੍ਹਿਆ ਅਤੇ ਇੱਕੋ-ਇਕ ਖਾਲੀ ਸੀਟ ਤੇ ਬੈਠ ਗਿਆ—ਇਕ ਪਾਇਨੀਅਰ ਦੇ ਨਾਲ। ਉਸ ਨੇ ਭਰਾ ਵੱਲ ਦੇਖਿਆ ਅਤੇ ਮੁਸਕਰਾਉਂਦੇ ਹੋਏ ਕਿਹਾ: “ਮੈਂ ਜਾਣਦਾ ਹਾਂ, ਤੁਹਾਡੇ ਕੋਲ ਮੇਰੇ ਲਈ ਪਹਿਰਾਬੁਰਜ ਹੈ।”
15 ਅਨੇਕ ਪ੍ਰਕਾਸ਼ਕ ਬੱਸ ਜਾਂ ਰੇਲ ਗੱਡੀ ਦੁਆਰਾ ਸਫ਼ਰ ਕਰਦੇ ਸਮੇਂ ਪ੍ਰਭਾਵਕਾਰੀ ਗਵਾਹੀ ਦਿੰਦੇ ਹਨ। ਤੁਸੀਂ ਆਪਣੇ ਨਾਲ ਬੈਠੇ ਸਵਾਰੀ ਨਾਲ ਗੱਲਬਾਤ ਕਿਵੇਂ ਸ਼ੁਰੂ ਕਰ ਸਕਦੇ ਹੋ? ਇਕ 12-ਸਾਲਾ ਪ੍ਰਕਾਸ਼ਕ ਨੇ ਕੇਵਲ ਬੱਸ ਵਿਚ ਅਵੇਕ! ਦੀ ਕਾਪੀ ਪੜ੍ਹਨੀ ਸ਼ੁਰੂ ਕੀਤੀ, ਇਸ ਉਮੀਦ ਵਿਚ ਕਿ ਇਹ ਉਸ ਨਾਲ ਬੈਠੀ ਕਿਸ਼ੋਰੀ ਵਿਚ ਜਿਗਿਆਸਾ ਉਤਪੰਨ ਕਰੇਗੀ। ਇਹ ਕਾਮਯਾਬ ਹੋਇਆ। ਕੁੜੀ ਨੇ ਉਸ ਤੋਂ ਪੁੱਛਿਆ ਕਿ ਉਹ ਕੀ ਪੜ੍ਹ ਰਿਹਾ ਸੀ, ਅਤੇ ਉਸ ਨੌਜਵਾਨ ਨੇ ਜਵਾਬ ਦਿੱਤਾ ਕਿ ਉਹ ਨੌਜਵਾਨ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਸੁਲਝਾਉ ਬਾਰੇ ਪੜ੍ਹ ਰਿਹਾ ਸੀ। ਉਸ ਨੇ ਅੱਗੇ ਕਿਹਾ ਕਿ ਉਸ ਨੇ ਇਸ ਲੇਖ ਤੋਂ ਵੱਡਾ ਲਾਭ ਹਾਸਲ ਕੀਤਾ ਹੈ ਅਤੇ ਕਿ ਇਹ ਉਸ ਦੀ ਵੀ ਮਦਦ ਕਰ ਸਕਦਾ ਹੈ। ਕੁੜੀ ਨੇ ਖ਼ੁਸ਼ੀ-ਖ਼ੁਸ਼ੀ ਰਸਾਲੇ ਸਵੀਕਾਰ ਕੀਤੇ। ਉਨ੍ਹਾਂ ਦੀ ਗੱਲਬਾਤ ਨੂੰ ਦੋ ਹੋਰ ਨੌਜਵਾਨਾਂ ਨੇ ਸੁਣਿਆ ਅਤੇ ਉਨ੍ਹਾਂ ਨੇ ਵੀ ਰਸਾਲੇ ਦੀਆਂ ਕਾਪੀਆਂ ਮੰਗੀਆਂ। ਇਸ ਤੇ, ਬੱਸ ਚਾਲਕ ਨੇ ਸੜਕ ਦੇ ਕੰਢੇ ਗੱਡੀ ਖੜ੍ਹੀ ਕਰ ਕੇ ਪੁੱਛਿਆ ਕਿ ਇਨ੍ਹਾਂ ਰਸਾਲਿਆਂ ਵਿਚ ਇੰਨੀ ਰੁਚੀ ਕਿਉਂ ਦਿਖਾਈ ਜਾ ਰਹੀ ਸੀ। ਜਦੋਂ ਉਸ ਨੂੰ ਪਤਾ ਲੱਗਾ, ਤਾਂ ਉਸ ਨੇ ਵੀ ਕਾਪੀਆਂ ਸਵੀਕਾਰ ਕੀਤੀਆਂ। ਬੇਸ਼ੱਕ, ਇਹ ਸਭ ਕੁਝ ਸੰਭਵ ਨਹੀਂ ਹੁੰਦਾ ਜੇਕਰ ਉਸ ਨੌਜਵਾਨ ਪ੍ਰਕਾਸ਼ਕ ਕੋਲ ਰੁਚੀ ਦਿਖਾਉਣ ਵਾਲੇ ਸਾਰੇ ਲੋਕਾਂ ਨਾਲ ਸਾਂਝਿਆਂ ਕਰਨ ਲਈ ਰਸਾਲਿਆਂ ਦੀ ਚੋਖੀ ਸਪਲਾਈ ਨਾ ਹੁੰਦੀ!
16 ਪਾਰਕਾਂ ਅਤੇ ਪਾਰਕਿੰਗ ਥਾਵਾਂ ਵਿਖੇ ਗਵਾਹੀ ਦੇਣਾ: ਪਾਰਕਾਂ ਅਤੇ ਪਾਰਕਿੰਗ ਥਾਵਾਂ ਵਿਖੇ ਗਵਾਹੀ ਦੇਣਾ ਲੋਕਾਂ ਤਕ ਪਹੁੰਚਣ ਦਾ ਇਕ ਉੱਤਮ ਤਰੀਕਾ ਹੈ। ਕੀ ਤੁਸੀਂ ਕਿਸੇ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਥਾਂ ਵਿਖੇ ਗਵਾਹੀ ਦੇਣਾ ਅਜ਼ਮਾਇਆ ਹੈ? ਹਮੇਸ਼ਾ ਚੰਦ ਲਮਹੇ ਲਈ ਆਪਣੇ ਚੁਗਿਰਦੇ ਦੇਖੋ। ਅਜਿਹੇ ਵਿਅਕਤੀ ਦੀ ਭਾਲ ਕਰੋ ਜਿਸ ਨੂੰ ਕਾਹਲੀ ਨਹੀਂ ਹੈ ਜਾਂ ਜੋ ਖੜ੍ਹੀ ਕਾਰ ਵਿਚ ਉਡੀਕ ਕਰ ਰਿਹਾ ਹੈ ਜਾਂ ਸਕੂਟਰ ਨੇੜੇ ਖਲੋਤਾ ਹੈ, ਅਤੇ ਇਕ ਦੋਸਤਾਨਾ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਗੱਲਬਾਤ ਜਾਰੀ ਰਹੇ, ਤਾਂ ਇਸ ਨੂੰ ਰਾਜ ਸੰਦੇਸ਼ ਵੱਲ ਲੈ ਜਾਓ। ਇਕੱਲੇ-ਇਕੱਲੇ ਕੰਮ ਕਰਨ ਦਾ ਜਤਨ ਕਰੋ, ਲੇਕਿਨ ਇਕ ਹੋਰ ਪ੍ਰਕਾਸ਼ਕ ਦੇ ਲਾਗੇ-ਚਾਗੇ ਰਹੋ। ਇਕ ਵੱਡਾ, ਭਾਰਾ ਬੈਗ ਨਾ ਰੱਖੋ ਜਾਂ ਹੋਰ ਕਿਸੇ ਤਰੀਕੇ ਤੋਂ ਆਪਣੇ ਕੰਮ ਵੱਲ ਧਿਆਨ ਆਕਰਸ਼ਿਤ ਨਾ ਕਰੋ। ਸੂਝਵਾਨ ਹੋਵੋ। ਇਕ ਪਾਰਕਿੰਗ ਥਾਂ ਵਿਖੇ ਕੇਵਲ ਥੋੜ੍ਹਾ ਸਮਾਂ ਬਿਤਾ ਕੇ ਦੂਸਰੀ ਥਾਂ ਨੂੰ ਚਲੇ ਜਾਣਾ ਸ਼ਾਇਦ ਸਭ ਤੋਂ ਬਿਹਤਰ ਹੋਵੇ। ਜੇਕਰ ਕੋਈ ਤੁਹਾਡੇ ਨਾਲ ਗੱਲਾਂ ਕਰਨ ਦੀ ਇੱਛਾ ਨਹੀਂ ਰੱਖਦਾ ਹੈ, ਤਾਂ ਨਿਮਰਤਾ ਸਹਿਤ ਅੱਗੇ ਨੂੰ ਲੰਘ ਜਾਓ ਅਤੇ ਕਿਸੇ ਹੋਰ ਨਾਲ ਗੱਲਾਂ ਕਰਨ ਦੀ ਭਾਲ ਕਰੋ। ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਦੇ ਹੋਏ, ਇਕ ਭਰਾ ਨੇ ਪਾਰਕਿੰਗ ਥਾਵਾਂ ਵਿਖੇ ਗਵਾਹੀ ਕਾਰਜ ਕਰਦੇ ਹੋਏ ਇਕ ਮਹੀਨੇ ਵਿਚ 90 ਰਸਾਲੇ ਦਿੱਤੇ।
17 ਕੁਝ ਲੋਕੀ ਪਾਰਕ ਵਿਚ ਆਰਾਮ ਕਰਨ ਲਈ ਜਾਂਦੇ ਹਨ; ਦੂਜੇ ਉੱਥੇ ਖੇਡਣ ਲਈ ਜਾਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਲਈ ਜਾਂਦੇ ਹਨ। ਉਨ੍ਹਾਂ ਦੀਆਂ ਸਰਗਰਮੀਆਂ ਵਿਚ ਅਨੁਚਿਤ ਰੂਪ ਵਿਚ ਵਿਘਨ ਨਾ ਪਾਉਂਦੇ ਹੋਏ, ਗਵਾਹੀ ਦੇਣ ਦੇ ਮੌਕੇ ਦੀ ਭਾਲ ਕਰੋ। ਇਕ ਭਰਾ ਨੇ ਪਾਰਕ ਦੇ ਮਾਲੀ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਪਤਾ ਲੱਗਾ ਕਿ ਉਹ ਨਸ਼ੀਲੀਆਂ ਦਵਾਈਆਂ ਅਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਪਰੇਸ਼ਾਨ ਸੀ। ਗ੍ਰਹਿ ਬਾਈਬਲ ਅਧਿਐਨ ਆਰੰਭ ਕੀਤਾ ਗਿਆ ਅਤੇ ਪਾਰਕ ਵਿਚ ਨਿਯਮਿਤ ਤੌਰ ਤੇ ਸੰਚਾਲਿਤ ਕੀਤਾ ਗਿਆ।
18 ਬਾਜ਼ਾਰਾਂ ਵਿਚ ਗ਼ੈਰ-ਰਸਮੀ ਗਵਾਹੀ ਦੇਣਾ: ਹਾਲਾਂਕਿ ਸ਼ਾਪਿੰਗ ਕਾਮਪਲੈਕਸਾਂ ਵਿਚ ਰਸਮੀ ਤੌਰ ਤੇ ਦੁਕਾਨ-ਦੁਕਾਨ ਪ੍ਰਚਾਰ ਕਰਨਾ ਹਮੇਸ਼ਾ ਸੰਭਵ ਨਹੀਂ ਹੁੰਦਾ ਹੈ ਕਿਉਂਕਿ ਅਜਿਹੀਆਂ ਸਰਗਰਮੀਆਂ ਉੱਤੇ ਪਾਬੰਦੀ ਹੁੰਦੀ ਹੈ, ਕੁਝ ਪ੍ਰਕਾਸ਼ਕ ਉੱਥੇ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੇ ਮੌਕੇ ਬਣਾਉਂਦੇ ਹਨ। ਉਹ ਇਕ ਬੈਂਚ ਤੇ ਬੈਠ ਜਾਂਦੇ ਹਨ ਅਤੇ ਦੂਜਿਆਂ ਨਾਲ ਦੋਸਤਾਨਾ ਗੱਲਬਾਤ ਸ਼ੁਰੂ ਕਰਦੇ ਹਨ ਜੋ ਉੱਥੇ ਆਰਾਮ ਕਰਨ ਲਈ ਰੁਕਦੇ ਹਨ। ਜਦੋਂ ਰੁਚੀ ਦਿਖਾਈ ਜਾਂਦੀ ਹੈ, ਤਾਂ ਉਹ ਸੂਝ ਨਾਲ ਇਕ ਟ੍ਰੈਕਟ ਜਾਂ ਰਸਾਲਾ ਪੇਸ਼ ਕਰਦੇ ਹਨ ਅਤੇ ਪੁਨਰ-ਮੁਲਾਕਾਤ ਲਈ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਬਾਜ਼ਾਰ ਵਿਚ ਇਕ ਥਾਂ ਤੇ ਕੁਝ ਕੁ ਮਿੰਟਾਂ ਲਈ ਗਵਾਹੀ ਦੇਣ ਮਗਰੋਂ, ਉਹ ਦੂਸਰੀ ਥਾਂ ਤੇ ਚਲੇ ਜਾਂਦੇ ਹਨ ਅਤੇ ਕਿਸੇ ਹੋਰ ਨਾਲ ਗੱਲਬਾਤ ਕਰਦੇ ਹਨ। ਬੇਸ਼ੱਕ, ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਤਰੀਕੇ ਵਿਚ ਗ਼ੈਰ-ਰਸਮੀ ਤੌਰ ਤੇ ਗਵਾਹੀ ਦਿੰਦੇ ਸਮੇਂ ਅਸੀਂ ਅਤਿਅਧਿਕ ਧਿਆਨ ਆਕਰਸ਼ਿਤ ਨਾ ਕਰੀਏ।
19 ਇਕ ਵਿਅਕਤੀ ਨੂੰ ਨਮਸਕਾਰ ਕਰਦੇ ਸਮੇਂ, ਗੱਲਬਾਤ ਨੂੰ ਦੋਸਤਾਨਾ ਲਹਿਜੇ ਵਿਚ ਆਰੰਭ ਕਰੋ। ਜੇਕਰ ਤੁਹਾਡਾ ਸਰੋਤਾ ਪ੍ਰਤਿਕ੍ਰਿਆ ਦਿਖਾਵੇ, ਤਾਂ ਕੋਈ ਸਵਾਲ ਪੁੱਛੋ, ਫਿਰ ਧਿਆਨ ਨਾਲ ਸੁਣੋ ਜਿਉਂ-ਜਿਉਂ ਉਹ ਆਪਣੇ ਆਪ ਨੂੰ ਵਿਅਕਤ ਕਰਦਾ ਹੈ। ਉਹ ਜੋ ਕਹਿ ਰਿਹਾ ਹੈ, ਉਸ ਵਿਚ ਨਿੱਜੀ ਰੁਚੀ ਰੱਖੋ। ਦਿਖਾਓ ਕਿ ਤੁਸੀਂ ਉਸ ਦੀ ਰਾਇ ਦੀ ਕਦਰ ਕਰਦੇ ਹੋ। ਜਿੱਥੇ ਸੰਭਵ ਹੋਵੇ, ਉੱਥੇ ਉਸ ਨਾਲ ਸਹਿਮਤੀ ਵਿਅਕਤ ਕਰੋ।
20 ਇਕ ਭੈਣ ਨੇ ਇਹ ਜ਼ਿਕਰ ਕਰਨ ਦੁਆਰਾ ਕਿ ਨਿਰਬਾਹ-ਖ਼ਰਚ ਕਿੰਨਾ ਵੱਧ ਗਿਆ ਹੈ, ਇਕ ਬਿਰਧ ਇਸਤਰੀ ਨਾਲ ਸੁਖਾਵੀਂ ਗੱਲਬਾਤ ਕੀਤੀ। ਉਹ ਇਸਤਰੀ ਤੁਰੰਤ ਸਹਿਮਤ ਹੋਈ, ਅਤੇ ਸਿੱਟੇ ਵਜੋਂ ਇਕ ਜੋਸ਼ੀਲਾ ਵਾਰਤਾਲਾਪ ਆਰੰਭ ਹੋਇਆ। ਭੈਣ ਉਸ ਇਸਤਰੀ ਦਾ ਨਾਂ ਅਤੇ ਪਤਾ ਹਾਸਲ ਕਰ ਸਕੀ, ਅਤੇ ਉਸੇ ਹਫ਼ਤੇ ਪੁਨਰ-ਮੁਲਾਕਾਤ ਕੀਤੀ ਗਈ।
21 ਦੁਕਾਨ-ਦੁਕਾਨ ਕਾਰਜ ਕਰਨਾ: ਅਧਿਕਤਰ ਕਲੀਸਿਯਾਵਾਂ ਦੇ ਨਿਯੁਕਤ ਖੇਤਰ ਵਿਚ ਕਾਰੋਬਾਰੀ ਇਲਾਕੇ ਸ਼ਾਮਲ ਹੁੰਦੇ ਹਨ। ਖੇਤਰ ਦੀ ਦੇਖ-ਭਾਲ ਕਰਨ ਵਾਲਾ ਭਰਾ ਸ਼ਾਇਦ ਇਨ੍ਹਾਂ ਘਣੇ ਕਾਰੋਬਾਰੀ ਇਲਾਕਿਆਂ ਅਤੇ ਬਾਜ਼ਾਰਾਂ ਦੇ ਖ਼ਾਸ ਨਕਸ਼ਾ ਕਾਰਡ ਤਿਆਰ ਕਰੇ। ਜੇਕਰ ਕੋਈ ਵੀ ਰਿਹਾਇਸ਼ੀ ਖੇਤਰ ਦੇ ਨਕਸ਼ਾ ਕਾਰਡਾਂ ਵਿਚ ਇਹ ਸ਼ਾਮਲ ਹਨ, ਤਾਂ ਇਨ੍ਹਾਂ ਉੱਤੇ ਸਪੱਸ਼ਟ ਤੌਰ ਤੇ ਦਿਖਾਇਆ ਜਾਣਾ ਚਾਹੀਦਾ ਹੈ ਕਿ ਕਾਰੋਬਾਰੀ ਸਥਾਨਾਂ ਨੂੰ ਖੇਤਰ ਦੇ ਭਾਗ ਵਜੋਂ ਪੂਰਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਦੂਜੇ ਖੇਤਰਾਂ ਵਿਚ, ਕਾਰੋਬਾਰੀ ਸਥਾਨਾਂ ਨੂੰ ਰਿਹਾਇਸ਼ਾਂ ਦੇ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਬਜ਼ੁਰਗ ਸ਼ਾਇਦ ਯੋਗ ਪ੍ਰਕਾਸ਼ਕਾਂ ਨੂੰ ਨਿਯਮਿਤ ਤੌਰ ਤੇ ਕਾਰੋਬਾਰੀ ਖੇਤਰਾਂ ਵਿਚ ਕੰਮ ਕਰਨ ਲਈ ਸੱਦਾ ਦੇਣ ਤਾਂਕਿ ਦੁਕਾਨ-ਦੁਕਾਨ ਕਾਰਜ ਨੂੰ ਅਣਗੌਲਿਆ ਨਾ ਕੀਤਾ ਜਾਵੇ।
22 ਜੇਕਰ ਤੁਹਾਨੂੰ ਇਸ ਕੰਮ ਵਿਚ ਹਿੱਸਾ ਲੈਣ ਲਈ ਸੱਦਿਆ ਜਾਂਦਾ ਹੈ ਅਤੇ ਤੁਸੀਂ ਇਹ ਪਹਿਲਾਂ ਕਦੇ ਨਹੀਂ ਕੀਤਾ ਹੈ, ਤਾਂ ‘ਦਿਲੇਰ ਹੋਣ’ ਦਾ ਇਕ ਵਧੀਆ ਤਰੀਕਾ ਹੈ ਪਹਿਲਾਂ ਕੁਝ ਛੋਟੀਆਂ ਦੁਕਾਨਾਂ ਨੂੰ ਕਰਨਾ; ਫਿਰ, ਜਦੋਂ ਤੁਸੀਂ ਜ਼ਿਆਦਾ ਦਲੇਰ ਮਹਿਸੂਸ ਕਰਨ ਲੱਗੋ, ਤਾਂ ਵੱਡੀਆਂ ਦੁਕਾਨਾਂ ਨੂੰ ਕਰੋ। (1 ਥੱਸ. 2:2) ਦੁਕਾਨ-ਦੁਕਾਨ ਕੰਮ ਕਰਦੇ ਸਮੇਂ, ਤੁਹਾਡਾ ਲਿਬਾਸ ਇਸ ਤਰ੍ਹਾਂ ਦਾ ਹੋਵੇ ਜਿਵੇਂ ਕਿ ਤੁਸੀਂ ਰਾਜ ਗ੍ਰਹਿ ਵਿਖੇ ਸਭਾਵਾਂ ਲਈ ਜਾ ਰਹੇ ਹੋ। ਜੇਕਰ ਸੰਭਵ ਹੋਵੇ, ਤਾਂ ਦੁਕਾਨ ਵਿਚ ਉਦੋਂ ਦਾਖ਼ਲ ਹੋਵੋ ਜਦੋਂ ਉੱਥੇ ਕੋਈ ਗਾਹਕ ਇੰਤਜ਼ਾਰ ਨਾ ਕਰ ਰਿਹਾ ਹੋਵੇ। ਮੈਨੇਜਰ ਜਾਂ ਦੁਕਾਨਦਾਰ ਨਾਲ ਗੱਲ ਕਰਨ ਦੀ ਬੇਨਤੀ ਕਰੋ। ਨਿੱਘ ਭਾਵ ਨਾਲ ਗੱਲਾਂ ਕਰੋ, ਅਤੇ ਮੁੱਖ ਤੌਰ ਤੇ, ਸੰਖੇਪ ਹੋਵੋ। ਖਿਮਾ ਮੰਗਣ ਦੀ ਕੋਈ ਲੋੜ ਨਹੀਂ ਹੈ। ਅਨੇਕ ਕਾਰੋਬਾਰ ਗਾਹਕ-ਪੱਖੀ ਹੁੰਦੇ ਹਨ ਅਤੇ ਉਹ ਵਿਘਨ ਦੇ ਆਦੀ ਹੋ ਗਏ ਹਨ।
23 ਦੁਕਾਨਦਾਰ ਨੂੰ ਨਮਸਕਾਰ ਕਹਿਣ ਮਗਰੋਂ, ਤੁਸ ਇਹ ਕਹਿ ਸਕਦੇ ਹੋ: “ਕਾਰੋਬਾਰੀ ਲੋਕ ਇੰਨੇ ਰੁੱਝੇ ਹੋਏ ਹੁੰਦੇ ਹਨ ਕਿ ਉਹ ਸਾਨੂੰ ਘੱਟ ਹੀ ਘਰੇ ਮਿਲਦੇ ਹਨ, ਇਸ ਲਈ ਅਸੀਂ ਤੁਹਾਨੂੰ ਇੱਥੇ ਤੁਹਾਡੀ ਦੁਕਾਨ ਤੇ ਮਿਲਣ ਆਏ ਹਾਂ ਤਾਂਕਿ ਤੁਹਾਡੇ ਕੋਲ ਪੜ੍ਹਨ ਲਈ ਇਕ ਬਹੁਤ ਹੀ ਵਿਚਾਰ-ਉਕਸਾਊ ਲੇਖ ਛੱਡ ਸਕੀਏ।” ਫਿਰ ਪੇਸ਼ ਕੀਤੇ ਜਾ ਰਹੇ ਰਸਾਲੇ ਬਾਰੇ ਇਕ ਜਾਂ ਦੋ ਟਿੱਪਣੀ ਕਰੋ।
24 ਜਾਂ ਤੁਸ ਮੈਨੇਜਰ ਨੂੰ ਮਿਲਦੇ ਸਮੇਂ ਇਹ ਕਹਿ ਸਕਦੇ ਹੋ: “ਅਸੀਂ ਦੇਖਿਆ ਹੈ ਕਿ ਕਾਰੋਬਾਰੀ ਲੋਕ ਜਾਣਕਾਰ ਹੋਣ ਦਾ ਜਤਨ ਕਰਦੇ ਹਨ। ਪਹਿਰਾਬੁਰਜ (ਜਾਂ ਅਵੇਕ!) ਦਾ ਨਵੀਨਤਮ ਅੰਕ ਇਕ ਲੇਖ ਪੇਸ਼ ਕਰਦਾ ਹੈ ਜੋ ਸਾਨੂੰ ਸਾਰਿਆਂ ਨੂੰ ਨਿੱਜੀ ਤੌਰ ਤੇ ਅਸਰ ਕਰਦਾ ਹੈ।” ਵਿਆਖਿਆ ਕਰੋ ਕਿ ਇਹ ਕੀ ਹੈ, ਅਤੇ ਇਹ ਕਹਿ ਕੇ ਸਮਾਪਤ ਕਰੋ: “ਸਾਨੂੰ ਯਕੀਨ ਹੈ ਕਿ ਤੁਸੀਂ ਇਸ ਨੂੰ ਪੜ੍ਹਨ ਵਿਚ ਆਨੰਦ ਪਾਓਗੇ।”
25 ਜੇਕਰ ਉਥੇ ਮੁਲਾਜ਼ਮ ਹਨ, ਅਤੇ ਤੁਹਾਨੂੰ ਉਚਿਤ ਜਾਪਦਾ ਹੈ, ਤਾਂ ਤੁਸ ਅੱਗੇ ਕਹਿ ਸਕਦੇ ਹੋ: “ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ ਜੇਕਰ ਮੈਂ ਇਹੋ ਸੰਖੇਪ ਪੇਸ਼ਕਾਰੀ ਤੁਹਾਡੇ ਮੁਲਾਜ਼ਮਾਂ ਨੂੰ ਦਿਆਂ?” ਜੇਕਰ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਯਾਦ ਰੱਖੋ ਕਿ ਤੁਸੀਂ ਸੰਖੇਪ ਹੋਣ ਦਾ ਵਾਅਦਾ ਕੀਤਾ ਹੈ, ਅਤੇ ਮੈਨੇਜਰ ਤੁਹਾਡੇ ਤੋਂ ਆਸ ਰੱਖੇਗਾ ਕਿ ਤੁਸੀਂ ਆਪਣੇ ਬਚਨ ਦੇ ਪੱਕੇ ਹੋਵੋ। ਜੇਕਰ ਕੋਈ ਮੁਲਾਜ਼ਮ ਲੰਬੀ ਚਰਚਾ ਕਰਨਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿਖੇ ਮਿਲਣਾ ਸਭ ਤੋਂ ਬਿਹਤਰ ਹੋਵੇਗਾ।
26 ਹਾਲ ਹੀ ਵਿਚ, ਕੁਝ ਪ੍ਰਕਾਸ਼ਕ ਇਕ ਛੋਟੇ ਨਗਰ ਵਿਚ ਸਰਕਟ ਨਿਗਾਹਬਾਨ ਦੇ ਨਾਲ ਦੁਕਾਨ-ਦੁਕਾਨ ਕਾਰਜ ਕਰਨ ਲਈ ਗਏ। ਕੁਝ ਪ੍ਰਕਾਸ਼ਕ ਪਹਿਲਾਂ-ਪਹਿਲ ਫ਼ਿਕਰਮੰਦ ਸਨ ਕਿਉਂਕਿ ਉਨ੍ਹਾਂ ਨੇ ਇਹ ਕੰਮ ਪਹਿਲਾਂ ਕਦੇ ਨਹੀਂ ਕੀਤਾ ਸੀ; ਲੇਕਿਨ ਉਹ ਛੇਤੀ ਹੀ ਤਣਾਉ-ਰਹਿਤ ਹੋ ਕੇ ਇਸ ਦਾ ਆਨੰਦ ਮਾਣਨ ਲੱਗੇ। ਇਕ ਘੰਟੇ ਤੋਂ ਘੱਟ ਸਮੇਂ ਵਿਚ, ਉਨ੍ਹਾਂ ਨੇ 37 ਲੋਕਾਂ ਨਾਲ ਗੱਲਾਂ ਕੀਤੀਆਂ ਅਤੇ 24 ਰਸਾਲੇ ਅਤੇ 4 ਵੱਡੀਆਂ ਪੁਸਤਿਕਾਵਾਂ ਦਿੱਤੀਆਂ। ਇਕ ਭਰਾ ਨੇ ਟਿੱਪਣੀ ਕੀਤੀ ਕਿ ਆਮ ਤੌਰ ਤੇ ਉਹ ਇਕ ਮਹੀਨੇ ਵਿਚ ਘਰ-ਘਰ ਦੇ ਕਾਰਜ ਵਿਚ ਇੰਨੇ ਸਾਰੇ ਲੋਕਾਂ ਨਾਲ ਨਹੀਂ ਮਿਲ ਸਕਦੇ ਸਨ, ਜਿੰਨੇ ਲੋਕਾਂ ਨਾਲ ਉਹ ਉਸ ਥੋੜ੍ਹੇ ਸਮੇਂ ਵਿਚ ਦੁਕਾਨ-ਦੁਕਾਨ ਕਾਰਜ ਦੇ ਦੌਰਾਨ ਮਿਲੇ ਸਨ।
27 ਪ੍ਰਚਾਰ ਕਰਨ ਦੇ ਮੌਕੇ ਬਣਾਓ: ਯਿਸੂ ਨੇ ਆਪਣੇ ਗਵਾਹੀ ਕਾਰਜ ਨੂੰ ਰਸਮੀ ਅਵਸਰਾਂ ਤਕ ਹੀ ਸੀਮਿਤ ਨਹੀਂ ਰੱਖਿਆ। ਉਸ ਨੇ ਹਰ ਉਪਯੁਕਤ ਮੌਕੇ ਤੇ ਖ਼ੁਸ਼ ਖ਼ਬਰੀ ਨੂੰ ਫੈਲਾਇਆ। (ਮੱਤੀ 9:9; ਲੂਕਾ 19:1-10; ਯੂਹੰ. 4:6-15) ਗੌਰ ਕਰੋ ਕਿ ਕੁਝ ਪ੍ਰਕਾਸ਼ਕ ਕਿਵੇਂ ਪ੍ਰਚਾਰ ਕਰਨ ਦੇ ਮੌਕੇ ਬਣਾ ਰਹੇ ਹਨ।
28 ਕਈਆਂ ਦੀ ਇਹ ਰੀਤ ਹੈ ਕਿ ਉਹ ਉਨ੍ਹਾਂ ਮਾਪਿਆਂ ਨੂੰ ਗਵਾਹੀ ਦਿੰਦੇ ਹਨ ਜੋ ਸਕੂਲ ਦੇ ਪ੍ਰਵੇਸ਼-ਦੁਆਰ ਨੇੜੇ ਆਪਣੇ ਬੱਚਿਆਂ ਦੀ ਉਡੀਕ ਕਰਦੇ ਹਨ। ਕਿਉਂ ਜੋ ਅਨੇਕ ਮਾਪੇ 20 ਕੁ ਮਿੰਟ ਪਹਿਲਾਂ ਹੀ ਆ ਜਾਂਦੇ ਹਨ, ਉਨ੍ਹਾਂ ਨਾਲ ਇਕ ਸ਼ਾਸਤਰ ਸੰਬੰਧੀ ਵਿਸ਼ੇ ਉੱਤੇ ਉਤੇਜਕ ਵਾਰਤਾਲਾਪ ਕਰਨ ਲਈ ਕਾਫ਼ੀ ਸਮਾਂ ਹੁੰਦਾ ਹੈ।
29 ਅਨੇਕ ਪਾਇਨੀਅਰ ਉਨ੍ਹਾਂ ਲੋਕਾਂ ਤਕ ਪਹੁੰਚਣ ਦੇ ਪ੍ਰਤੀ ਸਚੇਤ ਰਹਿੰਦੇ ਹਨ ਜੋ ਸ਼ਾਇਦ ਸਾਡੇ ਰਸਾਲਿਆਂ ਵਿਚ ਪੇਸ਼ ਕੀਤੇ ਗਏ ਕਿਸੇ ਖ਼ਾਸ ਵਿਸ਼ੇ ਵਿਚ ਵਿਸ਼ਿਸ਼ਟ ਰੁਚੀ ਰੱਖਣ। ਮਿਸਾਲ ਵਜੋਂ, ਇਕ ਭੈਣ ਨੂੰ ਚੰਗੀ ਪ੍ਰਤਿਕ੍ਰਿਆ ਹਾਸਲ ਹੋਈ ਜਦੋਂ ਉਹ ਦਸੰਬਰ 22, 1995, ਅਵੇਕ! ਵਿਚ ਪੇਸ਼ ਕੀਤੀ ਗਈ “ਸਕੂਲ ਸੰਕਟ ਵਿਚ” ਲੇਖ-ਮਾਲਾ ਨਾਲ ਆਪਣੀ ਕਲੀਸਿਯਾ ਦੇ ਖੇਤਰ ਦੇ ਛੇ ਸਕੂਲਾਂ ਨੂੰ ਗਈ। ਉਹ ਪਰਿਵਾਰਕ ਜੀਵਨ ਅਤੇ ਬਾਲ-ਦੁਰਵਿਹਾਰ ਸੰਬੰਧੀ ਰਸਾਲਿਆਂ ਨਾਲ ਸਿਹਤ ਕੇਂਦਰਾਂ ਨੂੰ ਵੀ ਗਈ ਅਤੇ ਉਸ ਨੂੰ ਸੱਦਾ ਦਿੱਤਾ ਗਿਆ ਕਿ ਉਹ ਕਦੇ ਵੀ ਸਮਾਨ ਵਿਸ਼ਿਆਂ ਨਾਲ ਸੰਬੰਧਿਤ ਭਾਵੀ ਅੰਕਾਂ ਦੇ ਨਾਲ ਦੁਬਾਰਾ ਆ ਸਕਦੀ ਹੈ। ਰੁਜ਼ਗਾਰ ਦਫ਼ਤਰ ਵਿਖੇ ਉਸ ਨੂੰ ਬੇਰੁਜ਼ਗਾਰੀ ਉੱਤੇ ਮਾਰਚ 8, 1996, ਅਵੇਕ! ਦੇ ਪ੍ਰਤੀ ਜੋ ਪ੍ਰਤਿਕ੍ਰਿਆ ਮਿਲੀ, ਭੈਣ ਨੇ ਇਸ ਨੂੰ “ਜ਼ਬਰਦਸਤ” ਆਖਿਆ।
30 ਇਕ ਜ਼ਿਲ੍ਹਾ ਨਿਗਾਹਬਾਨ ਰਿਪੋਰਟ ਕਰਦਾ ਹੈ ਕਿ ਉਹ ਅਤੇ ਉਸ ਦੀ ਪਤਨੀ ਕਰਿਆਨੇ ਦੀ ਖ਼ਰੀਦਾਰੀ ਕਰਦੇ ਸਮੇਂ ਨਿਯਮਿਤ ਤੌਰ ਤੇ ਗ਼ੈਰ-ਰਸਮੀ ਤਰੀਕੇ ਨਾਲ ਗਵਾਹੀ ਦਿੰਦੇ ਹਨ। ਉਹ ਦਿਨ ਦੇ ਉਸ ਸਮੇਂ ਤੇ ਖ਼ਰੀਦਾਰੀ ਕਰਦੇ ਹਨ ਜਦੋਂ ਦੁਕਾਨਾਂ ਤੇ ਜ਼ਿਆਦਾ ਭੀੜ ਨਹੀਂ ਹੁੰਦੀ ਹੈ, ਅਤੇ ਗਾਹਕ ਬਿਨਾਂ ਕਾਹਲੀ ਦੇ ਇੱਥੇ-ਉੱਥੇ ਟਹਿਲ ਰਹੇ ਹੁੰਦੇ ਹਨ। ਉਹ ਅਨੇਕਾਂ ਨਾਲ ਵਧੀਆ ਗੱਲਬਾਤ ਕਰਨ ਦੀ ਰਿਪੋਰਟ ਦਿੰਦੇ ਹਨ।
31 ਅਨੇਕ ਪ੍ਰਕਾਸ਼ਕ ਸਿਨੇਮਾ-ਘਰਾਂ, ਅਤੇ ਕਲਿਨਿਕਾਂ ਜਾਂ ਹਸਪਤਾਲਾਂ ਦੇ ਬਾਹਰ ਜਾਂ ਨਜ਼ਦੀਕ ਲੋਕਾਂ ਨੂੰ ਗਵਾਹੀ ਦਿੰਦੇ ਸਮੇਂ ਚੰਗੇ ਸਿੱਟੇ ਬਾਰੇ ਰਿਪੋਰਟ ਕਰਦੇ ਹਨ। ਹਸਪਤਾਲਾਂ ਅਤੇ ਕਲਿਨਿਕਾਂ ਦੇ ਮਾਮਲੇ ਵਿਚ, ਉਹ ਕੇਵਲ ਰਿਸੈਪਸ਼ਨ ਵਿਚ ਟ੍ਰੈਕਟ ਜਾਂ ਪੁਰਾਣੇ ਰਸਾਲੇ ਹੀ ਨਹੀਂ ਛੱਡ ਜਾਂਦੇ ਹਨ। ਉਨ੍ਹਾਂ ਦਾ ਟੀਚਾ ਲੋਕਾਂ ਤਕ ਖ਼ੁਸ਼ ਖ਼ਬਰੀ ਨਾਲ ਪਹੁੰਚਣਾ ਹੈ, ਇਸ ਲਈ, ਜਿੱਥੇ ਉਪਯੁਕਤ ਹੈ, ਉੱਥੇ ਉਹ ਉਨ੍ਹਾਂ ਨਾਲ ਨਿੱਜੀ ਤੌਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਵਿਹਲੇ ਹਨ ਅਤੇ ਗੱਲਬਾਤ ਕਰਨ ਲਈ ਰਜ਼ਾਮੰਦ ਹਨ।
32 ਕੁਝ ਇਲਾਕਿਆਂ ਵਿਚ, ਪ੍ਰਕਾਸ਼ਕ ਰੇਲਵੇ ਸਟੇਸ਼ਨ ਜਾਂ ਬੱਸ ਅੱਡਿਆਂ ਦੇ ਨੇੜੇ ਲੋਕਾਂ ਨਾਲ ਗੱਲ ਕਰਦੇ ਹਨ। ਕਿਉਂਕਿ ਕਾਨੂੰਨ ਅਜਿਹੇ ਥਾਵਾਂ ਵਿਚ ਬੇਲੋੜੇ ਪ੍ਰਵੇਸ਼ ਜਾਂ ਲੰਬੇ ਸਮੇਂ ਲਈ ਠਹਿਰਨ ਉੱਤੇ ਪਾਬੰਦੀ ਲਾਉਂਦਾ ਹੈ ਅਤੇ ਪਲੈਟਫ਼ਾਰਮ ਉੱਤੇ ਰਸਾਲੇ ਪੇਸ਼ ਕਰਨਾ ਸ਼ਾਇਦ ਗ਼ੈਰ-ਕਾਨੂੰਨੀ ਹੋਵੇ, ਪ੍ਰਕਾਸ਼ਕ ਸੁਚੱਜ ਨਾਲ ਸਟੇਸ਼ਨ ਦੇ ਬਾਹਰ ਉਨ੍ਹਾਂ ਲੋਕਾਂ ਨਾਲ ਗੱਲ ਕਰਦੇ ਹਨ, ਜੋ ਸ਼ਾਇਦ ਕੇਵਲ ਕਿਸੇ ਨੂੰ ਮਿਲਣ ਲਈ ਗੱਡੀ ਦੇ ਆਉਣ ਦੀ ਉਡੀਕ ਕਰ ਰਹੇ ਹਨ, ਅਤੇ ਇਸ ਲਈ ਉਹ ਸ਼ਾਇਦ ਕਾਫ਼ੀ ਤਣਾਉ-ਰਹਿਤ ਅਤੇ ਵਿਹਲੇ ਹੋਣ।
33 ਜੇਕਰ ਕਲੀਸਿਯਾ ਦੇ ਖੇਤਰ ਵਿਚ ਭਾਰੀ-ਸੁਰੱਖਿਆ ਵਾਲੇ ਅਪਾਰਟਮੈਂਟਾਂ ਅਤੇ ਕਲੋਨੀਆਂ ਦੇ ਨਿਵਾਸੀਆਂ ਨੂੰ ਨਿੱਜੀ ਤੌਰ ਤੇ ਗਵਾਹੀ ਦੇਣ ਦੀ ਇਜਾਜ਼ਤ ਨਹੀਂ ਮਿਲਦੀ ਹੈ, ਤਾਂ ਕਈਆਂ ਦੀ ਰੀਤ ਹੈ ਕਿ ਉਹ ਸੁਚੱਜ ਨਾਲ ਚੌਕੀਦਾਰਾਂ ਨੂੰ ਜਾਂ ਕਲੋਨੀ ਦੇ ਮੈਨੇਜਰਾਂ ਨੂੰ ਗਵਾਹੀ ਦਿੰਦੇ ਹਨ। ਇਹੋ ਤਰੀਕਾ ਗ਼ੈਰ-ਸਰਕਾਰੀ, ਜਾਂ ਸੁਰੱਖਿਅਤ ਕੰਪਨੀ ਰਿਹਾਇਸ਼ੀ ਇਲਾਕਿਆਂ ਵਿਚ ਵੀ ਵਰਤਿਆ ਜਾਂਦਾ ਹੈ ਜਿੱਥੇ ਸੁਰੱਖਿਆ ਫਾਟਕਾਂ ਦੁਆਰਾ ਆਮ ਪ੍ਰਵੇਸ਼ ਦੀ ਪਾਬੰਦੀ ਹੁੰਦੀ ਹੈ। ਇਕ ਸਰਕਟ ਨਿਗਾਹਬਾਨ ਅਤੇ ਕੁਝ ਪ੍ਰਕਾਸ਼ਕਾਂ ਨੇ ਇਸ ਤਰੀਕੇ ਵਿਚ ਸੱਤ ਭਵਨ-ਸਮੂਹਾਂ ਵਿਚ ਮੁਲਾਕਾਤ ਕੀਤੀ। ਹਰ ਅਵਸਰ ਤੇ, ਉਨ੍ਹਾਂ ਨੇ ਮੈਨੇਜਰ ਨੂੰ ਦੱਸਿਆ ਕਿ ਹਾਲਾਂਕਿ ਉਨ੍ਹਾਂ ਨੂੰ ਆਮ ਤਰੀਕੇ ਵਿਚ ਘਰਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ, ਉਹ ਨਹੀਂ ਚਾਹੁੰਦੇ ਹਨ ਕਿ ਮੈਨੇਜਰ ਨਵੀਨਤਮ ਰਸਾਲਿਆਂ ਵਿਚ ਪਾਈ ਜਾਣ ਵਾਲੀ ਜਾਣਕਾਰੀ ਨੂੰ ਖੁੰਝੇ। ਸੱਤ ਦੇ ਸੱਤ ਭਵਨ-ਸਮੂਹਾਂ ਦੇ ਮੈਨੇਜਰਾਂ ਨੇ ਖ਼ੁਸ਼ੀ ਨਾਲ ਰਸਾਲਿਆਂ ਨੂੰ ਸਵੀਕਾਰ ਕੀਤਾ ਅਤੇ ਅਗਲੇ ਅੰਕਾਂ ਲਈ ਵੀ ਨਿਵੇਦਨ ਕੀਤਾ! ਅਜਿਹੇ ਭਵਨ-ਸਮੂਹਾਂ ਦੇ ਨਿਵਾਸੀਆਂ ਨਾਲ ਫਿਰ ਚਿੱਠੀ ਦੁਆਰਾ ਜਾਂ ਫੋਨ ਦੁਆਰਾ ਸੰਪਰਕ ਕੀਤਾ ਜਾਂਦਾ ਹੈ।
34 ਹਰ ਜਗ੍ਹਾ ਪ੍ਰਚਾਰ ਕਰਨ ਦਾ ਜਤਨ ਕਰੋ: ਆਪਣੇ ਸਮਰਪਣ ਉੱਤੇ ਪੂਰਾ ਉਤਰਨ ਵਿਚ ਇਹ ਸ਼ਾਮਲ ਹੈ ਕਿ ਅਸੀਂ ਰਾਜ ਸੰਦੇਸ਼ ਨੂੰ ਪ੍ਰਚਾਰ ਕਰਨ ਦੀ ਆਪਣੀ ਕਾਰਜ-ਨਿਯੁਕਤੀ ਬਾਰੇ ਤੀਬਰਤਾ ਦੀ ਭਾਵਨਾ ਰੱਖੀਏ। ਹਾਲਾਂਕਿ ਇਸ ਦੇਸ਼ ਵਿਚ ਅਸੀਂ ਅਜੇ ਵੀ ਅਨੇਕ ਲੋਕਾਂ ਨੂੰ ਘਰੇ ਪਾਉਂਦੇ ਹਾਂ, ਫਿਰ ਵੀ ਜ਼ਿਆਦਾ ਲੋਕਾਂ ਨੂੰ ਉਨ੍ਹਾਂ ਦੇ ਸੁਖਾਲੇ ਸਮੇਂ ਤੇ ਮਿਲਣ ਲਈ, ਸਾਨੂੰ ਆਪਣੀ ਨਿੱਜੀ ਪਸੰਦ-ਨਾਪਸੰਦ ਨੂੰ ਲਾਂਭੇ ਰੱਖਣ ਦੀ ਲੋੜ ਹੈ ਤਾਂਕਿ ਅਸੀਂ ‘ਹਰ ਤਰਾਂ ਨਾਲ ਕਈਆਂ ਨੂੰ ਬਚਾਈਏ।’ ਯਹੋਵਾਹ ਦੇ ਸਾਰੇ ਸਮਰਪਿਤ ਸੇਵਕ ਇਹ ਕਹਿਣ ਦੇ ਯੋਗ ਹੋਣੇ ਚਾਹੁੰਦੇ ਹਨ, ਜਿਵੇਂ ਕਿ ਰਸੂਲ ਪੌਲੁਸ ਨੇ ਕਿਹਾ ਸੀ: “ਮੈਂ ਸੱਭੋ ਕੁਝ ਇੰਜੀਲ ਦੇ ਨਮਿੱਤ ਕਰਦਾ ਹਾਂ ਭਈ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਵਾਂ।”—1 ਕੁਰਿੰ. 9:22, 23.
35 ਪੌਲੁਸ ਨੇ ਅੱਗੇ ਲਿਖਿਆ: “ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅੱਤ ਅਨੰਦ ਨਾਲ ਅਭਮਾਨ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਯਾ ਕਰੇ। . . . ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।” (2 ਕੁਰਿੰ. 12:9, 10) ਦੂਸਰੇ ਸ਼ਬਦਾਂ ਵਿਚ, ਸਾਡੇ ਵਿੱਚੋਂ ਕੋਈ ਵੀ ਇਸ ਕੰਮ ਨੂੰ ਆਪਣੀ ਤਾਕਤ ਵਿਚ ਨੇਪਰੇ ਨਹੀਂ ਚਾੜ੍ਹ ਸਕਦਾ ਹੈ। ਸਾਨੂੰ ਯਹੋਵਾਹ ਦੀ ਸ਼ਕਤੀਸ਼ਾਲੀ ਪਵਿੱਤਰ ਆਤਮਾ ਲਈ ਉਸ ਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ। ਜੇਕਰ ਅਸੀਂ ਪਰਮੇਸ਼ੁਰ ਨੂੰ ਸ਼ਕਤੀ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਯਕੀਨੀ ਹੋ ਸਕਦੇ ਹਾਂ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ। ਤਦ ਲੋਕਾਂ ਲਈ ਸਾਡਾ ਪ੍ਰੇਮ ਸਾਨੂੰ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਪ੍ਰਚਾਰ ਕਰਨ ਦੇ ਮੌਕੇ ਭਾਲਣ ਲਈ ਪ੍ਰੇਰਿਤ ਕਰੇਗਾ, ਭਾਵੇਂ ਉਹ ਜਿੱਥੇ ਕਿਤੇ ਵੀ ਹੋਣ। ਕਿਉਂ ਨਾ ਇਸ ਅੰਤਰ-ਪੱਤਰ ਵਿਚ ਪੇਸ਼ ਕੀਤੇ ਗਏ ਸੁਝਾਵਾਂ ਵਿੱਚੋਂ ਇਕ ਨੂੰ ਆਉਣ ਵਾਲੇ ਹਫ਼ਤੇ ਦੌਰਾਨ ਅਜ਼ਮਾ ਕੇ ਦੇਖੋ?